ਤ੍ਰਿਪੁਰਾ ਵਿਚ ਕਮਲ ਖਿੜ ਗਿਆ। ਉਪਰ ਨਾਗਾਲੈਂਡ ਅਤੇ ਮੇਘਾਲਿਆ ‘ਚ ਕਮਲ ਖਿੜਨ ਦੇ ਕਿਨਾਰੇ ਹੈ। ਤਿੰਨੇ ਰਾਜਾਂ ਦੇ ਚੋਣ ਨਤੀਜਿਆਂ ਨੇ ਦੇਸ਼ ਦੇ ਨਕਸ਼ੇ ਦੇ ਭਗਵੇਂ ਰੰਗ ਨੂੰ ਹੋਰ ਵੀ ਉਘਾੜ ਦਿੱਤਾ ਹੈ। ਇਸ ਚੋਣ ਦੇ ਨਤੀਜੇ ਨੇ ਸਭ ਤੋਂ ਵੱਡੀ ਸੱਟ ਮਾਰਕਸੀਆਂ ਨੂੰ ਮਾਰੀ ਹੈ। ਖੱਬੇ ਪੱਖੀਆਂ ਦਾ ਇਕ ਤਕੜਾ ਕਿਲਾ ਫ਼ਤਿਹ ਕਰਕੇ ਭਾਰਤੀ ਜਨਤਾ ਪਾਰਟੀ ਨੇ ਤ੍ਰਿਪੁਰਾ ਦੀ ਸਿਆਸਤ ਵਿਚੋਂ ਲਾਲ ਰੰਗ ਮਨਫ਼ੀ ਕਰਕੇ ਜ਼ਬਰਦਸਤ ਜਿੱਤ ਪ੍ਰਾਪਤ ਕੀਤੀ ਹੈ ਅਤੇ ਤ੍ਰਿਪੁਰਾ ‘ਚੋਂ ਮਾਰਕਸੀ ਪਾਰਟੀ ਦੇ 25 ਸਾਲ ਦੇ ਰਾਜ ਦਾ ਅੰਤ ਕਰ ਦਿੱਤਾ ਹੈ। ਨਾਗਾਲੈਂਡ ਵਿਚ ਭਾਵੇਂ ਲਟਕਵੀਂ ਵਿਧਾਨ ਸਭਾ ਹੋਂਦ ਵਿਚ ਆਈ ਹੈ ਪਰ ਸਰਕਾਰ ਉਥੇ ਵੀ ਭਾਰਤੀ ਜਨਤਾ ਪਾਰਟੀ ਦੀ ਬਣਨ ਦੇ ਆਸਾਰ ਹਨ ਅਤੇ ਅਜਿਹੇ ਹੀ ਆਸਾਰ ਮੇਘਾਲਿਆ ਦੀ 59 ਮੈਂਬਰੀ ਵਿਧਾਨ ਸਭਾ ਸੀਟਾਂ ਦੇ ਚੋਣ ਨਤੀਜਿਆਂ ਤੋਂ ਬਾਅਦ ਨਜ਼ਰ ਆ ਰਹੇ ਹਨ। ਆਪਣੀ ਜਿੱਤ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਨਵੇਂ ਬਣੇ ਪਾਰਟੀ ਦਫ਼ਤਰ ਵਿਖੇ ਪਾਰਟੀ ਕਾਰਕੁੰਨਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਝ ਜ਼ਿਆਦਾ ਹੀ ਉਤਸ਼ਾਹ ਵਿਚ ਨਜ਼ਰ ਆਏ। ਕਾਂਗਰਸ ਮੁਕਤ ਭਾਰਤ ਦਾ ਨਾਅਰਾ ਲਾਉਣ ਵਾਲੇ ਨਰਿੰਦਰ ਮੋਦੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਕੁਝ ਲੋਕਾਂ ਦਾ ਅਹੁਦਾ ਵਧਦਾ ਹੈ ਪਰ ਉਹਨਾਂ ਦਾ ਕੱਦ ਸੁੰਗੜਦਾ ਹੈ। ਉਹਨਾਂ ਕਿਹਾ ਕਿ ਇਸਦੀ ਤੁਲਨਾ ਵਿਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਦਾ ਕਈ ਸੂਬਿਆਂ ਵਿਚ ਪਾਰਟੀ ਜਿੱਤਾਂ ਨਾਲ ਕੱਦ ਵਧਿਆ ਹੈ।
ਇਸ ਭਾਸ਼ਣ ਵਿਚ ਨਰਿੰਦਰ ਮੋਦੀ ਨੇ ਇਸ ਵਿਅੰਗਮਈ ਟਿੱਪਣੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਵੀ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਾ ਹੀ ਕੈਪਟਨ ਅਮਰਿੰਦਰ ਸਿੰਘ ਅਤੇ ਨਾ ਹੀ ਕਾਂਗਰਸ ਪਾਰਟੀ। ਇਕ ਦੂਜੇ ਨੂੰ ਆਪਣਾ ਸਮਝਦੇ ਹਨ। ਉਹ ਇਕ ਸੁਤੰਤਰ ਫ਼ੌਜ ਹੈ। ਅਸਲ ਵਿਚ ਮੋਦੀ ਸਾਹਿਬ ਇਹ ਕਹਿਣਾ ਚਾਹੁੰਦੇ ਹਨ ਕਿ ਨਾ ਹੀ ਕੈਪਟਨ ਸਾਹਿਬ ਰਾਹੁਲ ਗਾਂਧੀ ਦੀ ਪਰਵਾਹ ਕਰਦੇ ਹਨ ਅਤੇ ਨਾ ਹੀ ਰਾਹੁਲ ਗਾਂਧੀ ਕੈਪਟਨ ਦੀ ਪਰਵਾਹ ਕਰਦੇ ਹਨ। ਕੈਪਟਨ ਨੂੰ ਇਕ ਆਜ਼ਾਦ ਫ਼ੌਜੀ ਕਹਿ ਕੇ ਸੰਬੋਧਨ ਕਰਨਾ ਇਹ ਦਰਸਾਉਂਦਾ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਇਹ ਲੱਗ ਰਿਹਾ ਹੈ ਕਿ ਭਾਵੇਂ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਹੈ ਪਰ ਇਸ ਸਰਕਾਰ ਦੇ ਮੁੱਖ ਮੰਤਰੀ ਦੀ ਕੇਂਦਰੀ ਲੀਡਰਸ਼ਿਪ ਨਾਲ ਸੁਰ ਪੂਰੀ ਤਰ੍ਹਾਂ ਨਹੀਂ ਮਿਲਦੀ। ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਦੀ ਲੀਡਰਸ਼ਿਪ ਵੱਲੋਂ ਅਜਿਹਾ ਸੋਚੇ ਜਾਣ ਪਿੱਛੇ ਇਕ ਰਾਹੁਲ ਗਾਂਧੀ ਦੀ ਤਰਜੀਹ ‘ਤੇ ਪੰਜਾਬ ਦੀ ਸਰਕਾਰ ਨਹੀਂ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਇਕ ਸਾਲ ਦੇ ਸਮੇਂ ਵਿਚ ਰਾਹੁਲ ਗਾਂਧੀ ਤੋਂ ਕਈ ਵਾਰ ਸਮਾਂ ਮੰਗਿਆ ਤਾਂ ਕਿ ਮੁੱਖ ਮੰਤਰੀ ਆਪਣੇ ਮੰਤਰੀ ਮੰਡਲ ਦੇ ਵਿਸਥਾਰ ਕਰ ਸਕਣ ਪਰ ਕਾਂਗਰਸ ਪ੍ਰਧਾਨ ਸਮਾਂ ਨਾ ਦੇ ਕੇ ਕੈਪਟਨ ਨੂੰ ਕੋਈ ਹੋਰ ਸੁਨੇਹਾ ਦੇਣਾ ਚਾਹੁੰਦੇ ਹਨ। ਅਜਿਹੇ ਕਈ ਮਸਲੇ ਹਨ, ਜਿਹਨਾਂ ਕਾਰਨ ਮੋਦੀ ਨੇ ਕੈਪਟਨ ‘ਤੇ ਤਨਜ਼ ਕਸੀ ਹੈ।
ਪ੍ਰਧਾਨ ਮੰਤਰੀ ਦੀ ਇਸ ਵਿਅੰਗਭਰੀ ਟਿੱਪਣੀ ਨੇ ਇਕ ਤਰ੍ਹਾਂ ਦੀ ਸ਼ਬਦੀ ਜੰਗ ਛੇੜ ਦਿੱਤੀ ਹੈ। ਮੋਦੀ ਸਾਹਿਬ ਦੀ ਟਿੱਪਣੀ ‘ਤੇ ਕੈਪਟਨ ਸਾਹਿਬ ਨੇ ਟਵੀਟ ਕਰਦਿਆਂ ਕਿਹਾ ਕਿ ਮੋਦੀ ਜੀ ਤੁਹਾਨੂੰ ਇਸ ਤਰ੍ਹਾਂ ਕਿਸ ਨੇ ਦੱਸਿਆ। ਕੈਪਟਨ ਨੇ ਲਿਖਿਆ, ”ਮੈਨੂੰ ਯਕੀਨ ਨਹੀਂ ਕਿ ਕਾਂਗਰਸ ਹਾਈ ਕਮਾਨ ਨੇ ਮੇਰੇ ਖਿਲਾਫ਼ ਤੁਹਾਡੇ ਕੋਲ ਸ਼ਿਕਾਇਤ ਕੀਤੀ ਹੈ। ਫ਼ਿਰ ਵੀ ਮੇਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਇਸ ਤਰ੍ਹਾਂ ਦੇ ਹੋਛੇ ਬਿਆਨਾਂ ਨਾਲ ਤੁਹਾਨੂੰ ਮੇਰੇ ਅਤੇ ਪਾਰਟੀ ਵਿਚ ਪਾੜਾ ਪਾਉਣ ‘ਚ ਮਦਦ ਨਹੀਂ ਮਿਲੇਗੀ। ਪਾਰਟੀ ਨੂੰ ਮੇਰੇ ‘ਤੇ ਅਤੇ ਮੈਨੂੰ ਪਾਰਟੀ ਦੀ ਲੀਡਰਸ਼ਿਪ ‘ਤੇ ਭਰੋਸਾ ਹੈ।” ਜਿਸ ਭਾਵਨਾ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀ ਨੂੰ ਇਕ ਸੁਤੰਤਰ ਫ਼ੌਜੀ ਕਹਿ ਕੇ ਵਿਅੰਗ ਕੀਤਾ ਹੈ, ਕੈਪਟਨ ਸਾਹਿਬ ਨੇ ਉਸੇ ਭਾਵਨਾ ਨਾਲ ਮੋਦੀ ਨੂੰ ਜਵਾਬ ਦਿੱਤਾ ਹੈ। ਉਂਝ ਇਹ ਗੱਲ ਤਾਂ ਸਪਸ਼ਟ ਹੈ ਕਿ ਭਾਰਤੀ ਜਨਤਾ ਪਾਰਟੀ ਆਪਣਾ ਜਿੱਤ ਦਾ ਰੱਥ ਸਾਰੇ ਭਾਰਤ ਵਿਚ ਫ਼ੇਰਨਾ ਚਾਹੁੰਦੀ ਹੈ ਅਤੇ ਸਾਰੇ ਹਿੰਦੁਸਤਾਨ ਦਾ ਰੰਗ ਭਗਵਾਂ ਕਰਨਾ ਚਹੁੰਦੀ ਹੈ। ਤ੍ਰਿਪੁਰਾ ਦੀ ਜਿੱਤ ਨੇ ਭਾਜਪਾ ਨੂੰ ਪ੍ਰੇਰਿਤ ਕੀਤਾ ਹੈ ਅਤੇ ਹੁਣ ਭਾਜਪਾ ਹਰਿਆਣਾ ਅਤੇ ਜੰਮੂ ਕਸ਼ਮੀਰ ਤੋਂ ਬਾਅਦ ਪੰਜਾਬ ਵਿਚ ਕਮਲ ਖਿੜਾਉਣਾ ਚਾਹੁੰਦੀ ਹੇ।
ਮੁਸੀਬਤਾਂ ਤੋਂ ਕਦੇ ਡਰਦੀਆਂ ਨਹੀਂ ਆਸਾਂ
ਪੰਜਾਬੀ ਲੋਕ ਕਥਨ ਹੈ ‘ਜੀਵਾ ਆਸਾ, ਮਰੇ ਨਿਰਾਸਾ’। ਜਾਹਨਗੇ ‘ਦਿਲ ਸਿੱਕ ਮੈਨ ਐਂਡ ਦਾ ਏਂਜਲ’ ਵਿਚ ਸਾਫ਼ ਸੁਨੇਹਾ ਦਿੰਦਾ ਹੈ ‘ਜਬ ਤੱਕ ਸਾਸ, ਤਬ ਤਕ ਆਸ’। ਨਿਰਾਸ਼ ਅਤੇ ਨਕਾਰਾਤਮਕ ਸੋਚ ਰੱਖਣ ਵਾਲੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਹਰ ਨਵਾਂ, ਨਵੀਂ ਤਕਦੀਰ ਲੈ ਕੇ ਆਉਂਦਾ ਹੈ।
ਜਦੋਂ ਰੱਬ ਦਰਵਾਜ਼ਾ ਬੰਦ ਕਰਦਾ ਹੈ ਤਾਂ ਕੋਈ ਨਾ ਕੋਈ ਖਿੜਕੀ ਜ਼ਰੂਰ ਖੁੱਲ੍ਹੀ ਛੱਡ ਦਿੰਦਾ ਹੈ।
ਪੰਜਾਬੀ ਸ਼ਾਇਰ ਬਾਵਾ ਬਲਵੰਤ ਨੇ ਲਿਖਿਆ ਸੀ:
ਮੁਸੀਬਤਾਂ ਤੋਂ ਕਦੇ ਡਰਦੀਆਂ ਨਹੀਂ ਆਸਾਂ
ਇਹ ਬੇੜੀਆਂ ਕਿ ਤੂਫ਼ਾਨਾਂ ਤੇ ਤਰਦੀਆਂ ਨੇ ਹਮੇਸ਼ਾ
ਮਨੁੱਖੀ ਮਨ ਦੀ ਬਣਤਰ ਹੀ ਅਜਿਹੀ ਹੈ ਕਿ ਇਸਨੂੰ ਆਸ ਦੀ ਕਿਰਨ ਹਮੇਸ਼ਾ ਦਿਸਦੀ ਰਹਿੰਦੀ ਹੈ ਜਾਂ ਦਿੱਸਦੀ ਰਹਿਣੀ ਚਾਹੀਦੀ ਹੈ। ਦੁੱਖ ਦੀ ਸਭ ਤੋਂ ਵਧੀਆ ਦਾਰੂ ਆਸ ਹੀ ਹੁੰਦੀ ਹੈ। ਸਪੇਨ ਦਾ ਅਖਾਣ ਹੈ ਕਿ ਆਸ਼ਾਵਾਦੀ ਮਰਦਾ ਵੀ ਗਾਉਂਦਾ ਹੋਇਆ ਹੈ। ਜਸਵੰਤ ਸਿੰਘ ਕੰਵਲ ਅਨੁਸਾਰ ਆਸ਼ਾ ਮਨੁੱਖ ਦੀ ਹਮੇਸ਼ਾ ਵਫ਼ਾਦਾਰ ਸਾਥਣ ਰਹੀ ਹੈ। ਹਰ ਕਾਲੀ ਰਾਤ ਵਿਚ ਆਸ ਦਾ ਤਾਰਾ ਚਮਕਦਾ ਹੈ। ਇਹ ਵੱਖਰੀ ਗੱਲ ਹੈ ਕਿ ਉਸਨੂੰ ਕੋਈ ਨਾ ਤੱਕੇ ਅਤੇ ਊਧੀ ਪਾਈ ਟੋਇਆਂ ਟਿੱਬਿਆਂ ਵਿਚ ਲਹਿੰਦਾ ਅਤੇ ਢਹਿੰਦਾ ਜਾਵੇ।
ਇਕ ਔਰਤ ਜੋ ਮਾਨਸਿਕ ਅਤੇ ਆਰਥਿਕ ਤੌਰ ‘ਤੇ ਪੂਰੀ ਤਰਾਂ ਟੁੱਟ ਚੁੱਕੀ ਸੀ। ਨਿਰਾਸ਼ਾ ਅਤੇ ਉਦਾਸੀ ਨਾਲ ਘਿਰੀ ਹੋਈ ਮੇਰੇ ਕੋਲ ਆਈ। ਘਰ ਵਾਲੇ ਨੂੰ ਨਸ਼ਿਆਂ ਨੇ ਖਾ ਲਿਆ ਸੀ ਅਤੇ ਨਸ਼ਿਆਂ ਨੇ ਘਰ ਦੀ ਹਰ ਚੀਜ਼ ਵਿਕਾ ਛੱਡੀ ਸੀ। ਉਸਦੀ ਨਿਰਾਸ਼ਾ ਸਮਝ ਆਉਂਦੀ ਸੀ ਕਿ ਨੋਵੀਂ ‘ਚ ਪੜ੍ਹਦੀ ਬੇਟੀ ਦੀ ਪੜ੍ਹਾਈ ਕਿਵੇਂ ਜਾਰੀ ਰੱਖੇ। ਘਰ ਦਾ ਗੁਜ਼ਾਰਾ ਕਿਵੇਂ ਚਲਾਵੇ। ਖਾਂਦੇ ਪੀਂਦੇ ਘਰ ਦਾ ਇਹ ਪਰਿਵਾਰ ਸੜਕ ‘ਤੇ ਆ ਚੁੱਕਾ ਸੀ। ਉਸਦੀ ਗਰੀਬੀ ਨੂੰ ਵੇਖ ਸ਼ਰੀਕ ਅਤੇ ਭੈਣ ਭਰਾ ਵੀ ਕਿਨਾਰਾ ਕਰ ਗਏ ਸਨ। ਉਂਝ ਵੀ ਦੁਨੀਆਂ ਦਾ ਦਸਤੂਰ ਹੈ ਕਿ ਇਹ ਚੜ੍ਹਦੇ ਸੂਰਜ ਨੂੰ ਹੀ ਸਲਾਮ ਕਰਦੀ ਹੈ। ਉਹ ਬਹੁਤ ਹੀ ਭਰੇ ਮਨ ਨਾਲ ਆਪਣੀ ਬੇਟੀ ਦੀ ਪੜ੍ਹਾਈ ਲਈ ਸਹਿਯੋਗ ਮੰਗਣ ਆਈ ਸੀ। ਉਸਦਾ ਕਹਿਣਾ ਸੀ:
”ਸੋਚਿਆ ਸੀ ਕੁੜੀ ਨੂੰ ਡਾਕਟਰ ਬਣਾਵਾਂਗੇ ਪਰ ਆਪ ਤਾਂ ਉਹ ਖਹਿੜਾ ਛੁਡਾ ਗਿਆ। ਸਾਨੂੰ ਛੱਡ ਗਿਆ ਨਰਕ ਭੋਗਣ ਲਈ। ਕਈ ਵਾਰ ਤਾਂ ਕੁਝ ਖਾ ਕੇ ਮਰਨ ਨੂੰ ਚਿੱਤ ਕਰਦੈ। ਕੀ ਕਰਾਂ ਕੁਝ ਸਮਝ ਨਹੀਂ ਆਉਂਦੀ” ਉਸਨੇ ਰੋਂਦੇ ਹੋਏ ਕਿਹਾ।
