ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਸ੍ਰੀ ਅੰਮ੍ਰਿਤਸਰ ਦੀ ਫ਼ੇਰੀ ਸਮੇਂ ਪੰਜਾਬੀਆਂ ਨੇ ਇੰਨਾ ਨਿੱਘਾ ਅਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਕਿ ਉਹ ਦਿਲੋਂ ਗਦਗਦ ਹੋ ਗਏ। ਪੰਜਾਬੀ ਰੰਗ ‘ਚ ਰੰਗੇ ਟਰੂਡੋ ਪਰਿਵਾਰ ਦਾ ਆਮ ਲੋਕਾਂ ਨੇ ਦਿਲ ਖੋਲ੍ਹ ਕੇ ਸਵਾਗਤ ਕੀਤਾ।ਸੋਸ਼ਲ ਮੀਡੀਆ ਰਾਹੀਂ ਆਮ ਪੰਜਾਬੀਆਂ ਨੂੰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚ ਕੇ ਟਰੂਡੋ ਦੇ ਸਵਾਗਤ ਦਾ ਸੱਦਾ ਵੱਡੀ ਪੱਧਰ ‘ਤੇ ਦਿੱਤਾ ਗਿਆ ਸੀ ਅਤੇ ਜਿਸਦਾ ਹੁੰਗਾਰਾ ਵੀ ਵੱਡੀ ਪੱਧਰ ‘ਤੇ ਮਿਲਿਆ। ਪੰਜਬੀ ਖਾਸ ਤੌਰ ‘ਤੇ ਸਿੱਖਾਂ ਵਿੱਚ ਇਸ ਗੱਲ ਦੀ ਨਿਰਾਸ਼ਾ ਪਾਈ ਜਾ ਰਹੀ ਸੀ ਕਿ ਭਾਰਤ ਦੀ ਮੋਦੀ ਸਰਕਾਰ ਵੱਲੋਂ ਟਰੂਡੋ ਨੂੰ ਜਾਣ-ਬੁੱਝ ਕੇ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਦਾ ਆਪਣੀ ਫ਼ੇਰੀ ਦੇ ਪਹਿਲੇ ਚਾਰ ਦਿਨ ਬਹੁਤ ਫ਼ਿੱਕਾ ਸਵਾਗਤ ਕੀਤਾ ਗਿਆ ਹੈ। ਲੋਕ ਗੱਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਯ ਲਈ ਕੋਸਦੇ ਨਜ਼ਰ ਆਏ ਕਿ ਉਹ ਹਰ ਛੋਟੇ-ਵੱਡੇ ਮੁਲਕ ਦੇ ਪ੍ਰਧਾਨ ਮੰਤਰੀ ਦੇ ਸਵਾਗਤ ਲਈ ਪ੍ਰੋਟੋਕਾਲ ਦੀ ਪਰਵਾਹ ਨਹੀਂ ਕਰਦੇ ਪਰ ਜਸਟਿਨ ਟਰੂਡੋ ਦੇ ਸਵਾਗਤ ਲਈ ਅਣਮੰਨੇ ਢੰਗ ਨਾਲ ਜੂਨੀਅਰ ਮੰਤਰੀਆਂ ਦੀ ਡਿਊਟੀ ਲਾਈ ਗਈ। ਮੀਡੀਆ ਦੇ ਇਕ ਹਿੱਸੇ ਦਾ ਖਿਆਲ ਸੀ ਕਿ ਇਹ ਸਭ ਕੁਝ ਟਰੂਡੋ ਦੇ ਸਿੱਖਾਂ ਨਾਲ ਪਿਆਰ ਕਰਦੇ ਹੀ ਹੈ, ਖਾਸ ਤੌਰ ‘ਤੇ ਕੈਨੇਡਾ ‘ਚ ਵੱਸਦੇ ਗਰਮ ਦਲੀਏ ਸਿੱਖਾਂ ਦੇ ਹਮਦਰਦ ਹੋਣ ਕਾਰਨ। ਇਸ ਕਿਸਮ ਦੀ ਪਹੁੰਚ ਹਿੰਦੁਸਤਾਨ ਦੇ ਰਾਸ਼ਟਰੀ ਮੀਡਆ ਦੀ ਵੀ ਰਹੀ। ਇਸ ਨੂੰ ਦੇਖਦੇ ਹੋਏ ਪੰਜਾਬ ਦਾ ਆਮ ਸਿੱਖ ਵੀ ਇਹ ਸਮਝਣ ਲੱਗਾ ਕਿ ਪੰਜਾਬੀਆਂ ਨੂੰ ਉਸ ਪ੍ਰਧਾਨ ਮੰਤਰੀ ਦਾ ਦਿਲ ਜਿੱਤਣਾ ਜ਼ਰੂਰੀ ਹੈ, ਜਿਸਨੇ ਪੰਜਾਬੀ ਮੂਲ ਦੇ ਚਾਰ ਸਿੱਖਾਂ ਨੂੰ ਆਪਣੀ ਕੈਬਨਿਟ ਵਿੱਚ ਅਹਿਮ ਥਾਂ ਦਿੱਤੀ ਹੋਈ ਹੈ।
ਅੱਜ ਸਵੇਰੇ ਗੁਰੂ ਰਾਮਦਾਸ ਹਵਾਈ ਅੱਡੇ ‘ਤੇ ਪਹੁੰਚਣ ਤੋਂ ਲੈ ਕੇ ਅੰਮ੍ਰਿਤਸਰ ਵਿੱਚ ਬਿਤਾਏ ਤਿੰਨ ਘੰਟਿਆਂ ਵਿੱਚ ਸਿੱਖਾਂ ਨੇ ਭਾਰਤ ਸਰਕਾਰ ਦੇ ਫ਼ਿੱਕੇ ਸਵਾਗਤ ਦੇ ਸਾਰੇ ਉਲਾਂਭੇ ਲਾਹ ਦਿੱਤੇ। ਹਵਾਈ ਅੱਡੇ ‘ਤੇ ਕੇਂਦਰੀ ਸ਼ਹਿਰੀ ਤੇ ਮਕਾਨ ਉਸਾਰੀ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਪੰਜਾਬ ਸਰਕਾਰ ਵੱਲੋਂ ਨਵਜੋਤ ਸਿੰਘ ਸਿੱਧੂ ਨੇ ਸਵਾਗਤ ਕੀਤਾ। ਦਰਬਾਰ ਸਾਹਿਬ ਪਹੁੰਚਣ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕੀਤਾ। ਉਂਝ ਕਈ ਸਿੱਖ ਜਥੇਬੰਦੀਆਂ ਦੇ ਕਾਰਕੁੰਨ ਆਪ ਮੁਹਾਰੇ ਅੱਡੇ ਨੇੜੇ ਪਹੁੰਚੇ ਹੋਏ ਸਨ। ਉਹਨਾਂ ਦੇ ਹੱਥਾਂ ਵਿੱਚ ਸਵਾਗਤੀ ਬੈਨਰ ਫ਼ੜੇ ਹੋਏ ਸਨ ਪਰ ਪੁਲਿਸ ਨੇ ਉਹਨਾਂ ਨੂੰ ਲਾਗੇ ਨਹੀਂ ਆਉਣ ਦਿੱਤਾ। ਲੰਗਰ ਹਾਲ ਵਿੱਚ ਟਰੂਡੋ ਅਤੇ ਉਸਦੇ ਮੰਤਰੀਆਂ ਹਰਜੀਤ ਸਿੰਘ ਸੱਜਣ ਅਤੇ ਨਵਦੀਪ ਸਿੰਘ ਬੈਂਸ ਅਤੇ ਹੋਰਾਂ ਨੇ ਰੋਟੀਆਂ ਪਕਾਉਣ ਦੀ ਸੇਵਾ ਕੀਤੀ। ਮਿਸਿਜ਼ ਟਰੂਡੋ ਪੰਜਾਬੀ ਸੂਟ ਵਿੱਚ ਆਪਣੇ ਬੱਚਿਆਂ ਸਮੇਤ ਰੋਟੀਆਂ ਪਕਾਉਂਦੀ ਪੰਜਾਬਣ ਲੱਗ ਰਹ ਸੀ। ਟਰੂਡੋ ਨੇ ਆਪਣੇ ਸਾਥੀਆਂ ਸਮੇਤ ਹਰਿਮੰਦਰ ਸਾਹਿਬ ਦੀ ਪਰਿਕਰਮਾ ਕੀਤੀ। ਹਰਿਮੰਦਰ ਸਾਹਿਬ ਵਿਖੇ ਟਰੂਡੋ ਪਰਿਵਾਰ ਨਤਮਸਤਕ ਹੋਇਆ ਅਤੇ ਹੈਡ ਗ੍ਰੰਥੀ ਵੱਲੋਂ ਸਿੱਖ ਰਵਾਇਤਾਂ ਅਨੁਸਾਰ ਸਾਰੇ ਟਰੂਡੋ ਪਰਿਵਾਰ ਅਤੇ ਉਹਨਾਂ ਦੇ ਸਾਥੀਆਂ ਦਾ ਸਵਾਗਤ ਕੀਤਾ ਗਿਆ। ਸ਼੍ਰੋਮਣੀ ਕਮੇਟੀ ਵੱਲੋਂ ਵੀ ਟਰੂਡੋ ਨੂੰ ਸਨਮਾਨਿਤ ਕੀਤਾ ਗਿਆ।ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਵਿਜ਼ਟਰ ਬੁੱਕ ਵਿੱਚ ਲਿਖੀ ਟਿੱਪਣੀ ਤੋਂ ਸਪਸ਼ਟ ਲੱਗਦਾ ਹੈ ਕਿ ਉਹ ਅੰਮ੍ਰਿਤਸਰ ਆ ਕੇ ਬਾਗੋ-ਬਾਗ ਹੋ ਗਏ। ਸਿੱਖ ਕੌਮ ਵੱਲੋਂ ਮਿਲੇ ਪਿਆਰ ਨੇ ਉਹਨਾਂ ਦਾ ਦਿਲ ਜਿੱਤ ਲਿਆ ਲੱਗਦਾ ਹੈ। ਅੰਮ੍ਰਿਤਸਰ ਫ਼ੇਰੀ ਸਮੇਂ ਉਹਨਾਂ ਦੀ ਸਰੀਰਕ ਭਾਸ਼ਾ ਇਹ ਸੰਕੇਤ ਦੇ ਰਹੀ ਸੀ ਕਿ ਭਾਰਤ ਸਰਕਾਰ ਦੇ ਰੁਖ ਦੀ ਮੈਨੂੰ ਪਰਵਾਹ ਨਹੀਂ ਪਰ ਸਿੱਖਾਂ ਨੂੰ ਮੈਂ ਪ੍ਰਭਾਵਿਤ ਕਰਨ ਵਿੱਚ ਕਾਮਯਾਬ ਹੋ ਗਿਆ। ਕੈਨੇਡਾ ਦੀ ਕੁੱਲ ਵਸੋਂ ਦੀ 1.4 ਫ਼ੀਸਦੀ ਆਬਾਦੀ ਸਿੱਖਾਂ ਦੀ ਆਬਾਦੀ ਹੈ ਅਤੇ ਆਉਂਦੀਆਂ ਚੋਣਾਂ ਵਿੱਚ ਨਿਸਚਿਤ ਤੌਰ ‘ਤੇ ਸਿੱਖ ਵੋਟਰਾਂ ਦੇ ਹਵਾਲੇ ਨਾਲ ਫ਼ਾਇਦਾ ਹੋਵੇਗਾ। ਟਰੂਡੋ ਦੀ ਅੰਮ੍ਰਿਤਸਰ ਫ਼ੇਰੀ ਨਾਲ ਪੰਜਾਬ ਅਤੇ ਕੈਨੇਡਾ ਦੋਵੇਂ ਦੇਸ਼ਾਂ ਦੇ ਸਿੱਖਾਂ ਨੂੰ ਫ਼ਾਇਦਾ ਹੋਵੇਗਾ। ਟਰੂਡੋ ਦੇ ਹੋਏ ਸਵਾਗਤ ਨੇ ਪੰਜਾਬੀਆਂ ਪ੍ਰਤੀ ਟਰੂਡੋ ਦੇ ਮਨ ਵਿੱਚ ਹੋਰ ਵੀ ਜਗ੍ਹਾ ਬਣਾ ਲਈ ਹੈ।
ਮੁਸ਼ਕਿਲੇਂ ਦਿਲ ਕੇ ਇਰਾਦੇ ਅਜ਼ਮਾਤੀ ਹੈਂ
ਦਿੱਲੀ ਦੇ ਕੱਠਪੁਤਲੀ ਇਲਾਕੇ ਵਿੱਚਲੀਆਂ ਝੁੱਗੀਆਂ ਝੌਂਪੜੀਆਂ ਵਿੱਚਚਾਰ ਜੀਆਂ ਦਾ ਪਰਿਵਾਰ ਰਹਿੰਦਾ ਸੀ। ਪਰਿਵਾਰ ਦਾ ਮੁਖੀ ਆਟੋ ਰਿਕਸ਼ਾ ਚਲਾ ਕੇ ਪਰਿਵਾਰ ਦਾ ਪੇਟ ਪਾਲਦਾ ਸੀ। 2014 ਵਿੱਚ ਅਚਾਨਕ ਆਟੋ ਰਿਕਸ਼ਾ ਡਰਾਈਵਰ ਨੂੰ ਦਿਲ ਦਾ ਦੌਰਾ ਪਿਆ ਤੇ ਉਹ ਇਸ ਦੁਨੀਆਂ ਤੋਂ ਚੱਲ ਵੱਸਿਆ। ਘਰ ਦਾ ਗੁਜ਼ਾਰਾ ਚਲਾਉਣ ਲਈ ਮਾਂ ਨੇ ਕੋਠੀਆਂ ਵਿੱਚ ਜਾ ਕੇ ਭਾਂਡੇ ਮਾਂਜਣ ਦਾ ਕੰਮ ਫ਼ੜ ਲਿਆ। ਇਸ ਭਾਂਡੇ ਮਾਂਜਣ ਵਾਲੀ ਦਾ ਵੱਡਾ ਮੁੰਡਾ ਸੰਦੀਪ ਆਪਣੇ ਮਨ ਵਿੱਚ ਵੱਡੇ ਸੁਪਨੇ ਸੰਜੋਈ ਬੈਠਾ ਸੀ। ਹਵਾ ਅਤੇ ਰੌਸ਼ਨੀ ਵਾਂਗ ਸੁਪਨਿਆਂ ‘ਤੇ ਵੀ ਸਭ ਦਾ ਬਰਾਬਰ ਦਾ ਹੱਕ ਹੁੰਦਾ ਹੈ। ਕਠਪੁਤਲੀ ਦੇ ਸਲੱਮ ਵਿੱਚ ਰਹਿ ਰਹੇ ਇਸ ਪਰਿਵਾਰ ਨੂੰ ਟਰਾਂਜ਼ੈਂਟ ਕੈਂਪ ਵਿੱਚ ਜਾ ਕੇ ਰਹਿਣਾ ਪਿਆ। ਇਕ ਕਮਰੇ ਵਾਲੇ ਮਕਾਨ ਵਿੱਚ ਰਹਿੰਦੇ ਹੋਏ ਸੰਦੀਪ ਨੇ ਆਪਣੇ ਅਤੇ ਆਪਣੇ ਪਰਿਵਾਰ ਲਈ ਰੰਗੀਨ ਦੁਨੀਆਂ ਦਾ ਸੁਪਨਾ ਸਿਰਜ ਲਿਆ ਅਤੇ ਉਸ ਸੁਪਨੇ ਨੂੰ ਹਕੀਕਤ ਵਿੱਚ ਬਦਲਣ ਹਿੱਤ ਦਿਨ-ਰਾਤ ਇਕ ਕਰਨ ਲੱਗਾ। ਉਸਨੂੰ ਅਹਿਸਾਸ ਹੋ ਗਿਆ ਕਿ ਕਿਸਮਤ ਵੀ ਮਿਹਨਤੀ ਲੋਕਾਂ ਦੇ ਦਰਾਂ ‘ਤੇ ਹੀ ਦਸਤਕ ਦਿੰਦੀ ਹੈ।
ਝੁੱਗੀ ਝੌਂਪੜੀ ਵਿੱਚ ਰਹਿਣ ਵਾਲੇ ਸੰਦੀਪ ਨੇ ਆਈ ਏ. ਐਸ. ਦੀ ਪ੍ਰੀਖਿਆ ਪਾਸ ਕਰਕੇ ਇਹ ਸਬਤ ਕਰ ਦਿੱਤਾ ਕਿ ਅਗਰ ਮਨ ਵਿੱਚ ਕੁਝ ਕਰਨ ਦਾ ਜਜ਼ਬਾ ਅਤੇ ਜਨੂੰਨ ਹੋਵੇ ਤਾਂ ਕੁਝ ਵੀ ਅਸੰਭਵ ਨਹੀਂ। ਅਜਿਹੇ ਲੋਕ ਆਪਣੀ ਮੰਜ਼ਿਲ ਦੇ ਰਾਹ ਵਿੱਚ ਆਉਂਦੀਆਂ ਕਠਿਨਾਈਆਂ ਦਾ ਮੁਕਾਬਲਾ ਵੱਡੇ ਹੌਸਲੇ ਨਾਲ ਕਰਦੇ ਹਨ:
ਮੁਸ਼ਕਿਲੇਂ ਦਿਲ ਕੇ ਇਰਾਦੇ ਆਜ਼ਮਾਤੀਂ ਹੈਂ
ਹੁਸਨ ਕੇ ਪਰਦੇ ਨਿਰਮੋਹ ਸੇ ਹਟਾਤੀ ਹੈਂ
ਹੌਸਲਾ ਮਤ ਹਾਰ ਗਿਰ ਕਰ ਉ ਮੁਸਾਫ਼ਿਰ
ਠੋਕਰੇਂ ਇਨਸਾਨ ਕੋ ਚਲਨਾ ਸਿਖਾਤੀ ਹੈਂ।
ਇਹ ਕਹਾਣੀ ਵੀ ਇਕ ਅਜਿਹੇ ਸ਼ਖਸ ਦੀ ਹੈ ਜੋ ਦਿੱਲੀ ਦੇ ਤ੍ਰਿਲੋਕਪੁਰੀ ਇਲਾਕੇ ਵਿੱਚ ਇਕ ਗਰੀਬ ਘਰ ਵਿੱਚ ਪੈਦਾ ਹੋਇਆ ਸੀ। ਉਸਦਾ ਪਿਓ ਤਰਖਾਣਾ ਕੰਮ ਕਰਦਾ ਸੀ। ਪਰਿਵਾਰ ਦੇ ਪੰਜ ਮੈਂਬਰਾਂ ਦਾ ਢਿੱਡ ਭਰਦਾ ਸੀ। ਅਚਾਨਕ ਪਿਓ ਨੂੰ ਇਕ ਨਾਮੁਰਾਦ ਬਿਮਾਰੀ ਨੇ ਘੇਰ ਲਿਆ ਅਤੇ ਮਾਂ ਨੂੰ ਕੋਠੀਆਂ ਵਿੱਚ ਜਾ ਕੇ ਝਾੜੂ ਪੋਚਾ ਕਰਨਾ ਪਿਆ। ਇਸ ਪਰਿਵਾਰ ਦੇ ਦੂਜੇ ਨੰਬਰ ਦੇ ਮੈਂਬਰ ਅਸ਼ਵਨੀ ਦੇ ਮਨ ਵਿੱਚ ਪਰਿਵਾਰ ਦੀ ਕਿਸਮਤ ਬਦਲਣ ਦਾ ਖਿਆਲ ਆਇਆ। ਸਰਕਾਰੀ ਸਕੂਲ ਤੋਂ 12ਵੀਂ ਪਾਸ ਕਰਨ ਸਮੇਂ ਤੱਕ ਉਸਨੂੰ ਕੁਝ ਵੀ ਨਹੀਂ ਪਤਾ ਸੀ ਕਿ ਉਸਦੀ ਮੰਜ਼ਿਲ ਕਿਹੜੀ ਹੈ। ”ਘਰ ‘ਚ ਕੋਈ ਪੜ੍ਹਿਆ ਲਿਖਿਆ ਨਹੀਂ ਸੀ। ਸਾਡੇ ਵਰਗਿਆਂ ਨੂੰ ਕੋਈ ਗਾਈਡ ਕਰਨ ਵਾਲਾ ਵੀ ਨਹੀਂ ਹੁੰਦਾ। ਇੱਧਰੋਂ ਉਧਰੋਂ ਪੁੱਛ ਕੇ ਆਈ. ਏ. ਐਸ. ਕਰਨ ਦਾ ਮਨ ਬਣਾਇਆ। ਬੱਸ, ਜਦੋਂ ਉਦੇਸ਼ ਮਿੱਥ ਲਿਆ, ਫ਼ਿਰ ਇੱਧਰ-ਉਧਰ ਨਹੀਂ ਵੇਖਿਆ”। ਅਸ਼ਵਨੀ ਨੇ ਇਕ ਟੀ. ਵੀ. ਇੰਟਰਵਿਊ ਵਿੱਚ ਦੱਸਿਆ। ਇਕ ਨੌਕਰਾਣੀ ਦੇ ਮੁੰਡੇ ਵੱਲੋਂ ਆਈ. ਏ. ਐਸ. ਦੀ ਪ੍ਰੀਖਿਆ ਪਾਸ ਕਰਨ ਵਾਲੀ ਖਬਰ ਨੇ ਹਿੰਦੁਸਤਾਨ ਦੇ ਲੱਖਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਆਪਣੇ ਸੰਘਰਸ਼ ਦੇ ਦਿਨਾਂ ਦੀ ਕਹਾਣੀ ਸੁਣਾਉਂਦੇ ਹੋਏ ਅਸ਼ਵਨੀ ਨੇ ਕਿਹਾ ਕਿ ਮਨ ਦੇ ਵਿਸ਼ਵਾਸ ਨਾਲ ਕੁਝ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ।
ਅੱਜ ਦੀ ਸਾਡੀ ਤੀਜੀ ਕਹਾਣੀ ਵੀ ਇਕ ਅਜਿਹੇ ਨੌਜਵਾਨ ਦੀ ਕਹਾਣੀ ਹੈ, ਜਿਸਦਾ ਪਿਤਾ ਇਕ ਠੇਲੇ ਵਿੱਚ ਲੋਕਾਂ ਦਾ ਸਮਾਨ ਢੋ ਕੇ ਗੁਜ਼ਾਰਾ ਕਰਦਾ ਸੀ। ਠੇਲੇ ਵਾਲੇ ਮੁਰਾਰੀ ਪ੍ਰਸਾਦ ਗੁਪਤਾ ਦਾ ਪੁੱਤਰ ਸੰਤੋਢ ਕੁਮਾਰ ਗੁਪਤਾ ਅੱਜਕਲ੍ਹ ਇਕ ਆਈ. ਏ. ਐਸ. ਅਫ਼ਸਰ ਹੈ। ਸੰਤੋਸ਼ ਦਾ ਵੀ ਇਹੀ ਕਹਿਣਾ ਕਿ ਗਰੀਬੀ ਕਾਰਨ ਸਰਕਾਰੀ ਸਕੂਲ ਵਿੱਚ ਪੜ੍ਹਨਾ ਪਿਆ। ਕਿਸੇ ਪਾਸਿਉਂ ਕੋਈ ਗਾਈਡੈਂਸ ਨਹੀਂ ਸੀ। ਭਟਕਦੇ ਹੋਏ ਮੰਜ਼ਿਲ ਚੁਣੀ ਅਤੇ ਫ਼ਿਰ ਆਤਮ ਬਲ ਦੇ ਸਹਾਰੇ ਮੰਜ਼ਿਲ ‘ਤੇ ਪਹੁੰਚਣ ਦਾ ਰਸਤਾ ਤਹਿ ਕਰਨ ਦਾ ਮਨ ਬਣਾਇਆ। ਠੇਲੇ ਵਾਲੇ ਪਿਤਾ ਦਾ ਲੋਕ ਇਹ ਕਹਿ ਕੇ ਮਜ਼ਾਕ ਉਡਾਉਂਦੇ ਸਨ ਕਿ ‘ਆਹ ਚੱਲਿਆ ਕੁਲੈਕਟਰ ਦਾ ਪਿਓ’। ਸੱਚਮੁਚਹੀ ਪਿਤਾ ਨੂੰ ਕੁਲੈਕਟਰ ਦਾ ਪਿਓ ਬਣਾਉਣ ਲਈ ਦਿਨ ਰਾਤ ਇਕ ਕਰ ਦਿੱਤੀ ਅਤੇ ਆਈ. ਏ. ਐਸ. ਦੀ ਪ੍ਰੀਖਿਆ ਪਾਸ ਕਰਕੇ ਠੇਲਾ ਖਿੱਚਣ ਵਾਲੇ ਪਿਓ ਦਾ ਸਿਰ ਮਾਣ ਨਾਲ ਉਚਾ ਕਰਕੇ ਖੁਸ਼ੀ ਅਤੇ ਤਸੱਲੀ ਪ੍ਰਾਪਤ ਕੀਤੀ। ”ਆਤਮ ਵਿਸ਼ਵਾਸ ਨਾਲ ਕੋਈ ਮੰਜ਼ਿਲ ਪ੍ਰਾਪਤ ਕੀਤੀ ਜਾ ਸਕਦੀ ਹੈ’ ਸੰਤੋਸ਼ ਕੁਮਾਰ ਗੁਪਤਾ ਦਾ ਕਹਿਣਾ ਹੈ।ਉਕਤ ਤਿੰਨ ਕਹਾਣੀਆਂ ਉਹਨਾਂ ਤਿੰਨ ਨੌਜਵਾਨਾਂ ਦੇ ਸੰਘਰਸ਼ ਨੂੰ ਬਿਆਨ ਕਰ ਰਹੀਆਂ ਹਨ, ਜਿਹਨਾਂ ਅੱਤ ਦੀ ਗਰੀਬੀ ਨਾਲ ਜੂਝਦੇ ਹੋਏ ਹਿੰਦੁਸਤਾਨ ਦੀ ਸਭ ਤੋਂ ਮੁਸ਼ਕਿਲ ਪ੍ਰੀਖਿਆ ਪਾਸ ਕੀਤੀ। ਇਹਨਾਂ ਨੌਜਵਾਨਾਂ ਦੀ ਜੀਵਨ ਗਾਥਾ ਇਹ ਵੀ ਸਪਸ਼ਟ ਕਰਦੀ ਹੈ ਕਿ ਜੇ ਮਨ ਵਿੱਚ ਕੁਝ ਕਰਨ ਦਾ ਸੰਕਲਪ ਹੋਵੇ ਤਾਂ ਗਰੀਬੀ ਅਤੇ ਕਠਿਨਾਈਆਂ ਤੁਹਾਡਾ ਰਸਤਾ ਨਹੀਂ ਰੋਕ ਸਕਦੀਆਂ। ਇਹ ਕਹਾਣੀਆਂ ਸਮਝਾ ਰਹੀਆਂ ਹਨ:
ਕੋਈ ਵੀ ਲਕਸ਼ ਬੜਾ ਨਹੀਂ
ਜੀਤਾ ਵਹੀ ਜੋ ਡਰਾ ਨਹੀਂ।
ਇਹ ਤਿੰਨੇ ਨੌਜਵਾਨ ਉਹਨਾਂ ਲੋਕਾਂ ਦੇ ਸਵਾਲਾਂ ਦਾ ਜਵਾਬ ਹਨ ਜੋ ਇਹ ਕਹਿੰਦੇ ਹਨ ਕਿ ਸੁੱਖ ਸਹੂਲਤਾਂ ਅਤੇ ਚੰਗੀ ਕੋਚਿੰਗ ਤੋਂ ਬਿਨਾਂ ਸਿਵਲ ਸਰਵਿਸ ਦੀ ਪ੍ਰੀਖਿਆ ਪਾਸ ਨਹੀਂ ਕੀਤੀ ਜਾ ਸਕਦੀ। ਇਹ ਨੌਜਵਾਨ ਹੇਠ ਲਿਖੇ ਸ਼ੇਅਰ ਨੂੰ ਸੱਚਾ ਸਿੱਧ ਕਰਨ ਲਈ ਕਾਫ਼ੀ ਹਨ:
ਮੰਜ਼ਿਲ ਉਨਹੀ ਕੋ ਮਿਲਤੀ ਹੈ
ਜਿਨਕੇ ਸੁਪਨੋਂ ਮੇਂ ਜਾਨ ਹੋਤੀ ਹੈ
ਪੰਖੋਂ ਸੇ ਕੁਛ ਨਹੀਂ ਹੋਤਾ
ਹੌਸਲੇ ਸੇ ਉਡਾਨ ਹੋਤੀ ਹੈ।