ਸੰਸਦ ‘ਚ ਪਹਿਲੇ ਦਿਨ ਹੀ ਧਰਨੇ ‘ਤੇ ਬੈਠੇ ‘ਆਪ’ ਸੰਸਦ ਮੈਂਬਰ

ਨਵੀਂ ਦਿੱਲੀ— ਆਮ ਆਦਮੀ ਪਾਰਟੀ ਦੇ 3 ਰਾਜ ਸਭਾ ਸੰਸਦ ਮੈਂਬਰ ਸੋਮਵਾਰ ਨੂੰ ਪਹਿਲੀ ਵਾਰ ਸੰਸਦ ਪੁੱਜੇ। ਤਿੰਨਾਂ ਸੰਸਦ ਮੈਂਬਰਾਂ ਨੇ ਹੱਥ ਫੜ ਕੇ ਮੀਡੀਆ ਦਾ ਸਵਾਗਤ ਕੀਤਾ। ਇਸ ਦੇ ਨਾਲ ਹੀ ‘ਆਪ’ ਦੇ ਸੰਸਦ ਮੈਂਬਰਾਂ ਨੇ ਸੰਸਦ ‘ਚ ਗਾਂਧੀ ਮੂਰਤੀ ਦੇ ਹੇਠਾਂ ਦਿੱਲੀ ‘ਚ ਸੀਲਿੰਗ ਅਤੇ 20 ਵਿਧਾਇਕਾਂ ਦੇ ਮੁਅੱਤਲ ਦੇ ਖਿਲਾਫ ਧਰਨਾ ਵੀ ਦਿੱਤਾ। ਸੰਜੇ ਸਿੰਘ, ਸੁਸ਼ੀਲ ਗੁਪਤਾ ਅਤੇ ਐੱਨ.ਡੀ. ਗੁਪਤਾ ਨੇ ਰਾਸ਼ਟਰਪਤੀ ਦੇ ਭਾਸ਼ਣ ਦਾ ਬਾਈਕਾਟ ਕੀਤਾ।
ਹੱਥਾਂ ‘ਚ ਹੱਥ ਨਾਲ ਲਿਖੇ ਪੋਸਟਰ ਲੈ ਕੇ ਪੁੱਜੇ ਚਾਰ ਸੰਸਦ ਮੈਂਬਰਾਂ ਨੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ‘ਦਿੱਲੀ ‘ਚ ਸੀਲਿੰਗ ਬੰਦ ਕਰੋ’ ‘ਲੋਕਤੰਤਰ ‘ਚ ਤਾਨਾਸ਼ਾਹੀ ਨਹੀਂ ਚੱਲੇਗੀ’ ਵਰਗੇ ਨਾਅਰਿਆਂ ਨਾਲ ਸੰਸਦ ਮੈਂਬਰਾਂ ਨੇ ਸਰਕਾਰ ਦੇ ਖਿਲਾਫ ਆਪਣਾ ਵਿਰੋਧ ਪ੍ਰਦਰਸ਼ਿਤ ਕੀਤਾ। ਨਾਲ ਹੀ 20 ਵਿਧਾਇਕਾਂ ਦੇ ਮੁਅੱਤਲ ਨੂੰ ਵੀ ਤਾਨਾਸ਼ਾਹੀ ਕਰਾਰ ਦਿੱਤਾ।
‘ਆਪ’ ਦੇ ਰਾਜ ਸਭਾ ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ,”ਦਿੱਲੀ ‘ਚ ‘ਆਪ’ ਦੇ ਵਿਧਾਇਕਾਂ ਦਾ ਮੁਅੱਤਲ ਗਲਤ ਹੈ। ਇਹ ਤਾਨਾਸ਼ਾਹੀ ਹੈ ਅਤੇ ਇਸ ਨੂੰ ਨਹੀਂ ਚੱਲਣ ਦੇਣਗੇ। ਸਿੰਘ ਨੇ ਕਾਂਗਰਸ ਨੂੰ ਲੈ ਕੇ ਇਹ ਵੀ ਕਿਹਾ ਕਿ ਉਤਰਾਖੰਡ ‘ਚ ਕਾਂਗਰਸ ਦੇ ਉੱਪਰ ਜਦੋਂ ਮੁਸ਼ਕਲ ਆਈ ਸੀ ਤਾਂ ਆਮ ਆਦਮੀ ਪਾਰਟੀ ਨੇ ਉਨ੍ਹਾਂ ਦਾ ਸਾਥ ਦਿੱਤਾ ਸੀ।