ਹਰਸਿਮਰਤ ਵੱਲੋਂ ਦੂਜੀ ਬਠਿੰਡਾ-ਜੰਮੂ ਉਡਾਣ ਸ਼ੁਰੂ ਕਰਨ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ

ਚੰਡੀਗੜ : ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ 25 ਮਾਰਚ ਤੋਂ ਦੂਜੀ ਬਠਿੰਡਾ-ਜੰਮੂ ਉਡਾਣ ਸ਼ੁਰੂ ਕਰਨ ਵਾਸਤੇ ਹਰੀ ਝੰਡੀ ਦੇਣ ਲਈ ਅੱਜ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਸਿਵਲ ਆਵਾਜਾਈ ਮੰਤਰਾਲੇ ਦਾ ਧੰਨਵਾਦ ਕੀਤਾ ਹੈ।
ਇਹ ਟਿੱਪਣੀ ਕਰਦਿਆਂ ਕਿ ਇਸ ਦੀ ਬਹੁਤ ਜ਼ਿਆਦਾ ਲੋੜ ਸੀ, ਕੇਂਦਰੀ ਮੰਤਰੀ ਨੇ ਕਿਹਾ ਕਿ ਜੰਮੂ ਵਾਸਤੇ ਦੂਜੀ ਉਡਾਣ ਸ਼ੁਰੂ ਹੋਣ ਨਾਲ ਬਠਿੰਡਾ ਇੱਕ ਵਪਾਰ ਅਤੇ ਉਦਯੋਗਿਕ ਗੜ• ਵਜੋਂ ਹੋਰ ਮਜ਼ਬੂਤ ਹੋ ਕੇ ਉਭਰੇਗਾ। ਉਹਨਾਂ ਕਿਹਾ ਕਿ ਇਸ ਉਡਾਣ ਨਾਲ ਪੰਜਾਬ ਦੇ ਮਾਲਵਾ ਖੇਤਰ ਅਤੇ ਗੁਆਂਢੀ ਰਾਜਾਂ ਹਰਿਆਣਾ ਅਤੇ ਰਾਜਸਥਾਨ ਦੇ ਹਜ਼ਾਰਾਂ ਸ਼ਰਧਾਲੂਆਂ ਨੂੰ ਵੈਸ਼ਨੂੰ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਸਤੇ ਸੌਖ ਹੋ ਜਾਵੇਗੀ।
ਬਠਿੰਡਾ ਸਾਂਸਦ ਨੇ ਦੂਜੀ ਉਡਾਣ ਸ਼ੁਰੂ ਕਰਨ ਲਈ ਸਿਵਲ ਆਵਾਜਾਈ ਮੰਤਰੀ ਅਸ਼ੋਕ ਗਜਾਪਥੀ ਰਾਜੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਦਿੱਲੀ-ਬਠਿੰਡਾ- ਜੰਮੂ ਵਿਚਕਾਰ ਪਹਿਲਾ ਹਵਾਈ ਸੰਪਰਕ ਐਨਡੀਏ ਸਰਕਾਰ ਵੱਲੋਂ 2016 ਵਿਚ ਸ਼ੁਰੂ ਕੀਤਾ ਗਿਅ ਸੀ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਯੂਪੀਏ ਹਕੂਮਤ ਦੌਰਾਨ ਉਡਾਣਾਂ ਸ਼ੁਰੂ ਕਰਨਾ ਤਾਂ ਦੂਰ ਦੀ ਗੱਲ, ਉਹਨਾਂ ਹਵਾਈ ਅੱਡੇ ਦਾ ਉਦਘਾਟਨ ਵੀ ਮੁਲਤਵੀ ਕਰ ਦਿੱਤਾ ਸੀ।
ਬਠਿੰਡਾ ਸਾਂਸਦ ਨੇ ਕਿਹਾ ਕਿ ਉਹ ਬਠਿੰਡਾ ਤੋਂ ਹੋਰ ਵਧੇਰੇ ਉਡਾਣਾਂ ਸ਼ੁਰੂ ਕਰਵਾਉਣ ਲੰਬੇ ਸਮੇਂ ਤੋਂ ਯਤਨ ਕਰ ਦੇ ਆ ਰਹੇ ਹਨ। ਉਹਨਾਂ ਕਿਹਾ ਕਿ ਸ਼ੁਰੂ ਵਿਚ ਇੰਡਸਟਰੀ ਅਤੇ ਹੋਟਲ ਐਸੋਸੀਏਸ਼ਨ ਤੋਂ ਇਲਾਵਾ ਆਰਮੀ ਅਤੇ ਏਅਰਫੋਰਸ ਦੇ ਨੁੰਮਾਇਦਿਆਂ ਨੇ ਬਠਿੰਡਾ-ਦਿੱਲੀ ਉਡਾਣ ਸ਼ੁਰੂ ਕਰਨ ਦੀ ਵਕਾਲਤ ਕੀਤੀ ਸੀ। ਬਾਅਦ ਵਿਚ ਪੰਜਾਬ ਦੇ ਮਾਲਵਾ ਖੇਤਰ ਅਤੇ ਸਿਰਸਾ ਤੇ ਸ੍ਰੀ ਗੰਗਾਨਗਰ ਤੋਂ ਵੈਸ਼ਨੂੰ ਦੇਵੀ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂਆਂ ਨੇ ਇਹ ਸੇਵਾ ਜੰਮੂ ਤਕ ਵਧਾਏ ਜਾਣ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਇਹ ਗੱਲ ਬਹੁਤ ਸਤੁੰਸ਼ਟੀ ਦਿੰਦੀ ਹੈ ਕਿ ਅੱਗੇ ਵਧ ਗਏ ਹਾਂ ਅਤੇ ਹੁਣ ਜੰਮੂ ਨਾਲ ਹਵਾਈ ਸੰਪਰਕ ਕਾਇਮ ਕਰਨ ਵਾਲੀ ਉਡਾਣ ਅਗਲੇ ਮਹੀਨੇ ਸ਼ੁਰੂ ਹੋਣ ਜਾ ਰਹੀ ਹੈ। ਇਸ ਨਾਲ ਉਹਨਾਂ ਸ਼ਰਧਾਲੂਆਂ ਨੂੰ ਫਾਇਦਾ ਹੋਵੇਗਾ, ਜਿਹਨਾਂ ਨੂੰ ਸੜਕ ਜਾਂ ਰੇਲ ਗੱਡੀ ਦੇ ਰਸਤੇ ਵੈਸ਼ਨੂੰ ਦੇਵੀ ਜਾਣ ਲਈ 8 ਤੋਂ 9 ਘੰਟੇ ਦਾ ਸਫਰ ਕਰਨਾ ਪੈਂਦਾ ਸੀ।
ਬੀਬੀ ਬਾਦਲ ਨੇ ਕਿਹਾ ਕਿ ਉਹ ਬਠਿੰਡਾ ਤੋਂ ਨਾਂਦੇੜ ਵਾਸਤੇ ਉਡਾਣ ਸ਼ੁਰੂ ਕਰਵਾਉਣ ਲਈ ਪੂਰਾ ਜ਼ੋਰ ਲਗਾ ਰਹੇ ਹਨ ਤਾਂ ਕਿ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਆਸਾਨੀ ਹੋਵੇ।