ਹਰਿਆਣਾ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਦੂਸਰਾ ਦਿਨ ਹੰਗਾਮਿਆਂ ਨਾਲ ਸ਼ੁਰੂ ਹੋਇਆ। ਸਦਨ ਵਿਚ ਇਨੇਲੋ ਅਤੇ ਕਾਂਗਰਸ ਨੇ ਐੱਸ.ਵਾਈ.ਐੱਲ. ਦਾ ਰੋਕੂ ਮਤਾ ਰੱਖਿਆ ਜਿਸਨੂੰ ਸਪੀਕਰ ਨੇ ਰੱਦ ਕਰ ਦਿੱਤਾ। ਇਸ ਤੋਂ ਬਾਅਦ ਇਨੇਲੋ ਅਤੇ ਕਾਂਗਰਸ ਵਲੋਂ ਸਦਨ ‘ਚ ਜ਼ਬਰਦਸਤ ਹੰਗਾਮਾ ਕੀਤਾ ਗਿਆ। ਇਨੇਲੋ ਵਿਧਾਇਕਾਂ ਵਲੋਂ ਸਦਨ ਵਿਚ ਮੁਰਦਾਬਾਦ ਦੇ ਨਾਅਰੇ ਲਗਾਏ ਗਏ। ਇਨੇਲੋ ਨੇਤਾ ਅਭੈ ਚੌਟਾਲਾ ੱਅਤੇ ਕਾਂਗਰਸ ਦੇ ਵਿਧਾਇਕ ਵਿਰੋਧ ਕਰਦੇ ਹੋਏ ਵੇਲ ਤੱਕ ਪਹੁੰਚ ਗਏ। ਇਸ ਤੋਂ ਬਾਅਦ ਪਹਿਲਾਂ ਕਾਂਗਰਸ ਅਤੇ ਬਾਅਦ ਵਿਚ ਇਨੇਲੋ ਨੇ ਵੀ ਸਦਨ ਦਾ ਵਾਕ ਆਊਟ ਕੀਤਾ।
ਸਦਨ ਦੀ ਕਾਰਵਾਈ ਦੌਰਾਨ ਖੇਤੀਬਾੜੀ ਮੰਤਰੀ ਓ.ਪੀ. ਧਨਖੜ ਅਤੇ ਇਨੇਲੋ ਨੇਤਾ ਅਭੈ ਚੌਟਾਲਾ ਵਿਚਕਾਰ ਜ਼ਬਰਦਸਤ ਜ਼ੁਬਾਨੀ ਜੰਗ ਹੋਈ। ਅਭੈ ਚੌਟਾਲਾ ਨੇ ਕਿਹਾ ਕਿ ਜਿਸ ਵਿਅਕਤੀ ਦਾ ਕਿਸੇ ਵਿਭਾਗ ਦਾ ਐੱਸ.ਵਾਈ.ਐੱਲ ਨਾਲ ਕੋਈ ਲੈਣਾ-ਦੇਣਾ ਨਹੀਂ ਉਹ ਉਸਦੀ ਪੋਲ ਪੱਟੀ ਖੋਲ੍ਹੇਗਾ। ਐੱਸ.ਵਾਈ.ਐੱਲ. ‘ਤੇ ਚਰਚਾ ਦੀ ਮੰਗ ਨੂੰ ਲੈ ਕੇ ਇਨੇਲੋ ਨੇ ਵੀ ਸਦਨ ਤੋਂ ਵਾਕ ਆਊਟ ਕੀਤਾ।
– ਕਾਂਗਰਸ ਨੇ ਆਂਗਣਵਾੜੀ ਕਰਮਚਾਰੀਆਂ ਦੇ ਮੁੱਦੇ ‘ਤੇ ਕੰਮ ਰੋਕੂ ਪ੍ਰਸਤਾਵ ਵੀ ਦਿੱਤਾ ਪਰ ਸਪੀਕਰ ਨੇ ਉਸਨੂੰ ਖਾਰਜ ਕਰ ਦਿੱਤਾ।
– ਸਿੱਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਕਿਹਾ ਕਿ ਐੱਸ.ਵਾਈ.ਐੱਲ. ਮੁੱਦਾ ਸਾਲਾਂ ਪੁਰਾਣਾ ਹੈ। ਰਾਸ਼ਟਰਪਤੀ ਪ੍ਰਧਾਨ ਮੰਤਰੀ ਨੂੰ ਮਿਲੇ ਇਹ ਮਾਮਲਾ ਹੁਣ ਸੁਪਰੀਮ ਕੋਰਟ ਵਿਚ ਹੈ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਧਿਰ ਸਦਨ ਦੀ ਕਾਰਵਾਈ ਦੇ ਪ੍ਰਤੀ ਸਜਗ ਨਹੀਂ ਹੈ।
