ਨਵੀਂ ਦਿੱਲੀ: 2019 ‘ਚ ਹੋਣ ਵਾਲੇ ਕ੍ਰਿਕਟ ਵਿਸ਼ਵ ਕੱਪ ਦੇ ਲਈ ਸਾਰੀਆਂ ਟੀਮਾਂ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਕਰ ਰਹੀਆਂ ਹਨ। ਇਸ ‘ਚ ਪਾਕਿਸਤਾਨ ਦੀ ਟੀਮ ਵੀ ਪਿੱਛੇ ਨਹੀਂ ਹੈ। ਪਾਕਿਸਤਾਨ ਦੇ ਮੁੱਖ ਚੋਣਕਰਤਾ ਇਜ਼ਮਾਮ ਉਲ ਹੱਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਸਾਡੀ ਨਜ਼ਰ 2019 ਵਿਸ਼ਵ ਕੱਪ ‘ਤੇ ਹੈ ਅਤੇ ਸਾਡੀ ਨਜ਼ਰ ‘ਚ 20 ਅਜਿਹੇ ਪਾਕਿਸਤਾਨੀ ਖਿਡਾਰੀ ਹਨ ਜੋ ਵਿਸ਼ਵ ਕੱਪ ਦੀ ਨੁਮਾਇੰਦਗੀ ਕਰ ਸਕਦੇ ਹਨ। ਇੰਜ਼ਮਾਮ ਨੇ ਦੱਸਿਆ ਕਿ ਫ਼ਿਲਹਾਲ ਮੈਂ ਦੱਸ ਨਹੀਂ ਸਕਦਾ ਕਿ ਉਹ ਕਿਹੜੇ ਖਿਡਾਰੀ ਹੋ ਸਕਦੇ ਹਨ। ਉਸ ਨੇ ਕਿਹਾ ਕਿ ਇਨ੍ਹਾਂ ਖਿਡਾਰੀਆਂ ਨੂੰ ਹੁਣ ਤੋਂ ਹੀ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ। 2019 ‘ਚ ਖੇਡਣ ਵਾਲੀ ਟੀਮ ਨੂੰ ਆਖਰੀ ਰੂਪ ਵਿਸ਼ਵ ਕੱਪ ਤੋਂ ਕੁਝ ਮਹੀਨੇ ਪਹਿਲਾਂ ਦਿੱਤਾ ਜਾਵੇਗਾ।
ਸਰਫ਼ਰਾਜ਼ ਚੰਗੇ ਕਪਤਾਨ ਹਨ
ਸੂਤਰਾਂ ਮੁਤਾਬਕ ਸਰਫ਼ਰਾਜ਼ ਅਹਿਮਦ ਹੀ 2019 ਵਿਸ਼ਵ ਕੱਪ ‘ਚ ਖੇਡਣ ਵਾਲੀ ਪਾਕਿਸਤਾਨੀ ਟੀਮ ਦੀ ਕਪਤਾਨੀ ਕਰ ਸਕਦੇ ਹਨ। ਪੱਤਰਕਾਰਾਂ ਨਾਲ ਗੱਲ ਕਰਦੇ ਇੰਜ਼ਮਾਮ ਨੇ ਕਿਹਾ ਕਿ ਪਿਛਲੇ ਸਾਲ ਸਰਫ਼ਰਾਜ਼ ਦੀ ਕਪਤਾਨੀ ‘ਚ ਪਾਕਿਸਤਾਨ ਦੀ ਟੀਮ ਨੇ ਚੈਂਪੀਅਨਸ ਟ੍ਰਾਫ਼ੀ ਜਿੱਤੀ ਸੀ। ਸਰਫ਼ਰਾਜ਼ 2019 ਵਿਸ਼ਵ ਕੱਪ ਦੇ ਲਈ ਚੰਗੇ ਬਦਲ ਹੋ ਸਕਦੇ ਹਨ। ਇੰਜ਼ਮਾਮ ਨੇ ਕਿਹਾ ਕਿ ਸਰਫ਼ਰਾਜ਼ ਸਾਹਮਣੇ ਤੋਂ ਟੀਮ ਦੀ ਅਗਵਾਈ ਕਰਦੇ ਹਨ। ਇਸ ਲਈ ਬਿਨਾ ਸ਼ੱਕ ਸਰਫ਼ਰਾਜ਼ ਹੀ 2019 ‘ਚ ਵਿਸ਼ਵ ਕੱਪ ਲਈ ਪਾਕਿਸਤਾਨ ਟੀਮ ਦੀ ਅਗਵਾਈ ਕਰਨਗੇ।
ਪੀ.ਐਸ.ਐਲ ‘ਚ ਕਰ ਰਹੇ ਕਪਤਾਨੀ
ਫ਼ਿਲਹਾਲ ਸਰਫ਼ਰਾਜ਼ ਪਾਕਿਸਤਾਨੀ ਸੁਪਰ ਲੀਗ ‘ਚ ਕਵੇਟਾ ਗਲੈਡੀਏਟਰਜ਼ ਦੀ ਕਪਤਾਨੀ ਕਰ ਰਹੇ ਹਨ। ਪੀਟਰਸਨ ਵਰਗੇ ਦਿੱਗਜ ਖਿਡਾਰੀ ਵੀ ਸਰਫ਼ਰਾਜ਼ ਦੀ ਕਪਤਾਨੀ ਹੇਠ ਖੇਡ ਰਹੇ ਹਨ। ਪੀਟਰਸਨ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਕਿਹਾ ਸੀ ਕਿ ਸਰਫ਼ਰਾਜ਼ ਇਕ ਬੇਹਦ ਸਮਝਦਾਰ ਕਪਤਾਨ ਹਨ ਅਤੇ 2019 ਵਿਸ਼ਵ ਕੱਪ ਲਈ ਸਰਫ਼ਰਾਜ਼ ਨੂੰ ਹੀ ਪਾਕਿਸਤਾਨ ਟੀਮ ਦੀ ਕਪਤਾਨੀ ਮਿਲਣੀ ਚਾਹੀਦੀ ਹੈ।