ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਵਾਈਜ਼ ‘ਪੋਲ ਖੋਲ ਰੈਲੀਆਂ’ ਦੀਆਂ ਤਾਰੀਖਾਂ ਦਾ ਐਲਾਨ

1 ਮਾਰਚ ਨੂੰ ਹੋਲਾ ਮੁਹੱਲਾ ਸਮੇ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਵਿਸ਼ਾਲ ਕਾਨਫਰੰਸ ਹੋਵੇਗੀ-ਡਾ. ਚੀਮਾ।
ਚੰਡੀਗੜ – ਸ਼੍ਰੋਮਣੀ ਅਕਾਲੀ ਦਲ ਨੇ ਕੋਰ ਕਮੇਟੀ ਵੱਲੋਂ ਪਿਛਲੇ ਦਿਨੀ ਕੀਤੇ ਫੈਸਲੇ ਅਨੁਸਾਰ ਪੰਜਾਬ ਭਰ ਵਿੱਚ ਹਲਕਾ ਵਾਈਜ਼ ‘ਪੋਲ ਖੋਲ ਰੈਲੀਆਂ’ ਦੀਆਂ ਤਾਰੀਖਾਂ ਦਾ ਐਲਾਨ ਕੀਤਾ । ਇਹਨਾਂ ਰੈਲੀਆਂ ਦਾ ਆਰੰਭ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ 7 ਫਰਵਰੀ ਨੂੰ ਫਾਜਲਿਕਾ ਤੋ ਕਰਨਗੇ। ਪਾਰਟੀ ਦੀ ਸੀਨੀਅਰ ਲੀਡਰਸ਼ਿਪ ਇਹਨਾਂ ਰੈਲੀਆਂ ਨੂੰ ਸੰਬੋਧਨ ਕਰੇਗੀ।
ਅੱਜ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਇਹਨਾਂ ਰੈਲੀਆਂ ਵਿੱਚ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ , ਨੌਂਜਵਾਨਾਂ, ਮੁਲਾਜ਼ਮਾਂ ਅਤੇ ਹੋਰ ਵਰਗਾਂ ਨਾਲ ਕੀਤੇ ਗਏ ਵਿਸ਼ਵਾਸ਼ਘਾਤਾਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਨੰਗਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਜਿਸ ਤਰੀਕੇ ਨਾਲ ਕਾਂਗਰਸ ਪਾਰਟੀ ਕਸਮਾਂ ਚੁੱਕ ਕੇ ਕਰਜੇ ਮੁਆਫੀ ਦੇ ਐਲਾਨ ਤੋਂ ਭੱਜ ਰਹੀ ਹੈ ਉੁਸਦਾ ਹਿਸਾਬ ਸੂਬਾ ਸਰਕਾਰ ਕੋਲੋਂ ਮੰਗਿਆ ਜਾਵੇਗਾ। ਉਹਨਾ ਕਿਹਾ ਕਿ ਉਪਰੋਕਤ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਥਰਮਲ ਪਲਾਟਾਂ ਨੂੰ ਬੰਦ ਕਰਕੇ ਮੁਲਾਜ਼ਮਾਂ ਨੂੰ ਬੇਰੁਜਗਾਰ ਕਰਨਾ, ਸੂਬੇ ਵਿੱਚ ਸੇਵਾ ਕੇਂਦਰਾਂ ਨੂੰ ਬੰਦ ਕਰਨਾ, 800 ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨਾ, ਸਕੂਲਾਂ ਵਿੱਚ ਪੰਜਾਬੀ ਮਾਂ ਬੋਲੀ ਦੇ ਹੋਰ ਰਹੇ ਘਾਣ ਨੂੰ ਰੋਕਣਾ, ਸੂਬੇ ਵਿੱਚ ਵਿਕਾਸ ਕਾਰਜਾਂ ਦੀ ਖੜੌਤ , ਸਿਆਸੀ ਬਦਲਾਖੋਰੀ ਤਹਿਤ ਵਿਰੋਧੀ ਪਾਰਟੀਆਂ ਉਪਰ ਜ਼ੁਲਮਾ ਢਾਹੁਣਾ, ਸਥਾਨਕ ਚੋਣਾਂ ਵਿੱਚ ਲੋਕੰਤਤਰ ਦੀ ਹੱਤਿਆ ਕਰਨੀ ਅਤੇ ਸੂਬੇ ਵਿੱਚ ਅਮਨ ਕਾਨੂੰਨ ਲਾਗੂ ਕਰਨ ਵਿੱਚ ਸੂਬਾ ਸਰਕਾਰ ਦਾ ਫੇਲ ਹੋ ਜਾਣਾ ਇਹਨਾਂ ਰੈਲੀਆਂ ਦੇ ਮੁੱਖ ਮੁੱਦੇ ਹੋਣਗੇ।
ਡਾ. ਚੀਮਾ ਨੇ ਕਿਹਾ ਕਿ ਉਪਰੋਕਤ ਤੋਂ ਇਲਾਵਾ ਗਰੀਬ ਲੋਕਾਂ ਨੂੰ ਆਟਾ ਦਾਲ ਸਕੀਮ ਤਹਿਤ ਰਾਸ਼ਨ ਸਮੇ ਸਿਰ ਨਾ ਦੇਣਾ, ਪੈਨਸ਼ਨਾਂ ਨਾ ਮਿਲਣਾ, ਪਛੜੀਆਂ ਸ਼੍ਰੈਣੀਆਂ ਦੇ ਘਰਾਂ ਦੇ 200 ਯੂਨਿਟ ਤਹਿਤ ਦਿੱਤੀ ਜਾ ਰਹੀ ਰਿਆਇਤ ਨੂੰ ਬੰਦ ਕਰਨਾ, ਵਿਦਿਆਰਥੀਆਂ ਨੂੰ ਸਮਾਰਟ ਫੋਨ ਨਾ ਮਿਲਣਾ, ਦਲਿਤ ਵਿਦਿਆਰਥੀਆਂ ਨੂੰ ਵਜੀਫੇ ਨਾ ਮਿਲਣ ਕਾਰਨ ਹੋ ਰਹੀ ਪਰੇਸ਼ਾਨੀ ਅਤੇ ਦਲਿਤ ਪਰਿਵਾਰਾਂ ਨੂੰ ਸ਼ਗਨ ਸਕੀਮ ਨਾ ਮਿਲਣਾ ਵੀ ‘ਪੋਲ ਖੋਲ ਰੈਲੀਆਂ’ ਦਾ ਅਹਿਮ ਹਿੱਸਾ ਹੋਵੇਗਾ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਟਿਊਬਵਲਾਂ ਦੇ ਬਿਜਲੀ ਦੇ ਬਿਲ ਨਵੇਂ ਸਿਰੇ ਤੋਂ ਲਾਗੂ ਕਰਨ ਦੀਆਂ ਸਕੀਮਾਂ ਵਿਰੁੱਧ ਵੀ ਇਹਨਾ ਰੈਲੀਆਂ ਰਾਹੀਂ ਰੋਸ ਪ੍ਰਗਟ ਕੀਤਾ ਜਾਵੇਗਾ। ਇਹਨਾ ਤੋਂ ਇਲਾਵਾ ਲੋਕ ਹਿੱਤਾਂ ਦੇ ਹੋਰ ਮੁੱਦੇ ਵੀ ਇਹਨਾਂ ਰੈਲੀਆਂ ਵਿੱਚ ਉਠਾਏ ਜਾਣਗੇ।
