ਈ. ਵੀ. ਐੱਮ. ਮਸ਼ੀਨਾਂ ‘ਤੇ ਖਹਿਰਾ ਦਾ ਬਿਆਨ, ਕੈਪਟਨ ਵੀ ਸੁਖਬੀਰ ਦੀ ਰਾਹ ‘ਤੇ

ਲੁਧਿਆਣਾ : ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਪੰਜਾਬ ਪੁਲਸ ਦੀ ਨਿਗਰਾਨੀ ‘ਚ ਈ. ਵੀ. ਐੱਮ. ਮਸ਼ੀਨਾਂ ਸੁਰੱਖਿਅਤ ਨਹੀਂ ਹੈ। ਉਨ੍ਹਾਂ ਕਿਹਾ ਕਿ ਸਹੀ ਢੰਗ ਨਾਲ ਵੋਟਾਂ ਪੈਣ ਦਾ ਫਾਇਦਾ ਤਾਂ ਹੀ ਹੈ, ਜੇਕਰ ਈ. ਵੀ. ਐੱਮ. ਮਸ਼ੀਨਾਂ ਸੁਰੱਖਿਅਤ ਹੋਣਗੀਆਂ। ਉਨ੍ਹਾਂ ਕਿਹਾ ਕਿ ਜਿਹੜੀ ਪੰਜਾਬ ਪੁਲਸ ਇਨ੍ਹਾਂ ਮਸ਼ੀਨਾਂ ਦੀ ਸੁਰੱਖਿਆ ਲਈ ਲਾਈ ਗਈ ਹੈ, ਉਹ ਪਹਿਲਾਂ ਸੁਖਬੀਰ ਬਾਦਲ ਦੇ ਹੁਕਮਾਂ ‘ਤੇ ਚੱਲਦੀ ਸੀ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਦੀ ਪਾਬੰਦ ਹੋ ਗਈ ਹੈ। ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੀ ਸੁਖਬੀਰ ਦੀ ਰਾਹ ‘ਤੇ ਹੀ ਤੁਰ ਪਏ ਹਨ, ਜਿਸ ਕਾਰਨ ਕਾਂਗਰਸ ਸਰਕਾਰ ਵਲੋਂ ਵੀ ਝੂਠੇ ਮਾਮਲੇ ਦਰਜ ਕੀਤੇ ਜਾ ਰਹੇ ਹਨ। ਅੱਗੇ ਬੋਲਦਿਆਂ ਖਹਿਰਾ ਨੇ ਕਿਹਾ ਕਿ ਜੋ ਵੀ ਪਾਰਟੀ ਸੱਤਾ ‘ਚ ਹੁੰਦੀ ਹੈ, ਉਸ ਦੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਲੋਕਲ ਬਾਡੀ ਚੋਣਾਂ ‘ਚ ਉਨ੍ਹਾਂ ਦੀ ਪਾਰਟੀ ਦਾ ਰਾਜ਼ ਹੋਵੇ। ਉਨ੍ਹਾਂ ਕਿਹਾ ਕਿ ਪਹਿਲਾਂ 10 ਸਾਲ ਲੋਕਲ ਬਾਡੀ ਚੋਣਾਂ ‘ਤੇ ਅਕਾਲੀ ਦਲ ਦਾ ਕਬਜ਼ਾ ਰਿਹਾ ਅਤੇ ਹੁਣ ਇਹੀ ਕੰਮ ਕਾਂਗਰਸ ਕਰ ਰਹੀ ਹੈ।