ਮੁੱਖ ਸਕੱਤਰ ਮਾਮਲਾ: ‘ਆਪ’ ਦੇ 9 ਵਿਧਾਇਕਾਂ ਤੋਂ ਹੋ ਸਕਦੀ ਹੈ ਪੁੱਛ-ਗਿੱਛ

ਨਵੀਂ ਦਿੱਲੀ— ਦਿੱਲੀ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਹੋਈ ਕੁੱਟਮਾਰ ਦੇ ਮਾਮਲੇ ‘ਚ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਘੱਟ ਹੁੰਦੀਆਂ ਹੋਈਆਂ ਦਿਖਾਈ ਨਹੀਂ ਦੇ ਰਹੀਆਂ ਹਨ। ਸ਼ੁੱਕਰਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ‘ਚ ਕੀਤੀ ਗਈ ਜਾਂਚ ਤੋਂ ਬਾਅਦ ਹੁਣ ਦਿੱਲੀ ਪੁਲਸ ‘ਆਪ’ ਦੇ 9 ਵਿਧਾਇਕਾਂ ਤੋਂ ਪੁੱਛ-ਗਿੱਛ ਕਰ ਸਕਦੀ ਹੈ। ਸੂਤਰਾਂ ਅਨੁਸਾਰ ਪੁਲਸ ਮੁੱਖ ਮੰਤਰੀ ਅਤੇ ਉੱਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਤੋਂ ਵੀ ਪੁੱਛ-ਗਿੱਛ ਕਰ ਸਕਦੀ ਹੈ। ਸੀ.ਸੀ.ਟੀ.ਵੀ. ਫੁਟੇਜ ਨੂੰ ਵੀ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ।
ਸੀ.ਸੀ.ਟੀ.ਵੀ. ਫੁਟੇਜ ਨੂੰ ਖੰਗਾਲ ਰਹੀ ਪੁਲਸ
ਜ਼ਿਕਰਯੋਗ ਹੈ ਕਿ ਕੇਜਰੀਵਾਲ ਦੇ ਸਲਾਹਕਾਰ ਵੀ.ਕੇ. ਜੈਨ ਦੀ ਗਵਾਹੀ ਤੋਂ ਬਾਅਦ ਦਿੱਲੀ ਪੁਲਸ ਮੁੱਖ ਮੰਤਰੀ ਦੇ ਘਰ ਪੁੱਜੀ। ਪੁਲਸ ਨੇ ਸੀ.ਐੱਮ. ਹਾਊਸ ‘ਚ ਲੱਗੇ 21 ਸੀ.ਸੀ.ਟੀ.ਵੀ. ਕੈਮਰਿਆਂ ਦੇ ਫੁਟੇਜ ਨੂੰ ਸੀਜ ਕਰ ਦਿੱਤਾ ਹੈ। ਪੁਲਸ ਸੀ.ਸੀ.ਟੀ.ਵੀ. ਰਾਹੀਂ ਉਨ੍ਹਾਂ ਸਬੂਤਾਂ ਨੂੰ ਜੁਟਾ ਰਹੀ ਹੈ ਕਿ ਆਖਰ ਇਸ ਕੁੱਟਮਾਰ ‘ਚ ਹੋਰ ਕਿਹੜੇ-ਕਿਹੜੇ ਵਿਧਾਇਕ ਸ਼ਾਮਲ ਸਨ। ਇਸ ਤੋਂ ਇਲਾਵਾ ਕੁੱਟਮਾਰ ਦੇ ਸਮੇਂ ਮੌਜੂਦ ਅਰਵਿੰਦ ਕੇਜਰੀਵਾਲ ਦੀ ਭੂਮਿਕਾ ‘ਤੇ ਵੀ ਉਸ ਦੀ ਪੈਨੀ ਨਜ਼ਰ ਹੈ। ਜ਼ਿਕਰਯੋਗ ਹੈ ਕਿ ਦਿੱਲੀ ਸਰਕਾਰ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨੇ ਮੰਗਲਵਾਰ ਨੂੰ ਦੋਸ਼ ਲਗਾਇਆ ਸੀ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲਾਹ ਖਾਨ ਅਤੇ ਇਕ ਹੋਰ ਵਿਧਾਇਕ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਾਹਮਣੇ ਉਨ੍ਹਾਂ ਦੇ ਸਰਕਾਰੀ ਘਰ ‘ਚ ਉਨ੍ਹਾਂ ਨਾਲ ਕੁੱਟਮਾਰ ਕੀਤੀ ਸੀ।