ਜੋ ਹੋਣਾ ਸੀ ਹੋ ਗਿਆ। ਹੋਣੀ ਨੂੰ ਕੋਈ ਨਹੀਂ ਟਾਲ ਸਕਿਆ। ਪਰ ਹੁਣ ਤੂੰ ਇਸ ਸੰਕਟ ਦਾ ਹੌਸਲੇ ਨਾਲ ਮੁਕਾਬਲਾ ਕਰ। ਜਿੰਨਾ ਚਿਰ ਸਰੀ ਵਿਚ ਸਾਹ ਹੈ ਉਨਾ ਚਿਰ ਆਸ ਨਹੀਂ ਛੱਡਣੀ ਚਾਹੀਦੀ। ਬਾਬਾ ਨਾਨਕ ਦੇ ਬੋਲਾਂ ਨੂੰ ਯਾਦ ਰੱਖਣਾ ਚਾਹੀਦੈ:
ਜੈਸੀ ਆਸਾ ਤੈਸੀ ਮਨਸਾ ਪੂਰਿ ਰਹਿਆ ਭਰਪੂਰੈ
ਤੂੰ ਕੁੜੀ ਨੂੰ ਜ਼ਰੂਰ ਡਾਕਟਰ ਬਣਾਵੇਂਗੀ। ਮੈਂ ਉਸਨੂੰ ਹੌਸਲਾ ਦਿੰਦਾ ਹਾਂ ਅਤੇ ਕਾਫ਼ੀ ਸੋਚ ਵਿਚਾਰ ਤੋਂ ਬਾਅਦ ਇਕ ਸਲਾਹ ਦਿੰਦਾ ਹਾਂ ਕਿ ਤੂੰ ਇੱਥੇ ਟਿਫ਼ਨ ਸਰਵਿਸ ਸ਼ੁਰੂ ਕਰ ਲੈ। ਪੰਜਾਬੀ ਯੂਨੀਵਰਸਿਟੀ ਦੇ ਲਾਗੇ ਬਹੁਤ ਸਾਰੇ ਵਿਦਿਆਰਥੀ ਕਿਰਾਏ ਦੇ ਘਰਾਂ ਵਿਚ ਰਹਿੰਦੇ ਹਨ। ਜੇ ਉਹਨ ਾਂਨੂੰ ਘਰ ਵਰਗਾ ਖਾਣਾ ਮਿਲ ਜਾਵੇ ਤਾਂ ਉਹ ਖੁਸ਼ੀ ਖੁਸ਼. ਤੇਰੇ ਗਾਹਕ ਬਣ ਜਾਣਗੇ। ਇਸ ਕੰਮ ਲਈ ਤੈਨੂੰ ਬਾਹਰ ਵੀ ਨਹੀਂ ਜਾਣਾ ਪਵੇਗਾ ਅਤੇ ਨਾ ਹੀ ਕੋਈ ਜ਼ਿਆਦਾ ਪੈਸੇ ਦੀ ਲੋੜ ਹੈ। ਉਸਨੂੰ ਮੇਰੀ ਸਲਾਹ ਪਸੰਦ ਆਈ ਅਤੇ ਉਸਨੇ ਕੰਮ ਸ਼ੁਰੂ ਕਰ ਦਿੱਤਾ। ਇਮਾਨਦਾਰੀ ਅਤੇ ਮਿਹਨਤ ਨਾਲ ਕੰਮ ਵਿਚ ਬਰਕਤ ਪੈਂਦੀ ਹੀ ਹੈ। ਦਿਨਾਂ ਵਿਚ ਹੀ ਉਸਦਾ ਕੰਮ ਚੱਲ ਨਿਕਲਿਆ। ਆਪਣੀ ਮਦਦ ਲਈ ਉਸਨੇ ਦੋ ਹੋਰ ਔਰਤਾਂ ਨੂੰ ਕੰਮ ‘ਤੇ ਰੱਖ ਲਿਆ। ਸਭ ਨੂੰ ਪਤਾ ਹੈ ਕਿ ਫ਼ੂਡ ਇੰਡਸਟਰੀ ਲਾਹੇਵੰਦਾ ਧੰਦਾ ਹੈ। ਉਸਨੂੰ ਚੰਗੀ ਖਾਸੀ ਆਮਦਨ ਹੋਣ ਲੱਗੀ। ਆਪਣਾ ਸੁਪਨਾ ਪੂਰਾ ਕਰਨ ਲਈ ਉਸਨੇ ਬੇਟ ਨੂੰ ਮੈਡੀਕਲ ਵਿਚ ਦਾਖਲੇ ਲਈ ਕੋਚਿੰਗ ਦਿਵਾਉਣੀ ਸ਼ੁਰੂ ਕੀਤੀ। ਉਸਦੀ ਬੇਟੀ ਨੇ ਵੀ ਮੈਡੀਕਲ ਦਾਖਲੇ ਦੇ ਟੈਸਟ ਲਈ ਦਿਨ ਰਾਤ ਇਕ ਕਰ ਦਿੱਤਾ। ਦੋਵਾਂ ਦੀ ਮਿਹਨਤ ਨੂੰ ਫ਼ਲ ਮਿਲਿਆ ਅਤੇ ਕੁੜੀ ਨੂੰ ਸਰਕਾਰੀ ਮੈਡੀਕਲ ਕਾਲਜ ਵਿਚ ਦਾਖਲਾ ਮਿਲ ਗਿਆ।
ਅੱਜਕਲ੍ਹ ਉਸਦਾ ਟਿਫ਼ਟ ਸਰਵਿਸ ਵਾਲਾ ਧੰਦਾ ਕਾਫ਼ੀ ਮਕਬੂਲ ਹੈ। ਆਮਦਨ ਵੀ ਚੰਗੀ ਹੋ ਜਾਂਦੀ ਹੈ। ਉਸ ਨੇ ਚਾਰ ਪੰਜ ਬੰਦਿਆਂ ਨੂੰ ਰੁਜ਼ਗਾਰ ਵੀ ਦਿੱਤਾ ਹੋਇਆ ਹੈ। ਜੋ ਔਰਤ ਕਿਸੇ ਸਮੇਂ ਰੋਟੀ ਤੋਂ ਤਰਸਦੀ ਸੀ ਅੱਜ ਆਪਣੀ ਕਾਰ ਵਿਚ ਘੁੰਮਦੀ ਹੈ। ਹਰ ਸਹੂਲਤ ਦੀ ਮਾਲਕ ਹੈ। ਸਭ ਤੋਂ ਵੱਡੀ ਗੱਲ ਕੁੜੀ ਡਾਕਟਰ ਬਣ ਗਈ ਹੈ। ਇਹ ਸਭ ਇਸ ਕਰਕੇ ਸੰਭਵ ਹੋ ਸਕਿਆ ਕਿਉਂਕਿ ਉਸਨੇ ਆਪਣੇ ਅੰਦਰ ਇਕ ਆਸ ਨੂੰ ਜਗਾਈ ਰੱਖਿਆ। ਜਿਸ ਕੋਲ ਸਿਹਤ ਹੁੰਦੀ ਹੈ, ਉਸ ਕੋਲ ਆਸ ਹੁੰਦੀ ਹੈ। ਜਿਸ ਕੋਲ ਆਸ ਹੁੰਦੀ ਹੈ, ਉਸ ਕੋਲ ਸਭ ਕੁਝ ਹੁੰਦਾ ਹੈ। ਜਾਗ ਰਹੇ ਦੇ ਸੁਪਨੇ ਨੂੰ ਹੀ ਆਸ ਕਿਹਾ ਜਾਂਦਾ ਹੈ। ਸੋ, ਉਸ ਔਰਤ ਨੇ ਸੁਪਨਾ ਵੇਖਿਆ ਅਤੇ ਸੁਪਨਾ ਪੂਰਾ ਕਰਨ ਦੀ ਆਸ ਨੂੰ ਜਗਾਈ ਰੱਖਿਆ। ਮਿਹਨਤ ਕੀਤੀ ਅਤੇ ਸੁਪਨਾ ਹਕੀਕਤ ਬਣ ਗਿਆ। ਇਸੇ ਕਾਰਨ ਮੈਂ ਹਮੇਸ਼ਾ ਨਿਰਾਸ਼ ਲੋਕਾਂ ਨੂੰ ਕਹਿੰਦਾ ਹ ਕਿ ਆਸ਼ਾਵਾਦੀ ਬਣੋ। ਵੱਡੇ ਸੁਪਨੇ ਵੇਖੋ ਅਤੇ ਉਹਨਾਂ ਵਿਚ ਰੰਗ ਭਰਨ ਲਈ ਮਿਹਨਤ ਕਰੋ। ਧਨੀ ਰਾਮ ਚਾਤ੍ਰਿਕ ਦੇ ਆਹ ਬੋਲ ਯਾਦ ਰੱਖਣ ਵਾਲੇ ਹਨ:
ਆਸਾਂ ਦੀਆਂ ਡੋਰੀਆਂ ਖਿਲਾਰੀ ਰੱਖ ਲੰਮੀਆਂ।
ਬੱਝਾ ਰਹੇ ਹੌਸਲਾ ਅਡੋਲ ਵੇ ਪਪੀਹਾ।