ਮਈ 1980 ਵਿੱਚ ਲੰਡਨ ਵਿੱਚ ਹੋਈ ਕਾਨਫ਼ਰੰਸ ਲਈ ‘ਪੰਜਾਬੀ ਲੇਖਕ ਪ੍ਰਗਤੀਸ਼ੀਲ ਲਿਖਾਰੀ ਸਭਾ(ਗ੍ਰੇਟ ਬ੍ਰਿਟੇਨ) ਵੱਲੋਂ ਪ੍ਰਾਪਤ ਹੋਇਆ ਸੱਦਾ ਪੱਤਰ ਮੈਨੂੰ ਕਿਸੇ ਵੀ ਅੰਤਰ ਰਾਸ਼ਟਰੀ ਕਾਨਫ਼ਰੰਸ ਵਿੱਚ ਸਪਸ਼ਟ ਹੋਣ ਲਈ ਪਹਿਲਾ ਸੱਦਾ ਪੱਤਰ ਸੀ। ਉਸ ਸੱਦੇ ਪੱਤਰ ਦੀ ਪ੍ਰਤੀਕਿਰਿਆ ਵਜੋਂ ਮੈਂ ‘ਮੰਚ’ ਮਾਸਿਕ ਅਗਸਤ 1979 ਦੇ ਅੰਕ ਵਿੱਚ ਇਕ ਪੱਤਰ ਕਾਨਫ਼ਰੰਸਦੇ ਆਯੋਜਕ ਰਣਜੀਤ ਧੀਰ ਨੂੰ ਲਿਖਿਆ ਸੀ ਅਤੇ ਤਰਕ ਦਿੱਤਾ ਸੀ ਕਿ ਪੰਜਾਬੀ ਦੇ ਪ੍ਰਗਤੀਸ਼ੀਲ ਲਿਖਾਰੀ ਅਜਿਹੀ ਕਾਨਫ਼ਰੰਸ ਲਈ 30-30 ਹਜ਼ਾਰ ਰੁਪਿਆ ਕਿਵੇਂ ਖਰਚਣਗੇ। ਉਸ ਸਮੇਂ ਮੈਂ ‘ਮੰਚ ਮਾਸਿਕ’ ਦਾ ਸੰਪਾਦਕ ਸਾਂ ਅਤੇ ਘਰ ਫ਼ੂਕ ਕੇ ਤਮਾਸ਼ਾ ਵੇਖ ਰਿਹਾ ਸੀ ਅਤੇ ਮੇਰੇ ਕੋਲ ਇੰਗਲੈਂਡ ਜਾਣ ਜੋਗੀ ਮਾਇਆ ਵੀ ਨਹੀਂ ਸੀ। ਖੈਰ ਹੋਰ ਬਹੁਤ ਸਾਰੇ ਲੇਖਕਾਂ ਨਾਲ ਡਾ. ਰਣਧੀਰ ਸਿੰਘ ਚੰਦ ਵੀ ਗਿਆ ਸੀ ਅਤੇ ਆ ਕੇ ਉਸ ਨੇ ਕਾਨਫ਼ਰੰਸ ‘ਤੇ ਇਕ ਲੇਖ ਲਿਖਿਆ ਸੀ, ਜਿਸਦਾ ਸਿਰਲੇਖ ਸੀ ‘ਵਿਸ਼ਵ ਸੰਮੇਲਨ-ਇਕ ਸਫ਼ਲ ਪਾਖੰਡ।’ ਇਹ ਲੇਖ ਸਤੰਬਰ 1950 ਦੇ ‘ਮੰਚ’ ਵਿੱਚ ਛਪਿਆਸੀ। ਇਯ ਲੇਖ ਵਿੱਚ ਡਾ. ਚੰਦ ਨੇ ਕੁਝ ਇਸ ਤਰ੍ਹਾਂ ਦੇ ਨਿਰਣੇ ਪੇਸ਼ ਕੀਤੇ ਸਨ:
”ਇੰਗਲੈਂਡ ਵਿੱਚ ਹੋਈ ਕਾਨਫ਼ਰੰਸ ਅਸਲ ਵਿੱਚ ਸੈਰ-ਸਪਾਟੇ ਲਈ ਅਤੇ ਅਮੀਰ ਆਦਮੀਆਂ ਦੇ ਘਰੀਂ ਜਾ ਕੇ ਸ਼ੁਗਲ ਪਾਣੀ ਲਈ ਬਹੁਤ ਢੁਕਵੀਂ ਰਹੀ। ਵਿੱਚਾਰੇ ਪੰਜਾਬੀ ਲੇਖਕ ਆਪਣੇ ਖਰਚੇ ‘ਤੇ ਇੰਨੀ ਸੈਰ ਕਦੇ ਵੀ ਨਹੀਂ ਸਨ ਕਰ ਸਕਦੇ ਤੇ ਇੰਨੀ ਵਧੀਆ ਦਾਰੂ ਸੁਪਨੇ ਵਿੱਚ ਵੀ ਨਹੀਂ ਸਨ ਪੀ ਸਕਦੇ। ਇਸ ਕਾਨਫ਼ਰੰਸ ਬਾਰੇ ਇੰਗਲੈਂਡ ਦੇ ਸਪਤਾਹਿਕ ਪੱਤਰ ਦੇਸ਼ ਪ੍ਰਦੇਸ ਨੇ ਟਿੱਪਣੀ ਕਰਦਿਆਂ ਲਿਖਿਆ ਸੀ ਕਿ ”ਟ੍ਰੈਜਿਡੀ ਤਾਂ ਇਹ ਹੈ ਕਿ ਸਿਰਫ਼ ਇਕ-ਦੋ ਬੰਦਿਆਂ ਨੇ ਸਸਤੀ ਕਿਸਮ ਦੀ ਪਬਲੀਸਿਟੀ ਹਾਸਲ ਕਰਨ ਲਈ ਇੰਗਲੈਂਡ ਦੇ ਸਮੂਹ ਪੰਜਾਬੀਆਂ, ਇੱਥੋਂ ਦੇ ਕੁੱਲ ਗੁਰਦੁਆਰਿਆਂ ‘ਤੇ ਮਹਾਨ ਸਾਹਿਤਕਾਰਾਂ ਨੂੰ ਵਰਤਿਆ। ਸਮਾਗਮ ਸਮੇਂ ਹਾਜ਼ਰੀ ਮਸਾਂ 40-50 ਆਦਮੀਆਂ ਦੀ ਹੁੰਦੀ ਸੀ। ਪੰਜਾਬ ਵਿੱਚ ਕੋਈ ਮਾੜੀ ਤੋਂ ਮਾੜੀ ਸਾਹਿਤ ਸਭਾ ਵੀ ਇਸ ਤੋਂ ਵਧੀਆ ਸਾਹਿਤ ਸਮਾਗਮ ਕਰ ਲੈਂਦੀ ਹੈ। ਜਿੱਥੋਂ ਤੱਕ ਇਸ ਸੰਮੇਲਨ ਦੀ ਸਾਹਿਤਕ ਪ੍ਰਾਪਤੀ ਦਾ ਸਬੰਧ ਹੁੰਦਾ ਹੈ, ਉਹ ਤਾਂ ਨਾ ਹੋਣ ਦੇ ਬਰਾਬਰ ਹੈ। ਸੈਰ-ਸਪਾਟਾ, ਮੌਜ-ਮੇਲਾ, ਪ੍ਰਬੰਧਕਾਂ ਦੀ ਪਬਲੀਸਿਟੀ ਤੇ ਆਰਥਿਕ ਲਾਭ ਕੁ ਪ੍ਰਾਪਤੀਆਂ ਅਵੱਸ਼ ਹਨ।’
ਸਾਡੀਆਂ ਬਹੁਤ ਸਾਰੀਆਂ ਵਿਸ਼ਵ ਕਾਨਫ਼ਰੰਸਾਂ ਬਾਰੇ ਡਾ. ਰਣਧੀਰ ਸਿੰਘ ਚੰਦ ਦੀ ਅੱਜ ਤੋਂ 37 ਵਰ੍ਹੇ ਪਹਿਲਾਂ ਕੀਤੀ ਟਿੱਪਣੀ ਪੂਰੀ ਸਾਰਥਕ ਜਾਪਦੀ ਹੈ। ਮੈਂ 1980 ਤੋਂ ਲੈ ਕੇ ਹਰ ਪੰਜਾਬੀ ਵਿਸ਼ਵ ਕਾਨਫ਼ਰੰਸ ਨਾਲ ਕਿਸੇ ਨਾ ਕਿਸੇ ਤਰ੍ਹਾਂ ਜੁੜਿਆ ਰਿਹਾ। ਜੇ ਮੈਂ ਕਿਤੇ ਹਾਜ਼ਰ ਨਹੀਂ ਹੋ ਸਕਿਆ ਤਾਂ ਹੋਰ ਸਰੋਤਾਂ ਤੋਂ ਜਾਣਕਾਰੀ ਇਕੱਠੀ ਕਰਕੇ ਕਿਸੇ ਨਾ ਕਿਸੇ ਨਿਰਣੇ ‘ਤੇ ਜ਼ਰੂਰ ਪਹੁੰਚਿਆ। 1983 ਵਿੱਚ ਬੈਂਕਾਕ ਵਿੱਚ ਹੋਈ ਕਾਨਫ਼ਰੰਸ ਅਤੇ ਉਸ ਤੋਂ ਬਾਅਦ ਦਿੱਲੀ ਵਿੱਚ ਡਾ. ਵਿਸ਼ਵਨਾਥ ਤਿਵਾੜੀ ਦੀ ਅਗਵਾਈ ਵਿੱਚ ਹੋਈ ਕਾਨਫ਼ਰੰਸ। ਦਰਸ਼ਨ ਸਿੰਘ ਧਾਲੀਵਾਲ ਵੱਲੋਂ ਮਿਲਵਾਕੀ ਵਿੱਚ ਕਰਵਾਈ ਕਾਨਫ਼ਰੰਸ ਅਤੇ ਜਗਦੇਵ ਨਿੱਝਰ ਵੱਲੋਂ ਟਰਾਂਟੋ ਵਿੱਚ ਆਯੋਜਿਤ ਕੀਤੀ ਕਾਨਫ਼ਰੰਸ ਇਸੇ ਤਰ੍ਹਾਂ ਮੁੱਖ ਪ੍ਰਬੰਧਕ ਅਮੀਨ ਮਲਿਕ ਵੱਲੋਂ ਜੂਨ 2002 ਵਿੱਚ ਇੰਗਲੈਂਡ ਵਿੱਚ ਕਰਵਾਈ ਗਈ ਪੰਜਾਬੀ ਕਾਨਫ਼ਰੰਸ ਬਾਰੇ ਵੀ ਮੈਂ ਲਿਖਿਆ ਸੀ। ਇਹਨਾਂ ਵਿੱਚੋਂ ਕਾਨਫ਼ਰੰਸਾਂ ਵਿੱਚੋਂ ਹੋਈਆਂ ਸਾਹਿਤਕ ਪ੍ਰਾਪਤੀਆਂ ਦਾ ਲੇਖਾ-ਜੋਖਾ ਨਿਰਪੱਖ ਹੋ ਕੇ ਕਰਨਾ ਬਣਦਾ ਸੀ, ਜੋ ਨਹੀਂ ਹੋ ਸਕਿਆ। ਫ਼ਿਰ 24-26 ਜੁਲਾਈ 2009 ਨੂੰ ਟਰਾਂਟੋ ਵਿਖੇ ‘ਅਜੀਤ ਵੀਕਲੀ’ ਦੇ ਸੰਪਾਦਕ ਡਾ. ਦਰਸ਼ਨ ਸਿੰਘ ਬੈਂਸ ਵੱਲੋਂ ਕਰਵਾਈ ਗਈ ਕਾਨਫ਼ਰੰਸ ਵਿੱਚ ਮੈਂ ਪੂਰੀ ਸਰਗਰਮੀ ਨਾਲ ਸ਼ਾਮਲ ਹੋਇਆ ਸੀ ਅਤੇ ਉਸ ਤੋਂ ਬਾਅਦ 2011 ਅਤੇ 2015 ਵਾਲੀ ਕਾਨਫ਼ਰੰਸ ਵਿੱਚ ਵੀ ਹਾਜ਼ਰੀ ਭਰੀ ਸੀ। ਇਹ ਕਾਨਫ਼ਰੰਸ ਹੋਰ ਕਾਨਫ਼ਰੰਸਾਂ ਦੇ ਮੁਕਾਬਲੇ ਇਸ ਕਰਕੇ ਸਫ਼ਲ ਕਹੀ ਜਾ ਸਕਦੀ ਹੈ ਕਿ ਇਸ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਲੇਖਕ ਅਤੇ ਸਾਹਿਤਕਾਰ ਆਪਣੇ ਆਪਣੇ ਖੇਤਰ ਦੇ ਗੰਭੀਰ ਚਿੰਤਕ ਅਤੇ ਬੁੱਧੀਜੀਵੀ ਪ੍ਰਵਾਨ ਕੀਤੇ ਜਾਂਦੇ ਹਨ।
