ਪੇਕਿਆਂ ਦੀ ਪੈਂਠ

ਬਜਾਜੀ ਤੋਂ ਆਪਣੇ ਲਈ ਸੂਟ ਉਸ ਖ਼ਰੀਦ ਲਿਆ, ਪਰ ਦੁਕਾਨ ‘ਚੋਂ ਉੱਠਣ ਲਈ ਉਸ ਦਾ ਮਨ ਨਾ ਮੰਨਿਆ। ਉਸ ਨੇ ਦੁਕਾਨ ਵਾਲੇ ਭਾਈ ਤੋਂ ਪਾਣੀ ਦਾ ਗਿਲਾਸ ਮੰਗਿਆ। ਦੁਕਾਨ ‘ਤੇ ਕੰਮ ਕਰਦਾ ਮੁੰਡਾ ਪਾਣੀ ਲੈ ਆਇਆ। ਪਾਣੀ ਦੀ ਘੁੱਟ ਭਰਦੇ-ਭਰਦੇ ਉਸ ਨੇ ਕੰਧ ‘ਤੇ ਲੱਗੀ ਘੜੀ ਵੱਲ ਤੱਕਿਆ, ਬਾਰ੍ਹਾਂ ਵੱਜ ਚੁੱਕੇ ਸਨ। ਉਸ ਨੂੰ ਘਰੋਂ ਆਇਆਂ ਅਜੇ ਤਿੰਨ ਘੰਟੇ ਹੋਏ ਸਨ। ਇੱਥੋਂ ਉਸ ਦੇ ਘਰ ਤਕ ਦਾ ਸਫ਼ਰ ਸਿਰਫ਼ ਅੱਧੇ ਕੁ ਘੰਟੇ ਦਾ ਸੀ। ਉਹ ਪਹਿਲੀ ਬੱਸ ਫ਼ੜ ਕੇ ਇੱਥੇ ਅੱਪੜ ਗਈ ਸੀ। ਬੱਸ ਹੌਲੀ ਆਈ ਸੀ। ਉਸ ਨੇ ਇੱਥੇ ਤਕ ਪਹੁੰਚਦਿਆਂ-ਪਹੁੰਚਦਿਆਂ ਟੁੱਟੀ ਹੋਈ ਸੜਕ ‘ਤੇ ਪੌਣਾ ਘੰਟਾ ਲਾ ਦਿੱਤਾ ਸੀ, ਪਰ ਉਸ ਨੂੰ ਅੱਜ ਬੱਸ ਦੀ ਰਫ਼ਤਾਰ ਪਹਿਲਾਂ ਨਾਲੋਂ ਜ਼ਿਆਦਾ ਲੱਗੀ ਸੀ। ਪਹਿਲਾਂ ਜਦੋਂ ਵੀ ਉਹ ਆਈ ਸੀ, ਉਸ ਨੂੰ ਬੱਸ ਦੀ ਰਫ਼ਤਾਰ ਅੱਜ ਨਾਲੋਂ ਵੱਧ ਹੋਣ ਦੇ ਬਾਵਜੂਦ ਬਲਦ ਗੱਡੇ ਤੋਂ ਵੱਧ ਨਹੀਂ ਸੀ ਲੱਗੀ। ਪਰ ਅੱਜ ਉਹ ਚਾਹੁੰਦੀ ਸੀ ਕਿ ਬੱਸ ਉਸ ਦੇ ਪਿੰਡ ਦੇ ਨੇੜਲੇ ਸ਼ਹਿਰ ਪਹੁੰਚਦਿਆਂ-ਪਹੁੰਚਦਿਆਂ ਚਾਰ ਘੰਟੇ ਲਾ ਦੇਵੇ। ਉਹ ਇਸ ਛੋਟੇ ਸ਼ਹਿਰ ਵਿੱਚ ਪਹੁੰਚ ਕੇ ਬਹੁਤ ਹੌਲੀ-ਹੌਲੀ ਤੁਰ ਕੇ ਬਜਾਜੀ ਦੀ ਦੁਕਾਨ ‘ਤੇ ਪਹੁੰਚੀ। ਬਜਾਜੀ ਆਪਣੇ ਕੰਮ ਵਿੱਚ ਮਗਨ ਸੀ। ਉਸ ਨੇ ਸ਼ੁਕਰ ਕੀਤਾ। ਵੀਹ ਕੁ ਮਿੰਟ ਬਜਾਜੀ ਆਪਣੀ ਦੁਕਾਨ ਦੇ ਕੱਪੜਿਆਂ ਨੂੰ ਥਾਂ ਸਿਰ ਰੱਖਣ ਵਿੱਚ ਮਗਨ ਰਿਹਾ। ਫ਼ਿਰ ਉਸ ਨੇ ਮਾਈ ਵੱਲ ਵੇਖ ਕੇ ਪੁੱਛਿਆ, ”ਮਾਈ ਕੀ ਲੈਣੈ?” ”ਪੁੱਤ ਕੋਈ ਕੱਪੜਾ ਦਿਖਾ ਦੇ ਮੇਰੇ ਲਈ।” ਉਸ ਨੇ ਬਜਾਜੀ ਨੂੰ ਕਿਹਾ। ਬਜਾਜੀ ਨੇ ਕੱਪੜੇ ਵਿਖਾਏ। ਉਸ ਨੇ ਉਨ੍ਹਾਂ ‘ਚੋਂ ਇੱਕ ਵਧੀਆ ਲੱਗਦਾ ਸੂਟ ਖ਼ਰੀਦਿਆ। ਆਪਣੇ ਕਈ ਸਾਲਾਂ ਤੋਂ ਬਚਾਏ ਪੈਸਿਆਂ ਵਿੱਚੋਂ ਬਜਾਜੀ ਦੇ ਦੱਸੇ ਅਨੁਸਾਰ ਪੈਸੇ ਗਿਣ ਕੇ ਫ਼ੜਾ ਦਿੱਤੇ। ਪਾਣੀ ਪੀ ਕੇ ਜਦੋਂ ਉਹ ਤੁਰਨ ਲੱਗੀ ਤਾਂ ਦੁਕਾਨ ਦੇ ਦਰਵਾਜ਼ੇ ਕੋਲ ਪਹੁੰਚ ਕੇ ਉਸ ਦੀ ਸੋਚ ਜਾਗੀ ਕਿ ਅਜੇ ਤਾਂ ਸੁੱਖ ਨਾਲ ਉਹ ਸੁਹਾਗਣ ਹੈ। ਨੂੰਹਾਂ ਕਹਿਣਗੀਆਂ, ”ਮਾਂ! ਬਾਪੂ ਨੂੰ ਕੁਝ ਨਹੀਂ ਲਾਇਆ?” ਉਹ ਫ਼ਿਰ ਬਜਾਜੀ ਕੋਲ ਜਾ ਕੇ ਬੈਠ ਗਈ।
”ਮਾਤਾ ਕੁਝ ਹੋਰ ਲੈਣੈਂ।” ਬਜਾਜੀ ਉਸ ਨੂੰ ਵੇਖ ਕੇ ਬੋਲਿਆ।”ਹਾਂ ਪੁੱਤ! ਇੱਕ ਪੱਗ ਵੀ ਪਾੜ ਦੇ ਫ਼ਿੱਕੇ ਅਸਮਾਨੀ ਰੰਗ ਦੀ, ਸੱਤ ਮੀਟਰ।” ਉਹ ਬੋਲੀ। ਬਜਾਜੀ ਨੇ ਪੱਗ ਪਾੜ ਕੇ ਸੂਟ ਵਾਲੇ ਲਿਫ਼ਾਫ਼ੇ ਵਿੱਚ ਹੀ ਪਾ ਦਿੱਤੀ। ”ਪੁੱਤ! ਇੱਕ ਝੋਲੇ ਦਾ ਕੱਪੜਾ ਵੀ ਦੇ ਦੇ।” ਉਹ ਕੁਝ ਸੋਚ ਕੇ ਬੋਲੀ। ਬਜਾਜੀ ਨੇ ਇੱਕ ਮੋਟਾ ਜਿਹਾ ਕੱਪੜਾ ਪਾੜ ਕੇ ਉਸ ਦੇ ਹੱਥ ਫ਼ੜਾ ਦਿੱਤਾ। ਉਸ ਨੇ ਬਜਾਜੀ ਵੱਲੋਂ ਮੰਗੇ ਪੈਸੇ ਗਿਣ ਕੇ ਫ਼ੜਾਏ। ਉਹ ਓਨੀ ਦੇਰ ਬੈਠੀ ਰਹੀ ਜਿੰਨਾ ਚਿਰ ਉਸ ਨੂੰ ਇਹ ਨਾ ਲੱਗਿਆ ਕਿ ਹੁਣ ਬਜਾਜੀ ਉਸ ਨੂੰ ਪੁੱਛੇਗਾ ‘ਮਾਈ ਕੁਝ ਹੋਰ ਦਿਖਾਵਾਂ’। ਉੱਠ ਕੇ ਉਹ ਦੁਕਾਨ ਤੋਂ ਬਾਹਰ ਆ ਗਈ। ਨੇੜੇ ਹੀ ਇੱਕ ਦਰਜੀ ਦੀ ਦੁਕਾਨ ਤੋਂ ਉਸ ਨੇ ਝੋਲਾ ਸਿਲਾਇਆ। ਬਜਾਜੀ ਦੀ ਦੁਕਾਨ ਤੋਂ ਖ਼ਰੀਦੇ ਕੱਪੜੇ ਉਸ ਨੇ ਬੜੇ ਸਲੀਕੇ ਨਾਲ ਤਹਿ ਲਾ ਕੇ ਝੋਲੇ ਵਿੱਚ ਪਾਏ। ਝੋਲੇ ਵਿੱਚ ਕੱਪੜੇ ਪਾ ਕੇ ਉਹ ਬੱਸ ਅੱਡੇ ਵੱਲ ਤੁਰ ਪਈ। ਸੂਰਜ ਅਜੇ ਤਪਣਾ ਸ਼ੁਰੂ ਹੋਇਆ ਸੀ। ਉਸ ਨੂੰ ਬਹੁਤ ਭੁੱਖ ਲੱਗੀ ਸੀ। ‘ਘਰ ਜਾ ਕੇ ਸ਼ਾਮ ਨੂੰ ਹੀ ਕੁਝ ਖਾਵਾਂਗੀ,’ ਉਸ ਨੇ ਸੋਚਿਆ, ਪਰ ਫ਼ਿਰ ਉਸ ਦੇ ਅੰਦਰਲੀ ਸੋਚ ਜਾਗੀ। ਨੂੰਹਾਂ ਕਹਿਣਗੀਆਂ, ”ਮਾਂ ਪੇਕਿਓਂ ਭੁੱਖੀ ਹੀ ਆ ਗੲ ਰੁਕਦੇ-ਰੁਕਦੇ ਵੀ ਉਸ ਦੇ ਕਦਮ ਢਾਬੇ ਵੱਲ ਚੱਲ ਪਏ। ਢਾਬੇ ‘ਤੇ ਜਾ ਕੇ ਉਸ ਨੇ ਪੇਟ ਭਰ ਕੇ ਰੋਟੀ ਖਾਧੀ। ਭੁੱਖ ਦੋ ਰੋਟੀਆਂ ਦੀ ਸੀ, ਪਰ ਉਸ ਨੇ ਤਿੰਨ ਖਾਧੀਆਂ ਤਾਂ ਜੋ ਘਰ ਜਾ ਕੇ ਨਾ ਖਾਣੀ ਪਵੇ। ਢਾਬੇ ਵਿੱਚ ਰੋਟੀ ਖਾ ਕੇ ਵੀ ਉਹ ਕਾਫ਼ੀ ਦੇਰ ਉੱਥੇ ਹੀ ਬੈਠੀ ਰਹੀ। ਜ਼ਿੰਦਗੀ ਵਿੱਚ ਪਹਿਲੀ ਵਾਰ ਉਸ ਨੇ ਢਾਬੇ ਦੀ ਰੋਟੀ ਖਾਧੀ ਸੀ। ਰੋਟੀ ਖਾ ਕੇ ਉਹ ਬੱਸ ਅੱਡੇ ਵੱਲ ਤੁਰ ਪਈ। ਰਸਤੇ ਵਿੱਚ ਖਿਡੌਣਿਆਂ ਦੀ ਦੁਕਾਨ ਕੋਲ ਆ ਕੇ ਉਸ ਨੂੰ ਖ਼ਿਆਲ ਆਇਆ ਕਿ ਨੂੰਹਾਂ ਕਹਿਣਗੀਆਂ, ”ਮਾਂ! ਸੋਨੂੰ ਲਈ ਕੁਝ ਨਹੀਂ ਲੈ ਕੇ ਦਿੱਤਾ ਉਸ ਨੇ ਆਪਣੇ ਪੋਤੇ ਸੋਨੂੰ ਲਈ ਇੱਕ ਛੋਟੀ ਜਿਹੀ ਕਾਰ ਖ਼ਰੀਦੀ ਅਤੇ ਅੱਗੇ ਤੁਰ ਪਈ। ਜਦੋਂ ਉਹ ਬੱਸ ਅੱਡੇ ਪਹੁੰਚੀ ਤਾਂ ਉਸ ਦੇ ਪਿੰਡ ਜਾਣ ਵਾਲੀ ਬੱਸ ਤਿਆਰ ਖੜ੍ਹੀ ਸੀ। ਬੱਸ ਵਿੱਚ ਬੈਠਣ ਲੱਗਿਆਂ ਉਸ ਦੀ ਸੋਚ ਫ਼ਿਰ ਜਾਗੀ। ਨੂੰਹਾਂ ਕਹਿਣਗੀਆਂ, ”ਮਾਂ ਅੱਜ ਸਾਝਰੇ ਹੀ ਆ ਗਈ ਉਹ ਥੱਲੇ ਉਤਰ ਆਈ। ਦੁਪਹਿਰ ਦਾ ਸਮਾਂ ਹੋਣ ਕਾਰਨ ਸੂਰਜ ਸਿਰ ‘ਤੇ ਆਪਣੀ ਪੂਰੀ ਲੋਅ ਨਾਲ ਚਮਕ ਰਿਹਾ ਸੀ। ਉਸ ਨੂੰ ਬਹੁਤ ਗਰਮੀ ਲੱਗੀ। ਅੱਡੇ ਵਿੱਚ ਹੀ ਇੱਕ ਸ਼ਿਕੰਜਵੀ ਦੀ ਰੇਹੜੀ ਸੀ। ਰੇਹੜੀ ਵਾਲੇ ਤੋਂ ਉਸ ਨੇ ਸ਼ਿਕੰਜਵੀ ਦਾ ਗਿਲਾਸ ਬਣਵਾ ਕੇ ਪੀਤਾ। ”ਭਾਈ! ਮਾਜਰੇ ਨੂੰ ਇਹਤੋਂ ਬਾਅਦ ਹੋਰ ਵੀ ਬੱਸ ਜਾਊਗੀ?” ਉਸ ਨੇ ਸ਼ਿਕੰਜਵੀ ਵਾਲੇ ਨੂੰ ਪੈਸੇ ਫ਼ੜਾਉਂਦਿਆਂ ਪੁੱਛਿਆ। ”ਹਾਂ ਮਾਈ, ਅਜੇ ਦੋ ਟਾੀਮ ਹੋਰ ਐ ਮਾਜਰੇ ਵੱਲ ਦੇ।” ਉਹ ਬੋਲਿਆ। ਉਸ ਨੇ ਆਲੇ-ਦੁਆਲੇ ਵੇਖਿਆ। ਉਹਸ ਨੂੰ ਅੱਡੇ ਦੇ ਇੱਕ ਪਾਸੇ ਥੋੜ੍ਹਾ ਹਟਵੇਂ ਜਿਹੇ ਦਰੱਖਤ ਹੇਠ ਥੜ੍ਹਾ ਬਣਿਆ ਦਿੱਸਿਆ।”ਵੇ ਭਾਈ! ਜਦ ਮਾਜਰੇ ਵਾਲੀ ਆਖ਼ਰੀ ਬੱਸ ਆਵੇ ਤਾਂ ਦੱਸ ਦੇਈਂ। ਮੈਂ ਉਸ ਥੜ੍ਹੇ ‘ਤੇ ਬੈਠਦੀ ਹਾਂ।” ਉਸ ਨੇ ਸ਼ਿਕੰਜਵੀ ਵਾਲੇ ਨੂੰ ਦੱਸਿਆ।
”ਚੰਗਾ ਮਾਈ, ਦੱਸ ਦਿਆਂਗਾ,” ਉਹ ਬੋਲਿਆ। ਉਹ ਹੌਲੀ-ਹੌਲੀ ਜਾ ਕੇ ਥੜ੍ਹੇ ‘ਤੇ ਬੈਠ ਗਈ। ਪਿੰਡ ਦਾ ਕੋਈ ਵੇਖ ਨਾ ਲਵੇ, ਇਸ ਕਾਰਨ ਉਹ ਥੋੜ੍ਹਾ ਹਟ ਕੇ ਬੈਠੀ ਸੀ। ਫ਼ਿਰ ਵੀ ਉਹ ਸ਼ਿਕੰਜਵੀ ਵਾਲੇ ਦੇ ਸਾਹਮਣੇ ਹੀ ਬੈਠੀ ਤਾਂ ਜੋ ਆਖ਼ਰੀ ਬੱਸ ਆਉਣ ‘ਤੇ ਉਹ ਉਸ ਨੂੰ ਦੱਸ ਸਕੇ। ਉਹਹ ਦਰੱਖਤ ਹੇਠ ਥੜ੍ਹੇ ‘ਤੇ ਕਾਫ਼ੀ ਦੇਰ ਬੈਠੀ ਆਲੇ-ਦੁਆਲੇ ਵੇਖਦੀ ਰਹੀ। ਹੌਲੀ-ਹੌਲੀ ਉਸ ਦੀ ਸੋਚ ਬੀਤੇ ਦੀਆਂ ਪਰਤਾਂ ਫ਼ਰੋਲਣ ਲੱਗੀ। ਕਦੇ ਉਹ ਅੱਜ ਵਾਂਗ ਹੀ ਪਹਿਲੀ ਬੱਸ ਚੜ੍ਹ ਕੇ ਹੀ ਪੇਕੇ ਮਾਂ ਨੂੰ ਮਿਲਣ ਜਾਂਦੀ ਹੁੰਦੀ ਸੀ। ਮਾਂ ਉਸ ਨੂੰ ਵੇਖ ਕੇ ਫ਼ੁੱਲੀ ਨਾ ਸਮਾਉਂਦੀ। ਮਾਂ ਉਸ ਕੋਲ ਦਿਲ ਫ਼ਰੋਲਦੀ ਅਤੇ ਉਹ ਮਾਂ ਕੋਲ। ਇਹ ਫ਼ੋਲ-ਫ਼ਲਾਈ ਕਈ ਵਾਰ ਜ਼ਿਆਦਾ ਹੀ ਹੋ ਜਾਂਦੀ, ਪਰ ਇਹ ਸਭ ਉਸ ਦੀਆਂ ਭਰਜਾਈਆਂ ਨੂੰ ਪਸੰਦ ਨਹੀਂ ਸੀ। ਉਸ ਦੀਆਂ ਭਰਜਾਈਆਂ ਕੁੜ੍ਹਦੀਆਂ, ਉਸ ਦੀ ਮਾਂ ਉਸ ਦੀਆਂ ਭਰਜਾਈਆਂ ਨਾਲ ਲੜ ਪੈਂਦੀ। ਇਸ ਸਾਰੇ ਦਾ ਕਾਰਨ ਭਰਜਾਈਆਂ ਦੇ ਸੁਭਾਅ ਤਾਂ ਸਨ ਹੀ। ਇੱਕ ਕਾਰਨ ਉਸ ਦੀ ਆਪਣੀ ਜ਼ੁਬਾਨ ਵੀ ਸੀ ਜੋ ਜ਼ਿਆਦਾ ਹੀ ਚਲਦੀ ਸੀ। ਜਦੋਂ ਉਹ ਪੇਕਿਓਂ ਸਹੁਰਿਆਂ ਨੂੰ ਚਲਦੀ, ਮਾਂ ਢੇਰ ਸਾਰੀਆਂ ਦੁਆਵਾਂ ਦੇ ਨਾਲ-ਨਾਲ ਨਿੱਕ-ਸੁੱਕ ਦਾ ਝੋਲਾ ਭਰ ਕੇ ਉਸ ਦੇ ਹੱਥ ਫ਼ੜਾ ਕੇ ਤੋਰਦੀ। ਆਪਣੀ ਉਮਰ ਭੋਗ ਕੇ ਮਾਂ ਮਰੀ ਤਾਂ ਉਹ ਬਹੁਤ ਰੋਈ। ਮਾਂ ਦੀ ਮੌਤ ਤੋਂ ਬਾਅਦ ਉਸ ਦਾ ਪੇਕੇ ਜਾਣਾ ਘਟ ਗਿਆ। ਭਰਾਵਾਂ ਦਾ ਪਿਆਰ ਉਸ ਨੂੰ ਖਿੱਚਦਾ ਤਾਂ ਉਹ ਪੇਕੇ ਫ਼ੇਰਾ ਪਾ ਆਉਂਦੀ। ਖਾਲੀ ਹੱਥ ਉਸ ਨੂੰ ਭਰਾ ਵੀ ਕਦੇ ਨਾ ਤੋਰਦੇ, ਭਾਵੇਂ ਭਰਜਾਈਆਂ ਤੰਗ ਹੀ ਕਿਉਂ ਨਾ ਰਹਿਣ। ਸਮੇਂ ਦੇ ਨਾਲ-ਨਾਲ ਦੋਵਾਂ ਭਰਾਵਾਂ ਦੇ ਪੁੱਤ ਵੀ ਵਿਆਹੇ ਗਏ। ਵਿਆਹੇ ਉਸ ਦੇ ਆਪਣੇ ਪੁੱਤ ਵੀ ਗਏ। ਨੂੰਹਾਂ ਵਿੱਚ ਉਹ ਆਪਣੇ ਪੇਕਿਆਂ ਦੀ ਪੂਰੀ ਠੁੱਕ ਰੱਖਦੀ। ਪੇਕੇ ਉਹ ਦੋ ਚਾਰ ਮਹੀਨੇ ਬਾਅਦ ਫ਼ੇਰਾ ਪਾ ਹੀ ਆਉਂਦੀ। ਹੌਲੀ-ਹੌਲੀ ਪੇਕੇ ਘਰ ਉਸ ਦੇ ਭਰਾਵਾਂ ਦੀ ਬਜਾਏ ਭਤੀਜਿਆਂ, ਭਰਜਾਈਆਂ ਅਤੇ ਉਨ੍ਹਾਂ ਦੀਆਂ ਨੂੰਹਾਂ ਦਾ ਪ੍ਰਭਾਵ ਵਧ ਗਿਆ। ਫ਼ਿਰ ਵੀ ਉਸ ਦਾ ਸੁਭਾਅ ਨਾ ਬਦਲਿਆ। ਇੱਕ ਦਿਨ ਜਦੋਂ ਉਹ ਪੇਕੇ ਗਈ ਹੋਈ ਸੀ ਤਾਂ ਉਸ ਦੇ ਸੁਭਾਅ ਕਾਰਨ ਘਰ ਵਿੱਚ ਕਲੇਸ਼ ਛਿੜ ਗਿਆ। ਭਰਜਾਈਆਂ ਅਤੇ ਉਹਨ੍ਹਾਂ ਦੀਆਂ ਨੂੰਹਾਂ ਨੇ ਉਸ ਨੂੰ ਵਧ ਚੜ੍ਹ ਕੇ ਕੋਸਿਆ। ਭਤੀਜੇ ਤਮਾਸ਼ਬੀਨ ਬਣੇ ਵੇਖਦੇ ਰਹੇ। ਉਸ ਦਿਨ ਜਦੋਂ ਉਹ ਤੁਰਨ ਲੱਗੀ ਤਾਂ ਵੱਡੇ ਭਰਾ ਨੇ ਭਰਿਆ ਝੋਲਾ ਉਸ ਦੇ ਹੱਥ ਫ਼ੜਾਉਂਦਿਆਂ ਕਿਹਾ, ”ਭੈਣੇ, ਹੁਣ ਤੂੰ ਨਾ ਆਇਆ ਕਰ ਇੱਥੇ੩।” ਇਸ ਤੋਂ ਬਾਅਦ ਉਹ ਮੁੜ ਪੇਕੇ ਨਾ ਗਈ, ਪਰ ਇਹ ਗੱਲ ਉਸ ਨੇ ਆਪਣੇ ਘਰ ਆ ਕੇ ਨਾ ਦੱਸੀ। ਘਰੋਂ ਹੋਰ ਵੀ ਕੋਈ ਇਸ ਦੌਰਾਨ ਉਸ ਦੇ ਪੇਕੇ ਘਰ ਨਾ ਗਿਆ। ਛੇ ਮਹੀਨੇ ਗੁਜ਼ਰ ਗਏ। ਪਰਸੋਂ ਉਹ ਗੁਆਂਢੀਆਂ ਦੇ ਘਰ ਤੋਂ ਨਿਕਲ ਕੇ ਗਲੀ ਵਿੱਚ ਆਪਣੇ ਘਰ ਵੱਲ ਤੁਰੀ ਆ ਰਹੀ ਸੀ। ਉਹਹ ਘਰ ਦੇ ਨੇੜੇ ਆਈ ਤਾਂ ਉਸ ਨੇ ਖਿੜਕੀ ਵਿੱਚੋਂ ਨੂੰਹਾਂ ਦੀ ਘੁਸਰ-ਮੁਸਰ ਸੁਣੀ। ਇਸ ਤਰ੍ਹਾਂ ਚੋਰੀ-ਚੋਰੀ ਪਹਿਲਾਂ ਵੀ ਉਹ ਉਨ੍ਹਾਂ ਦੀਆਂ ਗੱਲਾਂ ਸੁਣਦੀ ਹੁੰਦੀ ਸੀ। ਉਹ ਕਾਫ਼ੀ ਦੇਰ ਖੜ੍ਹੀ ਗੱਲਾਂ ਸੁਣਦੀ ਰਹੀ। ”ਭੈਣੇ! ਹੁਣ ਆਪਣੀ ਮਾਤਾ ਨਹੀਂ ਗਈ ਮਾਜਰੇ?” ਛੋਟੀ ਨੇ ਵੱਡੀ ਨੂੰ ਪੁੱਛਿਆ। ”ਹਾਂ੩ ਮੈਂ ਤਾਂ ਸੋਚਿਆ ਨਹੀਂ ਕਦੇ, ਕਿਤੇ ਕੋਈ ਗੱਲ ਤਾਂ ਨਹੀਂ ਹੋ ਗਈ?” ਵੱਡੀ ਬੋਲੀ। ”ਕੋਈ ਗੱਲ ਹੋਵੇਗੀ ਜ਼ਰੂਰ। ਨਹੀਂ ਤਾਂ ਦੋ ਮਹੀਨੇ ਵੀ ਟੱਪਣ ਨਹੀਂ ਸੀ ਦਿੰਦੀ।” ਛੋਟੀ ਬੋਲੀ। ਉਹ ਸੁਣ ਕੇ ਪਾਣੀ-ਪਾਣੀ ਹੋ ਗਈ। ਇਸ ਮਗਰੋਂ ਨੂੰਹਾਂ ਕੀ ਗੱਲਾਂ ਕਰਦੀਆਂ ਰਹੀਆਂ, ਉਸ ਨੂੰ ਕੁਝ ਨਾ ਸੁਣਿਆ। ਥੋੜ੍ਹਾ ਸੰਭਲ ਕੇ ਉਹ ਘਰ ਆ ਗਈ। ਤੀਜੇ ਦਿਨ ਯਾਨੀ ਅੱਜ, ਚੋਰੀਓਂ ਜੋੜੇ ਪੈਸੇ ਆਪਣੇ ਰੁਮਾਲ ਵਿੱਚ ਬੰਨ੍ਹ ਕੇ ਹੱਥ ਵਿੱਚ ਫ਼ੜ ਉਸ ਨੇ ਮਾਜਰੇ ਜਾਣ ਦਾ ਆਖ ਪਹਿਲੀ ਬੱਸ ਫ਼ੜ ਲਈ। ਪਰ ਜਾਂਦੀ ਕਿੱਥੇ? ਭਰਾ ਤਾਂ ਉਸ ਲਈ ਦਰ ਢੋਅ ਚੁੱਕੇ ਸਨ। ਇਸ ਲਈ ਸਾਰਾ ਦਿਨ ਉਸ ਨੇ ਪੇਕਿਆਂ ਅਤੇ ਸਹੁਰਿਆਂ ਦੇ ਵਿਚਕਾਰ ਪੈਂਦੇ ਛੋਟੇ ਜਿਹੇ ਸ਼ਹਿਰ ਵਿੱਚ ਬਤੀਤ ਕਰਨ ਦਾ ਫ਼ੈਸਲਾ ਕੀਤਾ ਸੀ। ਹੁਣ ਉਹ ਪਿੰਡ ਨੂੰ ਜਾਣ ਵਾਲੀ ਆਖ਼ਰੀ ਬੱਸ ‘ਤੇ ਵਾਪਸ ਜਾਣ ਲਈ ਬੱਸ ਅੱਡੇ ਵਿੱਚ ਥੜ੍ਹੇ ‘ਤੇ ਬੈਠੀ ਸੋਚਾਂ ਵਿੱਚ ਗੁੰਮ ਸੀ। ”ਮਾਈ! ਮਾਜਰੇ ਜਾਣ ਵਾਲੀ ਆਖ਼ਰੀ ਬੱਸ ਆ ਗਈ।” ਸ਼ਿਕੰਜਵੀ ਵਾਲੇ ਦੀ ਆਵਾਜ਼ ਨੇ ਉਸ ਦੀ ਬਿਰਤੀ ਨੂੰ ਤੋੜਿਆ। ਉਹ ਉੱਠ ਕੇ ਬੱਸ ਵੱਲ ਤੁਰ ਪਈ।
