ਦਾਵੋਸ/ਬੀਜਿੰਗ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਸਵਿੱਟਜ਼ਰਲੈਂਡ ਦੇ ਦਾਵੋਸ ਵਿਚ ਵਿਸ਼ਵ ਆਰਥਿਕ ਸੰਮੇਲਨ ਦਾ ਉਦਘਾਟਨੀ ਭਾਸ਼ਣ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਅੱਤਵਾਦ, ਪੌਣ-ਪਾਣੀ ਵਿਚ ਤਬਦੀਲੀ ਅਤੇ ਸੁੰਗੜਦੇ ਸੰਸਾਰੀਕਰਨ ਨੂੰ ਦੁਨੀਆ ਸਾਹਮਣੇ 3 ਮੁੱਖ ਚੁਣੌਤੀਆਂ ਦੱਸਿਆ। ਪੀ. ਐਮ. ਮੋਦੀ ਦੇ ਦਾਵੋਸ ਵਿਚ ਦਿੱਤੇ ਭਾਸ਼ਣ ਦੀ ਦੁਨੀਆਭਰ ਵਿਚ ਚਰਚਾ ਹੈ। ਇੱਥੋ ਤੱਕ ਕਿ ਭਾਰਤ ਦੇ ਵਿਰੋਧੀ ਗੁਆਂਢੀ ਦੇਸ਼ ਚੀਨ ਨੇ ਵੀ ਪੀ. ਐਮ ਦੇ ਭਾਸ਼ਣ ਦੀ ਤਾਰੀਫ ਕੀਤੀ ਹੈ।
ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੋਆ ਚੁਨਯਿੰਗ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁੰਗੜਦੇ ਸੰਸਾਰੀਕਰਨ ਵਿਰੁੱਧ ਦਿੱਤਾ ਭਾਸ਼ਣ ਸੁਣਿਆ ਹੈ। ਦਰਅਸਲ ਪੀ. ਐਮ ਮੋਦੀ ਨੇ ਕਿਹਾ ਸੀ ਕਿ ਸੰਸਾਰੀਕਰਨ ਦੇ ਮਾਇਨੇ ਬਦਲ ਰਹੇ ਹਨ। ਪੀ. ਐਮ ਮੋਦੀ ਨੇ ਕਿਹਾ ਸੀ, ‘ਸੰਸਾਰੀਕਰਨ ਆਪਣੇ ਨਾਂ ਦੇ ਉਲਟ ਸੁੰਗੜਦਾ ਜਾ ਰਿਹਾ ਹੈ। ਮੈਂ ਇਹ ਦੇਖਦਾ ਹਾਂ ਕਿ ਬਹੁਤ ਸਾਰੇ ਸਮਾਜ ਅਤੇ ਦੇਸ਼ ਜ਼ਿਆਦਾ ਤੋਂ ਜ਼ਿਆਦਾ ਆਤਮ ਕੇਂਦਰਿਤ ਹੁੰਦੇ ਜਾ ਰਹੇ ਹਨ। ਪੀ. ਐਮ ਮੋਦੀ ਦੇ ਇਸ ਬਿਆਨ ਦਾ ਸਮਰਥਨ ਕਰਦੇ ਹੋਏ ਚੀਨੀ ਵਿਦੇਸ਼ ਮੰਤਰਾਲੇ ਨੇ ਭਾਰਤ ਸਮੇਤ ਦੁਨੀਆ ਦੇ ਸਾਰੇ ਦੇਸ਼ਾਂ ਨਾਲ ਤਾਲਮੇਲ ਵਧਾਉਣ ਦਾ ਐਲਾਨ ਕੀਤਾ ਹੈ। ਨਾਲ ਹੀ ਦੁਨੀਆ ਦੀ ਆਰਥਿਕ ਗ੍ਰੋਥ ਵਧਾਉਣ ਲਈ ਆਰਥਿਕ ਸੰਸਾਰੀਕਰਨ ਨੂੰ ਵਧਾਵਾ ਦੇਣ ਦੀ ਗੱਲ ਕਹੀ।