ਪਾਕਿ ਵੱਲੋਂ ਅੱਜ ਫਿਰ ਭਾਰੀ ਗੋਲੀਬਾਰੀ, ਭਾਰਤ ਨੇ ਦਿੱਤਾ ਮੂੰਹਤੋੜ ਜਵਾਬ

ਸ੍ਰੀਨਗਰ : ਜੰਮੂ ਕਸ਼ਮੀਰ ਵਿਚ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਜੰਗਬੰਦੀ ਦੀ ਉਲੰਘਣਾ ਤੋਂ ਬਾਅਦ ਮਾਹੌਲ ਕਾਫੀ ਗਰਮਾ ਗਿਆ ਹੈ| ਇਸ ਦੌਰਾਨ ਪਾਕਿ ਗੋਲੀਬਾਰੀ ਵਿਚ ਜੰਮੂ ਕਸ਼ਮੀਰ ਦੀ ਕ੍ਰਿਸ਼ਨਾ ਘਾਟੀ ਸੈਕਟਰ ਵਿਚ 23 ਸਾਲ ਦੇ ਸਿਪਾਹੀ ਮਨਦੀਪ ਸਿੰਘ ਸ਼ਹੀਦ ਹੋ ਗਏ| ਜਦੋਂ ਕਿ ਆਰ.ਐਸ ਪੁਰਾ ਵਿਚ ਪਾਕਿਸਤਾਨ ਵੱਲੋਂ ਗੋਲੀਬਾਰੀ ਵਿਚ ਇੱਕ ਆਮ ਨਾਗਰਿਕ ਮਾਰਿਆ ਗਿਆ ਤੇ ਇੱਕ ਬੀ.ਐੱਸ.ਐੱਫ ਜਵਾਨ ਜ਼ਖਮੀ ਹੋ ਗਿਆ|
ਭਾਰਤ ਨੇ ਦਿੱਤਾ ਮੂੰਹ ਤੋੜ ਜਵਾਬ
ਇਸ ਦੌਰਾਨ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਗੋਲੀਬਾਰੀ ਦਾ ਭਾਰਤ ਵੱਲੋਂ ਮੂੰਹ ਤੋੜ ਜਵਾਬ ਦਿੱਤਾ ਜਾ ਰਿਹਾ ਹੈ| ਭਾਰਤੀ ਸੈਨਾ ਵੱਲੋਂ ਕੀਤੀ ਗੋਲੀਬਾਰੀ ਵਿਚ 10 ਪਾਕਿਸਤਾਨੀ ਰੇਂਜਰਾਂ ਦੇ ਮਾਰੇ ਜਾਣ ਅਤੇ ਕਈ ਪੋਸਟ ਤਬਾਹ ਹੋਣ ਦੀ ਸੂਚਨਾ ਹੈ|
ਸਰਹੱਦੀ ਲੋਕ ਸੁਰੱਖਿਅਤ ਥਾਵਾਂ ਵੱਲ ਜਾਣ ਲੱਗੇ
ਜੰਮੂ ਕਸ਼ਮੀਰ ਦੇ ਆਰ.ਐਸ. ਪੁਰਾ ਵਿਚ ਪਾਕਿਸਤਾਨ ਵੱਲੋਂ ਲਗਾਤਾਰ ਕੀਤੇ ਜਾ ਰਹੇ ਜੰਗਬੰਦੀ ਦੇ ਉਲੰਘਣ ਕਾਰਨ ਸਰਹੱਦੀ ਲੋਕ ਆਪਣੀ ਜਾਨ ਬਚਾ ਕੇ ਸੁਰੱਖਿਅਤ ਥਾਵਾਂ ਵੱਲ ਜਾਣ ਲੱਗ ਪਏ ਹਨ|
ਪਾਕਿਸਤਾਨ ਨੇ ਕੱਲ੍ਹ ਵੀ ਕੀਤੀ ਸੀ ਗੋਲੀਬਾਰੀ, 2 ਜਵਾਨ ਹੋਏ ਸਨ ਸ਼ਹੀਦ
ਇਸ ਤੋਂ ਪਹਿਲਾਂ ਪਾਕਿਸਤਾਨ ਵੱਲੋਂ ਕੱਲ੍ਹ ਜੰਮੂ ਅਤੇ ਸਾਂਬਾ ਵਿਚ ਸਰਹੱਦੀ ਚੌਕੀਆਂ ਅਤੇ ਨਾਗਰਿਕ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ| ਇਸ ਗੋਲੀਬਾਰੀ ਵਿਚ 2 ਜਵਾਨ ਸ਼ਹੀਦ ਹੋ ਗਏ ਸਨ, ਜਦੋਂ ਕਿ 3 ਆਮ ਨਾਗਰਿਕ ਮਾਰੇ ਗਏ ਸਨ|
ਕਈ ਇਲਾਕਿਆਂ ਵਿਚ ਪਾਕਿ ਵੱਲੋਂ ਕੀਤੀ ਗਈ ਗੋਲਬਾਰੀ
ਪਾਕਿਸਤਾਨ ਵੱਲੋਂ ਅਰਨੀਆ, ਆਰ.ਐਸ. ਪੁਰਾ, ਸਾਂਬਾ, ਰਾਮਗੜ੍ਹ ਆਦਿ ਸੈਕਟਰਾਂ ਵਿਚ ਭਾਰੀ ਗੋਲਬਾਰੀ ਕੀਤੀ ਜਾ ਰਹੀ ਹੈ| ਇਸ ਗੋਲੀਬਾਰੀ ਵਿਚ ਜਿਥੇ ਕਈ ਜਾਨਾਂ ਚਲੇ ਗਈਆਂ, ਉਥੇ ਕਈ ਲੋਕ ਜਖਮੀ ਵੀ ਹੋਏ ਹਨ|