ਨਵੀਂ ਦਿੱਲੀ— ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਨੇ ਮੰਗਲਵਾਰ ਨੂੰ ਕਿਹਾ ਕਿ ਰਾਜਧਾਨੀ ‘ਚ ਚੱਲ ਰਹੀ ਸੀਲਿੰਗ ਮੁਹਿੰਮ ਕਾਰਨ ਪੈਦਾ ਹੋਈਆਂ ਸਮੱਸਿਆਵਾਂ ਦੇ ਹੱਲ ਲਈ ਇਕ ਆਜ਼ਾਦ ਵਫ਼ਦ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਨਿਗਰਾਨੀ ਕਮੇਟੀ ਨਾਲ ਮੁਲਾਕਾਤ ਕਰੇਗਾ। ਸਿਸੌਦੀਆ ਨੇ ਇਸ ਮੁੱਦੇ ‘ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਬੁਲਾਈ ਗਈ ਬੈਠਕ ਦਾ ਬਾਈਕਾਟ ਕਰਨ ਲਈ ਭਾਜਪਾ ‘ਤੇ ਨਿਸ਼ਾਨਾ ਸਾਧਿਆ। ਇਹ ਬੈਠਕ ਮੰਗਲਵਾਰ ਨੂੰ ਹੋਈ, ਜਿਸ ‘ਚ ਦਿੱਲੀ ਕਾਂਗਰਸ ਪ੍ਰਦੇਸ਼ ਪ੍ਰਧਾਨ ਅਜੇ ਮਾਕਨ ਦੀ ਅਗਵਾਈ ‘ਚ ਕਾਂਗਰਸ ਦੇ ਤਿੰਨ ਮੈਂਬਰ ਅਤੇ ਹੋਰ ਸ਼ਾਮਲ ਹੋਏ। ਭਾਜਪਾ ਨੇ ਇਸ ਬੈਠਕ ‘ਚ ਹਿੱਸਾ ਨਹੀਂ ਲਿਆ। ਸਿਸੌਦੀਆ ਨੇ ਇੱਥੇ ਮੁੱਖ ਮੰਤਰੀ ਘਰ ‘ਤੇ ਹੋਈ ਬੈਠਕ ਤੋਂ ਬਾਅਦ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਾਕਨ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਕਾਂਗਰਸ ਸੰਸਦ ਮੈਂਬਰ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰਾਂ ਨਾਲ ਸੰਸਦ ‘ਚ ਸੀਲਿੰਗ ਮੁੱਦੇ ਨੂੰ ਚੁੱਕਣਗੇ।
ਭਾਜਪਾ ‘ਤੇ ਨਿਸ਼ਾਨਾ ਸਾਧਦੇ ਹੋਏ ਉੱਪ ਮੁੱਖ ਮੰਤਰੀ ਨੇ ਕਿਹਾ ਕਿ ਇਹ ਬਦਕਿਸਮਤੀ ਹੈ ਕਿ ਭਾਜਪਾ ਦੇ ਪ੍ਰਤੀਨਿਧੀਆਂ ਨੇ ਆਜ਼ਾਦ ਬੈਠਕ ‘ਚ ਹਿੱਸਾ ਨਹੀਂ ਲਿਆ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਸੀਲਿੰਗ ਮੁਹਿੰਮ ਰਾਹੀਂ ਭਾਜਪਾ ਰਾਸ਼ਟਰੀ ਰਾਜਧਾਨੀ ‘ਚ ਪਰਚੂਨ ‘ਚ ਸਿੱਧੇ ਵਿਦੇਸ਼ੀ ਨਿਵੇਸ਼ ਲਈ ਰਸਤਾ ਬਣਾਉਣਾ ਚਾਹੁੰਦੀ ਹੈ। ਉਨ੍ਹਾਂ ਨੇ ਕਿਹਾ,”ਅੱਜ ਦੀ ਬੈਠਕ ‘ਚ ਇਹ ਫੈਸਲਾ ਲਿਆ ਗਿਆ ਕਿ ਸਾਰੇ ਦਲਾਂ ਦੇ ਵਫ਼ਦ ਸੀਲਿੰਗ ਮੁੱਦੇ ਦਾ ਹੱਲ ਕੱਢਣ ਲਈ ਨਿਗਰਾਨੀ ਕਮੇਟੀ ਨੂੰ ਮਿਲਣਗੇ।” ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ, ਵਿਕਾਸ ਮੰਤਰੀ ਗੋਪਾਲ ਰਾਏ, ‘ਆਪ’ ਨੇਤਾ ਸੰਜੇ ਸਿੰਘ ਅਤੇ ਵਿਧਾਇਕ ਸੋਮਨਾਥ ਭਾਰਤੀ ਨੇ ਇਸ ਬੈਠਕ ‘ਚ ਹਿੱਸਾ ਲਿਆ। ਬੈਠਕ ਤੋਂ ਬਾਅਦ ਮਾਕਨ ਨੇ ਕਿਹਾ ਕਿ ਇਸ ਮੁੱਦੇ ‘ਤੇ ਸਾਰਥਕ ਚਰਚਾ ਹੋਈ।
ਉਨ੍ਹਾਂ ਨੇ ਬੈਠਕ ਦਾ ਬਾਈਕਾਟ ਕਰਨ ਲਈ ਭਾਜਪਾ ‘ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਸੀਲਿੰਗ ਮੁਹਿੰਮ ਸ਼ੁਰੂ ਹੋਣ ਦੇ ਬਾਅਦ ਤੋਂ ਦਿੱਲੀ ਸਰਕਾਰ ਨਿਗਰਾਨੀ ਕਮੇਟੀ ਨਾਲ ਹੁਣ ਤੱਕ ਨਹੀਂ ਮਿਲੀ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਕਮੇਟੀ ਨਾਲ ਬੈਠਕ ਕਰਨ ‘ਤੇ ਵੀ ਸਹਿਮਤੀ ਜ਼ਾਹਰ ਕੀਤੀ। ਸਿਸੌਦੀਆ ਨੇ ਕਿਹਾ ਕਿ ਜੇਕਰ ਭਾਜਪਾ ਚਾਹੁੰਦੀ ਤਾਂ ਉਹ ਤੁਰੰਤ ਇਸ ਮੁੱਦੇ ਨੂੰ ਹੱਲ ਕਰ ਸਕਦੀ ਹੈ। ਉਨ੍ਹਾਂ ਨੇ ਕਿਹਾ,”ਭਾਜਪਾ ਦੀ ਕੇਂਦਰ ‘ਚ ਸਰਕਾਰ ਹੈ। ਉਹ ਵਪਾਰੀਆਂ ਨੂੰ ਖਤਮ ਕਰਨਾ ਚਾਹੁੰਦੇ ਹਨ।”