ਨਵੀਂ ਦਿੱਲੀ — ਸੀ. ਬੀ. ਆਈ. ਨੇ ਪੰਜਾਬ ਨੈਸ਼ਨਲ ਬੈਂਕ ਵਿਚ ਹੋਏ ਵੱਡੇ ਫਰਜ਼ੀਵਾੜੇ ਦੀ ਜਾਂਚ ਦੇ ਸਿਲਸਿਲੇ ਵਿਚ ਮੁੱਖ ਦੋਸ਼ੀ ਨੀਰਵ ਮੋਦੀ ਦੀ ਫਾਈਵ ਸਟਾਰ ਡਾਇਮੰਡ ਕੰਪਨੀ ਦੇ ਮੁਖੀ (ਵਿੱਤ) ਵਿਪੁਲ ਅੰਬਾਨੀ ਨੂੰ ਅੱਜ ਗ੍ਰਿਫਤਾਰ ਕਰ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਇਹ ਇਸ ਮਾਮਲੇ ਵਿਚ ਪਹਿਲੀ ਵੱਡੀ ਗ੍ਰਿਫਤਾਰੀ ਹੈ। ਮਾਮਲੇ ਦੇ ਦੋ ਮੁੱਖ ਦੋਸ਼ੀ ਨੀਰਵ ਮੋਦੀ ਅਤੇ ਮੇਹੁਲ ਚੌਕਸੀ ਦੇਸ਼ ਛੱਡ ਕੇ ਫਰਾਰ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਫਰਜ਼ੀਵਾੜੇ ਵਿਚ ਦਰਜ ਆਪਣੀਆਂ ਦੋ ਸ਼ਿਕਾਇਤਾਂ ਦੇ ਸਿਲਸਿਲੇ ਵਿਚ ਜਾਂਚ ਏਜੰਸੀ ਨੇ 4 ਹੋਰ ਸੀਨੀਅਰ ਅਧਿਕਾਰੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ।