ਵਿੱਕੀ ਗੌਂਡਰ ਸਮੇਤ ਦੋ ਗੈਂਗਸਟਰਾਂ ਦਾ ਐਨਕਾਊਂਟਰ, ਕੈਪਟਨ ਖੁਸ਼

ਪੰਜਾਬ ਦੇ ਨਾਮੀ ਗੈਂਗਸਟਰ ਵਿੱਕੀ ਗੌਂਡਰ ਦਾ ਪੁਲਿਸ ਨੇ ਐਨਕਾਊਂਟਰ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਗੌਂਡਰ ਤੇ ਉਸ ਦੇ ਸਾਥੀ ਪ੍ਰੇਮਾ ਲਾਹੌਰੀਆ ਨੂੰ ਪੁਲਿਸ ਨੇ ਪੰਜਾਬ-ਰਾਜਸਥਾਨ ਬਾਰਡਰ ‘ਤੇ ਹਿੰਦੂਕੋਟਮਲ ਇਲਾਕੇ ਵਿੱਚ ਮੁਕਾਬਲੇ ਵਿੱਚ ਮਾਰ ਮੁਕਾਇਆ। ਇਨ੍ਹਾਂ ਦਾ ਤੀਜਾ ਸਾਥੀ ਬੁੱਧ ਸਿੰਘ ਉਰਫ ਬੁੱਧਾ ਜ਼ਖ਼ਮੀ ਹੈ।

ਪੰਜਾਬ ਪੁਲਿਸ ਦੀ ਇਸ ਵੱਡੀ ਕਾਮਯਾਬੀ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪੁਲਿਸ ਮੁਖੀ ਸੁਰੇਸ਼ ਅਰੋੜਾ ਸਮੇਤ ਵਧੀਕ ਇੰਸਪੈਕਟਰ ਜਨਰਲ ਗੁਰਮੀਤ ਸਿੰਘ ਤੇ ਇੰਸਪੈਕਟਰ ਵਿਕਰਮ ਬਰਾੜ ਨੂੰ ਵਧਾਈ ਦਿੱਤੀ ਹੈ। ਕੈਪਟਨ ਨੇ ਕਿਹਾ ਕਿ ਮੈਨੂੰ ਤੁਹਾਡੇ ‘ਤੇ ਮਾਣ ਹੈ।

ਸੂਤਰਾਂ ਮੁਤਾਬਕ ਪੰਜਾਬ ਇੰਟੈਲੀਜੈਂਸ ਨੇ ਇਸ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ ਹੈ। ਗੌਂਡਰ ਨਾਭਾ ਜੇਲ੍ਹ ਬ੍ਰੇਕ ਕਾਂਡ ਦਾ ਮੁੱਖ ਮੁਲਜ਼ਮ ਸੀ ਤੇ ਪੁਲਿਸ ਨੂੰ ਕਈ ਮਾਮਲਿਆਂ ਵਿੱਚ ਉਸ ਦੀ ਤਲਾਸ਼ ਸੀ।

ਪ੍ਰੇਮਾ ਲਾਹੌਰੀਆ ਨਾਭਾ ਜੇਲ੍ਹ ਬ੍ਰੇਕ ਕਾਂਡ ਦੀ ਸਾਜਿਸ਼ ਵਿੱਚ ਸ਼ਾਮਲ ਸੀ। ਮਾਰੇ ਗਏ ਦੋਵੇਂ ਗੈਂਗਸਟਰ ਇਨਾਮੀ ਅਪਰਾਧੀ ਸਨ। ਦੋਵਾਂ ਸਿਰ ਲੱਖਾਂ ਰੁਪਏ ਦਾ ਇਨਾਮ ਸੀ।