ਡਾਕ ਘਰਾਂ ‘ਚ ਆਧਾਰ ਕਾਰਡ ‘ਚ ਸੋਧ ਕਰਵਾਉਣ ਦੀ ਸਹੂਲਤ ਸ਼ੁਰੂ

ਕਪੂਰਥਲਾ — ਲੋਕਾਂ ਨੂੰ ਇਕ ਵੱਡੀ ਸਹੂਲਤ ਦੇਣ ਦੇ ਮਕਸਦ ਨਾਲ ਭਾਰਤੀ ਡਾਕ ਵਿਭਾਗ ਨੇ ਇਕ ਅਹਿਮ ਕਦਮ ਚੁੱਕਦਿਆਂ ਸਾਰੇ ਡਾਕ ਘਰਾਂ ‘ਚ ਆਧਾਰ ਕਾਰਡ ‘ਚ ਸੋਧ ਕਰਵਾਉਣ ਦੀ ਸੁਵਿਧਾ ਸ਼ੁਰੂ ਕੀਤੀ ਹੈ। ਇਸ ਦੇ ਨਾਲ ਹੀ ਚੋਣਵੇਂ ਵੱਡੇ ਡਾਕ ਘਰਾਂ ਵਿਚ ਆਧਾਰ ਕਾਰਡ ਲਈ ਨਵੀਂ ਰਜਿਸਟਰੇਸ਼ਨ ਦੀ ਸੁਵਿਧਾ ਵੀ ਦਿੱਤੀ ਜਾ ਰਹੀ ਹੈ।
ਜਾਣਕਾਰੀ ਦਿੰਦਿਆਂ ਸੁਪਰਡੈਂਟ ਪੋਸਟ ਆਫਿਸਿਜ਼, ਕਪੂਰਥਲਾ ਡਿਵੀਜ਼ਨ ਦਿਲਬਾਗ ਸਿੰਘ ਸੂਰੀ ਨੇ ਦੱਸਿਆ ਕਿ ਚੋਣਵੇਂ ਡਾਕ ਘਰਾਂ ਵਿਚ ਰਜਿਸਟਰੇਸ਼ਨ ਦੀ ਸੁਵਿਧਾ ਬਿਲਕੁਲ ਮੁਫਤ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਪੂਰਥਲਾ ਡਿਵੀਜ਼ਨ ਅਧੀਨ ਆਉਂਦੇ ਕਪੂਰਥਲਾ, ਫਗਵਾੜਾ ਅਤੇ ਨਕੋਦਰ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਨਜ਼ਦੀਕੀ ਡਾਕ ਘਰਾਂ ਵਿਚ ਜਾ ਕੇ ਨਵੇਂ ਆਧਾਰ ਕਾਰਡ ਅਤੇ ਆਧਾਰ ਕਾਰਡ ‘ਚ ਸੋਧ ਹਿੱਤ ਸੁਵਿਧਾਵਾਂ ਦਾ ਲਾਭ ਲੈਣ। ਉਨ੍ਹਾਂ ਨੇ ਦੱਸਿਆ ਕਿ ਭਾਰਤ ਵਿਚ 113 ਕਰੋੜ ਵਿਅਕਤੀਆਂ ਦੇ ਆਧਾਰ ਕਾਰਡ ਬਣ ਚੁੱਕੇ ਹਨ। ਕੇਂਦਰ ਸਰਕਾਰ ਦੁਆਰਾ ਆਧਾਰ ਨੂੰ ਕਈ ਸੇਵਾਵਾਂ ਲਈ ਜ਼ਰੂਰੀ ਕੀਤਾ ਗਿਆ ਹੈ, ਜਿਨ੍ਹਾਂ ਵਿਚ ਖਾਤਾ ਖੋਲ੍ਹਣਾ, ਪੈਨ ਕਾਰਡ, ਆਮਦਨ ਕਰ ਰਿਟਰਨ, ਪਾਸਪੋਰਟ ਆਦਿ ਸੇਵਾਵਾਂ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਇਸ ਕਾਰਨ ਨਾਗਰਿਕਾਂ ਨੂੰ ਆਪਣੇ ਆਧਾਰ ਵਿਚ ਸਮੇਂ-ਸਮੇਂ ‘ਤੇ ਸੋਧ ਦੀ ਲੋੜ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਲੱਗਭਗ 3 ਲੱਖ ਲੋਕ ਆਪਣੇ ਆਧਾਰ ਡਾਟਾਬੇਸ, ਜਿਵੇਂ ਕਿ ਨਾਂ, ਪਤਾ, ਫੋਟੋ, ਮੋਬਾਈਲ ਨੰਬਰ ਆਦਿ ਵਿਚ ਸੋਧ ਕਰਵਾ ਰਹੇ ਹਨ।