ਕੁਲਬੀਰ ਇੱਕ ਸਰਦੇ-ਪੁੱਜਦੇ ਜੱਟ ਦਾ ਪੁੱਤ ਅਤੇ ਮਾਪਿਆਂ ਦੀ ਪਹਿਲੀ ਔਲਾਦ ਸੀ। ਬਾਪ ਪਿੰਡ ਦਾ ਤਕੜਾ ਜ਼ਿਮੀਂਦਾਰ ਅਤੇ ਪਿੰਡ ਦਾ ਸਰਪੰਚ। ਆਲੀਸ਼ਾਨ ਘਰ ਵਿੱਚ ਟਰੈਕਟਰ ਤੋਂ ਇਲਾਵਾ ਮੋਟਰਸਾਈਕਲ ਤੇ ਜੀਪ ਵੀ ਖੜ੍ਹੇ ਸਨ। ਕੰਮ ਲਈ ਨੌਕਰ-ਚਾਕਰ, ਖਾਣ-ਪੀਣ ਲਈ ਖੁੱਲ੍ਹਾ ਦੁੱਧ-ਘਿਓ, ਖੁੱਲ੍ਹਾ ਖ਼ਰਚ। ਗੱਲ ਕੀ, ਘਰ ਵਿੱਚ ਕਿਸੇ ਚੀਜ਼ ਦੀ ਘਾਟ ਨਹੀਂ ਸੀ। ਜਿਉਂ ਹੀ ਉਸ ਨੇ ਬੀ. ਏ. ਪਾਸ ਕੀਤੀ, ਉਸ ‘ਤੇ ਕੈਨੇਡਾ ਜਾਣ ਦਾ ਭੂਤ ਸਵਾਰ ਹੋ ਗਿਆ, ਜਿਸ ਦਾ ਕਾਰਨ ਉਸ ਦੇ ਬਾਹਰ ਗਏ ਕੁਝ ਦੋਸਤ ਸਨ, ਜੋ ਝੂਠੀਆਂ-ਸੱਚੀਆਂ ਦੱਸ ਕੇ ਉਸ ਨੂੰ ਉਕਸਾਉਂਦੇ ਰਹਿੰਦੇ। ਇਸ ਲਈ ਉਸ ਨੇ ਕੈਨੇਡਾ ਜਾਣ ਦੀ ਰਟ ਲਾ ਲਈ। ਦੋਵਾਂ ਮੁੰਡਿਆਂ ਵਿੱਚੋਂ ਵੱਡਾ ਹੋਣ ਕਾਰਨ ਪਿਓ ਨੂੰ ਉਸ ਦਾ ਕਾਫ਼ੀ ਸਹਾਰਾ ਹੋ ਗਿਆ ਸੀ। ਸ਼ਹਿਰ ਦੇ ਸਾਰੇ ਕੰਮ ਕੁਲਬੀਰ ਕਰ ਆਉਂਦਾ ਸੀ। ਉਸ ਦੀ ਜ਼ਿੱਦ ਕਾਰਨ ਬਾਪ ਨੇ ਕਿਸੇ ਏਜੰਟ ਨਾਲ ਗੱਲ ਕੀਤੀ, ਜੋ ਲੈ ਦੇ ਕੇ ਸਿਰੇ ਚੜ੍ਹ ਗਈ। ਆਖਰ ਹਵਾ ਵਿੱਚ ਤਾਰੀਆਂ ਲਾਉਂਦਾ ਕੁਲਬੀਰ, ਪਰੀਆਂ ਦੇ ਦੇਸ਼ ਪਹੁੰਚ ਗਿਆ। ਕੈਨੇਡਾ ਦੀ ਸਫ਼ਾਈ ਤੇ ਸੁੰਦਰਤਾ ਦੇਖ ਕੇ ਉਹ ਚਕਾਚੌਂਧ ਹੋ ਗਿਆ। ਦੋ-ਚਾਰ ਦਿਨ ਦੋਸਤਾਂ ਨੇ ਆਓ-ਭਗਤ ਕੀਤੀ ਪਰ ਆਉਂਦੇ ਹਫ਼ਤੇ, ਇੱਕ ਬੇਸਮੈਂਟ ਕਿਰਾਏ ‘ਤੇ ਲੈ ਦਿੱਤੀ। ਜਿੰਨੇ ਕੁ ਪੈਸੇ ਘਰੋਂ ਲਿਆਇਆ ਸੀ, ਉਸ ਨਾਲ ਰੋਟੀ-ਟੁੱਕ ਦਾ ਸਮਾਨ ਖ਼ਰੀਦਿਆ ਅਤੇ ਲੱਗਿਆ ਹੱਥ ਸਾੜਨ। ਕੰਮ ਦੀ ਭਾਲ ਦਾ ਫ਼ਿਕਰ ਉਸ ਨੂੰ ਵੱਢ-ਵੱਢ ਖਾਣ ਲੱਗਾ। ਇੰਡੀਆ ਦੀ ਬੀ.