ਲਗਾਤਾਰ ਗੈਰ-ਹਾਜ਼ਰ ਰਹਿਣ ਕਾਰਨ ਰਾਣਵਾ ਬਹੁਤਕਨੀਕੀ ਕਾਲਜ਼ ਦੀ ਸੁਪਰਡੈਂਟ ਮੁਅੱਤਲ
ਮਾੜੀ ਕਾਰਗੁਜਾਰੀ ਕਾਰਨ ਰਾਣਵਾ ਬਹੁ-ਤਕਨੀਕੀ ਕਾਲਜ਼ ਦੇ ਪ੍ਰਿੰਸੀਪਲ ਨੂੰ ਕਾਰਨ ਦੱਸੋ ਨੋਟਿਸ ਜਾਰੀ
ਬਸੀ ਪਠਾਣਾ ਉਦਯੋਗਿਕ ਸਿਖਲਾਈ ਸੰਸਥਾ ਅਤੇ ਰਾਣਵਾ ਬਹੁ-ਤਕਨੀਕੀ ਕਾਲਜ ਨੂੰ ਮਾਡਲ ਸੰਸਥਾਵਾਂ ਵਜੋਂ ਵਿਕਸਤ ਕੀਤਾ ਜਾਵੇਗਾ
ਬਸੀ ਪਠਾਣਾ ਉਦਯੋਗਿਕ ਸਿਖਲਾਈ ਸੰਸਥਾ ਦੇ ਵਿਕਾਸ ਲਈ 2 ਕਰੋੜ ਦੀ ਗ੍ਰਾਂਟ ਦੇਣ ਦਾ ਐਲਾਨ
ਚੰਡੀਗੜ : ਪੰਜਾਬ ਸਰਕਾਰ ਵਲੋਂ ਸੂਬੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਮੌਜੂਦਾ ਅਤੇ ਭਵਿੱਖ ਦੀਅ ਲੋੜਾਂ ਦੇ ਮੱਦੇਨਜਰ ਕੋਰਸਾਂ ਅਤੇ ਸਿਲੇਬਸਾਂ ਵਿੱਚ ਵੱਡੇ ਬਦਲਾਅ ਕੀਤੇ ਜਾਣਗੇ। ਇਹ ਪ੍ਰਗਟਾਵਾ ਬਹੁਤਕਨੀਕੀ ਕਾਲਜ਼ ਰਾਣਵਾਂ ਅਤੇ ਬਸੀ ਪਠਾਣਾ ਉਦਯੋਗਿਕ ਸਿਖਲਾਈ ਸੰਸਥਾ ਦੀ ਅਚਨਚੇਤ ਚੈਕਿੰਗ ਕਰਨ ਪੁਹੰਚੇ ਸੂਬੇ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਦੌਰੇ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਤਕਨੀਕੀ ਸਿੱਖਿਆ ਦੀ ਬਿਹਤਰੀ ਅਤੇ ਸੂਬੇ ਦੇ ਨੌਜਵਾਨਾਂ ਦੇ ਵਧੀਆ ਭਵਿੱਖ ਲਈ ਹਰ ਸਖਤ ਫੈਸਲਾ ਲੈਣ ਲਈ ਤਿਆਰ ਹੈ।
ਉਨਾਂ ਨੇ ਇਸ ਮੌਕੇ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਬਹੁਤਕਨੀਕੀ ਸੰਸਥਾਵਾਂ ਅਤੇ ਆਈ.ਟੀ.ਆਈਜ਼. ਦੇ ਅਧਿਆਪਕਾਂ ਦੀ ਕਾਰਗੁਜ਼ਾਰੀ ਦਾ ਨਰੀਖਣ ਕੀਤਾ ਜਾਵੇਗਾ। ਇਨਾਂ ਸੰਸਥਾਵਾਂ ਦੇ ਪ੍ਰਸ਼ਾਸ਼ਨ ਨੂੰ ਹੋਰ ਚੁਸਤ ਦਰੁਸਤ ਬਣਾਇਆ ਜਾਵੇਗਾ ਤੇ ਸਾਰੇ ਅਧਿਆਪਕ ਸਬੰਧਤ ਟਰੇਡਾਂ ਵਿੱਚ ਸਿੱਖਿਆ ਲੈਣ ਵਾਲੇ ਸਿਖਿਆਰਥੀਆਂ ਨੂੰ ਆਪਣਾਉਣਗੇ ਅਤੇ ਵਿਦਿਆ ਦੇ ਮਿਆਰ ਨੂੰ ਉਚਾ ਚੁੱਕਣ ਲਈ ਅਧਿਆਪਕਾਂ ਦੀ ਜਿੰਮੇਵਾਰੀ ਤੈਅ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਉਨਾਂ ਨੇ ਰਾਣਵਾ ਬਹੁਤਕਨੀਕੀ ਕਾਲਜ ਵਿਖੇ ਅਚਨਚੇਤ ਚੈਕਿੰਗ ਦੌਰਾਨ ਕਈ ਦਿਨਾਂ ਤੋਂ ਗੈਰ ਹਾਜਰ ਰਹਿਣ ਵਾਲੀ ਸੰਸਥਾ ਦੀ ਸੁਪਰਡੈਂਟ ਸ਼੍ਰੀਮਤੀ ਬਲਜੀਤ ਕੌਰ ਨੂੰ ਤੁਰੰਤ ਮੁਅੱਤਲ ਕਰਨ ਲਈ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ।ਇਸ ਤੋਂ ਇਲਾਵਾ ਕਾਲਜ ਦੇ ਪ੍ਰਿੰਸੀਪਲ ਹਰਜਿੰਦਰ ਸਿੰਘ ਦੀ ਵੀ ਕਾਰਗੁਜਾਰੀ ਵਧੀਆ ਨਾ ਹੋਣ ਕਰਕੇ ਉਨਾਂ ਦੀ ਜਵਾਬ ਤਲਬੀ ਕਰਕੇ ਸਪਸ਼ਟੀਕਰਨ ਮੰਗਿਆ ਗਿਆ। ਉਨਾਂ ਕਿਹਾ ਕਿ ਪੰਜਾਬ ਦੀ ਕਿਸੇ ਵੀ ਬਹੁਤਕਨੀਕੀ ਸੰਸਥਾ ਜਾਂ ਆਈ.ਟੀ.ਆਈ. ਵਿੱਚ ਵਧੀਆ ਕਾਰਗੁਜ਼ਾਰੀ ਨਾ ਵਿਖਾਉਣ ਵਾਲੇ ਅਧਿਆਪਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਨਾਂ ਦੇ ਖਿਲਾਫ ਸਖਤ ਕਰਵਾਈ ਕੀਤੀ ਜਾਵੇਗੀ।
ਇਸ ਉਪਰੰਤ ਤਕਨੀਕੀ ਸਿੱਖਿਆ ਮੰਤਰੀ ਨੇ ਵਿਧਾਇਕ ਬਸੀ ਪਠਾਣਾ ਗੁਰਪ੍ਰੀਤ ਸਿੰਘ ਜੀ.ਪੀ. ਦੇ ਨਾਲ ਆਈ.ਟੀ.ਆਈ. ਬਸੀ ਪਠਾਣਾ ਦਾ ਅਚਨਚੇਤ ਦੌਰਾ ਕੀਤਾ ਅਤੇ ਸੰਸਥਾ ਦੇ ਪ੍ਰਿੰਸੀਪਲ, ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਮਿਲ ਕੇ ਸਿੱਖਿਆ ਦੇ ਮਿਆਰ ਦਾ ਮੁਲਾਂਕਣ ਕੀਤਾ। ਇਸ ਮੌਕੇ ਉਨਾਂ ਮੀਡੀਆ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਕਿਹਾ ਕਿ ਇਸ ਆਈ.