ਸ਼੍ਰੀ ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਵੱਲੋਂ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਸਾਬਕਾ ਮੈਂਬਰ ਅਤੇ ਜਿਲ੍ਹਾ ਤਰਨਤਾਰਨ ਨਾਲ ਸਬੰਧਤ ਸੀਨੀਅਰ ਆਗੂ ਇਕਬਾਲ ਸਿੰਘ ਸੰਧੂ ਨੂੰ ਪਾਰਟੀ ਵਿਰੋਧੀ ਕਾਰਵਾਈਆਂ ਕਾਰਨ ਪਾਰਟੀ ਵਿੱਚ ਕੱਢਿਆ ਜਾਂਦਾ ਹੈ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ, ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਅਕਾਲੀ ਵਰਕਰਾਂ ਨੇ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਦਾ ਸੀ ਕਿ ਇਕਬਾਲ ਸਿੰਘ ਸੰਧੂ ਪਿਛਲੇ ਕੁਝ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਰਲ ਕੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅੰਦਰ ਪਾਰਟੀ ਵਿਰੋਧੀ ਕਾਰਵਾਈਆਂ ਕਰ ਰਿਹਾ ਹੈ ਅਤੇ ਅਜਿਹੀਆਂ ਸਾਜਿਸ਼ਾਂ ਰਚ ਰਿਹਾ ਹੈ ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕੀਤਾ ਜਾ ਸਕੇ।ਉਹਨਾਂ ਦੱਸਿਆ ਕਿ ਇਕਬਾਲ ਸਿੰਘ ਸੰਧੂ ਦੀਆਂ ਪਾਰਟੀ ਵਿਰੋਧੀ ਕਾਰਵਾਈਆਂ ਨੂੰ ਜਦੋਂ ਪਾਰਟੀ ਹਾਈ ਕਮਾਂਡ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਇਸ ਨੂੰ ਬਹੁਤ ਗੰਭੀਰਤਾ ਨਾਲ ਲੈਂਦਿਆਂ ਸਖਤ ਤੋਂ ਸਖਤ ਕਾਰਵਾਈ ਕਰਨ ਦਾ ਦੀ ਹਦਾਇਤ ਕੀਤੀ ਤਾਂ ਕਿ ਅੱਗੇ ਤੋਂ ਪਾਰਟੀ ਅੰਦਰ ਜ਼ਾਬਤੇ ਨੂੰ ਕਾਇਮ ਰੱਖਿਆ ਜਾ ਸਕੇ। ਉਹਨਾਂ ਕਿਹ ਕਿ ਖਡੂਰ ਸਾਹਿਬ ਹਲਕੇ ਦੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਜੀ ਨੇ ਲੰਬੇ ਸਮੇਂ ਤੋਂ ਨੁਮਾਇੰਦਗੀ ਕੀਤੀ ਹੈ ਅਤੇ ਅੱਜ ਵੀ ਇਸ ਹਲਕੇ ਦੀ ਜਿੰਮੇਵਾਰੀ ਉਹਨਾਂ ਕੋਲ ਹੀ ਹੈ।ਉਹਨਾਂ ਕਿਹਾ ਕਿ ਜਥੇਦਾਰ ਬ੍ਰਹਮਪੁਰਾ ਪਾਰਟੀ ਦੇ ਸੀਨੀਅਰ ਅਤੇ ਸਤਿਕਾਰਤ ਆਗੂ ਹਨ। ਉਹਨਾਂ ਦੀ ਪਾਰਟੀ ਨੂੰ ਦੇਣ, ਪੰਜਾਬ ਪ੍ਰਤੀ ਕੀਤੀ ਕੁਰਬਾਨੀ ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਸਾਰੀ ਉਮਰ ਵਫਾਦਾਰੀ ਨਾਲ ਨਿਭਾਈ ਸਾਂਝ ਦਾ ਸ਼੍ਰੋਮਣੀ ਅਕਾਲੀ ਹਮੇਸ਼ਾ ਸਤਿਕਾਰ ਕਰਦਾ ਰਹੇਗਾ। ਪ੍ਰੋਫੈਸਰ ਵਲਟੋਹਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਜ਼ਾਬਤੇ ਵਾਲੀ ਪਾਰਟੀ ਹੈ ਅਤੇ ਪਾਰਟੀ ਦਾ ਜ਼ਬਤਾ ਤੋੜਨ ਦੀ ਕਿਸੇ ਨੂੰ ਵੀ ਆਗਿਆ ਨਹੀਂ ਦਿੱਤੀ ਜਾ ਸਕਦੀ, ਚਾਹੇ ਉਹ ਕਿੱਡਾ ਵੀ ਵੱਡਾ ਆਗੂ ਕਿਉਂ ਨਾ ਹੋਵੇ। ਉਹਨਾਂ ਕਿਹਾ ਕਿ ਪਾਰਟੀ ਹਾਈ ਕਮਾਂਡ ਦੀ ਆਗਿਆ ਤੋਂ ਬਿਨਾਂ ਕਿਸੇ ਆਗੂ ਨੂੰ ਦੂਸਰੇ ਹਲਕੇ ਵਿੱਚ ਦਖਲ ਅੰਦਾਜ਼ੀ ਕਰਨ ਦੀ ਅਜਿਹੀ ਇਜਾਜ਼ਤ ਕਦਾਚਿਤ ਨਹੀਂ ਦਿੱਤੀ ਜਾ ਸਕਦੀ, ਜਿਸ ਨਾਲ ਪਾਰਟੀ ਕਮਜ਼ੋਰ ਹੋਵੇ ਅਤੇ ਲੋਕਾਂ ਵਿੱਚ ਭੁਲੇਖਾ ਪੈਦਾ ਹੁੰਦਾ ਹੋਵੇ।