ਬਜਟ ਵਿੱਚ ਸਿੱਖਿਆ ਖੇਤਰ ਲਈ ਕੋਈ ਦੁਰਦਰਸ਼ੀ ਸੋਚ ਨਹੀਂ – ਅਰੁਨਾ ਚੌਧਰੀ

ਪੰਜਾਬ ਨੂੰ ਕੁਝ ਨਹੀਂ ਦਿੱਤਾ ਗਿਆ
ਚੰਡੀਗੜ੍ਹ – ਪੰਜਾਬ ਦੀ ਸਿੱਖਿਆ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਕੇਂਦਰੀ ਬਜਟ ਨੂੰ ਦੂਰਦਰਸ਼ੀ ਸੋਚ ਤੋਂ ਵਾਂਝਾ ਕਰਾਰ ਦਿੱਤਾ ਹੈ, ਖਾਸ ਕਰਕੇ ਸਿੱਖਿਆ ਦੇ ਖੇਤਰ ਵੱਲ ਓਕਾ ਹੀ ਧਿਆਨ ਨਹੀਂ ਦਿੱਤਾ ਗਿਆ ਹੈ। ਅਤੇ ਸੂਬਾ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਨੂੰ ਵਧਾਵਾ ਦੇਣ ਦੀਆਂ ਨਵੀਆਂ ਪਹਿਲਕਦਮੀਆਂ ਨੂੰ ਕੇਂਦਰ ਸਰਕਾਰ ਵੱਲੋਂ ਨਿਰਾਸ਼ਾ ਹੀ ਮਿਲੀ ਹੈ।
ਅੱਜ ਆਪਣੇ ਬਿਆਨ ਵਿੱਚ ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਬਜਟ ਵਿੱਚ ਕੁਝ ਨਹੀਂ ਦਿੱਤਾ ਗਿਆ ਅਤੇ ਸੂਬਾ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਨੂੰ ਪ੍ਰੋਤਸਾਹਨ ਦੇਣ ਦੀਆਂ ਨਵੀਆਂ ਪਹਿਲਕਦਮੀਆਂ ਨੂੰ ਕੇਂਦਰ ਸਰਕਾਰ ਵੱਲੋਂ ਸਿਰਫ ਨਿਰਾਸ਼ਾ ਹੀ ਮਿਲੀ ਹੈ। ਬਜਟ ‘ਤੇ ਮੰਤਰੀ ਨੇ ਕਿਹਾ ਕਿ ਪਿਛਲੇ ਬਜਟ ਦੇ ਮੁਕਾਬਲੇ ਸਿੱਖਿਆ ਖੇਤਰ ਵਿੱਚ ਇਸ ਵਾਰ ਸਿਰਫ 6.68 ਫੀਸਦੀ ਵਾਧਾ ਕੀਤਾ ਗਿਆ ਹੈ ਜੋ ਕੇਂਦਰ ਸਰਕਾਰ ਦੇ ਮਨਸੂਬੇ ਉਜਾਗਰ ਕਰਦਾ ਹੈ ਅਤੇ ਇਕ ਮਹਤਵਪੂਰਨ ਪ੍ਰਸ਼ਨ ਉੱਠਦਾ ਹੈ ਕਿ ਇਸ ਛੋਟੇ ਜਿਹੇ ਵਾਧੇ ਨਾਲ ਨਵੇਂ ਪ੍ਰਸਾਵਿਤ ਕੀਤੇ ਏਕਲਵਯ ਮਾਡਲ ਰਿਹਾਇਸ਼ੀ ਸਕੂਲ ਦਾ ਸੁਚੱਜਾ ਪ੍ਰਬੰਧਨ ਕਿਵੇਂ ਕੀਤਾ ਜਾ ਸਕਦਾ ਹੈ।
ਬਜਟ ਦੀ ਆਲੋਚਨਾ ਕਰਦਿਆਂ ਸ੍ਰੀਮਤੀ ਚੌਧਰੀ ਨੇ ਕਿਹਾ ਕਿ ਬਜਟ ਵਿੱਚ ਵਧੀਆ ਸੰਸਥਾਵਾਂ ਬਣਾਉਣ ਨੂੰ ਪ੍ਰਸਤਾਵਿਤ ਕਰਨ ਨਾਲ ਕੋਈ ਫਾਇਦਾ ਨਹੀਂ ਹੋਵੇਗਾ, ਸਗੋਂ ਚਲ ਰਹੀਆਂ ਸੰਸਥਾਵਾਂ ਦੀ ਦੇਖ-ਰੇਖ ਅਤੇ ਵਧੀਆ ਢੰਗ ਨਾਲ ਚਲਾਉਣ ‘ਤੇ ਜੋਰ ਦੇਣਾ ਚਾਹੀਦਾ ਹੈ। ਸਿੱਖਿਆ ਮੰਤਰੀ ਨੇ ਬਜਟ ਵਿੱਚ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਪ੍ਰੀ- ਪ੍ਰਾਇਮਰੀ ਜਮਾਤਾਂ ਲਈ ਕੋਈ ਸਹਾਇਤਾ ਨਾ ਦੇਣ ਦੀ ਵੀ ਨਿੰਦਾ ਕੀਤੀ ਹੈ।
ਸਿੱਖਿਆ ਮੰਤਰੀ ਨੇ ਬਜਟ ਨੂੰ ਦਿਸ਼ਾਹੀਣ ਦਸਦੇ ਹੋਏ ਕਿਹਾ ਕਿ ਚੰਗਾ ਹੁੰਦਾ ਜੇਕਰ ਕੇਂਦਰ ਸਰਕਾਰ ਮੌਜੂਦਾ ਢਾਂਚੇ ਦੀ ਮਜ਼ਬੂਤੀ ਵੱਲ ਬਜਟ ਵਿੱਚ ਢੁਕਵਾਂ ਧਿਆਨ ਦਿੰਦੀ।