ਸੁਜਵਾਂ ਹਮਲਾ: ਫਾਇਰਿੰਗ ‘ਚ 5 ਜਵਾਨ ਸ਼ਹੀਦ, ਹੋਰ ਅੱਤਵਾਦੀਆਂ ਦੇ ਲੁਕੇ ਹੋਣ ਦਾ ਖਦਸ਼ਾ

ਜੰਮੂ— ਜੰਮੂ ਦੇ ਇਕ ਫੌਜ ਕੈਂਪਸ ‘ਤੇ ਹਮਲਾ ਕਰਨ ਵਾਲੇ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਦੇ ਖਿਲਾਫ ਮੁਹਿੰਮ ਅੱਜ ਯਾਨੀ ਐਤਵਾਰ ਨੂੰ ਦੂਜੇ ਦਿਨ ਵੀ ਜਾਰੀ ਰਹੀ। ਇਸ ਹਮਲੇ ‘ਚ ਹੁਣ ਤੱਕ 5 ਜਵਾਨ ਸ਼ਹੀਦ ਹੋ ਗਏ ਹਨ ਅਤੇ ਇਕ ਜਵਾਨ ਦੇ ਪਿਤਾ ਦੀ ਵੀ ਗੋਲੀਬਾਰੀ ‘ਚ ਮੌਤ ਹੋ ਗਈ। ਗੋਲੀਬਾਰੀ ‘ਚ 9 ਲੋਕ ਜ਼ਖਮੀ ਹੋ ਗਏ। ਉੱਥੇ ਹੀ ਫੌਜ ਦਾ ਸਰਚ ਆਪਰੇਸ਼ਨ ਜਾਰੀ ਹੈ। ਫੌਜ ਸੂਤਰਾਂ ਅਨੁਸਾਰ ਫੈਮਿਲੀ ਕੁਵਾਰਟਰ ‘ਚ ਇਕ ਜਾਂ 2 ਅੱਤਵਾਦੀਆਂ ਦੇ ਲੁਕੇ ਹੋਣ ਦਾ ਸ਼ੱਕ ਹੈ। ਫੌਜ ਨੇ ਦੱਸਿਆ ਕਿ ਰਾਤ ਦੌਰਾਨ ਕੋਈ ਗੋਲੀਬਾਰੀ ਨਹੀਂ ਹੋਈ ਅਤੇ ਮੁੱਖ ਧਿਆਨ ਰਿਹਾਇਸ਼ ਕੈਂਪਸ ਤੋਂ ਲੋਕਾਂ ਨੂੰ ਬਾਹਰ ਕੱਢਣ ‘ਤੇ ਹੈ। ਜੈਸ਼-ਏ-ਮੁਹੰਮਦ ਦੇ ਭਾਰੀ ਹਥਿਆਰਾਂ ਨਾਲ ਲੈੱਸ ਅੱਤਵਾਦੀਆਂ ਨੇ ਜੰਮੂ-ਕਸ਼ਮੀਰ ਲਾਈਟ ਇੰਫੈਂਟਰੀ ਦੀ 36 ਬ੍ਰਿਗੇਡ ਦੇ ਕੈਂਪਸ ‘ਤੇ ਸ਼ਨੀਵਾਰ ਤੜਕੇ ਹਮਲਾ ਕਰ ਦਿੱਤਾ ਸੀ। ਜੰਮੂ ‘ਚ ਫੌਜ ਦੇ ਜਨਸੰਪਰਕ ਅਧਿਕਾਰੀ ਲੈਫਟੀਨੈਂਟ ਕਰਨਲ ਦੇਵੇਂਦਰ ਆਨੰਦ ਨੇ ਕਿਹਾ,”ਮੁਹਿੰਮ ਚੱਲ ਰਹੀ ਹੈ ਅਤੇ ਕੁਵਾਰਟਰਾਂ ਤੋਂ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ।”
ਉਨ੍ਹਾਂ ਨੇ ਦੱਸਿਆ ਕਿ ਕਈ ਪਰਿਵਾਰ ਹੁਣ ਵੀ ਉੱਥੇ ਹਨ ਅਤੇ ਫੌਜ ਦਾ ਮਕਸਦ ਉਨ੍ਹਾਂ ਦੀ ਸੁਰੱਖਿਆ ਯਕੀਨੀ ਕਰਨਾ ਹੈ। ਕੈਂਪਸ ਦੇ ਸਾਹਮਣੇ ਜੰਮੂ-ਲਖਨਪੁਰ ਬਾਈਪਾਸ ‘ਤੇ ਵਾਹਨਾਂ ਦੀ ਆਵਾਜਾਈ ਜਾਰੀ ਹੈ, ਜਦੋਂ ਕਿ ਬੁਲੇਟ ਪਰੂਫ ਵਾਹਨਾਂ ‘ਚ ਸਵਾਰ ਫੌਜ ਕਰਮਚਾਰੀ ਕੈਂਪਸ ਦੇ ਪਿੱਛੇ ਵੱਲ ਰਿਹਾਇਸ਼ੀ ਕੈਂਪਸ ਤੋਂ ਲੋਕਾਂ ਨੂੰ ਬਾਹਰ ਕੱਢਣ ਦੀ ਮੁਹਿੰਮ ‘ਚ ਜੁਟੇ ਹਨ। ਸੀ.ਆਰ.ਪੀ.ਐੱਫ. ਅਤੇ ਪੁਲਸ ਦੇ ਦਲ ਕੈਂਪਸ ਦੀ ਕੰਧ ਦੇ ਬਾਹਰ ਤਾਇਨਾਤ ਹਨ ਅਤੇ ਨਾਗਰਿਕਾਂ ਨੂੰ ਹਤਾਹਤ ਹੋਣ ਤੋਂ ਬਚਾਉਣ ਲਈ ਆਉਣ-ਜਾਣ ਵਾਲੇ ਲੋਕਾਂ ‘ਤੇ ਨਜ਼ਰ ਰੱਖੇ ਹੋਏ ਹਨ। ਜੰਮੂ ‘ਚ ਹਾਈ ਅਲਰਟ ਐਲਾਨ ਕਰ ਦਿੱਤਾ ਗਿਆ ਹੈ ਅਤੇ ਸ਼ਹਿਰ ‘ਚ ਅਤੇ ਨੇੜੇ-ਤੇੜੇ ਦੇ ਇਲਾਕਿਆਂ ‘ਚ ਸੁਰੱਖਿਆ ਵਧਾ ਦਿੱਤੀ ਗਈ ਹੈ। ਖੁਫੀਆ ਏਜੰਸੀਆਂ ਨੇ ਅਫਜ਼ਲ ਗੁਰੂ ਦੀ ਬਰਸੀ ਦੇ ਮੱਦੇਨਜ਼ਰ ਜੈਸ਼-ਏ-ਮੁਹੰਮਦ ਵੱਲੋਂ ਫੌਜ ਜਾਂ ਸੁਰੱਖਿਆ ਸਥਾਪਨਾਵਾਂ ‘ਤੇ ਹਮਲੇ ਦੀ ਚਿਤਾਵਨੀ ਦਿੱਤੀ ਸੀ। ਅਫਜ਼ਲ ਗੁਰੂ ਨੂੰ 9 ਫਰਵਰੀ 2013 ਨੂੰ ਫਾਂਸੀ ਦਿੱਤੀ ਗਈ ਸੀ।