ਵਿੱਕੀ ਗੌਂਡਰ ਐਨਕਾਊਂਟਰ: ਪ੍ਰੇਮਾ ਲਾਹੌਰੀਆ ਦੇ ਇਲਾਕੇ ‘ਚ ਛਾਇਆ ਸੰਨਾਟਾ, ਪੁਲਸ ਬਲ ਤਾਇਨਾਤ

ਜਲੰਧਰ — ਸ਼ੁੱਕਰਵਾਰ ਦੀ ਸ਼ਾਮ ਨੂੰ ਪੰਜਾਬ ਪੁਲਸ ਵੱਲੋਂ ਰਾਜਸਥਾਨ ਦੇ ਹਿੰਦੂਮਲ ਕੋਟ ਇਲਾਕੇ ਦੇ ਪਿੰਡ ਪੱਕੀ ਲੱਖਾ ਦੀ ਢਾਣੀ ‘ਚ ਐਨਕਾਊਂਟਰ ਕਰਕੇ ਹਰਜਿੰਦਰ ਸਿੰਘ ਉਰਫ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸੇ ਐਨਕਾਊਂਟਰ ‘ਚ ਵਿੱਕੀ ਗੌਂਡਰ ਦਾ ਇਕ ਹੋਰ ਸਾਥੀ ਸੁਖਪ੍ਰੀਤ ਸਿੰਘ ਬੁੱਧਾ ਵੀ ਮਾਰਿਆ ਗਿਆ। ਵਿੱਕੀ ਗੌਂਡਰ ਤੇ ਪ੍ਰੇਮਾ ਲਾਹੌਰੀਆ ਦੀ ਐਨਕਾਊਂਟਰ ਦੌਰਾਨ ਮੌਕੇ ‘ਤੇ ਹੀ ਮੌਤ ਹੋ ਗਈ ਸੀ ਜਦਕਿ ਸੁਖਪ੍ਰੀਤ ਸਿੰਘ ਬੁੱਧਾ ਨੇ ਹਸਪਤਾਲ ਲਿਜਾਂਦੇ ਸਮੇਂ ਦਮ ਤੋੜਿਆ।
ਗੈਂਗਸਟਰ ਵਿੱਕੀ ਗੌਂਡਰ ਦੀ ਮੌਤ ਦੀ ਖਬਰ ਫੈਲਦੇ ਹੀ ਜਲੰਧਰ ‘ਚ ਵੀ ਕਮਿਸ਼ਨਰੇਟ ਪੁਲਸ ਨੇ ਮਿੱਠੂ ਬਸਤੀ ਦੇ ਇਲਾਕੇ ‘ਚ ਸੁਰੱਖਿਆ ਵਧਾ ਦਿੱਤੀ ਹੈ ਕਿਉਂਕਿ ਪ੍ਰੇਮਾ ਲਾਹੌਰੀਆ ਇਸੇ ਬਸਤੀ ਦਾ ਰਹਿਣ ਵਾਲਾ ਸੀ। ਪੂਰੀ ਬਸਤੀ ‘ਚ ਸੰਨਾਟਾ ਪਸਰਿਆ ਹੋਇਆ ਹੈ। ਪ੍ਰੇਮਾ ਦੇ ਘਰ ਉਸ ਦੇ ਜਾਣਕਾਰਾਂ ਦਾ ਆਉਣ-ਜਾਣ ਦਾ ਸਿਲਸਿਲਾ ਜਾਰੀ ਹੈ। ਸੰਭਾਵਨਾ ਹੈ ਕਿ ਸੋਮਵਾਰ ਪ੍ਰੇਮਾ ਲਾਹੌਰੀਆ ਦੀ ਲਾਸ਼ ਅੰਤਿਮ ਸੰਸਕਾਰ ਲਈ ਜਲੰਧਰ ਲਿਆਂਦੀ ਜਾਵੇਗੀ। ਕਮਿਸ਼ਨਰੇਟ ਪੁਲਸ ਨੇ ਇਲਾਕੇ ‘ਚ ਸੁਰੱਖਿਆ ਵਿਵਸਥਾ ਲਈ ਪੁਲਸ ਤਾਇਨਾਤ ਕੀਤੀ ਹੈ। ਤੁਹਾਨੂੰ ਦੱਸ ਦਈਏ ਪੁਲਸ ਐਨਕਾਊਂਟਰ ‘ਚ ਮਾਰੇ ਗਏ ਖਤਰਨਾਕ ਗੈਂਗਸਟਰ ਵਿੱਕੀ ਗੌਂਡਰ ਦਾ ਐਤਵਾਰ ਨੂੰ ਮੁਕਤਸਰ ਦੇ ਪਿੰਡ ਸਰਾਵਾਂ ਬੋਦਲਾਂ ‘ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮ੍ਰਿਤਕ ਵਿੱਕੀ ਗੌਂਡਰ ਦੀਆਂ ਭੈਣਾਂ ਨੇ ਵਿਰਲਾਪ ਕਰਦੇ ਹੋਏ ਅਰਥੀ ‘ਤੇ ਆਪਣੇ ਭਰਾ ਦੇ ਸਿਰ ‘ਤੇ ਸਿਹਰਾ ਸਜਾ ਕੇ ਅੰਤਿਮ ਵਿਦਾਈ ਦਿੱਤੀ।
ਵਿੱਕੀ ਗੌਂਡਰ ਹੈਮਰ ਥ੍ਰੋ ਦਾ ਨੈਸ਼ਨਲ ਖਿਡਾਰੀ ਸੀ। ਨਾਭਾ ਜੇਲ ਬ੍ਰੇਕ ਕਰਨ ਤੋਂ ਬਾਅਦ ਗੌਂਡਰ ਪੁਲਸ ਦੀਆਂ ਨਜ਼ਰਾਂ ਤੋਂ ਬੱਚ ਰਿਹਾ ਸੀ। ਗੌਂਡਰ ਦੀ ਭਾਲ ‘ਚ ਪੰਜਾਬ ਪੁਲਸ ਨੇ ਸ਼ੁੱਕਰਵਾਰ ਨੂੰ ਰਾਜਸਥਾਨ ਦੇ ਹਿੰਦੂਮਲ ਕੋਟ ਇਲਾਕੇ ‘ਚ ਐਨਕਾਊਂਟਰ ਕਰਦੇ ਹੋਏ ਮਾਰ ਦਿੱਤਾ।
ਜ਼ਿਕਰਯੋਗ ਹੈ ਕਿ ਗੌਂਡਰ ਨੇ ਗੈਂਗਸਟਰ ਸੁੱਖਾ ਕਾਹਲਵਾਂ ਦੇ ਨਾਲ ਜੁਰਮ ਦੀ ਦੁਨੀਆ ‘ਚ ਕਦਮ ਰੱਖਿਆ ਸੀ ਅਤੇ ਸੁੱਖਾ ਨੇ ਜਦੋਂ ਗੌਂਡਰ ਦੇ ਕਰੀਬੀ ਲਵਲੀ ਬਾਬਾ ਦੀ ਹੱਤਿਆ ਕਰ ਦਿੱਤੀ ਸੀ ਤਾਂ ਗੌਂਡਰ ਨੇ ਪੁਲਸ ਹਿਰਾਸਤ ‘ਚ ਹੀ ਸੁੱਖਾ ਕਾਹਲਵਾਂ ਦੇ ਸੀਨੇ ‘ਚ 60 ਗੋਲੀਆਂ ਚਲਾ ਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਸੀ ਅਤੇ ਫਿਰ ਉਸ ਦੀ ਲਾਸ਼ ‘ਤੇ ਗੌਂਡਰ ਨੇ ਭੰਗੜਾ ਵੀ ਪਾਇਆ ਸੀ।