ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਾਡਲਾਂ ਦੇ ਸਿਰ ‘ਤੇ ਦਸਤਾਰ ਬੰਨਣ ਦਾ ਲਿਆ ਗੰਭੀਰ ਨੋਟਿਸ

ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਮੁਆਫੀ ਮੰਗੇ ਕੰਪਨੀ : ਦਿੱਲੀ ਗੁਰਦੁਆਰਾ ਕਮੇਟੀ
ਜੇਕਰ ਕੰਪਨੀ ਨੇ ਮੁਆਫੀ ਨਾ ਮੰਗੀ ਤਾਂ ਭਾਰਤ ਵਿਚਲੇ ਸਟੋਰਜ਼ ਖਿਲਾਫ ਸਟੈਂਡ ਲਵਾਂਗੇ : ਸਿਰਸਾ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਨੇ ਜੀ ਯੂ ਸੀ ਸੀ ਆਈ ਬਰੈਂਡ ਕੰਪਨੀ ਵੱਲੋਂ ਇਕ ਫੈਸ਼ਨ ਸ਼ੌਅ ਵਿਚ ਮਾਡਲਾਂ ਦੇ ਸਿਰ ‘ਤੇ ਦਸਤਾਰ ਬੰਨਣ ਦਾ ਗੰਭੀਰ ਨੋਟਿਸ ਲਿਆ ਹੈ ਤੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਕੰਪਨੀ ਨੂੰ ਤੁਰੰਤ ਮੁਆਫੀ ਮੰਗਣ ਨੂੰ ਕਿਹਾ ਹੈ।
ਇਥੇ ਜਾਰੀ ਕੀਤੇ ਇਕ ਸਖ਼ਤ ਸ਼ਬਦਾਂ ਵਾਲੇ ਬਿਆਨ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਜੀ ਯੂ ਸੀ ਸੀ ਆਈ ਕੰਪਨੀ ਦੇ ਬਰਾਂਡ ਮੈਨੇਜਰਾਂ ਨੇ ਆਪਣੇ ਬਰਾਂਡ ਦੀ ਪ੍ਰੋਮੋਸ਼ਨ ਵਾਸਤੇ ਜਿਵੇਂ ਦਿਲ ਕੀਤਾ, ਉਵੇਂ ਦਸਤਾਰ ਬੰਨਣ ਦੀ ਚੋਣ ਕੀਤੀ। ਉਹਨਾਂ ਕਿਹਾ ਕਿ ਉਹਨਾਂ ਵਿਅਕਤੀਆਂ ਦੇ ਸਿਰਾਂ ਦੇ ਦਸਤਾਰ ਬੰਨੀ ਗਈ ਜਿਹਨਾਂ ਦਾ ਸਿੱਖੀ ਨਾਲ ਦੂਰ ਦੂਰ ਦਾ ਕੋਈ ਵਾਸਤਾ ਨਹੀਂ ਹੈ। ਉਹਨਾਂ ਕਿਹਾ ਕਿ ਦਸਤਾਰ ਕੋਈ ਆਮ ਸਾਧਾਰਣ ਕਪੜੇ ਦਾ ਟੁੱਕੜਾ ਨਹੀਂ ਬਲਕਿ ਸਿੱਖ ਗੁਰੂ ਸਾਹਿਬਾਨ ਵੱਲੋਂ ਦੱਸੇ ਸਿੱਖ ਜੀਵਨ ਦਾ ਅਹਿਮ ਤੇ ਅਨਿਖੱੜਵਾਂ ਅੰਗ ਹੈ। ਉਹਨਾਂ ਕਿਹਾ ਕਿ ਕੰਪਨੀ ਨੇ ਅਜਿਹਾ ਸ਼ੌਅ ਕਰਵਾਉਣ ਤੋਂ ਪਹਿਲਾਂ ਸਿੱਖ ਆਗੂਆਂ ਨਾਲ ਸਲਾਹ ਕਰਨ ਦੀ ਵੀ ਪਰਵਾਹ ਨਹੀਂ ਕੀਤੀ। ਉਹਨਾਂ ਕਿਹਾ ਕਿ ਸਿਰਫ ਪਬਲੀਸਿਟੀ ਹਾਸਲ ਕਰਨ ਵਾਸਤੇ ਉਸਨੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।
ਸ੍ਰੀ ਸਿਰਸਾ ਨੇ ਹੋਰ ਕਿਹਾ ਕਿ ਦਸਤਾਰ ਫੈਸ਼ਨ ਅਸੈਸਰੀ ਦਾ ਹਿੱਸਾ ਨਹੀਂ ਹੈ ਜਿਸਦੀ ਵਰਤੋਂ ਜੀ ਯੂ ਸੀ ਸੀ ਆਈ ਕੰਪਨੀ ਨੇ ਆਪਣੀ ਮਰਜ਼ੀ ਮੁਤਾਬਕ ਕੀਤੀ ਹੈ। ਉਹਨਾ ਕਿਹਾ ਕਿ ਸਿੱਖ ਸਟਾਇਲਿਸ਼ ਜ਼ਰੂਰ ਹਨ ਪਰ ਦਸਤਾਰ ਦੇ ਮਾਮਲੇ ਵਿਚ ਕਿਸੇ ਤਰ੍ਹਾਂ ਦਾ ਸਮਝੌਤਾ ਪ੍ਰਵਾਨ ਨਹੀਂ ਕਰਨਗੇ। ਉਹਨਾਂ ਕਿਹਾ ਕਿ ਚੰਗਾ ਹੁੰਦਾ ਕਿ ਕੰਪਨੀ ਦਸਤਾਰ ਨੂੰ ਪ੍ਰੋਮੋਟ ਕਰਨ ਵਾਸਤੇ ਸਿੱਖਾਂ ਨੂੰ ਆਪਣੇ ਨਾਲ ਲੈਂਦੀ ਪਰ ਇਸਨੇ ਉਹਨਾਂ ਦੇ ਸਿਰਾਂ ‘ਤੇ ਦਸਤਾਰ ਬੰਨਣ ਦਾ ਫੈਸਲਾ ਕੀਤਾ ਜਿਹਨਾਂ ਨੂੰ ਸਿੱਖ ਭਾਈਚਾਰੇ ਲਈ ਇਸਦੀ ਮਹੱਤਤਾ ਦੀ ਜਾਣਵਾਰੀ ਵੀ ਨਹੀਂ ਹੈ। ਉਹਨਾਂ ਕਿਹਾ ਕਿ ਕੰਪਨੀ ਦਾ ਇਹ ਕਦਮ ਵਿਵਾਦਗ੍ਰਸਤ ਹੈ ਤੇ ਉਹਨਾਂ ਨੇ ਦੁਨੀਆਂ ਭਰ ਵਿਚ ਰਹਿੰਦੇ ਸਿੱਖ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਮੀਡੀਆ ਰਾਹੀਂ, ਕਾਨੂੰਨੀ ਨੋਟਿਸ ਭੇਜ ਕੇ ਤੇ ਆਪਣੇ ਚੁਣੇ ਹੋਏ ਸਦਨਾਂ ਵਿਚ ਇਸਦੇ ਖਿਲਾਫ ਆਵਾਜ਼ ਬੁਲੰਦ ਕਰਨ।
ਦਿੱਲੀ ਗੁਰਦੁਆਰਾ ਕਮੇਟੀ ਦੇ ਜਨ+ਲ ਸਕੱਤਰ ਨੇ ਮੰਗ ਕੀਤੀ ਕਿ ਕੰਪਨੀ ਇਸ ਬੇਅਦਬੀ ਲਈ ਤੁਰੰਤ ਮੁਆਫੀ ਮੰਗੇ ਨਹੀਂ ਤਾਂ ਦਿੱਲੀ ਗੁਰਦੁਆਰਾ ਕਮੇਟੀ ਭਾਰਤ ਵਿਚਲੇ ਕੰਪਨੀ ਦੇ ਸਟੋਰਾਂ ਖਿਲਾਫ ਸਟੈਂਡ ਲਵੇਗੀ। ਉਹਨਾਂ ਇਹ ਵੀ ਕਿਹਾ ਕਿ ਕੰਪਨੀ ਨੂੰ ਇਸਦੀ ਗਲਤੀ ਦਾ ਅਹਿਸਾਸ ਦੁਆਉਣ ਵਾਸਤੇ ਅਸੀਂ ਸੜਕਾਂ ‘ਤੇ ਉਤਰਣ ਤੇ ਹਰ ਲੋੜੀਂਦਾ ਕਦਮ ਚੁੱਕਣ ਤੋਂ ਗੁਰੇਜ਼ ਨਹੀਂ ਕਰਾਂਗੇ।