ਟੀ.ਆਈ. ਅਤੇ ਬਹੁਤਕਨੀਕੀ ਸੰਸਥਾ ਰਾਣਵਾਂ ਨੂੰ ਮਾਡਲ ਤਕਨੀਕੀ ਸਿੱਖਿਆ ਸੰਸਥਾਵਾਂ ਵਜੋਂ ਵਿਕਸਤ ਕੀਤਾ ਜਾਵੇਗਾ। ਉਨਾਂ ਕਿਹਾ ਕਿ ਆਈ.ਟੀ.ਆਈ. ਬਸੀ ਪਠਾਣਾ ਦੇ ਆਧੁਨਿਕੀਕਰਨ ਲਈ 2 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਜਾਵੇਗੀ। ਜਿਸ ਅਧੀਨ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਦੇ ਨਾਲ-ਨਾਲ ਹੋਰ ਵਾਧੂ ਕਲਾਸ ਰੂਮ, ਵੱਖ-ਵੱਖ ਆਧੁਨਿਕ ਟਰੇਡਾਂ ਦੀ ਸਿਖਲਾਈ ਲਈ ਆਧੁਨਿਕ ਮਸ਼ੀਨਰੀ ਅਤੇ ਲੋੜੀਂਦੇ ਅਧਿਆਪਕ ਵੀ ਮੁਹੱਈਆ ਕਰਵਾਏ ਜਾਣਗੇ।
ਸ. ਚੰਨੀ ਨੇ ਆਖਿਆ ਕਿ ਸਮੇਂ ਦੇ ਹਾਣ ਦੀਆਂ ਉਦਯੋਗਿਕ ਇਕਾਈਆਂ ਦੀ ਮੰਗ ਅਨੁਸਾਰ ਪੰਜਾਬ ਦੀਆਂ ਸਾਰੀਆਂ ਆਈ.ਟੀ.ਆਈਜ਼ ਤੇ ਬਹੁਤਕਨੀਕੀ ਸੰਸਥਾਵਾਂ ਵਿੱਚ ਸਿਰਫ ਕਿੱਤਾ ਮੁਖੀ ਆਧੁਨਿਕ ਟਰੇਡਾਂ ਦੀ ਸਿਖਲਾਈ ਦਿੱਤੀ ਜਾਵੇਗੀ ਅਤੇ ਜਿਹੜੀਆਂ ਪੁਰਾਣੀਆਂ ਟਰੇਡਾਂ ਦੀ ਉਦਯੋਗਿਕ ਇਕਾਈਆਂ ਵਿੱਚ ਮੰਗ ਨਹੀਂ ਹੈ ਉਨਾਂ ਨੂੰ ਬੰਦ ਕਰ ਦਿੱਤਾ ਜਾਵੇਗਾ।
ਸਰਕਾਰੀ ਬਹੁਤਕਨੀਕੀ ਕਾਲਜਾ ਅਤੇ ਉਦਯੋਗਿਕ ਸਿਖਲਾਈ ਸੰਸਥਾਵਾਂ ਵਿਚ ਦਾਖਲਿਆਂ ਨੂੰ ਵਧਾਉਣ ਲਈ ਉਨਾਂ ਕਿਹਾ ਕਿ ਵਿਭਾਗ ਵਲੋਂ ਸਰਕਾਰੀ ਅਦਾਰਿਆਂ ਵਿਚ ਵਿਦਿਆਰਥੀਆਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਅਤੇ ਛੋਟਾਂ ਬਾਰੇ ਜਾਗਰੂਕਤਾ ਮੁਹਿੰਮ ਵਿੱਢੀ ਜਾਵੇਗੀ।ਉਨਾਂ ਇਸ ਗੱਲ ‘ਤੇ ਜੋਰ ਦਿੱਤਾ ਕਿ ਮੁੱਖ ਮੰਤਰੀ ਸਕਾਲਰਸ਼ਿਪ ਸਕੀਮ ਦਾ ਹਰ ਯੋਗ ਵਿਦਿਆਰਥੀ ਤੱਕ ਲਾਭ ਪਹੁੰਚਾਉਣਾ ਯਕੀਨੀ ਬਣਾਇਆ ਜਾਵੇਗਾ।ਉਨਾਂ ਕਿਹਾ ਕਿ ਅਦਾਰੇ ਦੇ ਮੁੱਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਸੰਸਥਾਂਵਾਂ ਦੇ ਨਾਲ ਲਗਦੇ ਇਲਾਕਿਆਂ ਵਿਚ ਪੈਂਦੇ ਸਕੂਲਾਂ ਵਿਚ ਜਾ ਕੇ ਬੱਚਿਆਂ ਨੂੰ ਸਰਕਾਰੀ ਬਹੁਤਕਨੀਕੀ ਕਾਲਜਾਂ ਅਤੇ ਉਦਯੋਗਿਕ ਸਿਖਲਾਈ ਸੰਸਥਾਵਾਂ ਵਿਚ ਦਾਖਲੇ ਲਈ ਪ੍ਰੇਰਿਤ ਕੀਤਾ ਜਾਵੇ।
ਤਕਨੀਕੀ ਸਿੱਖਿਆ ਮੰਤਰੀ ਨੇ ਇਹ ਵੀ ਦੱਸਿਆ ਕਿ ਸਾਰੀਆਂ ਬਹੁ ਤਕਨੀਕੀ ਸਿੱਖਿਆ ਸੰਸਥਾਵਾਂ ਵਿੱਚ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਹਾਜਰੀ ਯਕੀਨੀ ਬਣਾਉਣ ਵਾਸਤੇ ਬਾਇਓਮੈਟ੍ਰਿਕ ਸਿਸਟਮ ਰਾਹੀਂ ਹਾਜਰੀ ਲਗਾਈ ਜਾਵੇਗੀ, ਜਿਸ ਦੀ ਰੋਜ਼ਾਨਾਂ ਸਵੇਰੇ ਰਿਪੋਰਟ ਭੇਜਣੀ ਲਾਜ਼ਮੀ ਹੋਵੇਗੀ। ਉਨਾਂ ਦੱਸਿਆ ਕਿ ਸਰਕਾਰੀ ਬਹੁਤਕਨੀਕੀ ਸੰਸਥਾਵਾਂ ਵਿੱਚ ਵਿੱਦਿਆ ਦੇ ਮਿਆਰ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ 23 ਜਨਵਰੀ ਨੂੰ ਉਨਾਂ ਸਾਰੀਆਂ ਸੰਸਥਾਵਾਂ ਦੇ ਮੁਖੀਆਂ ਦੀ ਚੰਡੀਗੜ ਵਿਖੇ ਇੱਕ ਵਿਸ਼ੇਸ਼ ਮੀਟਿੰਗ ਬੁਲਾਈ ਗਈ ਹੈ।
ਇਸ ਮੌਕੇ ਵਿਧਾਇਕ ਸ. ਗੁਰਪ੍ਰੀਤ ਸਿੰਘ ਜੀ.ਪੀ. ਨੇ ਤਕਨੀਕੀ ਸਿੱਖਿਆ ਮੰਤਰੀ ਵੱਲੋਂ ਬਹੁਤਕਨੀਕੀ ਕਾਲਜ ਰਾਣਵਾਂ ਤੇ ਆਈ.ਟੀ.ਆਈ. ਬਸੀ ਪਠਾਣਾ ਨੂੰ ਮਾਡਲ ਸੰਸਥਾਵਾਂ ਵਜੋਂ ਵਿਕਸਤ ਕਰਨ ਦੇ ਫੈਸਲਾ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ।