ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ਦੇ ਸ਼ੋਪੀਆਂ ਫਾਇਰਿੰਗ ਮਾਮਲੇ ‘ਚ ਗੜ੍ਹਵਾਲ ਰਾਈਫਲਜ਼ ਦੇ ਮੇਜਰ ਆਦਿੱਤਿਯ ਨੂੰ ਵੱਡੀ ਰਾਹਤ ਦਿੱਤੀ ਹੈ। ਕੋਰਟ ਨੇ ਅਗਲੀ ਸੁਣਵਾਈ ਤੱਕ ਮੇਜਰ ਦੇ ਖਿਲਾਫ ਐੱਫ.ਆਈ.ਆਰ. ਦਰਜ ਕਰਵਾਏ ਜਾਣ ‘ਤੇ ਰੋਕ ਲੱਗਾ ਦਿੱਤੀ ਹੈ। ਇਸ ਦੇ ਨਾਲ ਹੀ ਕੋਰਟ ਨੇ ਕੇਂਦਰ ਅਤੇ ਜੰਮੂ-ਕਸ਼ਮੀਰ ਸਰਕਾਰਾਂ ਨੂੰ ਨੋਟਿਸ ਜਾਰੀ ਕਰ ਕੇ 2 ਹਫਤਿਆਂ ‘ਚ ਜਵਾਬ ਮੰਗਿਆ ਹੈ।
ਮੇਜਰ ਦੇ ਪਿਤਾ ਨੇ ਐੱਫ.ਆਈ.ਆਰ. ਨੂੰ ਦਿੱਤੀ ਚੁਣੌਤੀ
ਮੇਜਰ ਦੇ ਪਿਤਾ ਲੈਫਟੀਨੈਂਟ ਕਰਨਲ ਕਰਮਵੀਰ ਸਿੰਘ ਨੇ ਸ਼ੋਪੀਆਂ ‘ਚ ਫਾਇਰਿੰਗ ਦੇ ਮਾਮਲੇ ‘ਚ ਐੱਫ.ਆਈ.ਆਰ. ਨੂੰ ਚੁਣੌਤੀ ਦਿੰਦੇ ਹੋਏ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਤੋਂ ਬਾਅਦ ਬੈਂਚ ਨੇ ਇਹ ਆਦੇਸ਼ ਜਾਰੀ ਕੀਤਾ। ਜ਼ਿਕਰਯੋਗ ਹੈ ਕਿ 27 ਜਨਵਰੀ ਨੂੰ ਸ਼ੋਪੀਆਂ ਦੇ ਗਨੋਵਪੋਰਾ ਪਿੰਡ ‘ਚ ਪਥਰਾਅ ਕਰ ਰਹੀ ਭੀੜ ‘ਤੇ ਫੌਜ ਕਰਮਚਾਰੀਆਂ ਵੱਲੋਂ ਫਾਇਰਿੰਗ ਕਰਨ ਨਾਲ 2 ਆਮ ਨਾਗਰਿਕਾਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ। ਮੇਜਰ ਆਦਿੱਤਿਯ ਕੁਮਾਰ ਸਮੇਤ ਗੜ੍ਹਵਾਲ ਰਾਈਫਲਜ਼ ਦੇ 10 ਕਰਮਚਾਰੀਆਂ ਦੇ ਖਿਲਾਫ ਰਣਬੀਰ ਸਜ਼ਾ ਜ਼ਾਬਤਾ ਦੀ ਧਾਰਾ 302 (ਕਤਲ) ਅਤੇ 307 (ਕਤਲ ਦੀ ਕੋਸ਼ਿਸ਼) ਦੇ ਅਧੀਨ ਸ਼ਿਕਾਇਤ ਦਰਜ ਕੀਤੀ ਗਈ ਸੀ।
ਫੌਜ ਨੇ ਮੇਜਰ ਦਾ ਕੀਤਾ ਬਚਾਅ
ਮੇਜਰ ਦੇ ਪਿਤਾ ਨੇ ਆਪਣੀ ਪਟੀਸ਼ਨ ‘ਚ ਕਿਹਾ ਕਿ 10 ਗੜ੍ਹਵਾਲ ਰਾਈਫਲਜ਼ ‘ਚ ਤਾਇਨਾਤ ਉਨ੍ਹਾਂ ਦੇ ਬੇਟੇ ਮੇਜਰ ਆਦਿੱਤਿਯ ਕੁਮਾਰ ਦਾ ਨਾਂ ਗਲਤ ਅਤੇ ਮਨਮਾਨੇ ਢੰਗ ਨਾਲ ਐੱਫ.ਆਈ.ਆਰ. ‘ਚ ਦਰਜ ਕੀਤਾ ਗਿਆ। ਫੌਜ ਨੇ ਵੀ ਆਪਣੀ ਯੂਨਿਟ ਦੇ ਖਿਲਾਫ ਐੱਫ.ਆਈ.ਆਰ. ਨੂੰ ਗਲਤ ਦੱਸਿਆ ਹੈ। ਐਡਵੋਕੇਟ ਐਸ਼ਵਰਿਆ ਭਾਟੀ ਰਾਹੀਂ ਦਾਇਰ ਅਪੀਲ ‘ਚ ਕਿਹਾ ਗਿਆ ਕਿ ਮੇਜਰ ਦਾ ਮਕਸਦ ਫੌਜ ਅਫ਼ਸਰਾਂ ਦੀ ਰੱਖਿਆ ਕਰਨਾ ਸੀ। ਬੇਕਾਬੂ ਭੀੜ ਨੂੰ ਉੱਥੋਂ ਹਟਣ ਦੀ ਅਪੀਲ ਕੀਤੀ ਗਈ ਸੀ ਪਰ ਜਦੋਂ ਹਾਲਾਤ ਕੰਟਰੋਲ ਤੋਂ ਬਾਹਰ ਹੋ ਗਏ, ਉਦੋਂ ਫੌਜ ਨੂੰ ਫਾਇਰਿੰਗ ਕਰਨੀ ਪਈ।