ਕਾਂਗਰਸ ਸਰਕਾਰ ਗੁੰਡਾ ਟੈਕਸ ਲਾਉਣ ਵਾਲਿਆਂ ਨੂੰ 24 ਘੰਟਿਆਂ ਅੰਦਰ ਗਿਰਫਤਾਰ ਕਰੇ : ਅਕਾਲੀ ਦਲ

ਚੰਡੀਗੜ :ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਨੂੰ ਕਿਹਾ ਕਿ ਬਠਿੰਡਾ ਰੀਫਾਈਨਰੀ ਵਿਚ ਜੇਐਸਟੀ (ਜੋਜੋ ਸਰਵਿਸ ਟੈਕਸ) ਦੇ ਰੂਪ ਵਿਚ ਟਰਾਂਸਪੋਰਟਰਾਂ ਕੋਲੋਂ ਲਏ ਜਾ ਰਹੇ ਗੁੰਡਾ ਟੈਕਸ ਦੇ ਮੁੱਦੇ ਉੱਤੇ ਉਹ ਝੂਠੀ ਹਮਦਰਦੀ ਨਾ ਵਿਖਾਵੇ, ਸਗੋਂ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰਦੇ ਹੋਏ 24 ਘੰਟੇ ਦੇ ਅੰਦਰ ਕੇਸ ਦਰਜ ਕਰਕੇ ਉਹਨਾਂ ਨੂੰ ਗਿਰਫਤਾਰ ਕਰੇ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ ਦਾ ਇਸ ਮੁੱਦੇ ਬਾਰੇ ਸਟੈਂਡ ਕਿ ਇਹ ਗੁੰਡਾ ਟੈਕਸ ਕਾਂਗਰਸੀ ਵਿਧਾਇਕਾਂ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਇੱਕ ਰਿਸ਼ਤੇਦਾਰ ਵੱਲੋਂ ਵਸੂਲਿਆ ਜਾ ਰਿਹਾ ਹੈ, ਨੂੰ ਕੱਲ• ਵਿੱਤ ਮੰਤਰੀ ਦੇ ਕੈਬਨਿਟ ਸਾਥੀਆਂ ਵੱਲੋਂ ਇਹ ਮਸਲਾ ਕੈਬਨਿਟ ਵਿਚ ਉਠਾ ਕੇ ਅਤੇ ਗੈਰਕਾਨੂੰਨੀ ਗਤੀਵਿਧੀਆਂ ਵਿਚ ਗਲਤਾਨ ਵਿਅਕਤੀਆਂ ਖਿਲਾਫ ਕਾਰਵਾਈ ਦੀ ਮੰਗ ਕਰਕੇ ਸਹੀ ਸਾਬਿਤ ਕੀਤਾ ਜਾ ਚੁੱਕਿਆ ਹੈ। ਉਹਨਾਂ ਕਿਹਾ ਕਿ ਮਨਪ੍ਰੀਤ ਬਾਦਲ ਨੇ ਇਹ ਕਹਿ ਕੇ ਹਮਦਰਦੀ ਬਟੋਰਨ ਦੀ ਕੋਸ਼ਿਸ਼ ਕੀਤੀ ਸੀ ਕਿ ਉਸ ਨੂੰ ਬਦਨਾਮ ਕੀਤਾ ਜਾ ਰਿਹਾ ਹੈ, ਪਰ ਇਸ ਗੱਲ ਦਾ ਉਸ ਦੇ ਕੈਬਨਿਟ ਸਾਥੀ ਉੱਤੇ ਕੋਈ ਪ੍ਰਭਾਵ ਨਹੀਂ ਪਿਆ,ਉਸ ਨੇ ਵਿੱਤ ਮੰਤਰੀ ਨੂੰ ਚੇਤੇ ਕਰਵਾਇਆ ਕਿ ਉਸ ਦਾ ਰਿਸ਼ਤੇਦਾਰ ਟਰਾਂਸਪੋਰਟਰਾਂ ਕੋਲੋਂ ਪੈਸੇ ਇੱਕਠੇ ਕਰਨ ਵਾਲੇ ਗਰੁੱਪ ਦੀ ਅਗਵਾਈ ਕਰ ਰਿਹਾ ਹੈ। ਅਕਾਲੀ ਦਲ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਬੋਲੇ ਸੱਚ ਦੀ ਪ੍ਰਸੰਸਾ ਕਰਦਾ ਹੈ।
ਡਾਕਟਰ ਚੀਮਾ ਨੇ ਕਿਹਾ ਇਹ ਗੱਲ ਜੱਗ ਜ਼ਾਹਿਰ ਹੈ ਕਿ ਗੁੰਡਾ ਟੈਕਸ ਇੱਕਠਾ ਕਰਨ ਵਾਲੇ ਵਿਅਕਤੀ ਵਿੱਤ ਮੰਤਰੀ ਦੀ ਰਿਹਾਇਸ਼ ਤੋਂ ਹੁਕਮ ਜਾਰੀ ਕਰਦੇ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਇਤਿਹਾਸ ਵਿਚ ਇਹ ਗੱਲ ਪਹਿਲੀ ਵਾਰ ਵਾਪਰੀ ਹੈ ਕਿ ਸੂਬੇ ਦੇ ਸਭ ਤੋਂ ਵੱਡੀ ਨਿਵੇਸ਼ਕ ਬਠਿੰਡਾ ਰੀਫਾਈਨਰੀ ਗੁੰਡਾ ਟੈਕਸ ਵਸੂਲੇ ਜਾਣ ਬਾਰੇ ਸਬੂਤ ਜਨਤਕ ਕਰ ਚੁੱਕੀ ਹੈ, ਪਰ ਇਸ ਦੇ ਬਾਵਜੂਦ ਅਜੇ ਤੀਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਉਹਨਾਂ ਕਿਹਾ ਕਿ ਸਾਰੇ ਜਾਣਦੇ ਹਨ ਕਿ ਮਨਪ੍ਰੀਤ ਬਾਦਲ ਦੀ ਗੈਰਹਾਜ਼ਰੀ ਵਿਚ ਉਹਨਾਂ ਦਾ ਸਾਲਾ ਜੈਜੀਤ ਸਿੰਘ ਜੌਹਲ ਹਲਕੇ ਅੰਦਰ ਆਪਣਾ ਹੁਕਮ ਚਲਾਉਂਦਾ ਹੈ। ਕਿਸੇ ਪੁਲਿਸ ਅਧਿਕਾਰੀ ਵੱਲੋਂ ਉਸ ਖ਼ਿਲਾਫ ਕਾਰਵਾਈ ਕੀਤੇ ਜਾਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਇਹਨਾਂ ਤੱਥਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਸਾਰੇ ਮਸਲੇ ਦੀ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ। ਸਿਰਫ ਅਜਿਹੀ ਕਾਰਵਾਈ ਹੀ ਮਾਲਵਾ ਖੇਤਰ ਵਿਚ ਉਦਯੋਗ ਅਤੇ ਵਪਾਰ ਦਾ ਮਨੋਬਲ ਉੱਚਾ ਕਰ ਸਕਦੀ ਹੈ।
ਇਹ ਟਿੱਪਣੀ ਕਰਦਿਆਂ ਕਿ ਜਾਰੀ ਕੀਤੀਆਂ ਆਮ ਹਦਾਇਤਾਂ ਇਸ ਸੰਵੇਦਨਸ਼ੀਲ ਮਸਲੇ ਵਿਚ ਅਸਰਦਾਰ ਸਾਬਿਤ ਨਹੀਂ ਹੋਣਗੀਆਂ, ਡਾਕਟਰ ਚੀਮਾ ਨੇ ਕਿਹਾ ਕਿ ਸਰਕਾਰ ਵੱਲੋਂ ਸਖ਼ਤ ਕਾਰਵਾਈ ਕਰਨ ਵਿਚ ਕੀਤੀ ਦੇਰੀ ਪਹਿਲਾਂ ਸੂਬੇ ਦਾ ਅਕਸ ਨੂੰ ਖਰਾਬ ਕਰ ਚੁੱਕੀ ਹੈ, ਜਿਸ ਕਰਕੇ ਨਵੇਂ ਨਿਵੇਸ਼ਕ ਪੰਜਾਬ ਅੰਦਰ ਪੈਸਾ ਲਾਉਣਗੇ ਤੋਂ ਪਾਸਾ ਵੱਟਣਗੇ।
ਉਹਨਾਂ ਕਿਹਾ ਕਿ ਇਹ ਵੀ ਰਿਪੋਰਟਾਂ ਆਈਆਂ ਹਨ ਕਿ ਬਠਿੰਡਾ ਰੀਫਾਈਨਰੀ ਦੀ ਮੈਨੇਜਮੈਂਟ ਰੀਫਾਈਨਰੀ ਦੇ ਨਾਲ ਬਣਾਏ ਜਾਣ ਵਾਲੇ ਤਜਵੀਜ਼ਤ ਪੈਟਰੋ-ਕੈਮੀਕਲ ਪ੍ਰਾਜੈਕਟ ਵਿਚ ਨਿਵੇਸ਼ ਕਰਨ ਬਾਰੇ ਜੱਕੋਤਕੀ ਵਿਚ ਪੈ ਗਈ ਹੈ। ਰੀਫਾਈਨਰੀ ਦੀ ਮੈਨੇਜਮੈਂਟ ਵੱਲੋਂ ਲਿਆ ਗਿਆ ਕੋਈ ਵੀ ਨਾਂਹਪੱਖੀ ਫੈਸਲਾ ਬਠਿੰਡਾ ਦੇ ਉਦਯੋਗਿਕ ਵਿਕਾਸ ਲਈ ਮੌਤ ਦੀ ਘੰਟੀ ਸਾਬਿਤ ਹੋਵੇਗਾ।
ਅਕਾਲੀ ਆਗੂ ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਅਜਿਹਾ ਕੁੱਝ ਨਹੀਂ ਕਰਨਾ ਚਾਹੀਦਾ, ਜਿਸ ਨਾਲ ਸਾਬਕਾ ਅਕਾਲੀ-ਭਾਜਪਾ ਸਰਕਾਰ ਵੱਲੋਂ ‘ਨਿਵੇਸ਼ ਪੰਜਾਬ ਵਿਭਾਗ’ ਦੀ ਸਥਾਪਨਾ ਸਮੇਤ ਕੀਤੇ ਢੇਰ ਸਾਰੇ ਸੁਧਾਰਾਂ ਰਾਂਹੀ ਸੂਬੇ ਅੰਦਰ ਸਿਰਜਿਆ ਨਿਵੇਸ਼-ਪੱਖੀ ਮਾਹੌਲ ਖਰਾਬ ਹੋ ਜਾਵੇ।ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪੰਜਾਬ ਵਿਚ ਨਿਵੇਸ਼ ਵਧਾਉਣ ਲਈ ਮੁੰਬਈ ਵਿਚ ਉਦਯੋਗਿਕ ਘਰਾਣਿਆਂ ਦੇ ਮੁਖੀਆਂ ਨਾਲ ਕੀਤੀਆਂ ਮੁਲਾਕਾਤਾਂ ਦੌਰਾਨ ਸੂਬੇ ਦੀਆਂ ਜਿਹੜੀਆਂ ਖਾਸੀਅਤਾਂ ਨੂੰ ਉਭਾਰਿਆ ਸੀ, ਉਹਨਾਂ ਵਿਚ ਵਾਧੂ ਬਿਜਲੀ ਵਾਲਾ ਸੂਬਾ, ਪ੍ਰਾਜੈਕਟਾਂ ਨੂੰ ਤੇਜ਼ ਪ੍ਰਵਾਨਗੀਆਂ ਅਤੇ ਸ਼ਾਂਤਮਈ ਉਦਯੋਗਿਕ ਮਾਹੌਲ ਆਦਿ ਹੀ ਸ਼ਾਮਿਲ ਸਨ। ਪਰ ਹਾਲ ਹੀ ਵਿਚ ਹੋਈਆਂ ਗੁੰਡਾਗਰਦੀ ਦੀਆਂ ਘਟਨਾਵਾਂ ਨੇ ਸੂਬੇ ਦਾ ਉਦਯੋਗਿਕ ਮਾਹੌਲ ਖਰਾਬ ਕਰ ਦਿੱਤਾ ਹੈ।ਇਸ ਨੂੰ ਕੰਟਰੋਲ ਤੋਂ ਬਾਹਰ ਨਹੀਂ ਹੋਣ ਦੇਣਾ ਚਾਹੀਦਾ। ਗੁੰਡਾ ਟੈਕਸ ਲਾਉਣ ਵਾਲੇ ਭਾਵੇਂ ਕਿੰਨੇ ਵੀ ਰਸੂਖਵਾਨ ਕਿਉਂ ਨਾ ਹੋਣ, ਸਰਕਾਰ ਨੂੰ ਉਹਨਾਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ।