ਚੰਡੀਗੜ੍ਹ : ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਸਾਬਕਾ ਐੱਸ.ਐੱਸ.ਪੀ ਸੁਰਜੀਤ ਸਿੰਘ ਗਰੇਵਾਲ ਨੂੰ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਵੱਡਾ ਝਟਕਾ ਦਿੰਦਿਆਂ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ| ਇਸ ਤੋਂ ਪਹਿਲਾਂ ਸੁਰਜੀਤ ਸਿੰਘ ਗਰੇਵਾਲ ਦੀ ਅਗਾਉਂ ਜ਼ਮਾਨਤ ਅਰਜ਼ੀ ਨੂੰ ਪਟਿਆਲਾ ਦੇ ਵਧੀਕ ਸੈਸ਼ਨ ਜੱਜ ਮੁਹੰਮਦ ਗੁਲਜ਼ਾਰ ਦੀ ਅਦਾਲਤ ਵੱਲੋਂ ਖਾਰਿਜ ਕਰ ਦਿੱਤਾ ਗਿਆ ਸੀ|
ਦੱਸਣਯੋਗ ਹੈ ਕਿ ਲੁਧਿਆਣੇ ਦੇ ਪਿੰਡ ਕਿਲਾ ਰਾਏਪੁਰ ਦਾ ਵਸਨੀਕ ਸੁਰਜੀਤ ਸਿੰਘ ਗਰੇਵਾਲ ਹਾਲੇ ਵੀ ਪੁਲਿਸ ਦੀ ਗ੍ਰਿਫਤ ਵਿਚੋਂ ਬਾਹਰ ਹੈ|
ਵਰਣਨਯੋਗ ਹੈ ਕਿ ਵਿਜੀਲੈਂਸ ਬਿਓਰੋ ਪਟਿਆਲਾ ਨੇ ਸੁਰਜੀਤ ਸਿੰਘ ਗਰੇਵਾਲ ਖਿਲਾਫ 21 ਦਸੰਬਰ ਨੂੰ ਆਮਦਨ ਨਾਲੋਂ ਵੱਧ ਜਾਇਦਾਦ ਬਣਾਉਣ ਤਹਿਤ ਆਈ.ਪੀ.ਸੀ. ਦੀ ਧਾਰਾ 13 (1) (ਈ) ਰ/ਵ 13 (2) ਅਧੀਨ ਮਾਮਲਾ ਦਰਜ ਕੀਤਾ ਸੀ| ਪੁਲਿਸ ਦਾ ਕਹਿਣਾ ਹੈ ਕਿ ਸੁਰਜੀਤ ਸਿੰਘ ਗਰੇਵਾਲ ਵੱਲੋਂ ਆਪਣੀ ਨੌਕਰੀ ਦੇ ਅੰਤਿਮ 15 ਸਾਲਾਂ ਦੌਰਾਨ ਹੀ 10 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਬਣਾਈ ਗਈ, ਜਦੋਂ ਕਿ ਉਸ ਦੀ ਨੌਕਰੀ ਦੀ ਆਮਦਨ ਤਕਰੀਬਨ 2.13 ਕਰੋੜ ਰੁਪਏ ਬਣਦੀ ਹੈ| ਉਹ 31 ਦਸੰਬਰ ਨੂੰ ਮੋਗਾ ਐੱਸ.ਐੱਸ.ਪੀ ਦੇ ਅਹੁਦੇ ਤੋਂ ਸੇਵਾ ਮੁਕਤ ਹੋਇਆ ਸੀ| ਪੁਲਿਸ ਅਨੁਸਾਰ ਉਸ ਨੇ ਕਿਲਾ ਰਾਏਪੁਰ, ਫਤਿਹਗੜ੍ਹ ਸਾਹਿਬ ਅਤੇ ਸਮਰਾਲਾ ਵਿਖੇ ਜਾਇਦਾਦ ਬਣਾਈ ਹੈ, ਜਿਸ ਵਿਚੋਂ 12 ਕਿੱਲੇ ਉਸ ਨੇ ਆਪਣੇ ਜਸਜੀਤ ਸਿੰਘ ਦੇ ਨਾਂਅ ਤਬਦੀਲ ਕਰਾ ਦਿੱਤੇ|