ਚੰਡੀਗੜ੍ਹ : ਹਰਿਆਣਾ ਵਿਚ ਥੋੜ੍ਹੇ ਦਿਨਾਂ ਵਿਚ ਹੀ ਵਾਪਰੀਆਂ ਕਈ ਬਲਾਤਕਾਰ ਦੀਆਂ ਘਟਨਾਵਾਂ ਤੋਂ ਬਾਅਦ ਜਿੱਥੇ ਸੂਬੇ ਵਿਚ ਸੁਰੱਖਿਆ ਵਿਵਸਥਾ ਕਰੜੀ ਕੀਤੀ ਗਈ ਸੀ, ਉਥੇ ਇੱਕ ਅਜਿਹੀ ਘਟਨਾ ਸਾਹਮਣੇ ਆਈ, ਜਿਸ ਨਾਲ ਅਧਿਆਪਕ ਅਤੇ ਵਿਦਿਆਰਥੀ ਦੇ ਰਿਸ਼ਤੇ ਨੂੰ ਤਾਰ-ਤਾਰ ਕਰ ਦਿੱਤਾ| ਹਰਿਆਣਾ ਦੇ ਯਮੁਨਾਨਗਰ ਵਿਚ ਇੱਕ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਨੇ ਗੋਲੀ ਮਾਰ ਕੇ ਪ੍ਰਿੰਸੀਪਲ ਦੀ ਹੱਤਿਆ ਕਰ ਦਿੱਤੀ ਹੈ| ਇਹ ਘਟਨਾ ਵਿਵੇਕਾਨੰਦ ਸਕੂਲ ਦੀ ਹੈ|
ਮੁਢਲੀਆਂ ਰਿਪੋਰਟਾਂ ਅਨੁਸਾਰ ਦੋਸ਼ੀ ਵਿਦਿਆਰਥੀ ਸ਼ਿਵਾਂਸ ਆਪਣੀ ਘੱਟ ਹਾਜ਼ਰੀ ਕਾਰਨ ਸਕੂਲ ਤੋਂ ਕੱਢੇ ਜਾਣ ਕਾਰਨ ਦੁਖੀ ਸੀ ਅਤੇ ਅੱਜ ਉਹ 11:30 ਵਜੇ ਪ੍ਰਿੰਸੀਪਲ ਰਿਤੂ ਛਾਬੜਾ ਦੇ ਕਮਰੇ ਵਿਚ ਗਿਆ, ਜਿਥੇ ਉਸ ਨੇ ਪ੍ਰਿੰਸੀਪਲ ਨੂੰ ਪਿਸਟਲ ਨਾਲ 3 ਗੋਲੀਆਂ ਮਾਰ ਦਿੱਤੀਆਂ| ਹਸਪਤਾਲ ਵਿਚ ਪ੍ਰਿੰਸੀਪਲ ਦੀ ਮੌਤ ਹੋ ਗਈ| ਦੱਸਿਆ ਜਾ ਰਿਹਾ ਹੈ ਕਿ ਉਹ ਸਕੂਲ ਅੰਦਰ ਆਪਣੇ ਪਿਤਾ ਦੀ ਪਿਸਟਲ ਲੈ ਕੇ ਆਇਆ ਸੀ|
ਇਸ ਦੌਰਾਨ ਪੁਲਿਸ ਨੇ ਦੋਸ਼ੀ ਵਿਦਿਆਰਥੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ| ਇਸ ਘਟਨਾ ਦੇ ਸਾਹਮਣੇ ਆਉਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ ਹੈ|
ਦੱਸਣਯੋਗ ਹੈ ਕਿ ਲਖਨਊ ਵਿਚ ਇਸੇ ਹਫਤੇ ਬ੍ਰਾਈਟਲੈਂਡ ਸਕੂਲ ਵਿਚ ਇੱਕ ਵਿਦਿਆਰਥਣ ਨੇ ਛੁੱਟੀ ਕਰਾਉਣ ਦੇ ਇਰਾਦੇ ਨਾਲ ਇੱਕ ਮਾਸੂਮ ਵਿਦਿਆਰਥੀ ਨੂੰ ਚਾਕੂ ਮਾਰ ਦਿੱਤਾ ਸੀ| ਇਹੀ ਨਹੀਂ ਕੁਝ ਮਹੀਨੇ ਪਹਿਲਾਂ ਹਰਿਆਣਾ ਦੇ ਗੁਰੂਗ੍ਰਾਮ ਵਿਖੇ ਰਿਆਨ ਇੰਟਰਨੈਸ਼ਨਲ ਸਕੂਲ ਵਿਚ ਇੱਕ ਗਿਆਰਵੀਂ ਜਮਾਤ ਦੇ ਵਿਦਿਆਰਥੀ ਨੇ ਮਾਸੂਮ ਪਰਦੂਮਣ ਦੀ ਚਾਕੂ ਨਾਲ ਹੱਤਿਆ ਕਰ ਦਿੱਤੀ ਸੀ|