ਏ. ਨੂੰ ਭਲਾ ਕੈਨੇਡਾ ਵਿੱਚ ਕੌਣ ਪੁੱਛਦਾ ਸੀ? ਇੱਥੇ ਤਾਂ ਹੱਥੀਂ ਕੰਮ ਦੀ ਕਦਰ ਸੀ ਅਤੇ ਉਸ ਲਾਡਲੇ ਪੁੱਤ ਨੇ ਤਾਂ ਕਦੇ ਪਾਣੀ ਦਾ ਗਲਾਸ ਵੀ ਆਪ ਚੁੱਕ ਕੇ ਨਹੀਂ ਸੀ ਪੀਤਾ ਪਰ ਇੱਥੇ ਤਾਂ ਉਸ ਨੂੰ ਮਜ਼ਦੂਰੀ ਹੀ ਕਰਨੀ ਪੈਣੀ ਸੀ। ਇੱਕ ਵਾਰ ਤਾਂ ਉਸ ਦਾ ਦਿਲ ਕੀਤਾ ਕਿ ਵਾਪਸ ਮੁੜ ਜਾਵੇ। ਸਰਦਾਰੀ ਕਰਦਾ-ਕਰਦਾ, ਉਹ ਕਿੱਥੇ ਆ ਫ਼ਸਿਆ ਸੀ। ”ਨਹੀਂ-ਨਹੀਂ੩ਵਾਪਸ ਜਾ ਕੇ ਬੜੀ ਨਮੋਸ਼ੀ ਹੋਏਗੀ। ਏਥੇ ਮੈਥੋਂ ਕਿਤੇ ਵੱਧ ਪੜ੍ਹੇ-ਲਿਖੇ ਮੁੰਡੇ-ਕੁੜੀਆਂ ਵੀ ਤਾਂ ਮਜ਼ਦੂਰੀ ਹੀ ਕਰ ਰਹੇ ਨੇ। ਇਸ ਲਈ ਜਿਵੇਂ-ਕਿਵੇਂ ਵੀ ਹੋਵੇ, ਸੈੱਟ ਤਾਂ ਹੁਣ ਏਥੇ ਹੀ ਹੋਣੈ। ਕਿਸੇ ਨੂੰ ਕੀ ਪਤਾ ਕਿ ਮੈਂ ਇੱਥੇ ਕੀ ਕਰਦਾਂ ਹਾਂ? ਇਸ ਲਈ ਮੈਂ ਵਾਪਸ ਜਾ ਕੇ ਦੋਸਤਾਂ-ਰਿਸ਼ਤੇਦਾਰਾਂ ਵਿੱਚ ਮਜ਼ਾਕ ਦਾ ਪਾਤਰ ਨਹੀਂ ਬਣਨਾ ਚਾਹੁੰਦਾ”, ਇਸ ਤਰ੍ਹਾਂ ਉਸ ਨੇ ਆਪਣੇ-ਆਪ ਨਾਲ ਪਹਿਲਾ ਸਮਝੌਤਾ ਕੀਤਾ। ਹੁਣ ਉਸ ਨੇ ਇੱਕ ਫ਼ੈਕਟਰੀ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਛੇ ਕੁ ਮਹੀਨੇ ਵਿੱਚ ਉਸ ਦੀ ਕਾਫ਼ੀ ਵਾਕਫ਼ੀਅਤ ਹੋ ਗਈ। ਉਸ ਨੇ ਦੇਖਿਆ ਕਿ ਕਈ ਡਾਕਟਰ-ਇੰਜੀਨੀਅਰ ਮੁੰਡੇ ਟੈਕਸੀ ਚਲਾ ਕੇ ਉਸ ਤੋਂ ਕਿਤੇ ਵੱਧ ਕਮਾ ਰਹੇ ਹਨ। ਉਸ ਨੂੰ ਤਾਂ ਤਨਖ਼ਾਹ ਦਾ ਚੈੱਕ ਟੈਕਸ ਕੱਟ ਕੇ ਮਿਲਦਾ ਸੀ ਪਰ ਟੈਕਸੀ ਵਾਲਿਆਂ ਦੀ ਆਮਦਨ ਕੈਸ਼ ਹੁੰਦੀ ਸੀ। ਨਾਲੇ ਡਰਾਈਵਿੰਗ ਦੀ ਉਸ ਨੂੰ ਇੰਡੀਆ ‘ਚ ਕਾਫ਼ੀ ਮੁਹਾਰਤ ਹਾਸਲ ਸੀ। ਇਸ ਲਈ ਉਸ ਨੇ ਛੇਤੀ ਹੀ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਕੇ ਕੁਝ ਡਾਲਰ ਜੋੜ ਕੇ ਇੱਕ ਟੈਕਸੀ ਲੈ ਲਈ। ਹੁਣ ਉਸ ਦਾ ਪੈਸੇ ਪੱਖੋਂ ਹੱਥ ਕਾਫ਼ੀ ਖੁੱਲ੍ਹਾ ਹੋ ਗਿਆ ਅਤੇ ਉਸ ਨੇ ਕਿਰਾਏ ਦੀ ਬੇਸਮੈਂਟ ਛੱਡ ਕੇ ਇੱਕ ਛੋਟਾ ਜਿਹਾ ਘਰ ਵੀ ਲੈ ਲਿਆ। ਇਸ ਸਾਰੀ ਜੱਦੋ-ਜਹਿਦ ਵਿੱਚ ਉਸ ਨੂੰ ਪੰਜ ਸਾਲ ਦਾ ਸਮਾਂ ਲੱਗ ਗਿਆ ਤੇ ਉਹ ਪੰਝੀਆ ਤੋਂ ਤੀਹਾਂ ਨੂੰ ਢੁਕ ਗਿਆ ਸੀ। ਕੁਲਬੀਰ ਨੂੰ ਹੁਣ ਕੈਨੇਡਾ ਦੀ ਪੀ. ਆਰ. ਵੀ ਮਿਲ ਚੁੱਕੀ ਸੀ। ਉਸ ਦੇ ਘਰ ਦੇ ਵਿਆਹ ਲਈ ਕਾਹਲੇ ਸਨ। ਕੈਨੇਡਾ ਰਹਿੰਦੇ ਰਿਸ਼ਤੇਦਾਰਾਂ ਨੇ ਵੀ ਰਿਸ਼ਤਿਆਂ ਲਈ ਜ਼ੋਰ ਪਾਇਆ। ਭਾਵੇਂ ਉਸ ਨੂੰ ਕੈਨੇਡਾ ਰਹਿੰਦੀਆਂ ਇੱਕ-ਦੋ ਕੁੜੀਆਂ ਚੰਗੀਆਂ ਤੇ ਸਮਝਦਾਰ ਲੱਗਦੀਆਂ ਸਨ ਪਰ ਉਸ ਦੇ ਮਨ ਵਿੱਚ ਇਹ ਬੈਠਾ ਹੋਇਆ ਸੀ ਕਿ ਪੰਜਾਬੀ ਕੁੜੀਆਂ ਵੱਧ ਵਫ਼ਾਦਾਰ ਹੁੰਦੀਆਂ ਹਨ। ਦੂਜਾ, ਉਨ੍ਹਾਂ ‘ਤੇ ਸਾਰੀ ਉਮਰ ਮਰਦਾਂ ਵਾਲੀ ਧੌਂਸ ਵੀ ਜਮਾਈ ਜਾ ਸਕਦੀ ਹੈ। ਇਸ ਲਈ ਉਸ ਨੇ ਭਾਰਤ ਜਾ ਕੇ ਵਿਆਹ ਕਰਵਾਉਣ ਦਾ ਫ਼ੈਸਲਾ ਕਰ ਲਿਆ। ਫ਼ਿਰ ਸ਼ੁਰੂ ਹੋਇਆ ਕੁੜੀਆਂ ਦੇਖਣ ਦਾ ਸਿਲਸਿਲਾ। ਕੁੜੀਆਂ ਵਾਲੇ ਮਗਰ-ਮਗਰ ਲੱਗੇ ਫ਼ਿਰਨ ਕਿਉਂਕਿ ਸਾਡੇ ਇੱਥੇ ਕੈਨੇਡਾ ਤੋਂ ਆਏ ਪੱਕੇ ਮੁੰਡੇ ਦੀ ਉਮਰ, ਪੜ੍ਹਾਈ ਜਾਂ ਕੰਮ ਨੂੰ ਕੋਈ ਨਹੀਂ ਪੁੱਛਦਾ, ਬਸ ਉੱਥੇ ਪੱਕੇ ਹੋਣਾ ਹੀ ਸਭ ਕੁਝ ਹੁੰਦਾ ਹੈ। ਮਸੀਂ ਕਿਤੇ ਜਾ ਕੇ ਉਸ ਨੇ ਐਮ. ਏ. ਪਾਸ 23 ਕੁ ਸਾਲ ਦੀ ਪਰੀਆਂ ਵਰਗੀ ਜਸਜੀਤ ਨੂੰ ਪਸੰਦ ਕੀਤਾ। ਧੂਮ- ਧਾਮ ਨਾਲ ਵਿਆਹ ਹੋਇਆ ਅਤੇ ਕੁਝ ਮਹੀਨਿਆਂ ਵਿੱਚ ਹੀ ਦੋਵੇਂ ਕੈਨੇਡਾ ਆ ਗਏ। ਹੁਣ ਉਸ ਨੇ ਰਿਸ਼ਤੇਦਾਰਾਂ ‘ਤੇ ਰੋਹਬ ਜਮਾਉਣ ਲਈ ਪਹਿਲਾਂ ਤੋਂ ਵੱਡਾ ਘਰ ਤੇ ਵੱਡੀ ਗੱਡੀ ਲੈ ਲਈ। ਇਸ ਤਰ੍ਹਾਂ ਘਰ ਤੇ ਗੱਡੀ ਦੀਆਂ ਕਿਸ਼ਤਾਂ ਵੀ ਡਬਲ ਹੋ ਗਈਆਂ। ਦੋਵੇਂ ਦਿਨ-ਰਾਤ ਇੱਕ ਕਰਕੇ ਕਮਾਈ ਕਰਨ ਲੱਗੇ। ਸਮਾਂ ਪਾ ਕੇ ਉਨ੍ਹਾਂ ਦੇ ਘਰ ਦੋ ਪੁੱਤ ਤੇ ਇੱਕ ਧੀ ਨੇ ਜਨਮ ਲਿਆ। ਜਸਜੀਤ ਤਿੰਨਾਂ ਬੱਚਿਆਂ ਨੂੰ ਕਰੱੈਚ ਵਿੱਚ ਛੱਡ ਕੇ ਕੰਮ ‘ਤੇ ਜਾਂਦੀ। ਕੁਲਬੀਰ ਨੇ ਟਰੱਕ ਲੈ ਲਿਆ। ਉਹ ਕਈ-ਕਈ ਰਾਤਾਂ ਬਾਅਦ ਘਰ ਆਉਂਦਾ ਤਾਂ ਵੀ ਬੱਚਿਆਂ ਦੇ ਖ਼ਰਚੇ ਤੇ ਕਿਸ਼ਤਾਂ ਮਸੀਂ ਪੂਰੇ ਹੁੰਦੇ। ਮੀਆਂ-ਬੀਵੀ ਬਹੁਤ ਵਾਰੀ ਹਫ਼ਤੇ ਬਾਅਦ ਹੀ ਮਿਲਦੇ ਅਤੇ ਬੱਚੇ ਵਿਚਾਰੇ ਵੀ ਉਦੋਂ ਹੀ ਮਾਂ-ਬਾਪ ਦੀ ਇਕੱਠਿਆਂ ਸ਼ਕਲ ਦੇਖਦੇ। ਜਸਜੀਤ ਕਈ ਵਾਰੀ ਇਸ ਮਸ਼ੀਨੀ ਜ਼ਿੰਦਗੀ ਤੋਂ ਅੱਕ ਕੇ ਬਹੁਤ ਉਦਾਸ ਹੋ ਜਾਂਦੀ ਪਰ ਇਸ ਮੁਲਕ ਵਿੱਚ ਉਸ ਦਾ ਹਾਲ ਪੁੱਛਣ ਵਾਲਾ ਕੋਈ ਵੀ ਆਪਣਾ ਨਹੀਂ ਸੀ- ਨਾ ਕੋਈ ਸਹੇਲੀ, ਨਾ ਭੈਣ ਤੇ ਨਾ ਭਰਾ, ਜਿਸ ਨਾਲ ਦਿਲ ਦੀ ਗੱਲ ਕਰ ਸਕੇ ਜਾਂ ਕਦੇ ਹਾਸਾ-ਮਜ਼ਾਕ ਕਰ ਸਕੇ। ਕਦੇ ਮਾਪਿਆਂ ਨੂੰ ਫ਼ੋਨ ਕਰਦੀ ਤਾਂ ਵੀ ਆਪਣੇ ਹੰਝੂ ਲੁਕਾ ਕੇ ਰੱਖਦੀ੩ਮਤੇ ਉਸ ਦੇ ਕੋਸੇ ਹੰਝੂਆਂ ਦਾ ਸੇਕ ਕਿਤੇ ਮਾਪਿਆਂ ਦਾ ਬੁਢਾਪਾ ਨਾ ਰੋਲ਼ ਦੇਵੇ। ਉਹ ਸਗੋਂ ਉਸ ਅੱਗੇ ਆਪਣੇ ਰੋਣੇ ਰੋਣ ਬਹਿ ਜਾਂਦੇ, ”ਅਸੀਂ ਤੈਨੂੰ ਕੈਨੇਡਾ ਇਸ ਲਈ ਵਿਆਹਿਆ ਸੀ ਕਿ ਤੂੰ ਛੋਟੀ ਨੂੰ ਵੀ ਲੈ ਜਾਏਂਗੀ, ਉਹ ਬੀ. ਏ. ਕਰ ਬੈਠੀ ਹੈ। ਭਰਾ ਤੇਰਾ ਅੱਡ ਹੋ ਗਿਐ ਤੇ ਤੂੰ ਅਜੇ ਤਕ ਉਸ ਬਾਰੇ ਕੁਝ ਸੋਚਿਆ ਹੀ ਨਹੀਂ?” ਮਾਂ-ਬਾਪ ਜੁਆਨ ਧੀ, ਘਰ ਦੀਆਂ ਮਜਬੂਰੀਆਂ ਅਤੇ ਆਪਣੇ ਬੁਢਾਪੇ ਦਾ ਵਾਸਤਾ ਪਾਉਂਦੇ ਤਾਂ ਉਹ ਹੋਰ ਵੀ ਉਦਾਸ ਹੋ ਜਾਂਦੀ। ਉਸ ਨੂੰ ਸਮਝ ਨਾ ਅਉਂਦੀ ਕਿ ਆਪਣੇ ਭੋਲ਼ੇ-ਭਾਲੇ ਮਾਪਿਆਂ ਨੂੰ ਕਿੰਜ ਸਮਝਾਵੇ ਕਿ ਇਹ ਕੰਮ ਇੰਨਾ ਸੌਖਾ ਨਹੀਂ। ਕੈਨੇਡਾ ਦੇ ਮੁੰਡਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਤਾਂ ਨਖਰੇ ਹੀ ਨਹੀਂ ਮਾਣ ਤੇ ਬਹੁਤਿਆਂ ਨੇ ਤਾਂ ਪਹਿਲਾਂ ਹੀ ਵੱਟੇ-ਸੱਟੇ ਸੋਚੇ ਹੋਏ ਹੁੰਦੇ ਹਨ। ਇਸ ਲਈ ਉਹ ਫ਼ੋਨ ਕਰਕੇ ਹੋਰ ਵੀ ਪਰੇਸ਼ਾਨ ਹੋ ਜਾਂਦੀ। ਓਧਰ ਕੁਲਬੀਰ ਨੂੰ ਵੀ ਜਦੋਂ ਪਿੰਡ ਦੀ ਯਾਦ ਸਤਾਉਂਦੀ ਤਾਂ ਘਰ ਫ਼ੋਨ ਕਰਦਾ ਤੇ ਅੱਗੋਂ ਉਸ ਦੇ ਮਾਪੇ ਵੀ ਆਖਦੇ, ”ਛੋਟਾ ਪੜ੍ਹਨੋਂ ਹਟ ਗਿਆ। ਸਾਰਾ ਦਿਨ ਦੋਸਤਾਂ ਨਾਲ ਘੁੰਮਦਾ ਰਹਿੰਦਾ ਹੈ। ਨਸ਼ੇ ਵੀ ਕਰਨ ਲੱਗ ਗਿਆ। ਅਸੀਂ ਬਹੁਤ ਪਰੇਸ਼ਾਨ ਹਾਂ। ਕਿਸੇ ਤਰੀਕੇ ਇਸ ਨੂੰ ਬਾਹਰ ਲੈ ਜਾ, ਕੋਈ ਕੈਨੇਡਾ ਦੀ ਕੁੜੀ ਲੱਭ ਲੈ। ਇਸ ਦੀ ਸੰਗਤ ਛੁੱਟ ਜਾਵੇ। ਤੂੰ ਤਾਂ ਜ਼ੋਰ ਨਾਲ ਚਲਾ ਗਿਆ ਸੀ ਪਰ ਇਸ ਨੂੰ ਤਾਂ ਅਸੀਂ ਆਪ ਇੱਥੋਂ ਕੱਢਣਾ ਚਾਹੁੰਦੇ ਹਾਂ। ਤੇਰੇ ਤੋਂ ਹੀ ਆਸ ਹੈ ਪੁੱਤਾ।” ਇਹ ਸੁਣ ਕੇ ਕੁਲਬੀਰ ਸੋਚੀਂ ਪੈ ਜਾਂਦਾ। ਉਹ ਜਾਣਦਾ ਸੀ ਕਿ ਕੈਨੇਡਾ ਰਹਿੰਦੀਆਂ ਕੁੜੀਆਂ ਕਿੰਨੀਆਂ ਤੇਜ਼-ਤਰਾਰ ਹਨ ਅਤੇ ਉਹ ਤਾਂ ਉਸ ਦੇ ਭਰਾ ਨਾਲ ਚਾਰ ਦਿਨ ਵੀ ਨਹੀਂ ਕੱਟਣਗੀਆਂ ਪਰ ਉਹ ਮਾਪਿਆਂ ਨੂੰ ਕਿੰਜ ਸਮਝਾਵੇ? ਦੋਵਾਂ ਨੇ ਆਪੋ-ਆਪਣੀ ਪਰੇਸ਼ਾਨੀ ਇੱਕ ਦੂਜੇ ਨਾਲ ਸਾਂਝੀ ਕੀਤੀ। ਮਨ ਦੇ ਘੋੜੇ ਕਈ ਪਾਸੇ ਦੁੜਾਏ। ਕਈ ਥਾਈਂ ਗੱਲ ਤੋਰੀ ਵੀ ਪਰ ਕਿਤੇ ਸਿਰੇ ਨਾ ਚੜ੍ਹ ਸਕੀ। ਓਧਰ ਦੋਵਾਂ ਦੇ ਮਾਪੇ ਤੋੜ-ਤੋੜ ਖਾ ਰਹੇ ਸਨ। ਅਖੀਰ ਉਨ੍ਹਾਂ ਆਪਸ ਵਿੱਚ ਇੱਕ ਸਮਝੌਤਾ ਕੀਤਾ। ਸਮਝੌਤਾ ਇਹ ਸੀ ਕਿ ਦੋਵੇਂ ਆਪਸ ਵਿੱਚ ਤਲਾਕ ਲੈ ਲੈਣ (ਕਾਗਜ਼ਾਂ ਵਿੱਚ) ਤੇ ਕੁਲਬੀਰ ਆਪਣੀ ਸਾਲੀ ਨੂੰ ਵਿਆਹ ਲਈ ਸੱਦ ਲਵੇ ਤੇ ਉਹ ਜਦ ਪੱਕੀ ਹੋ ਜਾਵੇ ਤਾਂ ਕੁਲਬੀਰ ਨੂੰ ਤਲਾਕ ਦੇ ਕੇ ਉਹ, ਉਸ ਦੇ ਭਰਾ ਨੂੰ ਵਿਆਹ ਲਈ ਸੱਦ ਲਵੇ। ਭਾਵੇਂ ਇਸ ਲਈ ਉਨ੍ਹਾਂ ਨੂੰ ਆਪਣੀ ਜ਼ਮੀਰ ਨੂੰ ਤਾਂ ਮਾਰਨਾ ਪੈਣਾ ਸੀ ਪਰ ਉਨ੍ਹਾਂ ਆਪੋ-ਆਪਣੇ ਮਨ ਨਾਲ ਸਮਝੌਤਾ ਕੀਤਾ ਕਿ ਇਹ ਸਭ ਕੁਝ ਕਾਗ਼ਜ਼ਾਂ ਵਿੱਚ ਹੀ ਹੋਣਾ ਹੈ। ਉਂਜ ਤਾਂ ਉਹ ਮੀਆਂ ਬੀਵੀ ਹੀ ਰਹਿਣਗੇ। ਇਸ ਸਮਝੌਤੇ ਨੂੰ ਅੰਜਾਮ ਦੇਣ ਲਈ ਇੱਕ ਭਾਰਤੀ ਮੂਲ ਦੇ ਮਾਹਿਰ ਵਕੀਲ ਦੀ ਸਲਾਹ ਲਈ ਗਈ। ਹੁਣ ਸਮਝੌਤੇ ਦੀ ਪਹਿਲੀ ਸ਼ਰਤ ‘ਤੇ ਅਮਲ ਕਰਦਿਆਂ ਕੁਲਬੀਰ ਨੇ ਜਸਜੀਤ ਨੂੰ ਤਲਾਕ ਦੇ ਕੇ ਆਪਣੀ ਸਾਲੀ ਨੂੰ ਵਿਆਹ ਲਈ ਸੱਦ ਲਿਆ ਤੇ ਝੂਠ ਨੂੰ ਸੱਚ ਸਾਬਤ ਕਰਨ ਲਈ ਬੀਵੀ ਤੇ ਬੱਚਿਆਂ ਨੂੰ ਹੋਰ ਘਰ ਲੈ ਕੇ ਦੇ ਦਿੱਤਾ। ਫ਼ਿਰ ਸਮਝੌਤੇ ਮੁਤਾਬਕ ਕੁਲਬੀਰ ਦੀ ਸਾਲੀ ਨੇ ਉਸ ਨੂੰ ਤਲਾਕ ਤਾਂ ਦੇ ਦਿੱਤਾ ਪਰ ਵਿਆਹ ਲਈ ਆਪਣੀ ਪਸੰਦ ਦਾ ਪੜ੍ਹਿਆ-ਲਿਖਿਆ ਮੁੰਡਾ ਇੰਡੀਆ ਤੋਂ ਬੁਲਾ ਲਿਆ। ਕੁਲਬੀਰ ਬੁਰੀ ਤਰ੍ਹਾਂ ਛਟਪਟਾਇਆ। ਉਸ ਨੇ ਤਾਂ ਆਪਣੇ ਭਰਾ ਨੂੰ ਬਾਹਰ ਲਿਆਉਣ ਲਈ ਪਰਿਵਾਰ ਦੀ ਕੁਰਬਾਨੀ ਦੇ ਕੇ ਇਹ ਸਮਝੌਤਾ ਕੀਤਾ ਸੀ। ਉਹ ਬੌਂਦਲਿਆ ਹੋਇਆ ਜਸਜੀਤ ਦੇ ਗਲ਼ ਪੈ ਗਿਆ, ”ਮੈਂ ਤਾਂ ਤੇਰੀ ਭੈਣ ਬਾਹਰ ਸੱਦ ਲਈ ਪਰ ਮੇਰੇ ਭਰਾ ਨੂੰ ਹੁਣ ਕੌਣ ਬੁਲਾਏਗਾ?” ”ਉਸ ਦੀ ਮਰਜ਼ੀ, ਮੈਂ ਕੀ ਕਰ ਸਕਦੀ ਹਾਂ?” ਉਹ ਕੇਵਲ ਇੰਨਾ ਹੀ ਕਹਿ ਸਕੀ, ਭਾਵੇਂ ਉਹ ਦਿਲੋਂ ਖ਼ੁਸ਼ ਸੀ ਕਿ ਉਸ ਦੀ ਭੈਣ ਨਸ਼ੱਈ ਦੇ ਲੜ ਲੱਗਣੋਂ ਬਚ ਗਈ। ਉਹ ਸੋਚ ਰਹੀ ਸੀ ਕਿ ਕਦੋਂ ਸਾਡਾ ਸਮਾਜ ਔਰਤ ਨੂੰ ਆਪਣਾ ਵਰ ਖ਼ੁਦ ਚੁਣਨ ਦੀ ਇਜਾਜ਼ਤ ਦੇਵੇਗਾ? ਕੁਲਬੀਰ ਹੋਰ ਵੀ ਘਰੋਂ ਬਾਹਰ ਰਹਿਣ ਲੱਗ ਪਿਆ। ਜੇ ਆਉਂਦਾ ਵੀ ਤਾਂ ਤਾਹਨੇ ਮਿਹਣੇ ਸ਼ੁਰੂ ਹੋ ਜਾਂਦੇ। ਬੱਚੇ ਵੀ ਇਸ ਤਣਾਅ ਪੂਰਨ ਮਾਹੌਲ ਵਿੱਚ ਹੁਣ ਜਵਾਨ ਹੋ ਚੁੱਕੇ ਸਨ ਤੇ ਯੂਨੀਵਰਸਿਟੀ ਵਿੱਚ ਪੜ੍ਹਦੇ ਸਨ। ਉਂਜ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਮਾਂ-ਬਾਪ ਦਾ ਪਿਆਰ ਨਹੀਂ ਮਿਲਿਆ ਸੀ, ਬਸ ਖ਼ਰਚਾ ਜ਼ਰੂਰ ਮਿਲਦਾ ਰਿਹਾ ਸੀ। ਇਸ ਲਈ ਵੱਡੇ ਮੁੰਡੇ ਨੇ ਇੱਕ ਗੋਰੀ ਲੱਭ ਲਈ ਅਤੇ ਮਾਪਿਆਂ ਦੀ ਮਰਜ਼ੀ ਤੋਂ ਬਿਨਾਂ ਵਿਆਹ ਵੀ ਕਰ ਲਿਆ। ਛੋਟਾ ਵੀ ਇੱਕ ਦੋਸਤ ਕੁੜੀ ਨਾਲ ਵਿਆਹ ਤੋਂ ਬਿਨਾਂ ਹੀ ਰਹਿਣ ਲੱਗ ਪਿਆ। ਕੁੜੀ ਵੀ ਲਵ- ਮੈਰਿਜ ਕਰਵਾ ਕੇ ਆਪਣੇ ਘਰ ਚਲੀ ਗਈ। ਜਸਜੀਤ ਵੀ ਰੋਜ਼ ਦੀ ਲੜਾਈ ਤੋਂ ਤੰਗ ਆ ਕੇ ਆਪਣੀ ਧੀ ਕੋਲ ਹੀ ਰਹਿਣ ਲੱਗ ਪਈ। ਉਂਜ ਵੀ ਉਹ ਕਾਗਜ਼ਾਂ ਵਿੱਚ ਕੁਲਬੀਰ ਨੂੰ ਤਲਾਕ ਦੇ ਹੀ ਚੁੱਕੀ ਸੀ, ਉਸ ਨੂੰ ਲੋੜ ਵੀ ਕੀ ਸੀ ਹੁਣ ਉਸ ਦਾ ਰੋਹਬ ਸਹਿਣ ਦੀ? ਕੁਲਬੀਰ ਹੁਣ ਬਿਲਕੁਲ ਇਕੱਲਾ ਰਹਿ ਗਿਆ। ਭਾਵੇਂ ਉਹ ਸੱਠਵਿਆਂ ਵਿੱਚ ਪਹੁੰਚ ਚੁੱਕਾ ਸੀ ਪਰ ਸ਼ੇਵ ਤੇ ਵਾਲ ਡਾਈ ਕਰਕੇ ਕਿਹੜਾ ਓਧਰ ਉਮਰ ਦਾ ਪਤਾ ਲੱਗਦਾ ਹੈ? ਉਹ ਸ਼ੀਸ਼ੇ ਅੱਗੇ ਖੜ੍ਹ ਕੇ ਸੋਚਣ ਲੱਗਿਆ। ਝੱਟ ਹੀ ਉਸ ਨੇ ਆਪਣੇ ਮਨ ਨਾਲ ਇੱਕ ਹੋਰ ਸਮਝੌਤਾ ਕੀਤਾ, ”ਕਿਉਂ ਨਾ ਇੰਡੀਆ ਜਾ ਕੇ ਕਿਸੇ ਲੋੜਵੰਦ ਜੀਵਨ ਸਾਥਣ ਦੀ ਭਾਲ ਕੀਤੀ ਜਾਵੇ?’
ਗੁਰਦੀਸ਼ ਕੌਰ ਗਰੇਵਾਲ