ਟਰਾਂਟੋ 2009 ਵਾਲੀ ਕਾਨਫ਼ਰੰਸ ਤੋਂ ਬਾਅਦ ਪੰਜਾਬੀ ਵਿਸ਼ਵ ਕਾਨਫ਼ਰੰਸਾਂ ਦਾ ਅਜਿਹਾ ਸਿਲਸਿਲਾ ਸ਼ੁਰੂ ਹੋਇਆ ਕਿ ਪੰਜਾਬੀ ਵਿਸ਼ਵ ਕਾਨਫ਼ਰੰਸਾਂ ਦਾ ਜਿਵੇਂ ਹੜ੍ਹ ਹੀ ਆ ਗਿਆ ਹੋਵੇ। ਪੰਜਾਬ ਵਿੱਚ ਜਦੋਂ ਸਰਦੀ ਦੇ ਮੌਸਮ ਵਿੱਚ ਕਨੇਡੀਅਨ ਅਤੇ ਅਮਰੀਕਨ ਪੰਜਾਬੀ ਪੰਜਾਬ ਆਉਂਦੇ ਹਨ ਤਾਂ ਉਹਨਾਂ ਦੀ ਹਾਜ਼ਰੀ ਸਦਕਾ ਸਾਡੀ ਹਰ ਛੋਟੀ-ਵੱਡੀ ਸਾਹਿਤਕ ਇਕੱਤਰਤਾ ਵਿਸ਼ਵ ਕਾਨਫ਼ਰੰਸ ਵਿੱਚ ਬਦਲ ਜਾਂਦੀ ਹੈ। ਕਈ ਵਾਰ ਤਾਂ ਵਿਸ਼ਵ ਕਾਨਫ਼ਰੰਸ ਦਾ ਇਕੋ ਹੀ ਸੈਸ਼ਨ ਹੁੰਦਾ ਹੈ, ਜਿਸਨੂੰ ਉਦਘਾਟਨੀ ਸੈਸ਼ਨ ਆਖਦੇ ਹਾਂ। ਕਿਸੇ ਪ੍ਰਭਾਵਸ਼ਾਲੀ ਸਿਆਸੀ ਸ਼ਖਸੀਅਤ ਨੂੰ ਮੁੱਖ ਮਹਿਮਾਨ ਦੇ ਤੌਰ ‘ਤੇ ਬੁਲਾ ਕੇ ਬਾਹਰੋਂ ਆਏ ਮਹਿਮਾਨਾਂ ਦੇ ਗਲ਼ ਵਿੱਚ ਲੋਈਆਂ ਦੇ ਸਨਮਾਨ ਪਾ ਦਿੱਤੇ ਜਾਂਦੇ ਹਨ। ਪ੍ਰਬੰਧਕ, ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਭਾਸ਼ਣ ਦਿੰਦੇ ਹਨ, ਮੀਡੀਆ ਕਵਰੇਜ਼ ਹੁੰਦੀ ਹੈ ਅਤੇ ਵਿਸ਼ਵ ਕਾਨਫ਼ਰੰਸ ਹੋ ਜਾਂਦੀ ਹੈ। ਕਾਲਜ ਪੱਧਰ ਦੇ ਸੈਮੀਨਾਰ ਵੀ ਅੰਤਰ ਰਾਸ਼ਟਰੀ ਪੰਜਾਬੀ ਕਾਨਫ਼ਰੰਸਾਂ ਦਾ ਰੂਪ ਧਾਰ ਗਏ ਹਨ। ਹਰ ਰੋਜ਼ ਅਜਿਹੀਆਂ ਕਾਨਫ਼ਰੰਸਾਂ ਦੀ ਗਿਣਤੀ ਵੱਧ ਰਹੀ ਹੈ। ਯੂਨੀਵਰਸਿਟੀਆਂ ਅਤੇ ਕਾਲਜਾਂ ਤੋਂ ਇਲਾਵਾ ਹੋਰ ਅਦਾਰੇ ਵੀ ਇਸ ਪਾਸੇ ਧਿਆਨ ਦੇਣ ਲੱਗੇ ਹਨ। ਇਕ ਗੱਲੋਂ ਤਾਂ ਇਹ ਤਸੱਲੀ ਵਾਲੀ ਗੱਲ ਹੈ ਕਿ ਅਸੀਂ ਆਪਣੀ ਮਾਂ-ਬੋਲੀ ਦੇ ਭਵਿੱਖ ਬਾਰੇ ਸੁਚੇਤ ਹੋ ਰਹੇ ਹਾਂ। ਸਵਾਲ ਇਹ ਉਠਦਾ ਹੈ ਕਿ ਸੱਚਮੁਚ ਹੀ ਇਹਨਾਂ ਕਾਨਫ਼ਰੰਸਾਂ ਦਾ ਪੰਜਾਬੀ ਸਾਹਿਤ ਨੂੰ ਪ੍ਰਫ਼ੁੱਲਿਤ ਕਰਨ ਵਿੱਚ ਕੋਈ ਯੋਗਦਾਨ ਹੈ ਵੀ? ਦੂਜੇ ਪਾਸੇ ਇਹ ਵੀ ਸੋਚਿਆ ਜਾ ਸਕਦਾ ਹੈ ਕਿ ਅਸੀਂ ਕਾਨਫ਼ਰੰਸਾਂ ਦੀ ਗਿਣਤੀ ਵਧਾਉਣ ਦੀ ਬਜਾਏ ਗੁਣਾਤਮਕ ਪੱਧਰ ‘ਤੇ ਗੰਭੀਰ ਹੋਈਏ।ਜੋ ਖਰਚਾ ਅਤੇ ਸਾਧਨ ਅਸੀਂ ਕਾਨਫ਼ਰੰਸਾਂ ‘ਤੇ ਖਰਚਦੇ ਹਾਂ, ਉਸਦੀ ਥਾਂ ‘ਤੇ ਪੰਜਾਬੀ ਸਾਹਿਤਕਾਰਾਂ ਨੂੰ ਵੱਡੀ ਰਾਸ਼ੀ ਵਾਲੇ ਕੁਝ ਸਨਮਾਨ ਦੇਣ ਦੇ ਸਮਰੱਥ ਬਣੀਏ ਤਾਂ ਜੋ ਚੰਗਾ ਸਾਹਿਤ ਰਚਣ ਦੀ ਪ੍ਰੇਰਨਾ ਮਿਲੇ।
ਹਮਾਰੀ ਪਗੜੀ ਹੈ, ਯੇ ਸਰ ਕੇ ਸਾਥ ਹੀ ਉਤਰੇਗੀ
ਸਿੱਖ ਪੰਥ ਦੇ ਸਵੈਮਾਣ ਅਤੇ ਸਿੱਖੀ ਦੇ ਗੌਰਵ ਦੀ ਪਹਿਚਾਣ ਹੈ ਦਸਤਾਰ। ਸਿੱਖੀ ਵਿੱਚ ਦਸਤਾਰ ਦੇ ਸਤਿਕਾਰ ਦੀ ਕਹਾਣੀ ਸਿੱਖ ਧਰਮ ਦੇ ਜਨਮ ਜਿੰਨੀ ਹੀ ਪੁਰਾਣੀ ਹੈ। ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਬਾਲਪਣ ਤੋਂ ਹੀ ਸਿਰ ‘ਤੇ ਦਸਤਾਰ ਸਜਾਉਂਦੇ ਸਨ। ਜਨਮ ਸਾਖੀਆਂ ਅਨੁਸਾਰ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਪੂਰਬ ਵੱਲ ਗਏ ਤਾਂ ਬਿਸ਼ੰਭਪੁਰ ਨਗਰ ਵਿਖੇ ਉਹਨਾਂ ਦਾ ਮਿਲਾਪ ਸਾਲਸ ਰਾਏ ਜੌਹਰੀ ਨਾਲ ਹੋਇਆ। ਉਸਦੀ ਸ਼ਰਧਾ ਵੇਖ ਕੇ ਬਾਬਾ ਨਾਨਕ ਨੇ ਉਸਨੂੰ ਦਸਤਾਰ ਬਖਸ਼ਿਸ਼ ਕੀਤੀ ਅਤੇ ਸਿੱਖ ਧਰਮ ਦਾ ਪ੍ਰਚਾਰਕ ਨਿਯੁਕਤ ਕੀਤਾ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮਕਾਲੀ ਵਿਦਵਾਨ ਮੋਹਸਿਨ ਫ਼ਾਨੀ ਆਪਣੀ ਕਿਤਾਬ ‘ਦਬਿਸਤਾਨ ਮਜ਼ਾਹਬ’ ਵਿੱਚ ਲਿਖਦਾ ਹੈ:
ਦਰ ਹੰਗਾਮੇ ਰੁਖਸਤ ਹਰ ਕਦਾਮੇ, ਅਜ਼ ਮਸੰਦਾ ਕਾ ਗੁਰੂ
ਦਸਤਾਰ-ਇ-ਅਨਾਇਕ ਕੁਨੰਦ
ਵਿਸਾਖੀ ਵਾਲੇ ਦਿਨ ਦਰਸ਼ਨ ਕਰਨ ਆਏ ਮਸੰਦਾਂ ਨੂੰ ਦਸਤਾਰ ਦੀ ਬਖਸ਼ਿਸ਼ ਕਰਕੇ ਵਿਦਾ ਕੀਤਾ ਜਾਂਦਾ ਸੀ।
ਇਸੇ ਤਰ੍ਹਾਂ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਿੰਘ ਦੇ ਦਰਬਾਰੀ ਢਾਡੀ ਭਾਈ ਅਬਦੁੱਲਾ ਜੀ ਤੇ ਭਾਈ ਨੱਥ ਮੱਲ ਜੀ ਗੁਰੂ ਸਾਹਿਬ ਦੀ ਦਸਤਾਰ ਦੀ ਸ਼ੋਭਾ ਬਿਆਨਦੇ ਹੋਏ ਲਿਖਦੇ ਹਨ:
ਦੋ ਤਲਵਾਰੀ ਬਧੀਆਂ, ਇਕ ਮੀਰ ਦੀ ਇਕ ਪੀਰ ਦੀ
ਇਕ ਅਜ਼ਮਤ ਦੀ ਇਕ ਰਾਜ ਦੀ, ਇਕ ਰਾਖੀ ਕਰੇ ਵਜ਼ੀਰ ਦੀ
ਪੱਗ ਤੇਰੀ, ਕੀ ਜਹਾਂਗੀਰ ਦੀ।
ਦਸਵੇਂ ਪਾਤਸ਼ਾਹ ਨੇ ਤਾਂ 1699 ਦੀ ਵਿਸਾਖੀ ਵਾਲੇ ਦਿਨ ਦਸਤਾਰ ਨੂੰ ਸਿੱਖੀ ਅਨਿਖੜਵਾਂ ਅੰਗ ਬਣਾ ਦਿੱਤਾ। ਇਸਦਾ ਜ਼ਿਕਰ ਭਾਈ ਦੇਸਾ ਸਿੰਘ, ਭਾਈ ਦਯਾ ਸਿੰਘ ਦੇ ਰਹਿਤਨਾਮਿਆਂ ਤੋਂ ਇਲਾਵਾ ਭਾਈ ਨੰਦ ਲਾਲ ਜੀ ਦੇ ਤਨਖਾਹਨਾਮੇ ਅਤੇ ਗਿਆਨੀ ਗਿਆਨ ਸਿੰਘ ਜੀ ਦੇ ਪੰਥ ਪ੍ਰਕਾਸ਼ ਵਿੱਚ ਮਿਲਦਾ ਹੈ। ਭਾੲ. ਢਾਉਪਾ ਸਿੰਘ ਨੇ ਵੀ ਦਸਤਾਰ ਬਾਰੇ ਲਿਖਿਆ ਹੈ:
