ਮੁੰਬਈ— ਕਰਜ਼ ਮੁਆਫ਼ੀ ਦੀ ਮੰਗ ਨੂੰ ਲੈ ਕੇ ਮੁੰਬਈ ਪੁੱਜੇ ਕਿਸਾਨ ਆਪਣਾ ਅੰਦੋਲਨ ਵਾਪਸ ਲੈਣ ਨੂੰ ਰਾਜੀ ਹੋ ਗਏ ਹਨ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਮਹਾਰਾਸ਼ਟਰ ਸਰਕਾਰ ਕਿਸਾਨਾਂ ਨੂੰ ਦਿੱਤੇ ਵਾਅਦੇ ਨਿਭਾਏਗੀ। ਇਸ ਦੇ ਨਾਲ ਹੀ ਕਿਸਾਨਾਂ ਨੂੰ ਲਿਖਤੀ ਭਰੋਸਾ ਵੀ ਦਿੱਤਾ ਜਾਵੇਗਾ। ਸਰਕਾਰ ਦੇ ਇਸ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਅੰਦੋਲਨ ਨਾ ਕਰਨ ਦਾ ਫੈਸਲਾ ਕੀਤਾ। ਜ਼ਿਕਰਯੋਗ ਹੈ ਕਿ ਆਲ ਕਿਸਾਨ ਮਹਾਸਭਾ ਦੀ ਅਗਵਾਈ ‘ਚ 30 ਹਜ਼ਾਰ ਤੋਂ ਵਧ ਕਿਸਾਨਾਂ ਦਾ ਜੱਥਾ ਮੁੰਬਈ ਦੇ ਆਜ਼ਾਦ ਮੈਦਾਨ ‘ਚ ਡਟ ਗਿਆ ਸੀ। ਨਾਰਾਜ਼ ਕਿਸਾਨਾਂ ਨੇ ਸੋਮਵਾਰ ਨੂੰ ਵਿਧਾਨ ਸਭਾ ਦਾ ਘਿਰਾਅ ਕਰਨ ਦਾ ਐਲਾਨ ਕੀਤਾ ਸੀ। ਮੁੱਖ ਮੰਤਰੀ ਨਾਲ ਬੈਠਕ ਤੋਂ ਬਾਅਦ ਸਰਕਾਰ ਅਤੇ ਕਿਸਾਨਾਂ ‘ਚ ਸਹਿਮਤੀ ਬਣ ਗਈ ਅਤੇ ਕਿਸਾਨਾਂ ਨੇ ਅੰਦੋਲਨ ਖਤਮ ਕਰਨ ਦਾ ਭਰੋਸਾ ਦਿੱਤਾ।
ਇਸ ਦੌਰਾਨ ਕਿਸਾਨਾਂ ਦੇ ਮਾਰਚ ਦਾ ਮਸਲਾ ਮਹਾਰਾਸ਼ਟਰ ਵਿਧਾਨ ਸਭਾ ‘ਚ ਵੀ ਉੱਠਿਆ। ਵਿਰੋਧੀ ਧਿਰ ਦੇ ਨੇਤਾ ਰਾਧਾਕ੍ਰਿਸ਼ਨ ਵਿਖੇ ਪਾਟਿਲ ਨੇ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਤੁਰੰਤ ਮੰਨਣ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸਾਨਾਂ ਦੀ ਮੰਗ ਨਹੀਂ ਮੰਨੀ ਤਾਂ ਉਨ੍ਹਾਂ ਦੇ ਸ਼ਰਾਪ ਨਾਲ ਸਰਕਾਰ ਭਸਮ ਹੋ ਜਾਵੇਗੀ। ਇਸ ਦੌਰਾਨ ਫੜਨਵੀਸ ਖੁਦ ਕਿਸਾਨਾਂ ਨੂੰ ਮਨਾਉਣ ‘ਚ ਜੁਟ ਗਏ ਹਨ। ਵਿਧਾਨ ਸਭਾ ‘ਚ ਮੁੱਖ ਮੰਤਰੀ ਨੇ ਹੋਰ ਨੇਤਾਵਾਂ ਨਾਲ ਬੈਠਕ ਵੀ ਕੀਤੀ ਹੈ। ਕਿਸਾਨ ਨੇਤਾ ਅਜੀਤ ਨਵਲੇ ਨੇ ਕਿਹਾ ਹੈ ਕਿ ਇਕ ਵੀ ਮੰਗ ਨਹੀਂ ਮੰਨੀ ਤਾਂ ਕਿਸਾਨ ਆਜ਼ਾਦ ਮੈਦਾਨ ‘ਚ ਹੀ ਅੰਨ ਤਿਆਗ ਕਰ ਦੇਣਗੇ। ਉੱਥੇ ਹੀ ਮਹਾਰਾਸ਼ਟਰ ਸਰਕਾਰ ਦੇ ਜਲ ਸਰੋਤ ਮੰਤਰੀ ਨੇ ਕਿਹਾ,”ਮੈਨੂੰ ਲੱਗਦਾ ਹੈ ਕਿ ਅਸੀਂ ਉਨ੍ਹਾਂ ਨੇ 80-90 ਫੀਸਦੀ ਮੁੱਦਿਆਂ ਦਾ ਹੱਲ ਕਰ ਦੇਵਾਂਗੇ। ਅਸੀਂ ਉਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਗੰਭੀਰ ਹਾਂ ਅਤੇ ਅਸੀਂ ਸਭ ਤੋਂ ਚੰਗੇ ਫੈਸਲੇ ਲਵਾਂਗੇ।”
ਕੀ ਹਨ ਕਿਸਾਨਾਂ ਦੀਆਂ ਮੰਗਾਂ
ਖੇਤੀ ਉਪਜ ਦੀ ਲਾਗਤ ਮੁੱਲ ਤੋਂ ਇਲਾਵਾ 50 ਫੀਸਦੀ ਲਾਭ ਦਿੱਤਾ ਜਾਵੇ।
ਸਾਰੇ ਕਿਸਾਨਾਂ ਦੇ ਕਰਜ਼ ਮੁਆਫ਼ ਕੀਤੇ ਜਾਣ। ਨਦੀ ਜੋੜ ਯੋਜਨਾ ਦੇ ਅਧੀਨ ਮਹਾਰਾਸ਼ਟਰ ਦੇ ਕਿਸਾਨਾਂ ਨੂੰ ਪਾਣੀ ਦਿੱਤਾ ਜਾਵੇ।
ਜੰਗਲੀ ਜ਼ਮੀਨ ‘ਤੇ ਪੀੜ੍ਹੀਆਂ ਤੋਂ ਖੇਤੀ ਕਰਨ ਆ ਰਹੇ ਕਿਸਾਨਾਂ ਨੂੰ ਜ਼ਮੀਨ ਦਾ ਮਾਲਕਾਨਾ ਹੱਕ ਦਿੱਤਾ ਜਾਵੇ।
ਸੰਜੇ ਗਾਂਧੀ ਨਿਰਾਧਾਰ ਯੋਜਨਾ ਦਾ ਲਾਭ ਕਿਸਾਨਾਂ ਨੂੰ ਦਿੱਤਾ ਜਾਵੇ।
ਸਹਾਇਤਾ ਰਾਸ਼ੀ 600 ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ 3 ਹਜ਼ਾਰ ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇ।
ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕੀਤਾ ਜਾਵੇ।
ਡੈਮੇਜ ਕੰਟਰੋਲ ‘ਚ ਲੱਗੀ ਮਹਾਰਾਸ਼ਟਰ ਸਰਕਾਰ
ਇਸ ਤੋਂ ਪਹਿਲਾਂ ਨਾਸਿਕ ਤੋਂ ਚੱਲਿਆ ਕਿਸਾਨ ਮੋਰਚਾ ਐਤਵਾਰ ਨੂੰ ਮੁੰਬਈ ‘ਚ ਦਾਖਲ ਹੋਇਆ। ਕਿਸਾਨ ਮੋਰਚੇ ਤੋਂ ਘਬਰਾਈ ਸਰਕਾਰ ਨੇ ਡੈਮੇਜ ਕੰਟਰੋਲ ਦੀ ਦਿਸ਼ਾ ‘ਚ ਤੇਜ਼ੀ ਨਾਲ ਕਦਮ ਵਧਾਏ ਹਨ। ਮੁੱਖ ਮੰਤਰੀ ਦੀ ਕਿਸਾਨਾਂ ਨਾਲ ਚਰਚਾ ਤੋਂ ਪਹਿਲਾਂ ਖੇਤੀ ਮੰਤਰੀ ਪਾਂਡੁਰੰਗ ਫੁੰਡਕਰ ਨੂੰ ਅਕੋਲਾ ਤੋਂ ਤੁਰੰਤ ਮੁੰਬਈ ਆਉਣ ਦਾ ਨਿਰਦੇਸ਼ ਦਿੱਤਾ। ਐਤਵਾਰ ਰਾਤ ਕਿਸਾਨਾਂ ਦੇ ਮੁੱਦੇ ‘ਤੇ ਭਾਜਪਾ ਸਰਕਾਰ ਦੇ ਸੀਨੀਅਰ ਮੰਤਰੀਆਂ ਦੀ ਬੈਠਕ ਵੀ ਬੁਲਾਈ ਗਈ। ਕਿਸਾਨਾਂ ਦੀਆਂ ਮੰਗਾਂ ਨੂੰ ਲੈ ੇਕ ਮੁੱਖ ਮੰਤਰੀ ਫੜਨਵੀਸ ਨੇ ਰਾਤ ਨੂੰ ਆਪਣੇ ਬੰਗਲੇ ‘ਤੇ ਉੱਚ ਅਧਿਕਾਰੀਆਂ ਨਾਲ ਬੈਠਕ ਕਰ ਕੇ ਸਥਿਤੀ ਦਾ ਜਾਇਜ਼ਾ ਲਿਆ। ਉਸ ਤੋਂ ਬਾਅਦ ਮੁੱਖ ਮੰਤਰੀ ਵੱਲੋਂ ਕਿਹਾ ਗਿਆ ਕਿ ਮੁੱਖ ਮੰਤਰੀ ਸੋਮਵਾਰ ਦੁਪਹਿਰ 12 ਵਜੇ ਕਿਸਾਨ ਨੇਤਾਵਾਂ ਨੂੰ ਮਿਲਣਗੇ। ਕਿਸਾਨਾਂ ਨਾਲ ਚਰਚਾ ਕਰਨ ਲਈ 6 ਮੰਤਰੀਆਂ ਦੀ ਕਮੇਟੀ ਬਣਾਈ ਗਈ ਹੈ। ਇਸ ‘ਚ ਭਾਜਪਾ ਦੇ ਮੰਤਰੀ ਚੰਦਰਕਾਂਤ ਪਾਟਿਲ, ਗਿਰੀਜ ਮਹਾਜਨ, ਪਾਂਡੁਰੰਗ ਫੁੰਡਕਰ, ਵਿਸ਼ਨੂੰ ਸਾਵਰਾ, ਸੁਭਾਸ਼ ਦੇਸ਼ਮੁਖ ਅਤੇ ਸ਼ਿਵ ਸੈਨਾ ਦੇ ਮੰਤਰੀ ਏਕਨਾਥ ਸ਼ਿੰਦੇ ਨੂੰ ਸ਼ਾਮਲ ਕੀਤਾ ਗਿਆ ਹੈ।
ਸਿਆਸਤ ਤੇਜ਼, ਸ਼ਿਵ ਸੈਨਾ, ਕਾਂਗਰਸ, ਐੱਮ.ਐੱਨ.ਐੱਸ. ਕਿਸਾਨਾਂ ਨਾਲ
ਕਿਸਾਨ ਮੋਰਚੇ ਨੂੰ ਸਾਰੇ ਮੁੱਖ ਸਿਆਸੀ ਦਲਾਂ ਨੇ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਐੱਨ.ਸੀ.ਪੀ. ਚੀਫ ਸ਼ਰਦ ਪਵਾਰ ਨੇ ਤਾਂ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਤਟਕਰੇ ਅਤੇ ਵਿਧਾਨ ਪ੍ਰੀਸ਼ਦ ‘ਚ ਨੇਤਾ ਵਿਰੋਧੀ ਧਨੰਜਯ ਮੁੰਡੇ ਨੂੰ ਪਾਰੀਟ ਵੱਲੋਂ ਮੋਰਚੇ ‘ਚ ਸ਼ਾਮਲ ਹੋਣ ਲਈ ਕਿਹਾ ਹੈ। ਉੱਥੇ ਹੀ ਕਾਂਗਰਸ ਪ੍ਰਦੇਸ਼ ਪ੍ਰਧਾਨ ਅਸ਼ੋਕ ਚੌਹਾਨ, ਸ਼ਿਵ ਸੈਨਾ ਮੁਖੀ ਊਧਵ ਠਾਕਰੇ, ਐੱਮ.ਐੱਨ.ਐੱਸ. ਮੁਖੀ ਰਾਜ ਠਾਕਰੇ ਅਤੇ ਸ਼ੇਕਾਪ ਦੇ ਜਯੰਤ ਪਾਟਿਲ ਨੇ ਕਿਸਾਨਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਸ਼ਿਵ ਸੈਨਾ ਨੇਤਾ ਆਦਿੱਤਿਯ ਠਾਕਰੇ ਵਿਕਰੋਲੀ ‘ਚ ਮੋਰਚੇ ‘ਚ ਸ਼ਾਮਲ ਹੋਏ। ਰਾਜ ਠਾਕਰੇ ਵੀ ਕਿਸਾਨਾਂ ਨੂੰ ਮਿਲਣ ਪੁੱਜੇ। ਪ੍ਰਦੇਸ਼ ਕਾਂਗਰਸ ਪ੍ਰਧਾਨ ਅਸ਼ੋਕ ਚੌਹਾਨ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਆਪਣੀ ਜਿੱਦ ਛੱਡ ਕੇ ਕਿਸਾਨਾਂ ਨਾਲ ਗੱਲਬਾਤ ਕਰਨ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਮੰਨ ਕੇ ਕਦਮ ਚੁੱਕਣ। ਕਿਸਾਨ ਮੋਰਚੇ ਦਾ ਮੁੰਬਈ ‘ਚ ਜਗ੍ਹਾ-ਜਗ੍ਹਾ ਸਵਾਗਤ ਕੀਤਾ ਜਾ ਰਿਹਾ ਹੈ। ਠਾਣੇ ‘ਚ ਸ਼ਿਵ ਸੈਨਾ ਨੇਤਾ ਅਤੇ ਰਾਜ ਦੇ ਮੰਤਰੀ ਏਕਨਾਥ ਸ਼ਿੰਦੇ ਨੇ ਕਿਸਾਨ ਮੋਰਚੇ ਦਾ ਸਵਾਗਤ ਕੀਤਾ।
ਟਰੈਫਿਕ ‘ਚ ਤਬਦੀਲੀ
ਮੰਤਰਾਲੇ ‘ਚ ਖੁਦਕੁਸ਼ੀ ਕਰਨ ਵਾਲੇ ਕਿਸਾਨ ਧਰਮਾ ਪਾਟਿਲ ਦਾ ਬੇਟਾ ਨਰੇਂਦਰ ਪਾਟਿਲ ਵੀ ਕਿਸਾਨਾਂ ਨਾਲ ਮੋਰਚੇ ‘ਚ ਸ਼ਾਮਲ ਹੈ। ਕਿਸਾਨ ਮੋਰਚੇ ਕਾਰਨ ਸੋਮਵਾਰ ਦੀ ਸਵੇਰ 9 ਵਜੇ ਤੋਂ ਰਾਤ 11 ਵਜੇ ਤੱਕ ਈਸਟਰਨ ਐਕਸਪ੍ਰੈੱਸ-ਵੇਅ ‘ਤੇ ਵੱਡੇ ਵਾਹਨਾਂ ਲਈ ਆਵਾਜਾਈ ਰੋਕ ਦਿੱਤੀ ਗਈ। ਛੋਟੇ ਵਾਹਨਾਂ ਲਈ ਇਕ ਪਾਸੇ ਦਾ ਮਾਰਗ ਚਾਲੂ ਰਹੇਗਾ ਪਰ 20 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਵਾਹਨ ਚਲਾਉਣ ਦੀ ਮਨਜ਼ੂਰੀ ਹੈ। ਕਮਿਸ਼ਨਰ ਆਫ ਪੁਲਸ (ਟਰੈਫਿਕ) ਅਮਿਤੇਸ਼ ਕੁਮਾਰ ਨੇ ਕਿਹਾ ਕਿ ਕਿਸਾਨਾਂ ਦੇ ਮਾਰਚ ਨੂੰ ਲੈ ਕੇ ਕਿਸੇ ਰੋਡ ਨੂੰ ਬੰਦ ਨਹੀਂ ਕੀਤਾ ਜਾਵੇਗਾ ਨਾ ਹੀ ਕੋਈ ਡਾਇਵਰਜਨ ਹੋਵੇਗਾ।