ਸ਼ਾਮਲੀ : ਯੂ.ਪੀ. ਪੁਲਸ ਆਪਣੇ ਕਾਰਨਾਮਿਆਂ ਕਰਕੇ ਹਮੇਸ਼ਾ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਇਸ ਵਾਰ ਤਾਂ ਯੂ.ਪੀ. ਪੁਲਸ ਨੇ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ। ਇਥੇ ਸ਼ਾਮਲੀ ਦੇ ਇਕ ਪਿੰਡ ‘ਚ ਤਿੰਨ ਪੁਲਸ ਕਰਮਚਾਰੀ ਨਸ਼ੇ ‘ਚ ਟੱਲੀ ਹੋ ਕੇ ਜੁੱਤੀਆਂ ਸਮੇਤ ਮਸਜਿਦ ‘ਚ ਦਾਖਲ ਹੋ ਗਏ ਅਤੇ ਜਮਜਿਦ ‘ਚ ਆਈ ਜਮਾਤ ਨੂੰ ਗਾਲ੍ਹਾ ਕੱਢਣ ਲੱਗੇ। ਇਨਾਂ ਹੀ ਨਹੀਂ ਪੁਲਸ ਕਰਮਚਾਰੀਆਂ ਨੇ ਮਸਜਿਦ ਅਤੇ ਜਮਾਤੀਆਂ ਦੀ ਜ਼ਰੂਰਤ ਦਾ ਸਮਾਨ ਵੀ ਖੁਰਦ-ਬੁਰਦ ਕਰ ਦਿੱਤਾ।
ਜਾਣਕਾਰੀ ਮੁਤਾਬਕ ਮਾਮਲਾ ਆਦਰਸ਼ ਮੰਡੀ ਥਾਣਾ ਖੇਤਰ ਦੇ ਪਿੰਡ ਸਿੱਕਾ ਦਾ ਹੈ। ਜਿਥੇ ਦੇਰ ਰਾਤ ਕਰੀਬ 12 ਵਜੇ ਸਿੱਕਾ ਪਿੰਡ ਦੀ ਹੀ ਚੌਂਕੀ ‘ਚ ਤਾਇਨਾਤ 3 ਪੁਲਸ ਕਰਮਚਾਰੀ ਨਸ਼ੇ ਦੀ ਹਾਲਤ ‘ਚ ਸਹਾਰਨਪੁਰ ਰੋਡ ‘ਤੇ ਸਥਿਤ ਵੱਡੀ ਮਸਜਿਦ ਪਹੁੰਚੇ। ਪੁਲਸ ਕਰਮਚਾਰੀ ਜੁੱਤੀਆਂ ਸਮੇਤ ਹੀ ਅੰਦਰ ਚਲੇ ਗਏ। ਅੰਦਰ ਪਹੁੰਚਦੇ ਹੀ ਪੁਲਸ ਕਰਮਚਾਰੀ ਮਸਜਿਦ ‘ਚ ਆਈ ਜਮਾਤ ਨੂੰ ਗਾਲ੍ਹਾਂ ਕੱਢਣ ਲੱਗੇ। ਇਸ ਤੋਂ ਬਾਅਦ ਉਨ੍ਹਾਂ ਨੇ ਮਸਜਿਦ ‘ਚ ਪਿਆ ਸਮਾਨ ਖੁਰਦ-ਬੁਰਦ ਕਰਨਾ ਸ਼ੁਰੂ ਕਰ ਦਿੱਤਾ। ਪੁਲਸ ਕਰਮਚਾਰੀਆਂ ਨੇ ਕਈ ਘੰਟਿਆਂ ਤੱਕ ਮਸਜਿਦ ‘ਚ ਹਿੰਸਾ ਕੀਤੀ।
ਸਵੇਰ ਹੋਣ ‘ਤੇ ਘਟਨਾ ਦੀ ਜਾਣਕਾਰੀ ਪਿੰਡ ਵਾਲਿਆਂ ਨੂੰ ਮਿਲੀ ਤਾਂ ਸੈਂਕੜਿਆਂ ਦੀ ਗਿਣਤੀ ‘ਚ ਲੋਕਾਂ ਨੇ ਇਕੱਠੇ ਹੋ ਕੇ ਹੰਗਾਮਾ ਕੀਤਾ। ਇਹ ਖਬਰ ਜਲਦੀ ਹੀ ਸਾਰੇ ਇਲਾਕੇ ‘ਚ ਅੱਗ ਦੀ ਤਰ੍ਹਾਂ ਫੈਲ ਗਈ ਤਾਂ ਪੁਲਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਸੇ ਸਮੇਂ ਪੁਲਸ ਵਿਭਾਗ ਅਤੇ ਐੱਲ.ਆਈ.ਯੂ. ਦੇ ਅਧਿਕਾਰੀ ਮੌਕੇ ‘ਤੇ ਪੁੱਜੇ। ਉਨ੍ਹਾਂ ਨੇ ਪਿੰਡ ਵਾਲਿਆਂ ਨੂੰ ਦੋਸ਼ੀ ਪੁਲਸ ਕਰਮਚਾਰੀਆਂ ‘ਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।