ਸੀਲਿੰਗ ਸੰਕਟ ਦਾ ਜਲਦ ਹੋਵੇਗਾ ਹੱਲ- ਉੱਪ ਰਾਜਪਾਲ

ਨਵੀਂ ਦਿੱਲੀ— ਦਿੱਲੀ ਦੇ ਉੱਪ ਰਾਜਪਾਲ ਅਨਿਲ ਬੈਜਲ ਨੇ ਰਾਜ ‘ਚ ਚੱਲ ਰਹੀ ਸੀਲਿੰਗ ਮੁਹਿੰਮ ਨੂੰ ਲੈ ਕੇ ‘ਆਪ’ ਵਿਧਾਇਕ ਸੌਰਭ ਭਾਰਦਵਾਜ ਦੇ ਪੱਤਰ ਦਾ ਜਵਾਬ ਦਿੰਦੇ ਹੋਏ ਲਿਖਿਆ ਕਿ ਇਸ ਸੰਕਟ ਤੋਂ ਉਭਰਨ ਲਈ ਹਰ ਸੰਭਵ ਹੱਲ ਲੱਭੇ ਜਾ ਰਹੇ ਹਨ। ਪੱਤਰ ‘ਚ ਐੱਲ.ਜੀ. ਨੇ ਲਿਖਿਆ ਕਿ ਸੀਲਿੰਗ ਇਕ ਜਟਿਲ ਮਾਮਲਾ ਹੈ ਅਤੇ ਵਿਧਾਇਕ ਦਿੱਲੀ ਸ਼ਹਿਰੀ ਵਿਕਾਸ ਮੰਤਰੀ ਨਾਲ ਆਪਣੇ ਸੁਝਾਅ ਸਾਂਝੇ ਕਰ ਸਕਦੇ ਹਨ, ਜਿਨ੍ਹਾਂ ਦਾ ਵਿਭਾਗ ਸੜਕਾਂ ਕੋਲ ਸਥਿਤ ਭੂਮੀ ਦੇ ਮਿਸ਼ਰਿਤ ਉਪਯੋਗ ਨੂੰ ਨੋਟੀਫਿਕੇਸ਼ਨ ਜਾਰੀ ਕਰਨ ਵਰਗੇ ਕੁਝ ਹੱਲਾਂ ਲਈ ਜ਼ਿੰਮੇਵਾਰ ਹੈ।
ਉੱਪ ਰਾਜਪਾਲ ਨੇ ਕਿਹਾ ਕਿ ਇਹ ਇਕ ਬਹੁਤ ਗੰਭੀਰ ਮਾਮਲਾ ਹੈ ਅਤੇ ਇਹ ਲੱਖਾਂ ਲੋਕਾਂ ਦੇ ਰੋਜ਼ਗਾਰ ਅਤੇ ਦਿੱਲੀ ਦੇ ਰੋਜ਼ਗਾਰ ਵਿਕਾਸ ਨਾਲ ਜੁੜਿਆ ਹੈ। ਜ਼ਿਕਰਯੋਗ ਹੈ ਕਿ ਨਗਰ ਨਿਗਮਾਂ ਵੱਲੋਂ ਚਲਾਈ ਜਾ ਰਹੀ ਸੀਲਿੰਗ ਮੁਹਿੰਮ ਨੂੰ ਲੈ ਕੇ ਗ੍ਰੇਟਰ ਕੈਲਾਸ਼ ਤੋਂ ਵਿਧਾਇਕ ਭਾਰਦਵਾਜ ਨੇ ਪਿਛਲੇ ਹਫਤੇ ਬੈਜਲ ਨੂੰ ਪੱਤਰ ਲਿਖ ਕੇ ਉਨ੍ਹਾਂ ਨਾਲ ‘ਆਪ’ ਵਿਧਾਇਕਾਂ ਦੀ ਮੁਲਾਕਾਤ ਲਈ ਸਮਾਂ ਮੰਗਿਆ ਸੀ। ਬਾਡੀ ਨਿਯਮਾਂ ਦੇ ਕਥਿਤ ਉਲੰਘਣ ਲਈ ਦਿੱਲੀ ‘ਚ ਨਗਰ ਨਿਗਮ ਬੀਤੇ ਮਹੀਨਿਆਂ ਤੋਂ ਸੰਪਤੀਆਂ ਦੇ ਖਿਲਾਫ ਸੀਲਿੰਗ ਮੁਹਿੰਮ ਚੱਲਾ ਰਹੇ ਹਨ।