ਚੰਡੀਗੜ੍ਹ— 31 ਅਗਸਤ ਸਾਲ 1995 ‘ਚ ਹੋਈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਮਾਮਲੇ ‘ਚ ਆਮ ਆਦਮੀ ਪਾਰਟੀ ਦੇ ਨੇਤਾ ਸੁਖਪਾਲ ਖਹਿਰਾ ਨੇ ਟਵਿੱਟਰ ਜ਼ਰੀਏ ਬੋਲਦੇ ਹੋਏ ਬੇਅੰਤ ਸਿੰਘ ਦੇ ਪਰਿਵਾਰ ਤੋਂ ਉਨ੍ਹਾਂ ਦੀ ਹੱਤਿਆ ਕਰਨ ਵਾਲੇ ਨੂੰ ਮੁਆਫ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਗਾਂਧੀ ਪਰਿਵਾਰ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਹੱਤਿਆਰਿਆਂ ਨੂੰ ਮੁਆਫ ਕਰ ਦਿੱਤਾ ਹੈ ਤਾਂ ਹੁਣ ਬੇਅੰਤ ਸਿੰਘ ਦੇ ਹੱਤਿਆਰੇ ਨੂੰ ਵੀ ਮੁਆਫੀ ਦੇ ਦੇਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਬੇਅੰਤ ਸਿੰਘ ਦੀ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ। ਪੰਜਾਬ ‘ਚ ਆਪਣੀ ਚੜ੍ਹਤ ਬਣਾਉਣ ਲਈ ਖਹਿਰਾ ਨੇ ਇਹ ਮੁੱਦਾ ਉਸ ਸਮੇਂ ਚੁੱਕਿਆ ਜਦੋਂ ਗਾਂਧੀ ਪਰਿਵਾਰ ਨੇ ਹੱਤਿਆਰਿਆਂ ਨੂੰ ਮੁਆਫੀ ਦਿੱਤੀ। ਉਥੇ ਹੀ ਦੂਜੇ ਪਾਸੇ ਖਹਿਰਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਵੀ ਟਵੀਟ ਕੀਤਾ। ਉਨ੍ਹਾਂ ਨੇ ਲਿਖਿਆ ਕਿ ਉਹ ਆਪਣੇ ਵਾਅਦੇ ਤੋਂ ਹਟਦੇ ਹੋਏ ਜੰਗ-ਏ-ਆਜ਼ਾਦੀ ਸਮਾਰਕ ‘ਤੇ ਖੁਦ ਉਦਘਾਟਨ ਕਰਨ ਪਹੁੰਚ ਗਏ।
ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਸਕੱਤਰੇਤ ਦੇ ਬਾਹਰ 31 ਅਗਸਤ 1995 ‘ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਸਮੇਤ 17 ਹੋਰਾਂ ਦੀ ਦਿਲਾਵਰ ਸਿੰਘ ਨਾਮਕ ਇਕ ਮਨੁੱਖੀ ਬੰਬ ਵੱਲੋਂ ਹੱਤਿਆ ਕਰ ਦਿੱਤੀ ਗਈ ਸੀ। ਸਤੰਬਰ 1995 ‘ਚ ਚੰਡੀਗੜ੍ਹ ਦੀ ਪੁਲਸ ਨੇ ਦਿੱਲੀ ਦੇ ਪੰਜੀਕਰਨ ਨੰਬਰ ਵਾਲੀ ਇਕ ਲਾਵਾਰਿਸ ਅੰਬੈਸਡਰ ਕਾਰ ਬਰਾਮਦ ਕੀਤੀ, ਜਿਸ ਤੋਂ ਬਾਅਦ ਇਕ ਪੇਂਟਰ ਵੱਲੋਂ ਉਪਲੱਬਧ ਕਰਵਾਏ ਗਏ ਸੁਰਾਗਾਂ ਦੇ ਆਧਾਰ ‘ਤੇ ਲਖਵਿੰਦਰ ਸਿੰਘ ਦੀ ਗ੍ਰਿਫਤਾਰੀ ਕੀਤੀ ਗਈ। ਸਤੰਬਰ 1995 ‘ਚ ਲਖਵਿੰਦਰ ਸਿੰਘ ਦੇ ਖੁਲਾਸੇ ਦੇ ਬਾਅਦ ਬੀ. ਪੀ. ਐੱਲ. ਕੰਪਨੀ ਦੇ ਇਕ ਇੰਜੀਨੀਅਰ ਗੁਰਮੀਤ ਸਿੰਘ ਦੀ ਗ੍ਰਿਫਤਾਰੀ ਕੀਤੀ ਗਈ। 19 ਫਰਵਰੀ 1996 ਨੂੰ ਚੰਡੀਗੜ੍ਹ ਦੀ ਸੈਸ਼ਨ ਅਦਾਲਤ ‘ਚ 3 ਭਗੋੜਿਆਂ ਸਮੇਤ 12 ਲੋਕਾਂ ਖਿਲਾਫ ਚਲਾਨ ਦਾਇਰ ਕੀਤਾ ਗਿਆ।