ਹਰਿਆਣਾ ਵਿਧਾਨ ਸਭਾ ਵਿਚ ਇਨੇਲੋ ਅਤੇ ਕਾਂਗਰਸ ਤੋਂ ਬਾਅਦ ਆਂਗਣਵਾੜੀ ਵਰਕਰਾਂ ਦੀ ਹੜਤਾਲ ਦਾ ਮੁੱਦਾ ਗੂੰਜਿਆ। ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਸਦਨ ਵਿਚ ਕਿਹਾ ਕਿ ਸਾਡੇ ਐਲਾਨ ਪੱਤਰ ਵਿਚ ਕਿਤੇ ਵੀ ਨਹੀਂ ਕਿਹਾ ਗਿਆ ਕਿ ਆਂਗਾਂਵਾੜੀ ਵਰਕਰਾਂ ਨੂੰ ਪੱਕਾ ਕਰਾਂਗੇ। ਪਿਛਲੀ ਸਰਕਾਰ ਨੇ 2014 ‘ਚ ਚੋਣਾਂ ਨੂੰ ਲੈ ਕੇ ਇਨ੍ਹਾਂ ਲਈ ਘੋਸ਼ਣਾ ਕੀਤੀ ਪਰ ਸਾਡੀ ਸਰਕਾਰ ਨੇ ਉਨ੍ਹਾਂ ਸਾਰੀਆਂ ਘੋਸ਼ਨਾਵਾਂ ਨੂੰ ਪੂਰਾ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਪੂਰੇ ਦੇਸ਼ ਵਿਚੋਂ ਸਿਰਫ ਹਰਿਆਣਾ ਵਿਚ ਹੀ ਆਂਗਣਵਾੜੀ ਵਰਕਰਾਂ ਦੀ ਤਨਖਾਹ ਸਭ ਤੋਂ ਜ਼ਿਆਦਾ ਹੈ। ਪੂਰੇ ਦੇਸ਼ ਵਿਚ 10500 ਰੁਪਏ ਅਤੇ ਹਰਿਆਣਾ ਵਿਚ 11400 ਰੁਪਏ ਤਨਖਾਹ ਹੈ।
ਦੂਸਰੇ ਪਾਸੇ ਮੁੱਖ ਮੰਤਰੀ ਨੇ ਬਿਨ੍ਹਾਂ ਨਾਮ ਲਏ 000 ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ ਸੂਬੇ ਵਿਚ ਲਾਲ ਰੰਗ ਦੀ ਬਦਮਾਸ਼ੀ ਨਹੀਂ ਚੱਲਣ ਦੇਣਗੇ। ਹਰ ਕਿਸੇ ਦੀਆਂ ਸਾਰੀਆਂ ਮੰਗਾਂ ਨਹੀਂ ਮੰਨੀਆ ਜਾ ਸਕਦੀਆਂ। ਭਾਜਪਾ ਨੇ ਲਾਲ ਝੰਡੇ ਵਾਲਿਆਂ ਕੋਲੋਂ ਕਈ ਸੂਬੇ ਮੁਕਤ ਕਰਵਾਏ ਹਨ। ਇਸ ਤੋਂ ਬਾਅਦ ਇਕ ਵਾਰ ਫਿਰ ਕਾਂਗਰਸ ਦੇ ਵਿਧਾਇਕਾਂ ਨੇ ਸਦਨ ਤੋਂ ਵਾਕ ਆਊਟ ਕਰ ਦਿੱਤਾ।