ਆਬੂ ਧਾਬੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਵਿਦੇਸ਼ ਯਾਤਰਾ ਦੌਰਾਨ ਸੰਯੁਕਤ ਅਰਬ ਅਮੀਰਾਤ ‘ਚ ਸ਼ਨੀਵਾਰ ਨੂੰ ਪੁੱਜੇ ਅਤੇ ਆਬੂ ਧਾਬੀ ਦੇ ਕਰਾਊਨ ਪ੍ਰਿੰਸ ਸ਼ੇਖ ਮੁਹੰਮਦ ਬਿਨ ਜ਼ਾਏਦ ਅਲ ਨਾਹੀਆਨ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਮੋਦੀ ਜੀ ਨੇ ਆਬੂ ਧਾਬੀ ‘ਚ ਬਣਨ ਵਾਲੇ ਪਹਿਲੇ ਹਿੰਦੂ ਮੰਦਰ ਦਾ ਉਦਘਾਟਨ ਕੀਤਾ। ਇਹ ਮੰਦਰ 20 ਹਜ਼ਾਰ ਵਰਗ ਮੀਟਰ ‘ਚ ਬਣਾਇਆ ਜਾਵੇਗਾ। 2020 ਤਕ ਮੰਦਰ ਦਾ ਨਿਰਮਾਣ ਪੂਰਾ ਹੋਣ ਦਾ ਅੰਦਾਜ਼ਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਦਿਨ ਐਤਵਾਰ ਨੂੰ (11 ਫਰਵਰੀ) ਸੰਯੁਕਤ ਅਰਬ ਅਮੀਰਾਤ (ਯੂ.ਏ.ਈ.)’ਚ ਰਹਿਣ ਵਾਲੇ ਹਿੰਦੂ ਭਾਈਚਾਰੇ ਲਈ ਬਣਾਏ ਜਾਣ ਵਾਲੇ ਮੰਦਰ ਦਾ ਨੀਂਹ ਪੱਥਰ ਰੱਖਿਆ। ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਆਬੂ ਧਾਬੀ ‘ਚ ਭਾਰੀ ਮਾਤਰਾ ਪ੍ਰਵਾਸੀ ਭਾਰਤੀ ਰਹਿੰਦੇ ਹਨ। ਇਸ ਲਈ ਉਨ੍ਹਾਂ ਦੀ ਆਸਥਾ ਦੇ ਮੱਦੇਨਜ਼ਰ ਇਕ ਮੰਦਰ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਸੀ। ਖਾਸ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਆਬੂ ਧਾਬੀ ਦੇ ਮੰਦਰ ਦਾ ਨੀਂਹ ਪੱਥਰ ਦੁਬਈ ਦੇ ਓਪੇਰਾ ਹਾਊਸ ਤੋਂ ਵੀਡੀਆ ਕਾਨਫਰੰਸ ਰਾਹੀਂ ਰੱਖਿਆ। ਅਗਸਤ 2015 ਦੇ ਬਾਅਦ ਪ੍ਰਧਾਨ ਮੰਤਰੀ ਦਾ ਸੰਯੁਕਤ ਅਰਬ ਅਮੀਰਾਤ ‘ਚ ਇਹ ਦੂਜਾ ਦੌਰਾ ਹੈ। ਜ਼ਿਕਰਯੋਗ ਹੈ ਕਿ ਵਰਤਮਾਨ ਸਮੇਂ ‘ਚ ਯੂ.ਏ.ਈ. ‘ਚ ਸਿਰਫ ਇਕ ਹੀ ਮੰਦਰ ਹੈ ਜੋ ਦੁਬਈ ‘ਚ ਹੈ।
ਬੀ.ਏ.ਪੀ.ਐੱਸ ਦੇਖੇਗੀ ਮੰਦਰ ਦਾ ਪ੍ਰਬੰਧ—
ਯੂ.ਏ.ਈ.ਦੀ ਸਰਕਾਰ ਨੇ ਆਬੂ ਧਾਬੀ ‘ਚ ਮੰਦਰ ਬਣਾਉਣ ਲਈ 20 ਹਜ਼ਾਰ ਵਰਗ ਮੀਟਰ ਦੀ ਜ਼ਮੀਨ ਦਿੱਤੀ ਹੈ। ਮੰਦਰ ਦੇ ਪ੍ਰਬੰਧਾਂ ਨੂੰ ਬੋਚਾਸਨਵਾਸੀ ਸ਼੍ਰੀ ਅਕਸ਼ਰ ਪੁਰਸ਼ੋਤਮ ਸਵਾਮੀ ਨਾਰਾਇਣ ਸੰਸਥਾ(ਬੀ.ਏ.ਪੀ.ਐੱਸ) ਦੇਖੇਗੀ। ਮੰਦਰ ਦੁਬਈ-ਆਬੂ ਧਾਬੀ ਹਾਈਵੇਅ ‘ਤੇ ਅਬੂ ਮੁਰੇਖਾਹ ‘ਚ ਬਣਾਇਆ ਜਾਵੇਗਾ।
ਇਹ ਹੋਵੇਗੀ ਖਾਸੀਅਤ—
ਇਸ ਮੰਦਰ ‘ਚ ਲੱਗਣ ਵਾਲੇ ਪੱਥਰਾਂ ਦੀ ਨੱਕਾਸ਼ੀ ਦਾ ਕੰਮ ਭਾਰਤ ‘ਚ ਕਾਰੀਗਰਾਂ ਵੱਲੋਂ ਹੋਵੇਗਾ ਅਤੇ ਫਿਰ ਇਨ੍ਹਾਂ ਨੂੰ ਆਬੂ ਧਾਬੀ ਲੈ ਜਾਇਆ ਜਾਵੇਗਾ। ਮੰਦਰ ‘ਚ ਵਿਜੀਟਰ ਸੈਂਟਰ, ਪ੍ਰਾਰਥਨਾ ਹਾਲ, ਪ੍ਰਦਰਸ਼ਨੀ ਲਈ ਸੈਂਟਰ, ਅਧਿਐਨ ਲਈ ਸਥਾਨ, ਬੱਚਿਆਂ ਅਤੇ ਜਵਾਨਾਂ ਦੇ ਖੇਡਣ ਦੀ ਥਾਂ, ਪਾਣੀ ਦੀ ਸੁਵਿਧਾ ਅਤੇ ਭੋਜਨ ਲਈ ਫੂਡ ਕੋਰਟ ਬਣਾਇਆ ਜਾਵੇਗਾ। ਸਾਰੇ ਧਰਮਾਂ ਦੇ ਲੋਕ ਮੰਦਰ ਦੀਆਂ ਇਨ੍ਹਾਂ ਸੁਵਿਧਾਵਾਂ ਦਾ ਲਾਭ ਲੈ ਸਕਣਗੇ।
ਜ਼ਿਕਰਯੋਗ ਹੈ ਕਿ ਬੀ.ਏ.ਪੀ.ਐੱਸ ਦਿੱਲੀ ਸਮੇਤ ਕੈਨੇਡਾ, ਅਮਰੀਕਾ, ਆਸਟਰੇਲੀਆ ਅਤੇ ਯੂਰਪ ‘ਚ ਵੀ ਮੰਦਰਾਂ ਦਾ ਪ੍ਰਬੰਧ ਕਰਦੀ ਹੈ। ਅਕਸ਼ਰਧਾਮ ਮੰਦਰ ਦੁਨੀਆ ‘ਚ ਆਪਣੀ ਬੇਜੋੜ ਖੂਬਸੂਰਤੀ ਅਤੇ ਖਾਸ ਪ੍ਰਬੰਧਾਂ ਕਾਰਨ ਜਾਣਿਆ ਜਾਂਦੇ ਹਨ।
ਇਨ੍ਹਾਂ ਦੇਵੀ-ਦੇਵਤਿਆਂ ਦੀਆਂ ਸਥਾਪਤ ਹੋਣਗੀਆਂ ਮੂਰਤੀਆਂ—
ਮੰਦਰ ‘ਚ ਸ਼੍ਰੀ ਕ੍ਰਿਸ਼ਣ, ਭਗਵਾਨ ਸ਼ਿਵ, (ਸ਼੍ਰੀ ਅਯੱਪਾ) ਭਗਵਾਨ ਵਿਸ਼ਣੂੰ ਜੀ ਦੀਆਂ ਮੂਰਤੀਆਂ ਹੋਣਗੀਆਂ। ਸ਼੍ਰੀ ਅਯੱਪਾ ਜੀ ਨੂੰ ਭਗਵਾਨ ਵਿਸ਼ਣੂੰ ਜੀ ਦਾ ਇਕ ਅਵਤਾਰ ਦੱਸਿਆ ਜਾਂਦਾ ਹੈ ਅਤੇ ਦੱਖਣੀ ਭਾਰਤ ਖਾਸ ਕਰਕੇ ਕੇਰਲ ‘ਚ ਇਨ੍ਹਾਂ ਦੀ ਪੂਜਾ ਹੁੰਦੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੰਦਰ ‘ਚ ਇਕ ਛੋਟਾ ‘ਵਿਰੰਦਾਵਨ’ ਭਾਵ ਬਗੀਚਾ ਤੇ ਫੁਆਰਾ ਵੀ ਹੋਵੇਗਾ।
ਤੁਹਾਨੂੰ ਦੱਸ ਦਈਏ ਕਿ ਯੂ.ਏ.ਈ ‘ਚ ਤਕਰੀਬਨ 26 ਲੱਖ ਭਾਰਤੀ ਰਹਿੰਦੇ ਹਨ ਜੋ ਉੱਥੇ ਦੀ ਆਬਾਦੀ ਦਾ ਲਗਭਗ 30 ਫੀਸਦੀ ਹਿੱਸਾ ਹਨ। ਭਾਰਤੀਆਂ ‘ਚ ਇਸ ਗੱਲ ਨੂੰ ਲੈ ਕੇ ਬਹੁਤ ਉਤਸ਼ਾਹ ਹੈ।