ਭਗਵੰਤ ਮਾਨ ਦੀ ਨਿਵੇਕਲੀ ਪਹਿਲ, ਲੋੜਵੰਦ ਅਪਾਹਜਾਂ ਨੂੰ ਤਿੰਨ ਪਹੀਆ ਸਕੂਟਰੀਆਂ ਵੰਡੀਆਂ

ਸੰਗਰੂਰ : ਭਗਵੰਤ ਮਾਨ ਨੇ ਇੱਕ ਨਿਵੇਕਲੀ ਪਹਿਲ ਕਰਦੇ ਹੋਏ ਸੰਗਰੂਰ ਲੋਕ ਸਭਾ ਹਲਕੇ ਨਾਲ ਸੰਬੰਧਿਤ ਸਰੀਰਕ ਤੌਰ ‘ਤੇ ਅਪਾਹਜ ਲੋਕਾਂ ਨੂੰ ਟੀਵੀਐਸ ਕੰਪਨੀਆਂ ਦੀਆਂ ਤਿੰਨ ਪਹੀਆ ਸਕੂਟਰੀ ਵੰਡਣੀਆਂ ਸ਼ੁਰੂ ਕੀਤੀਆਂ ਹਨ।
ਅੱਜ ਪਹਿਲੇ ਪੜਾਅ ‘ਚ ਇੱਕ ਮਹਿਲਾ ਸਮੇਤ 7 ਲੋੜਵੰਦਾਂ ਨੂੰ ਇਹ ਇੱਥੇ ਰੈਸਟ ਹਾਊਸ ਸਥਿਤ ਇੱਕ ਬੇਹੱਦ ਸਾਦੇ ਪ੍ਰੋਗਰਾਮ ਤਹਿਤ ਭਗਵੰਤ ਮਾਨ ਨੇ ਕਿਹਾ ਕਿ ਸਰੀਰਕ ਤੌਰ ‘ਤੇ ਅਪਾਹਜ ਇਹਨਾਂ ਲੋੜਵੰਦਾਂ ਨੂੰ ਰਾਜਨੀਤੀ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਤਿੰਨ ਪਹੀਆਂ ਸਕੂਟਰੀਆਂ ਵੰਡੀਆਂ ਗਈਆਂ ਹਨ।
ਭਗਵੰਤ ਮਾਨ ਨੇ ਦੱਸਿਆ ਕਿ ਐਮ.ਪੀ ਲੈੱਡ ਫ਼ੰਡ ‘ਚ ਅਪਾਹਜ ਵਿਅਕਤੀਆਂ ਨੂੰ ਇਸ ਤਰ੍ਹਾਂ ਦੀ ਸਹਾਇਤਾ ਕਰਨ ਦੀ ਸਹੂਲਤ ਹੈ, ਜਿਸ ਤਹਿਤ ਇਸ ਤੋਂ ਪਹਿਲਾਂ ਸਰੀਰਕ ਤੌਰ ‘ਤੇ ਅਪਾਹਜ ਅਤੇ ਲੋੜਵੰਦ ਲੋਕਾਂ ਨੂੰ ਵਹੀਲ-ਚੇਅਰਾਂ ਵੀ ਕਾਫ਼ੀ ਗਿਣਤੀ ‘ਚ ਵੰਡੀਆਂ ਜਾ ਚੁੱਕੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਅਜਿਹੇ ਲੋੜਵੰਦ ਵਰਗ ਲਈ ਇਸ ਤਰ੍ਹਾਂ ਦੀ ਮਦਦ ਭਵਿੱਖ ਵਿਚ ਵੀ ਜਾਰੀ ਰਹੇਗੀ।
ਭਗਵੰਤ ਮਾਨ ਨੇ ਕਿਹਾ ਕਿ ਵਹੀਲ ਚੇਅਰ ਅਤੇ ਤਿੰਨ ਪਹੀਆ ਸਕੂਟਰੀਆਂ ਨਾਲ ਇਹਨਾਂ ਲੋੜਵੰਦਾਂ ਦੀ ਦੂਸਰਿਆਂ ਉੱਪਰ ਨਿਰਭਰਤਾ ਘਟੇਗੀ ਅਤੇ ਬਾਹਰ-ਅੰਦਰ ਆਉਣ-ਜਾਣ ਲਈ ਪੇਸ਼ ਆਉਂਦੀਆਂ ਦਿੱਕਤਾਂ ਘੱਟ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਮਦਦ ਇੰਨਾ ਲੋੜਵੰਦਾਂ ਦੇ ਹੌਂਸਲਿਆਂ ਨੂੰ ਪੰਖ ਲਗਾਵੇਗੀ।
