ਲਖਨਊ— ਆਰਟ ਆਲ ਲਿਵਿੰਗ ਦੇ ਸੰਸਥਾਪਕ ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਅਯੁੱਧਿਆ ਵਿਵਾਦ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਅਯੁੱਧਿਆ ਵਿਵਾਦ ਨਹੀਂ ਸੁਲਝਿਆ ਤਾਂ ਦੇਸ਼ ਸੀਰੀਆ ਬਣ ਜਾਵੇਗਾ।
ਅਦਾਲਤ ਦੇ ਬਾਹਰ ਹੀ ਸੁਲਝਾਇਆ ਜਾਵੇ ਅਯੁੱਧਿਆ ਵਿਵਾਦ
ਰਵੀਸ਼ੰਕਰ ਨੇ ਕਿਹਾ ਕਿ ਅਯੁੱਧਿਆ ਵਿਵਾਦ ਨੂੰ ਅਦਾਲਤ ਦੇ ਬਾਹਰ ਹੀ ਸੁਲਝਾਇਆ ਜਾਣਾ ਚਾਹੀਦਾ। ਭਗਵਾਨ ਰਾਮ ਨੂੰ ਕਿਸੇ ਦੂਜੀ ਜਗ੍ਹਾ ਪੈਦਾ ਨਹੀਂ ਕਰਵਾਇਆ ਜਾ ਸਕਦਾ। ਮੁਸਲਮਾਨਾਂ ਨੂੰ ਰਾਮ ਜਨਮਭੂਮੀ ‘ਤੇ ਦਾਅਵਾ ਛੱਡ ਕੇ ਮਿਸਾਲ ਪੇਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਮੁਸਲਮਾਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਅਯੁੱਧਿਆ ਉਨ੍ਹਾਂ ਦਾ ਧਾਰਮਿਕ ਸਥਾਨ ਨਹੀਂ ਹੈ।
ਅਦਾਲਤ ਤੋਂ ਇਸ ਮਸਲੇ ਦਾ ਹੱਲ ਹੋਣਾ ਮੁਸ਼ਕਲ
ਉਨ੍ਹਾਂ ਨੇ ਕਿਹਾ ਕਿ ਅਦਾਲਤ ਤੋਂ ਇਸ ਮਸਲੇ ਦਾ ਹੱਲ ਹੋਣਾ ਮੁਸ਼ਕਲ ਹੈ। ਅਦਾਲਤ ਨੇ ਫੈਸਲਾ ਦੇ ਵੀ ਦਿੱਤਾ ਤਾਂ ਜੋ ਪੱਖ ਅਦਾਲਤ ‘ਚ ਹਾਰ ਜਾਵੇਗਾ, ਉਹ ਸ਼ੁਰੂ ‘ਚ ਤਾਂ ਇਸ ਨੂੰ ਸਵੀਕਾਰ ਕਰ ਲਵੇਗਾ ਪਰ ਬਾਅਦ ‘ਚ ਵਿਵਾਦ ਸ਼ੁਰੂ ਹੋ ਜਾਵੇਗਾ। ਸ਼੍ਰੀ ਸ਼੍ਰੀ ਨੇ ਕਿਹਾ ਕਿ ਜੋ ਲੋਕ ਮੇਰੀ ਕੋਸ਼ਿਸ਼ ਦੀ ਆਲੋਚਨਾ ਕਰ ਰਹੇ ਹਨ, ਉਹ ਵਿਵਾਦ ਨੂੰ ਖਤਮ ਨਹੀਂ ਹੋਣ ਦੇਣਾ ਚਾਹੁੰਦੇ।
ਸ਼੍ਰੀ ਸ਼੍ਰੀ ਨੇ ਮੌਲਾਨਾ ਨਦਵੀ ਦਾ ਕੀਤਾ ਬਚਾਅ
ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਮੌਲਾਨਾ ਸਲਮਾਨ ਨਦਵੀ ਦਾ ਬਚਾਅ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ‘ਤੇ ਕਿਸੇ ਵੀ ਤਰ੍ਹਾਂ ਨਾਲ ਪੈਸੇ ਦਾ ਆਫਰ ਨਹੀਂ ਦਿੱਤਾ ਗਿਆ ਹੈ। ਇਹ ਉਹੀ ਨਦਵੀ ਹਨ, ਜਿਨ੍ਹਾਂ ਕੋਰਟ ਤੋਂ ਬਾਹਰ ਸਮਝੌਤੇ ਦਾ ਸਮਰਥਨ ਕੀਤਾ ਸੀ, ਜਿਨ੍ਹਾਂ ਦੇ ਸੁਝਾਅ ਨੂੰ ਮੁਸਲਿਮ ਪਰਸਨਲ ਲਾਅ ਬੋਰਡ ਨੇ ਖਾਰਜ ਕਰਦੇ ਹੋਏ ਬੋਰਡ ਤੋਂ ਬਾਹਰ ਹੀ ਕਰ ਦਿੱਤਾ।