ਇਹ ਕਹਾਣੀ ਚੌਦ੍ਹਵੀਂ ਸਦੀ ਦੇ ਲਗਪਗ ਦੀ ਹੈ। ਉਸ ਸਮੇਂ ਜੈਸਲਮੇਰ ਦਾ ਰਾਜਾ ਰਤਨ ਸਿੰਘ ਸੀ। ਉਹ ਬਹੁਤ ਹੀ ਬਹਾਦਰ, ਨੇਕ ਤੇ ਚਰਿੱਤਰ ਵਾਲਾ ਰਾਜਪੂਤ ਸੀ। ਉਸ ਦੀ ਇੱਕਲੌਤੀ ਧੀ ਰਾਜਕੁਮਾਰੀ ਰਤਨਾਵਤੀ ਸੀ ਜੋ ਮਹਿਜ਼ 16 ਕੁ ਸਾਲ ਦੀ ਸੀ। ਰਤਨਾਵਤੀ ਬਹੁਤ ਸੁੰਦਰ, ਦਲੇਰ ਅਤੇ ਯੁੱਧ ਕਲਾ ‘ਚ ਪੂਰੀ ਮਾਹਿਰ ਸੀ। ਉਸ ਨੇ ਰਾਜੇ ਨਾਲ ਇੱਕ-ਦੋ ਲੜਾਈਆਂ ‘ਚ ਵੀ ਭਾਗ ਲਿਆ ਸੀ। ਇੱਕ ਵਾਰ ਰਾਜਾ ਆਪਣੇ ਕੁਝ ਕੁ ਚੋਣਵੇਂ ਸੈਨਿਕਾਂ ਨੂੰ ਨਾਲ ਲੈ ਕੇ ਕਿਲ੍ਹੇ ਤੋਂ ਬਾਹਰ ਕਿਸੇ ਮੁਹਿੰਮ ‘ਤੇ ਗਿਆ ਹੋਇਆ ਸੀ। ਉਹ ਕਿਲ੍ਹੇ ਦੀ ਰੱਖਿਆ ਦਾ ਪ੍ਰਬੰਧ ਆਪਣੀ ਧੀ ਨੂੰ ਸੌਂਪ ਗਿਆ। ਇਸ ਬਾਰੇ ਦਿੱਲੀ ਦੇ ਬਾਦਸ਼ਾਹ ਅਲਾਊਦੀਨ ਖਿਲਜੀ ਨੂੰ ਇੱਕ ਸੂਹੀਏ ਨੇ ਸੂਚਨਾ ਦੇ ਦਿੱਤੀ। ਉਹ ਇਸ ਸੁਨਹਿਰੀ ਮੌਕੇ ਨੂੰ ਹੱਥੋਂ ਗੁਆਉਣਾ ਨਹੀਂ ਸੀ ਚਾਹੁੰਦਾ। ਉਸ ਨੇ ਤੁਰੰਤ ਆਪਣੇ ਸੈਨਾਪਤੀ ਮਲਿਕ ਕਾਫ਼ੂਰ ਦੀ ਅਗਵਾਈ ਹੇਠ ਜੈਸਲਮੇਰ ਨੂੰ ਜਿੱਤਣ ਲਈ ਫ਼ੌਜ ਭੇਜ ਦਿੱਤੀ। ਇੱਕ ਵਫ਼ਾਦਾਰ ਰਾਜਪੂਤ ਨੇ ਇਹ ਸਾਰੀ ਗੱਲ ਰਾਜਕੁਮਾਰੀ ਨੂੰ ਆ ਕੇ ਸੁਣਾਈ। ਉਹ ਇਹ ਗੱਲ ਸੁਣ ਕੇ ਬਿਲਕੁਲ ਨਹੀਂ ਘਬਰਾਈ। ਉਸ ਦੇ ਚਿਹਰੇ ‘ਤੇ ਦਲੇਰੀ ਤੇ ਸਾਹਸ ਦੀ ਭਾਵਨਾ ਸਾਫ਼ ਝਲਕ ਰਹੀ ਸੀ। ਉਸ ਨੇ ਆਪਣੇ ਸੂਹੀਏ ਦੀ ਸੂਚਨਾ ‘ਤੇ ਤੁਰੰਤ ਅਮਲ ਕਰਦੇ ਹੋਏ ਕਿਲ੍ਹੇ ‘ਚ ਸਾਰੇ ਰਾਜਪੂਤ ਸੈਨਿਕਾਂ ਨੂੰ ਇੱਕੱਠੇ ਕਰ ਕੇ ਵੰਗਾਰਦਿਆਂ ਕਿਹਾ, ”ਬਹਾਦਰੋ, ਅੱਜ ਤੁਹਾਡੀ ਪ੍ਰੀਖਿਆ ਦਾ ਸਮਾਂ ਆ ਗਿਆ ਹੈ। ਜੇ ਅਸੀਂ ਵਤਨ ਲਈ ਸ਼ਹੀਦ ਹੋ ਗਏ ਤਾਂ ਆਉਣ ਵਾਲੀਆਂ ਨਸਲਾਂ ਸਾਡੇ ‘ਤੇ ਮਾਣ ਕਰਨਗੀਆਂ ਤੇ ਜੇ ਅਸੀਂ ਕਾਇਰਾਂ ਵਾਂਗ ਮੌਤ ਤੋਂ ਡਰਦੇ ਭੱਜ ਗਏ ਤਾਂ ਲੋਕ ਸਾਡਾ ਜਿਊਣਾ ਹਰਾਮ ਕਰ ਦੇਣਗੇ।” ਕੁਝ ਪਲ਼ ਸੋਚਦੇ ਹੋਏ ਫ਼ਿਰ ਕਿਹਾ, ”ਦੁਸ਼ਮਣ ਦੀ ਫ਼ੌਜ ਸਾਡੇ ਕਿਲ੍ਹੇ ਵੱਲ ਬੜੀ ਤੇਜ਼ੀ ਨਾਲ ਵਧ ਰਹੀ ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜੈਸਲਮੇਰ ਦੀ ਪਵਿੱਤਰ ਭੂਮੀ ‘ਤੇ ਕੋਈ ਵੀ ਦੁਸ਼ਮਣ ਪੈਰ ਨਹੀਂ ਧਰ ਸਕਿਆ। ਅੱਜ ਮਾਤ ਭੂਮੀ ਬਲੀਦਾਨ ਮੰਗਦੀ ਹੈ ਤੇ ਸਾਡੀ ਸੈਨਾ ਬੇਸ਼ੱਕ ਬਹੁਤ ਘੱਟ ਹੈ ਪਰ ਜੇ ਅਸੀਂ ਦੇਸ਼ ਲਈ ਪ੍ਰਣ ਕਰਦੇ ਹੋਏ ਯੁੱਧ ਕਰੀਏ ਤਾਂ ਜਿੱਤ ਸਾਡੀ ਹੀ ਹੋਵੇਗੀ।” ਰਾਜਕੁਮਾਰੀ ਰਤਨਾਵਤੀ ਦੇ ਇਨ੍ਹਾਂ ਸ਼ਬਦਾਂ ਨੇ ਜਾਦੂ ਦਾ ਕੰਮ ਕੀਤਾ। ਸਾਰੇ ਰਾਜਪੂਤਾਂ ਨੇ ਤਲਵਾਰਾਂ ਕੱਢ ਕੇ ਉਸ ਨੂੰ ਵਚਨ ਦਿੱਤਾ, ”ਅਸੀਂ ਕਸਮ ਖਾ ਕੇ ਕਹਿੰਦੇ ਹਾਂ ਕਿ ਆਪਣੇ ਵਤਨ ਲਈ ਮਰਦੇ ਦਮ ਤਕ ਲੜਾਂਗੇ।” ਜੈਸਲਮੇਰ ਦਾ ਕਿਲ੍ਹਾ ਬਹੁਤ ਮਜ਼ਬੂਤ ਤੇ ਵੱਡਾ ਸੀ। ਰਾਜਕੁਮਾਰੀ ਨੇ ਕਿਲ੍ਹੇ ਦੇ ਸਾਰੇ ਦਰਵਾਜ਼ੇ ਬੰਦ ਕਰਵਾ ਦਿੱਤੇ ਅਤੇ ਉਨ੍ਹਾਂ ‘ਤੇ ਆਪਣੇ ਪੁਰਾਣੇ ਵਫ਼ਾਦਾਰ ਸੈਨਿਕਾਂ ਦਾ ਪਹਿਰਾ ਲਾ ਦਿੱਤਾ। ਰਾਜਕੁਮਾਰੀ ਨੇ ਆਪ ਮਰਦਾਨਾ ਪੋਸ਼ਾਕ ਪਾ ਲਈ ਅਤੇ ਹਥਿਆਰਾਂ ਨਾਲ ਲੈਸ ਹੋ ਕਿਲ੍ਹੇ ਦੀ ਦੀਵਾਰ ‘ਤੇ ਚੜ੍ਹ ਕੇ ਫ਼ੌਜ ਦੀ ਅਗਵਾਈ ਕਰਨ ਲੱਗੀ। ਜਦੋਂ ਵੀ ਦੁਸ਼ਮਣ ਦਾ ਕੋਈ ਸਿਪਾਹੀ ਕਿਲ੍ਹੇ ਦੀ ਦੀਵਾਰ ‘ਤੇ ਚੜ੍ਹਨ ਦੀ ਕੋਸ਼ਿਸ਼ ਕਰਦਾ ਤਾਂ ਉਸ ਦੇ ਇਸ਼ਾਰੇ ਨਾਲ ਸੈਨਿਕ ਉਸ ‘ਤੇ ਗਰਮ ਤੇਲ ਪਾ ਦਿੰਦੇ ਜਾਂ ਇੱਟਾਂ ਆਦਿ ਨਾਲ ਜ਼ਖ਼ਮੀ ਕਰ ਦਿੰਦੇ ਸਨ। ਇਸ ਤਰ੍ਹਾਂ ਵੈਰੀ ਦੇ ਸੈਂਕੜੇ ਸੈਨਿਕ ਮਾਰੇ ਗਏ। ਇਹ ਸਾਰਾ ਕੁਝ ਵੇਖ ਕੇ ਮਲਿਕ ਕਾਫ਼ੂਰ ਦੇ ਹੋਸ਼ ਉੱਡ ਗਏ। ਉਹ ਸਮਝ ਗਿਆ ਸੀ ਕਿ ਤਾਕਤ ਨਾਲ ਕਿਲ੍ਹਾ ਨਹੀਂ ਜਿੱਤਿਆ ਜਾ ਸਕਦਾ। ਉਸ ਨੇ ਛਲ-ਕਪਟ ਦਾ ਸਹਾਰਾ ਲੈਂਦੇ ਹੋਏ ਵੀਰ ਸਿੰਘ ਨਾਂ ਦੇ ਇੱਕ ਪੁਰਾਣੇ ਸੈਨਿਕ ਨੂੰ ਸੋਨੇ ਦੀਆਂ ਸੌ ਅਸ਼ਰਫ਼ੀਆਂ ਦਿੰਦੇ ਹੋਏ ਕਿਹਾ, ”ਇਹ ਆਪ ਨੂੰ ਇਨਾਮ ਦੇ ਤੌਰ ‘ਤੇ ਦੇ ਰਿਹਾ ਹਾਂ ਤਾਂ ਕਿ ਅੱਧੀ ਰਾਤ ਸਮੇਂ ਕਿਲ੍ਹੇ ਦਾ ਦਰਵਾਜ਼ਾ ਖੋਲ੍ਹ ਦੇਣਾ।” ”ਸਿਰਫ਼ ਸੌ ਮੋਹਰਾਂ? ਦੇਸ਼ ਨਾਲ ਗੱਦਾਰੀ ਬਦਲੇ ਸੌ ਮੋਹਰਾਂ ਦਾ ਇਨਾਮ ਤਾਂ ਬਹੁਤ ਘੱਟ ਹੈ” ਸੈਨਿਕ ਨੇ ਬੜੀ ਗੰਭੀਰਤਾ ਨਾਲ ਕਿਹਾ। ਇਹ ਸੁਣ ਕੇ ਸੈਨਾਪਤੀ ਨੂੰ ਆਪਣੀ ਚਾਲ ਸਫ਼ਲ ਹੁੰਦੀ ਜਾਪੀ। ਉਸ ਨੇ ਸੈਨਿਕ ਨੂੰ ਪੰਜ ਸੌ ਮੋਹਰਾਂ ਦੀ ਥੈਲੀ ਖ਼ੁਸ਼ੀ-ਖ਼ੁਸ਼ੀ ਦੇ ਦਿੱਤੀ।
ਅਸਲ ਵਿੱਚ ਉਹ ਸੈਨਿਕ ਸੱਚਾ ਦੇਸ਼ ਭਗਤ ਸੀ। ਉਸ ਨੂੰ ਆਪਣੀ ਜਨਮ ਭੂਮੀ ਮੋਹਰਾਂ ਤੋਂ ਲੱਖਾਂ ਗੁਣਾਂ ਪਿਆਰੀ ਸੀ। ਉਹ ਮੋਹਰਾਂ ਦੀ ਥੈਲੀ ਲੈ ਕੇ ਉਸੇ ਸਮੇਂ ਰਾਜਕੁਮਾਰੀ ਕੋਲ ਗਿਆ ਤੇ ਕਿਹਾ, ”ਰਤਨਾ ਬੇਟੀ! ਮੇਰੇ ਹੱਥ ‘ਚ ਇਹ ਸੋਨੇ ਦੀਆਂ ਮੋਹਰਾਂ ਦੀ ਥੈਲੀ ਵੇਖ ਰਹੀ ਹੈਂ, ਕੀ ਜਾਣਦੇ ਹੋ ਕਿ ਕਿਸ ਨੇ ਦਿੱਤੀ ਹੈ?” ”ਨਹੀਂ ਬਾਬਾ, ਮੈਨੂੰ ਇਸ ਬਾਰੇ ਕੀ ਪਤਾ!” ਇਹ ਗੱਲ ਸੁਣ ਕੇ ਸੈਨਿਕ ਨੇ ਕਿਹਾ, ”ਇਹ ਮਲਿਕ ਕਾਫ਼ੂਰ ਨੇ ਲਾਲਚ ਦਿੱਤਾ ਹੈ ਤਾਂ ਕਿ ਮੈਂ ਰਾਤ ਦੇ ਸਮੇਂ ਕਿਲ੍ਹੇ ਦਾ ਫ਼ਾਟਕ ਖੋਲ੍ਹ ਕੇ ਉਸ ਦੀ ਫ਼ੌਜ ਨੂੰ ਅੰਦਰ ਜਾਣ ਦੇਵਾਂ।” ਉਹ ਕੁਝ ਪਲ਼ ਰੁਕ ਕੇ ਫ਼ਿਰ ਵਿਅੰਗ ਭਰੇ ਲਹਿਜ਼ੇ ਨਾਲ ਬੋਲਿਆ, ”ਬੇਟੀ, ਕਾਫ਼ੂਰ ਨੇ ਸਮਝਿਆ ਹੋਵੇਗਾ ਕਿ ਰਾਜਪੂਤ ਗੱਦਾਰ ਹੁੰਦੇ ਹਨ। ਉਹ ਲਾਲਚ ਲਈ ਆਪਣਾ ਈਮਾਨ ਤਕ ਵੇਚ ਦਿੰਦੇ ਹਨ। ਉਸ ਬੇਸਮਝ ਨੂੰ ਇਹ ਨਹੀਂ ਪਤਾ ਕਿ ਸੱਚਾ ਰਾਜਪੂਤ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰਨ ਤੋਂ ਪਿੱਛੇ ਨਹੀਂ ਹਟਦਾ ਤੇ ਗੱਦਾਰੀ ਬਾਰੇ ਸੋਚਣਾ ਤਾਂ ਬਹੁਤ ਦੂਰ ਦੀ ਗੱਲ ਹੈ।” ਸਾਰੀ ਕਹਾਣੀ ਸੁਣ ਕੇ ਰਾਜਕੁਮਾਰੀ ੇ ਕਿਹਾ, ”ਹੁਣ ਮੈਂ ਪੂਰੀ ਗੱਲ ਸਮਝ ਗਈ ਹਾਂ ਪਰ ਫ਼ਿਰ ਵੀ ਮੈਂ ਤੁਹਾਨੂੰ ਾਫ਼ੂਰ ਨਾਲ ਕੀਤੇ ਹੋਏ ਬਚਨਾਂ ਤੋਂ ਝੂਠਾ ਨਹੀਂ ਹੋਣ ਦੇਵਾਂਗੀ। ਤੁਸੀਂ ਸਮੇਂ ਮੁਤਾਬਕ ਰਾਤ ਨੂੰ ਦਰਵਾਜ਼ਾ ਖੋਲ੍ਹ ਦੇਣਾ।” ਇਹ ਜਵਾਬ ਸੁਣਦੇ ਹੀ ਉਸ ਬੁੱਢੇ ਸੈ ਨਕ ਨੇ ਬੜੀ ਨਿਡਰਤਾ ਨਾਲ ਕਿਹਾ, ”ਬੇਟੀ! ਚੰਦ ਕੁ ਠੀਕਰੀਆਂ ਲਈ ਮੈਂ ਦੇਸ਼ ਨਾਲ ਗੱਦਾਰੀ ਨਹੀਂ ਕਰ ਸਕਦਾ। ਇਸ ਤੋਂ ਪਹਿਲਾਂ ਮੈਂ ਵਤਨ ਲਈ ਦੋ ਬੇਟੇ ਕੁਰਬਾਨ ਕਰ ਚੁੱਕਾ ਹਾਂ। ਇਸ ਲਈ ਅਜਿਹਾ ਹਰਗਿਜ਼ ਨਹੀਂ ਕਰ ਸਕਦਾ।” ”ਬਾਬਾ! ਬਿਲਕੁਲ ਨਹੀਂ! ਮੈਂ ਤੇਰੇ ਵਿੱਚਾਰਾਂ ਤੇ ਦੇਸ਼-ਭਗਤੀ ਦੀ ਕਦਰ ਕਰਦੀ ਹਾਂ ਪਰ ਉਸ ਦੇ ਕਿਲ੍ਹੇ ‘ਚ ਆਉਣ ‘ਤੇ ਸਾਰੀ ਯੋਜਨਾ ਮਿੱਟੀ ਵਿੱਚ ਮਿਲਾ ਦੇਵਾਂਗੇ ਤੇ ਅਜਿਹਾ ਸਬਕ ਸਿਖਾਵਾਂਗੇ ਕਿ ਉਹ ਜ਼ਿੰਦਗੀ ਭਰ ਯਾਦ ਰੱਖੇਗਾ।” ਰਾਜਕੁਮਾਰੀ ਨੇ ਸਾਰੀ ਯੋਜਨਾ ਉਸ ਸੈਨਿਕ ਨੂੰ ਸਮਝਾ ਦਿੱਤੀ। ਉਸ ਸੈਨਿਕ ਨੇ ਯੋਜਨਾ ਮੁਤਾਬਕ ਰਾਤ ਸਮੇਂ ਕਿਲ੍ਹੇ ਦਾ ਦਰਵਾਜ਼ਾ ਖੋਲ੍ਹ ਦਿੱਤਾ ਅਤੇ ਮਲਿਕ ਕਾਫ਼ੂਰ ਆਪਣੇ ਕੁਝ ਸੈਨਿਕਾਂ ਸਮੇਤ ਜਦੋਂ ਕਿਲ੍ਹੇ ਅੰਦਰ ਦਾਖ਼ਲ ਹੋਇਆ ਤਾਂ ਉਹ ਸਾਰੇ ਕੈਦ ਕਰ ਲਏ ਗਏ। ਉੱਪਰ ਖੜ੍ਹੀ ਰਾਜਕੁਮਾਰੀ ਨੇ ਤਾੜੀ ਮਾਰਦੇ ਹੋਏ ਬੜੇ ਵਿਅੰਗਮਈ ਲਹਿਜ਼ੇ ਨਾਲ ਕਿਹਾ, ”ਸੈਨਾਪਤੀ ਜੀ, ਤੁਹਾਡੀ ਬਣਾਈ ਯੋਜਨਾ ਨੂੰ ਦਾਦ ਦੇਣੀ ਬਣਦੀ ਹੈ। ਇਸ ਪ੍ਰਕਾਰ ਛਲ-ਕਪਟ ਨਾਲ ਕਿਲ੍ਹੇ ‘ਚ ਪ੍ਰਵੇਸ਼ ਕਰਨਾ ਬਹਾਦਰਾਂ ਦਾ ਨਹੀਂ ਸਗੋਂ ਬੁਜ਼ਦਿਲਾਂ ਦਾ ਕੰਮ ਹੁੰਦਾ ਹੈ। ਯੋਧੇ ਤਾਂ ਰਣਭੂਮੀ ‘ਚ ਹੀ ਜੌਹਰ ਵਿਖਾਉਂਦੇ ਹਨ। ਬਾਕੀ ਸਾਡੇ ਰਾਜਪੂਤ ਸੈਨਿਕ ਨੂੰ ਲਾਲਚ ਦੇ ਕੇ ਕਿਲ੍ਹੇ ਅੰਦਰ ਆਉਣ ਦਾ ਹਸ਼ਰ ਤੁਸੀਂ ਵੇਖ ਹੀ ਲਿਆ ਹੈ। ਤੁਸੀਂ ਸੋਚਿਆ ਹੋਵੇਗਾ ਕਿ ਚੰਦ ਕੁ ਸਿੱਕਿਆਂ ਬਦਲੇ ਅਸੀਂ ਕਿਲ੍ਹੇ ਨੂੰ ਪਲਾਂ ‘ਚ ਹੀ ਜਿੱਤ ਲਵਾਂਗੇ। ਸੈਨਾਪਤੀ ਜੀ, ਇੱਕ ਗੱਲ ਹਮੇਸ਼ਾਂ ਯਾਦ ਰੱਖੋ ਕਿ ਮੇਰੇ ਵਤਨ ਦਾ ਬੱਚਾ-ਬੱਚਾ ਸੱਚਾ ਸਿਪਾਹੀ ਹੈ ਤੇ ਵਤਨ ਲਈ ਕੁਰਬਾਨੀ ਦੇਣ ਵਾਸਤੇ ਸਦਾ ਤਿਆਰ ਰਹਿੰਦਾ ਹੈ।” ਰਾਜਕੁਮਾਰੀ ਦੇ ਸ਼ਬਦ ਸੁਣ ਕੇ ਮਲਿਕ ਕਾਫ਼ੂਰ ਦੇ ਹੋਸ਼ ਉੱਡ ਗਏ। ਉਸ ਨੂੰ ਇਸ ਦੀ ਜ਼ਰਾ ਵੀ ਉਮੀਦ ਨਹੀਂ ਸੀ। ਜਦੋਂ ਸੁਲਤਾਨ ਅਲਾਊਦੀਨ ਖਿਲਜੀ ਨੇ ਆਪਣੇ ਸੈਨਾਪਤੀ ਦੇ ਬੰਦੀ ਹੋਣ ਦੀ ਖ਼ਬਰ ਸੁਣੀ ਤਾਂ ਉਹ ਸਿਰ ਫ਼ੜ ਕੇ ਬਹਿ ਗਿਆ ਤੇ ਉਸ ਦੇ ਮੂੰਹੋਂ ਸੁਭਾਵਕ ਹੀ ਨਿਕਲ ਗਿਆ, ”ਓਹ! ਸੋਲ਼੍ਹਾਂ ਸਾਲ ਦੀ ਬਾਲੜੀ ਨੇ ਬਹਾਦਰੀ ਦਾ ਉਹ ਕ੍ਰਿਸ਼ਮਾ ਕਰ ਵਿਖਾਇਆ ਜਿਸ ਨੇ ਵੱਡੇ-ਵੱਡੇ ਯੋਧਿਆਂ ਨੂੰ ਮਾਤ ਪਾ ਦਿੱਤੀ।” ਖਿਲਜੀ ਦੇ ਕੀਤੇ-ਕਰਾਏ ‘ਤੇ ਪਾਣੀ ਫ਼ਿਰ ਗਿਆ। ਉਸ ਨੇ ਸੋਚਿਆ ਸੀ ਕਿ ਰਾਜੇ ਦੀ ਗ਼ੈਰਹਾਜ਼ਰੀ ‘ਚ ਕਿਲ੍ਹੇ ਨੂੰ ਬੜੀ ਆਸਾਨੀ ਨਾਲ ਜਿੱਤ ਲਵਾਂਗੇ। ਇਹ ਉਸ ਦੀ ਬਹੁਤ ਵੱਡੀ ਭੁੱਲ ਸੀ ਤੇ ਇਸ ਦੀ ਕੀਮਤ ਉਸ ਨੂੰ ਆਪਣੀ ਹਾਰ ਮੰਨਦੇ ਹੋਏ ਅੰਤ ਨੂੰ ਸਮਝੌਤਾ ਕਰ ਕੇ ਭੁਗਤਣੀ ਪੈ ਗਈ। ਇਸ ਸਮਝੌਤੇ ਤੋਂ ਬਾਅਦ ਜਦੋਂ ਮਲਿਕ ਕਾਫ਼ੂਰ ਨੂੰ ਛੱਡ ਦਿੱਤਾ ਗਿਆ ਤਾਂ ਉਸ ਨੇ ਰਾਜੇ ਨੂੰ ਬੜੀ ਭਾਵੁਕਤਾ ਨਾਲ ਕਿਹਾ, ”ਮਹਾਰਾਜ, ਤੁਹਾਡੀ ਪੁੱਤਰੀ, ਔਰਤ ਦੇ ਰੂਪ ‘ਚ ਦੇਵੀ ਹੈ। ਇਹ ਯੁੱਧ ਕਲਾ ਵਿੱਚ ਨਿਪੁੰਨ ਤਾਂ ਹੈ ਹ ਸਗੋਂ ਇੱਕ ਮਹਾਨ ਵੀਰਾਂਗਣਾ ਹੈ।” ਕੁਝ ਸੋਚ ਕੇ ਫ਼ਿਰ ਕਿਹਾ, ”ਇਹ ਚੰਗੀ ਤਰ੍ਹਾਂ ਜਾਣਦੀ ਹੈ ਕਿ ਕੈਦੀਆਂ ਨਾਲ ਕਿਸ ਤਰ੍ਹਾਂ ਦਾ ਸਲੂਕ ਕੀਤਾ ਜਾਂਦਾ ਹੈ। ਸਾਡੀ ਸੈਨਾ ਦੇ ਲਗਾਤਾਰ ਘੇਰਾ ਪਾਉਣ ਕਾਰਨ ਕਿਲ੍ਹੇ ‘ਚ ਅਨਾਜ ਦੀ ਘਾਟ ਹੋਣ ਲੱਗੀ ਸੀ। ਆਪ ਦੀ ਬੇਟੀ ਨੇ ਆਪ ਭੁੱਖੇ ਰਹਿ ਕੇ ਆਪਣੇ ਸੈਨਿਕਾਂ ਨੂੰ ਇੱਕ ਲੱਪ ਦਾਣੇ ਤੇ ਮੇਰੇ ਸੈਨਿਕਾਂ ਨੂੰ ਦੁੱਗਣਾ ਰਾਸ਼ਨ ਦਿੱਤਾ। ਵੈਰੀਆਂ ਨਾਲ ਅਜਿਹੇ ਦਿਆਲਤਾ ਭਰੇ ਵਰਤਾਓ ਦੀ ਮਿਸਾਲ ਬਹੁਤ ਘੱਟ ਮਿਲਦੀ ਹੈ।” ਦੁਸ਼ਮਣ ਦੇ ਸੈਨਾਪਤੀ ਪਾਸੋਂ ਆਪਣੀ ਧੀ ਦੀ ਇੰਨੀ ਪ੍ਰਸ਼ੰਸਾ ਸੁਣ ਕੇ ਰਾਜਾ ਰਤਨ ਸਿੰਘ ਨੇ ਆਪਣੀ ਪੁੱਤਰੀ ਨੂੰ ਗਲ਼ ਨਾਲ ਲਾਉਂਦੇ ਹੋਏ ਕਿਹਾ, ”ਸੈਨਾਪਤੀ ਜੀ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਮੈਂ ਮੁਹਿੰਮ ‘ਤੇ ਜਾਣ ੋਂ ਪਹਿਲਾਂ ਆਪਣੀ ਬੇਟੀ ਨੂੰ ਕਿਲ੍ਹੇ ਦੀ ਰੱਖਿਆ ਦਾ ਭਾਰ ਇਸ ਕਰ ਕੇ ਹੀ ਸੌਂਪ ਗਿਆ ਸੀ। ਇਸ ਨੇ ਆਪਣੀ ਜ਼ਿੰਮੇਵਾਰੀ ਤਾਂ ਬੜੀ ਬਹਾਦਰੀ ਨਾਲ ਨਿਭਾਈ ਤੇ ਬਾਕੀ ਸਿੱਧ ਕਰ ਦਿੱਤਾ ਕਿ ਨੇੜ ਭਵਿੱਖ ‘ਚ ਜੈਸਲਮੇਰ ਦੀ ਭੂਮੀ ‘ਤੇ ਕੋਈ ਵੀ ਦੁਸ਼ਮਣ ਹਮਲਾ ਕਰਨ ਦੀ ਹਿੰਮਤ ਨਹੀਂ ਕਰ ਸਕਦਾ।” ਸੈਨਾਪਤੀ ਰਾਜਕੁਮਾਰੀ ਵੱਲ ਸਨੇਹ ਅਤੇ ਸਤਿਕਾਰ ਭਰੀਆਂ ਅੱਖਾਂ ਨਾਲ ਵੇਖਦਾ ਹੋਇਆ ਵਾਪਸ ਪਰਤ ਗਿਆ।