ਪੱਗ ਰਾਤੀ ਲਾਹਕਿ ਸੋਵੇ, ਸੋ ਭੀ ਤਨਖਾਹੀਆ
ਨੰਗੇ ਕੇਸੀ ਫ਼ਿਰੇ, ਰਵਾਲ ਪਾਏ, ਸੋ ਭੀ ਤਨਖਾਹੀਆ
ਨੰਗੇ ਕੇਸੀ ਮਾਰਗ ਟੁਰੇ, ਜੋ ਤਨਖਾਹੀਆ
ਨੰਗੇ ਕੇਸੀ ਭੋਜਨ ਕਰੇ, ਸੋ ਤਨਖਾਹੀਆ।
ਉਕਤ ਚਰਚਾ ਤੋਂ ਸਪਸ਼ਟ ਹੈ ਕਿ ਦਸਤਾਰ ਤੋਂ ਬਿਨਾਂ ਸਿੱਖੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਸ ਬਾਰੇ ਸ਼ਾਇਰ ਖੁਸ਼ਬੀਰ ਸਿੰਘ ਸ਼ਾਦ ਠੀਕ ਹੀ ਕਹਿੰਦਾ ਹੈ:
ਯੇ ਤੇਰਾ ਤਾਜ ਨਹੀਂ ਹੈ ਹਮਾਰੀ ਪਗੜੀ ਹੈ
ਯੇ ਸਰ ਕੇ ਸਾਥ ਹੀ ਉਤਰੇਗੀ ਸਰ ਕਾ ਹਿੱਸਾ ਹੈ।
ਜਿਸ ਦਸਤਾਰ ਲਈ ਸਿੱਖ ਕੌਮ ਨੇ ਹਜ਼ਾਰਾਂ ਸਿਰਾਂ ਦੀਆਂ ਕੁਰਬਾਨੀਆਂ ਕੀਤੀਆਂ ਅੱਜ ਫ਼ਿਰ ਉਸਨੂੰ ਆਪਣਿਆਂ ਅਤੇ ਬਾਹਰਲਿਆਂ ਤੋਂ ਵੱਡਾ ਖਤਰਾ ਹੈ। ਅੱਜ ਜਦੋਂ ਸਿੱਖ ਸਰਦਾਰ ਸਾਰੇ ਵਿਸ਼ਵ ਵਿੱਚ ਵੱਸ ਗਏ ਹਨ ਅਤੇ ਸਿੱਖ ਕੌਮ ਪੂਰੀ ਤਰ੍ਹਾਂ ਗਲੋਬਲ ਹੋ ਗਈ ਹੈ। ਇਹਨਾਂ ਦਿਨਾਂ ਵਿੱਚ ਅਮਰੀਕਾ, ਫ਼ਰਾਂਸ ਅਤੇ ਇੰਗਲੈਂਡ ਆਦਿ ਦੇਸ਼ਾਂ ਦੇ ਹਵਾਈ ਅੱਡਿਆਂ ‘ਤੇ ਪੱਗ ਉਤਾਰ ਕੇ ਤਲਾਸ਼ੀ ਲੈਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। 