ਭਗਵੰਤ ਮਾਨ ਨੇ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਲਈ ਅਪਾਹਜ ਵਰਗ ਨੂੰ ਸਹੂਲਤਾਂ ਅਤੇ ਉਨ੍ਹਾਂ ਦੇ ਹੱਕਾਂ ਦੀ ਰਾਖੀ ਹਮੇਸ਼ਾ ਪਹਿਲ ਦੇ ਅਧਾਰ ‘ਤੇ ਰਹੇ ਹਨ। ਇਸ ਲਈ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਮੋਗਾ ਵਿਖੇ ਵਿਸ਼ੇਸ਼ ‘ਵਿਕਲਾਂਗ ਲਈ ਚੋਣ ਮੈਨੀਫੈਸਟੋ ਜਾਰੀ ਕੀਤਾ ਸੀ। ਜਿਸ ਤਹਿਤ ਅਪਾਹਜ ਵਿਅਕਤੀਆਂ ਦੀ ਪੈਨਸ਼ਨਾਂ 2500 ਰੁਪਏ ਪ੍ਰਤੀ ਮਹੀਨਾ ਕਰਨ, ਪੈਨਸ਼ਨ ਯੋਗਤਾ ਲਈ ਆਮਦਨੀ ਦੀ ਹੱਦ 12000 ਰੁਪਏ ਤੋਂ ਵਧਾ ਕੇ 1 ਲੱਖ ਰੁਪਏ ਤੱਕ ਵਧਾਉਣ, ਕੋਟੇ ਦੀਆਂ ਖ਼ਾਲੀ ਅਸਾਮੀਆਂ ਨੂੰ ਇੱਕ ਸਾਲ ਦੇ ਅੰਦਰ-ਅੰਦਰ ਭਰਨ, ਪੈਨਸ਼ਨ ਅਪੰਗਤਾ ਦੀ ਘੱਟੋ-ਘੱਟ ਹੱਦ ਨੂੰ 50 ਪ੍ਰਤੀਸ਼ਤ ਤੋਂ 40 ਪ੍ਰਤੀਸ਼ਤ ਕਰਨ, ਵਿਕਲਾਂਗ ਹੋਏ ਖੇਤ ਮਜ਼ਦੂਰਾਂ ਤੇ ਕਿਸਾਨਾਂ ਨੂੰ ਮੁਆਵਜ਼ੇ ਦੀ ਰਾਸ਼ੀ 30 ਹਜ਼ਾਰ ਤੋਂ ਵਧਾਕੇ ਇੱਕ ਲੱਖ ਰੁਪਏ ਕਰਨ, ਵਿਕਲਾਂਗਾਂ ਲਈ 24 ਘੰਟੇ ਹੈਲਪ ਲਾਇਨ ਦੀ ਸਹੂਲਤ, ਵਿਕਲਾਂਗਾਂ ਲਈ ਸਕੂਲਾਂ, ਬੱਸ ਅੱਡਿਆਂ, ਹਸਪਤਾਲਾਂ ਆਦਿ ਥਾਵਾਂ ‘ਤੇ ਰੈਂਪ ਦੀ ਸਹੂਲਤ ਜ਼ਰੂਰੀ ਬਣਾਉਣਾ ਅਤੇ ਵਿਸ਼ੇਸ਼ ਵਿੰਡੋ ਸਥਾਪਤ ਕਰਨ ਸਮੇਤ ਭਾਰਤ ਸਰਕਾਰ ਵੱਲੋਂ ਪਾਸ ਕੀਤੇ ਗਏ ਵਿਕਲਾਂਗ ਵਿਅਕਤੀ ਦੇ ਅਧਿਕਾਰ ਦੇ ਐਕਟ 2016 ਨੂੰ ਸੂਬੇ ‘ਚ ‘ਆਪ’ ਦੀ ਸਰਕਾਰ ਬਣਨ ‘ਤੇ ਪੱਕੇ ਤੌਰ ‘ਤੇ ਇੰਨ-ਬਿੰਨ ਲਾਗੂ ਕਰਨ ਦੇ ਵਾਅਦੇ ਕੀਤੇ ਗਏ।