ਮਹਾਰਾਸ਼ਟਰ : ਯਾਤਰੀਆਂ ਨਾਲ ਭਰੀ ਬੱਸ ਹਾਦਸੇ ਦਾ ਸ਼ਿਕਾਰ, 13 ਦੀ ਮੌਤ

ਮੁੰਬਈ — ਮਹਾਰਾਸ਼ਟਰ ਦੇ ਕੋਲਹਾਪੁਰ ‘ਚ ਯਾਤਰੀਆਂ ਨਾਲ ਭਰੀ ਬੱਸ ਨਹਿਰ ‘ਚ ਡਿੱਗਣ ਕਾਰਨ 12 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਤਿੰਨ ਲੋਕ ਜ਼ਖਮੀ ਹੋ ਗਏ ਹਨ। ਇਹ ਸਾਰੇ ਯਾਤਰੀ ਕੋਂਕਣ ਖੇਤਰ ਦੇ ਗਣਪਤੀਗੁੜੀ ਪਿੰਡ ਤੋਂ ਭਗਵਾਨ ਗਣੇਸ਼ ਦੀ ਪੂਜਾ ਕਰਕੇ ਪੂਣੇ ਵੱਲ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਦਾ ਪ੍ਰੋਗਰਾਮ ਕੋਲਹਾਪੁਰ ‘ਚ ਮਹਾਲਕਸ਼ਮੀ ਮੰਦਰ ਦੇ ਦਰਸ਼ਨ ਕਰਨ ਦਾ ਵੀ ਸੀ। ਘਟਨਾ ਅਨੁਸਾਰ ਕੋਲਹਾਪੁਰ ਦੇ ਰਸਤੇ ‘ਚ ਸ਼ਿਵਾਜੀ ਪੁਲ ਤੋਂ ਲੰਘਦੇ ਸਮੇਂ ਡਰਾਈਵਰ ਦਾ ਬੱਸ ‘ਤੇ ਸੰਤੁਲਨ ਵਿਗੜ ਗਿਆ ਅਤੇ ਬੱਸ ਦੀ ਡਿਵਾਈਡਰ ਨਾਲ ਟੱਕਰ ਹੋ ਗਈ। ਇਸ ਭਿਆਨਕ ਟੱਕਰ ਤੋਂ ਬਾਅਦ ਬੱਸ 45 ਫੁੱਟ ਥੱਲ੍ਹੇ ਪੰਚਗੰਗਾ ਨਹਿਰ ‘ਚ ਜਾ ਡਿੱਗੀ।
ਬੱਸ ‘ਚ ਸਵਾਰ ਸਨ ਕੁੱਲ 17 ਯਾਤਰੀ
ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਤ 11:45 ਵਜੇ ਡਰਾਈਵਰ ਦਾ ਬੱਸ ‘ਤੇ ਸੰਤੁਲਨ ਵਿਗੜਨ ਕਾਰਨ ਹਾਦਸਾ ਇਹ ਹਾਦਸਾ ਹੋਇਆ ਹੈ। ਪੂਣੇ ਵੱਲ ਜਾ ਰਹੀ ਬੱਸ ‘ਚ ਕੁੱਲ 17 ਯਾਤਰੀ ਸਵਾਰ ਸਨ। ਆਸ-ਪਾਸ ਦੇ ਲੋਕਾਂ ਨੇ ਘਟਨਾ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਜਿਸ ਤੋਂ ਬਾਅਦ ਪੁਲਸ ਅਤੇ ਬਚਾਓ ਦਲ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਅਤੇ ਰਾਹਤ ਕਾਰਜਾਂ ਅਤੇ ਬਚਾਓ ਕਾਰਜ ਸ਼ੁਰੂ ਕਰ ਦਿੱਤੇ।