9-11 ਦੇ ਹਮਲੇ ਤੋਂ ਬਾਅਦ ਸਿੱਖਾਂ ਨੂੰ ਮੁਸਲਮਾਨ ਸਮਝ ਨਫ਼ਰਤ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਦਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ 10 ਵਰ੍ਹੇ ਤੱਕ ਆਪਣੇ ਅਹੁਦੇ ‘ਤੇ ਬਿਰਾਜਮਾਨ ਰਿਹਾ ਪਰ ਅਸੀਂ ਦੁਨੀਆਂ ਨੂੰ ਆਪਣੀ ਵੱਖਰੀ ਪਹਿਚਾਣ ਸਮਝਾਉਣ ਵਿੱਚ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋਏ। ਇਸ ਮੰਤਵ ਨੂੰ ਲੈ ਕੇ ਬਹੁਤ ਸਾਰੀਆਂ ਸੰਸਥਾਵਾਂ ਅਤੇ ਲੋਕ ਸਰਗਰਮ ਹਨ। ਇਸ ਤਰ੍ਹਾਂ ਦਾ ਇਕ ਸਖਸ਼ ਕੌਮਾਂਤਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਹੈ ਜੋ ਪਿਛਲੇ 12 ਵਰ੍ਹਿਆਂ ਤੋਂ ਦਸਤਾਰ ਦੀ ਸੰਭਾਲ ਨੂੰ ਲੈ ਕੇ ਆਪਣੀ ਕਲਮ ਨਾਲ ਵਿਸ਼ਵ ਨੂੰ ਜਾਗਰਿਤ ਕਰਨ ਲੱਗਿਆ ਹੋਇਆ ਹੈ। ਪਟਿਆਲੇ ਲਾਗੇ ਮਜਾਲ ਖੁਰਦ ਵਿੱਚ ਪੈਦਾ ਹੋਇਆ ਸ਼ੇਰਗਿੱਲ ਭਾਵੇਂ ਇੰਗਲੈਂਡ ਦੀ ਧਰਤੀ ਨੂੰ ਕਰਮ ਭੂਮੀ ਬਣਾ ਕੇ ਵਿੱਚਰ ਰਿਹਾ ਹੈ, ਪਰ ਉਨੀ ਹੀ ਸ਼ਿੱਦਤ ਨਾਲ ਆਪਣੀ ਮਿੱਟੀ ਨਾਲ ਜੁੜਿਆ ਹੋਇਆ ਹੈ। 2005 ਵਿੱਚ ਫ਼ਰਾਂਸ ਦੇ ਸਕੂਲਾਂ ਵਿੱਚ ਦਸਤਾਰ ਦੀ ਮਨਾਹੀ ਹੋਈ ਸੀ, ਉਸ ਸਮੇਂ ਤੋਂ ਲੈ ਕੇ ਨਰਪਾਲ ਸਿੰਘ ਸ਼ੇਰਗਿੱਲ ਹਰ ਤਰ੍ਹਾਂ ਦੇ ਮੰਚ ਉਪਰ ਦਸਤਾਰ ਦੀ ਸਰਦਾਰੀ ਅਤੇ ਸਰਦਾਰਾਂ ਦੀ ਦਸਤਾਰ ਉਪਰ ਲਿਖ ਕੇ ਬੋਲ ਰਿਹਾ ਹੈ। ਮੈਂ ਨਰਪਾਲ ਸਿੰਘ ਸ਼ੇਰਗਿੱਲ ਦੇ ਅਣਥੱਕ ਯਤਨਾਂ ਦੀ ਭਰਪੂਰ ਪ੍ਰਸੰਸਾ ਕਰਦਾ ਹਾਂ।