ਹੈਦਰਾਬਾਦ— ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਵ ਨੂੰ ਲਿਜਾਉਣ ਲਈ ਹੈਲੀਪੈਡ ‘ਤੇ ਤਿਆਰ ਖੜ੍ਹੇ ਇਕ ਹੈਲੀਕਾਪਟਰ ‘ਚ ਰੱਖੇ ਬੈਗ ‘ਚੋਂ ਮੰਗਲਵਾਰ ਨੂੰ ਅਚਾਨਕ ਧੂੰਆਂ ਨਿਕਲਣ ਲੱਗਾ। ਸ਼੍ਰੀ ਰਾਵ ਨੂੰ ਕਰੀਮਨਗਰ ਤੋਂ ਲਿਜਾਉਣ ਵਾਲੇ ਹੈਲੀਕਾਪਟਰ ਦੇ ਉਡਾਣ ਭਰਨ ਤੋਂ ਕੁਝ ਮਿੰਟ ਪਹਿਲਾਂ ਹੀ ਸਰਗਰਮ ਸੁਰੱਖਿਆ ਕਰਮਚਾਰੀਆਂ ਦੀ ਨਜ਼ਰ ਉਨ੍ਹਾਂ ਦੇ ਸਾਮਾਨ ‘ਚ ਸ਼ਾਮਲ ਇਸ ਬੈਗ ‘ਤੇ ਪੈ ਗਈ ਅਤੇ ਉਨ੍ਹਾਂ ਨੇ ਬੈਗ ਨੂੰ ਚੁੱਕ ਕੇ ਹੈਲੀਪੈਡ ਤੋਂ 100 ਮੀਟਰ ਦੂਰ ਸੁੱਟ ਦਿੱਤਾ। ਸੁਰੱਖਿਆ ਕਰਮਚਾਰੀਆਂ ਦੀ ਇਸ ਚੌਕਸ ਕਾਰਵਾਈ ਤੋਂ ਬਾਅਦ ਹੈਲੀਪੈਡ ‘ਤੇ ਮੌਜੂਦ ਲੋਕਾਂ ਨੇ ਰਾਹਤ ਦਾ ਸਾਹ ਲਿਆ। ਇਸ ਤੋਂ ਬਾਅਦ ਸ਼੍ਰੀ ਰਾਵ ਤੈਅ ਪ੍ਰੋਗਰਾਮ ਅਨੁਸਾਰ ਹੈਲੀਕਾਪਟਰ ਤੋਂ ਅਦਿਲਾਬਾਦ ਰਵਾਨਾ ਹੋ ਗਏ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਹੈਲੀਕਾਪਟਰ ‘ਚ ਕੋਈ ਤਕਨੀਕੀ ਖਰਾਬੀ ਨਹੀਂ ਸੀ। ਤੇਲੰਗਾਨਾ ਦੇ ਡੀ.ਜੀ.ਪੀ. ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮੁੱਖ ਮੰਤਰੀ ਨੂੰ ਲਿਜਾਉਣ ਵਾਲੇ ਹੈਲੀਕਾਪਟਰ ‘ਚ ਕੋਈ ਤਕਨੀਕੀ ਖਾਮੀ ਨਹੀਂ ਸੀ। ਉਨ੍ਹਾਂ ਨੇ ਕਿਹਾ,”ਪੁਲਸ ਵੱਲੋਂ ਇਸਤੇਮਾਲ ਕੀਤੇ ਜਾਣ ਵਾਲੇ ਵੀ.ਐੱਚ.ਐੱਸ. ਸੈੱਟ ‘ਚ ਸ਼ਾਰਟ ਸਰਕਿਟ ਕਾਰਨ ਧੂੰਆਂ ਨਿਕਲਣ ਲੱਗਾ। ਉਸ ਨੂੰ ਤੁਰੰਤ ਹਟਾਇਆ ਗਿਆ। ਸ਼੍ਰੀ ਰਾਵ ਅਤੇ ਹੈਲੀਕਾਪਟਰ ‘ਚ ਯਾਤਰਾ ਕਰ ਰਹੇ ਲੋਕ ਸੁਰੱਖਿਅਤ ਹਨ।
ਇਕ ਵੀਡੀਓ ‘ਚ ਦਿਖਾਇਆ ਗਿਆ ਹੈ ਕਿ ਸ਼੍ਰੀ ਰਾਵ ਦੇ ਸੁਰੱਖਿਆ ਕਰਮਚਾਰੀ ਖਤਰਨਾਕ ਸਥਿਤੀ ਨੂੰ ਟਾਲਣ ਲਈ ਇਕ ਬੈਗ ਨੂੰ ਲੈ ਕੇ ਦੌੜ ਰਹੇ ਹਨ। ਇਸ ਤੋਂ ਬਾਅਦ ਹੈਲੀਕਾਪਟਰ ਨੇ ਸ਼੍ਰੀ ਰਾਵ ਨੂੰ ਲੈ ਕੇ ਸੁਰੱਖਿਅਤ ਉਡਾਣ ਭਰੀ। ਰਾਜ ਦੇ ਸੂਚਨਾ ਤਕਨਾਲੋਜੀ ਮੰਤਰੀ ਅਤੇ ਸ਼੍ਰੀ ਰਾਵ ਦੇ ਬੇਟੇ ਕੇ.ਟੀ. ਰਾਮਾ ਰਾਵ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸ਼੍ਰੀ ਰਾਵ ਸੁਰੱਖਿਅਤ ਹਨ। ਸੁਰੱਖਿਆ ਅਧਿਕਾਰੀ ਹੁਣ ਕਰੀਮਨਗਰ ‘ਚ ਹੈਲੀਪੈਡ ‘ਚ ਹੋਈ ਇਸ ਘਟਨਾ ਦੀ ਜਾਂਚ ਕਰ ਰਹੇ ਹਨ। ਸ਼੍ਰੀ ਰਾਵ ਇੱਥੇ ਇਕ ਅਧਿਕਾਰਤ ਪ੍ਰੋਗਰਾਮ ‘ਚ ਹਿੱਸਾ ਲੈਣ ਆਏ ਸਨ। ਸ਼੍ਰੀ ਰਾਵ ਨੂੰ ਜੈੱਡ ਪਲੱਸ ਸੁਰੱਖਿਆ ਮਿਲੀ ਹੋਈ ਹੈ। ਉਨ੍ਹਾਂ ਦੀ ਸੁਰੱਖਿਆ ‘ਚ ਖੁਫੀਆ ਸੁਰੱਖਿਆ ਵਿੰਗ (ਆਈ.ਐੱਸ.ਡਬਲਿਊ.) ਦੇ ਕਰਮਚਾਰੀ ਵੀ ਤਾਇਨਾਤ ਰਹਿੰਦੇ ਹਨ, ਇਨ੍ਹਾਂ ਨੂੰ ਵਿਸ਼ੇਸ਼ ਪੁਲਸ ਸਮੂਹ (ਐੱਸ.ਪੀ.ਜੀ.) ਅਨੁਸਾਰ ਟਰੇਨਡ ਕੀਤਾ ਜਾਂਦਾ ਹੈ।