”ਮਿੱਠੀ ਰਸਗੁੱਲੇ ਵਰਗੀ, ਮੋਟੀ ਕਾਲੀ ਜਾਮਣ, ਲੈ ਲਓ ਭਾਈ੩ ਜਾਮਣ, ਮੋਟੀ ਤਾਜ਼ੀ ਜਾਮਣ।” ਸਾਹਮਣੇ ਬੈਠੇ ਜਾਮਣਾਂ ਵਾਲੇ ਨੇ ਉਸ ਦਾ ਧਿਆਨ ਖਿੱਚਿਆ। ਉਸ ਨੂੰ ਆਪਣੇ ਪੇਕੇ ਘਰ ਦੇ ਵਿਹੜੇ ਵਿੱਚ ਖੜ੍ਹੀ ਜਾਮਣ ਯਾਦ ਆਈ, ਪਰ ਜਾਮਣ ਤਾਂ ਉਸ ਦੇ ਸਹੁਰਿਆਂ ਦੇ ਵਿਹੜੇ ਵਿੱਚ ਵੀ ਖੜ੍ਹੀ ਹੈ ਉਸ ਸੋਚਿਆ। ਕੁਝ ਸੋਚ ਕੇ ਉਹ ਜਾਮਣਾਂ ਵਾਲੇ ਭਾਈ ਕੋਲ ਜਾ ਕੇ ਰੁਕੀ। ਜਾਮਣਾਂ ਦਾ ਭਾਅ ਪੁੱਛਿਆ। ਫ਼ਿਰ ਆਪਣੇ ਕੋਲ ਬਚੇ ਰੁਪਈਆਂ ਨੂੰ ਗਿਣਿਆ। ਕਿਰਾਏ ਦੇ ਪੈਸੇ ਪੂਰੇ ਕਰ ਕੇ ਹਿਸਾਬ ਲਾਇਆ।
”ਭਾਈ! ਇੱਕ ਕਿੱਲੋ ਪਾ ਦੇ।”ਉਸ ਨੇ ਜਾਮਣਾਂ ਵਾਲੇ ਨੂੰ ਕਿਹਾ।
ਜਾਮਣਾਂ ਵਾਲੇ ਨੇ ਕਿੱਲੋ ਜਾਮਣਾਂ ਤੋਲ ਕੇ ਲਿਫ਼ਾਫ਼ੇ ਵਿੱਚ ਪਾ ਉਸ ਦੇ ਹੱਥ ਫ਼ੜਾਈਆਂ। ਉਸ ਨੂੰ ਲਿਫ਼ਾਫ਼ਾ ਹੌਲਾ-ਹੌਲਾ ਜਾਪਿਆ।
”ਭਾਈ! ਦੋ ਕਿੱਲੋ ਕਰ ਦੇ।” ਉਸ ਨੇ ਲਿਫ਼ਾਫ਼ਾ ਭਾਈ ਦੇ ਹੱਥ ਫ਼ੜਾਉਂਦਿਆਂ ਕਿਹਾ। ਜਾਮਣਾਂ ਵਾਲੇ ਨੇ ਦੋ ਕਿੱਲੋ ਜਾਮਣਾਂ ਤੋਲ ਕੇ ਲਿਫ਼ਾਫ਼ੇ ਵਿੱਚ ਪਾ ਉਸ ਨੂੰ ਫ਼ੜਾ ਦਿੱਤੀਆਂ। ਉਸ ਨੇ ਜਾਮਣਾਂ ਅਤੇ ਸਵੇਰ ਦਾ ਖ਼ਰੀਦਿਆ ਨਿੱਕ-ਸੁੱਕ ਝੋਲੇ ਵਿੱਚ ਪਾਇਆ ਅਤੇ ਝੋਲੇ ਨੂੰ ਸੰਭਾਲਦੀ ਹੋਈ ਮਾਜਰੇ ਵਾਲੀ ਬੱਸ ਵਿੱਚ ਜਾ ਬੈਠੀ।
ਮਨਦੀਪ ਸਿੰਘ ਡਡਿਆਣਾ