ਪ੍ਰੋਗਰਾਮ ਦਾ ਵਿਸਥਾਰ ਦੱਸਦੇ ਹੋਏ ਡਾ. ਚੀਮਾ ਨੇ ਕਿਹਾ ਕਿ 9 ਫਰਵਰੀ ਨੂੰ ਵਿਧਾਨ ਸਭਾ ਹਲਕਾ ਰਾਮਪੁਰਾਫੂਲ, 13 ਫਰਵਰੀ ਨੂੰ ਬਾਘਾਪੁਰਾਣਾ, 14 ਫਰਵਰੀ ਨੂੰ ਦਾਖਾ, 15 ਫਰਵਰੀ ਨੂੰ ਗੜ•ਸੰਕਰ, 22 ਫਰਵਰੀ ਨੂੰ ਅਮਲੋਹ, 27 ਫਰਵਰੀ ਨੂੰ ਭੁਲੱਥ ਅਤੇ 28 ਫਰਵਰੀ ਨੂੰ ਗੁਰੂਹਰਸਹਾਏ ਹਲਕਿਆਂ ਵਿੱਚ ‘ਪੋਲ ਖੋਲ ਰੈਲੀਆਂ’ ਕੀਤੀਆਂ ਜਾਣਗੀਆਂ। ਉਹਨਾਂ ਅੱਗੇ ਕਿਹਾ ਕਿ 1 ਮਾਰਚ ਨੂੰ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੇ ਇਤਿਹਾਸਕ ਦਿਹਾੜੇ ‘ਤੇ ਸ੍ਰੋਮਣੀ ਅਕਾਲੀ ਦਲ ਦੀ ਸਲਾਨਾ ਕਾਨਫਰੰਸ ਹੋਵੇਗੀ। ਇਸ ਤੋਂ ਬਾਅਦ 6 ਮਾਰਚ ਨੂੰ ਵਿਧਾਨ ਸਭਾ ਹਲਕਾ ਕੋਟਕਪੁਰਾ, 7 ਮਾਰਚ ਨੂੰ ਸ਼ਾਹਕੋਟ, 8 ਮਾਰਚ ਨੂੰ ਸਾਹਨੇਵਾਲ, 12 ਮਾਰਚ ਨੂੰ ਲਹਿਰਾ ਅਤੇ 13 ਮਾਰਚ ਨੂੰ ਸਮਾਣਾ ਵਿਧਾਨ ਸਭਾ ਹਲਕਿਆਂ ਵਿੱਚ ‘ਪੋਲ ਖੋਲ ਰੈਲੀਆਂ ‘ ਕੀਤੀਆਂ ਜਾਣਗੀਆਂ।
ਡਾ. ਚੀਮਾ ਨੇ ਇਹ ਵੀ ਦੱਸਿਆ ਕਿ 8 ਫਰਵਰੀ ਨੂੰ ਬਰਨਾਲਾ ਜਿਲੇ ਦੇ ਪਿੰਡ ਕੁਤਬਾ ਬਾਹਮਣੀਆਂ ਵਿਖੇ ਵੱਡੇ-ਘੱਲੂਘਾਰੇ ਦੀ ਯਾਦ ਵਿੱਚ ਹੋ ਰਹੀ ਸਾਲਾਨਾ ਕਾਨਫਰੰਸ ਵਿੱਚ ਵੀ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਸ਼ਾਮਲ ਹੋਣਗੇ। ਉਹਨਾਂ ਦੱਸਿਆ ਕਿ ਇਹਨਾਂ ਰੈਲੀਆਂ ਦੀਆਂ ਤਿਆਰੀਆਂ ਲਈ ਸਬੰਧਤ ਵਿਧਾਨ ਸਭਾ ਦੇ ਨੇਤਾਵਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਅਤੇ ਸ਼ਕਤੀਸ਼ਾਲੀ ਪ੍ਰਦਰਸ਼ਨ ਕਰਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਕਾਰ ਦੀ ਸਾਰੀ ਕਾਰਗੁਜਾਰੀ ਦੀ ‘ਪੋਲ ਖੋਲ’ ਦਿੱਤੀ ਜਾਵੇਗੀ।