ਅੰਮ੍ਰਿਤਸਰ – ਐੈੱਸ. ਜੀ. ਪੀ. ਸੀ. ਸ੍ਰੀ ਅਕਾਲ ਤਖਤ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਸਰਹੱਦੀ ਜ਼ਿਲਿਆਂ ਲਈ ਮੈਡੀਕਲ ਵੈਨਾਂ ਚਲਾਏਗੀ। ਸ਼ੁੱਕਰਵਾਰ ਨੂੰ ਕੁਰੁਕਸ਼ੇਤਰ ‘ਚ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਪ੍ਰਧਾਨਗੀ ‘ਚ ਧਰਮ ਪ੍ਰਚਾਰ ਕਮੇਟੀ ਦੀ ਬੈਠਕ ‘ਤੋਂ ਇਲਾਵਾ ਕਈ ਹੋਰ ਫੈਸਲੇ ਵੀ ਕੀਤੇ ਗਏ।
ਐੱਸ. ਜੀ. ਪੀ. ਸੀ. ਦੇ ਬੁਲਾਰੇ ਦਿਲਜੀਤ ਸਿੰਘ ਬੇਰੀ ਨੇ ਦੱਸਿਆ ਕਿ ਇਨ੍ਹਾਂ ਵੈਨਾਂ ‘ਚ ਇਕ-ਇਕ ਡਾਕਟਰ, 2-2 ਸਟਾਫ ਨਰਸ ਤੇ ਸਹਾਇਕ ਸਟਾਫ ਹੋਵੇਗਾ। ਇਹ ਫੈਸਲਾ ਵੀ ਕੀਤਾ ਗਿਆ ਕਿ ਗਰੀਬ ਤੇ ਦਲਿਤ ਸਿੱਖ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ‘ਤੇ ਹੋਣ ਵਾਲੇ ਸ੍ਰੀ ਅਖੰਡ ਪਾਠ ਸਾਹਿਬ ਦਾ ਖਰਚ ਐੱਸ. ਜੀ. ਪੀ. ਸੀ. ਪ੍ਰਬੰਧ ਕਰੇਗੀ। ਗਰੀਬ ਸਿੱਖ ਪਰਿਵਾਰਾਂ ‘ਚ ਕਿਸੇ ਦੀ ਮੌਤ ਹੋਣ ‘ਤੇ ਕਰਾਏ ਜਾਣ ਵਾਲੇ ਪਾਠ ਦਾ ਖਰਚ ਵੀ ਐੱਸ. ਜੀ. ਪੀ. ਸੀ. ਕਰੇਗੀ। ਵਿਸ਼ਾਖਾਪਟਨਮ ‘ਚ ਰਹਿੰਦੇ ਸਿਕਲੀਗਰ ਸਿੱਖਾਂ ਦੇ 84 ਬੱਚਿਆਂ ਦੇ ਸਕੂਲ ਦੀ ਫੀਸ ਲਈ 8 ਲੱਖ ਦੀ ਰਾਸ਼ੀ ਮੰਜ਼ੂਰ ਕੀਤੀ ਗਈ ਹੈ।
ਧਰਮ ਪ੍ਰਚਾਰ ਲਈ 100 ਪ੍ਰਚਾਰਕ, 20 ਢਾਡੀ ਜਥੇ ਤੇ 10 ਕਵੀਸ਼ਰੀ ਜਥੇ ਭਰਤੀ ਕਰਨ ਦਾ ਵੀ ਫੈਸਲਾ ਕੀਤਾ ਗਿਆ। ਪ੍ਰਚਾਰਕ ਜਿਸ ਖੇਤਰ ਦੇ ਹੋਣਗੇ ਉਨ੍ਹਾਂ ਦੀ ਡਿਊਟੀ ਉਸੇ ਖੇਤਰ ‘ਚ ਲਗਾਈ ਜਾਵੇਗੀ। ਅਜਿਹਾ ਹੋਣ ਨਾਲ ਉਹ ਪ੍ਰਚਾਰ ਲਈ ਜ਼ਿਆਦਾ ਸਮਾਂ ਦੇ ਸਕਣਗੇ। ਗ੍ਰੰਥੀਆਂ ਨੂੰ ਵੀ ਟ੍ਰੇਨਿੰਗ ਦੇਣ ਦਾ ਫੈਸਲਾ ਲਿਆ ਗਿਆ। ਟ੍ਰੇਨਿੰਗ ਪੂਰੀ ਕਰਨ ਵਾਲਿਆਂ ਨੂੰ 5100 ਰੁਪਏ ਦਿੱਤੇ ਜਾਣਗੇ। ਐੱਸ. ਜੀ. ਪੀ. ਸੀ. ਦੇ ਸਿੱਖਿਆ ਸੰਸਥਾਨਾਂ ‘ਚ ਸਿੱਖ ਧਰਮ ਦਾ ਵਿਸ਼ਾ ਜ਼ਰੂਰੀ ਕੀਤੇ ਜਾਣ ਦੇ ਨਾਲ-ਨਾਲ ਇਸ ਦੇ ਸਿੱਖਿਅਕ ਵੀ ਭਰਤੀ ਕੀਤੇ ਜਾਣਗੇ।