ਨਵੇਂ ਰਾਹਾਂ ਦੇ ਪਾਂਧੀ

ਕਈ ਦਿਨਾਂ ਤੋਂ ਬਿਮਾਰ ਬੇਬੇ ਕਰਮ ਕੌਰ ਆਖ਼ਰੀ ਸਾਹਾਂ ‘ਤੇ ਸੀ। ਉਸ ਦੇ ਬਹੁਤ ਹੀ ਸਾਊ ਤੇ ਸਿਆਣੇ ਪੁੱਤ ਹਰਜੋਤ ਨੇ ਆਖ਼ਰੀ ਵਕਤ ਗੋਡਾ ਦਿੰਦਿਆਂ ਕਿਹਾ, ”ਬੇਬੇ।” ”ਹਾਂ, ਜਿਊਣ ਜੋਗਿਆ।” ਮਾਂ ਨੇ ਪੁੱਤ ਨੂੰ ਤੰਦਰੁਸਤ ਹੁੰਗਾਰਾ ਭਰਿਆ।
ਪੁੱਤ ਨੇ ਆਪਣੀ ਪਤਨੀ ਵੱਲੋਂ ਫ਼ੜਾਇਆ ਪਾਣੀ ਦਾ ਕੌਲਾ ਬੇਬੇ ਦੇ ਮੂੰਹ ਨੂੰ ਲਾਇਆ। ਮਾਂ ਨੇ ਪਾਣੀ ਦਾ ਘੁੱਟ ਭਰਿਆ, ਪਰ ਪਾਣੀ ਅੰਦਰ ਨਹੀਂ ਲੰਘਿਆ। ਕਈ ਦਿਨਾਂ ਤੋਂ ਬੇਬੇ ਕਰਮ ਕੌਰ ਨੇ ਕੁਝ ਖਾਧਾ ਨਹੀਂ ਸੀ। ਛੋਟੇ ਵੱਲੋਂ ਲਿਆਂਦੇ ਸੰਤਰਿਆਂ ‘ਚੋਂ ਇੱਕ ਛਿੱਲ ਕੇ ਫ਼ਾੜੀ ਬੇਬੇ ਨੂੰ ਫ਼ੜਾਉਂਦਿਆਂ ਹਰਜੋਤ ਨੇ ਕਿਹਾ, ”ਲੈ ਬੇਬੇ ਆਹ ਖਾ।”
ਪੂਰੀ ਹੋਸ਼ ਵਿੱਚ ਸੰਤਰੇ ਦੀ ਫ਼ਾੜੀ ਫ਼ੜ ਕੇ ਬੇਬੇ ਨੇ ਇੰਜ ਵੇਖਿਆ ਜਿਵੇਂ ਸੰਤਰੇ ਦੇ ਸਹੀ ਹੋਣ ਦੀ ਤਸਦੀਕ ਕਰ ਰਹੀ ਹੋਵੇ। ਮੂੰਹ ਵਿੱਚ ਪਾਉਂਦੀ-ਪਾਉਂਦੀ ਰੁਕ ਕੇ ਕੁਝ ਯਾਦ ਆਉਣ ਵਾਂਗ ਬੋਲੀ, ”ਪਹਿਲਾਂ ਤੂੰ ਖਾ, ਤੂੰ ਖਾਧਾ!” ਜਿਵੇਂ ਮਾਂ ਪੁੱਤ ਦੇ ਖਾਣ ਤੋਂ ਪਹਿਲਾਂ ਖਾਣਾ ਬਦਸ਼ਗਨੀ ਸਮਝਦੀ ਹੋਵੇ।
ਕਰਮ ਕੌਰ ਨੇ ਅਚੇਤ ਹੀ ਤਰਲੇ ਜਿਹੇ ਵਾਂਗ ਆਖਿਆ, ”ਪੁੱਤ, ਇੱਕ ਕੰਮ ਕਰੇਂਗਾ? ਮੈਂ ਹੋਰ ਕੁਝ ਨਹੀਂ ਮੰਗਦੀ। ਭਾਅ ਨੂੰ ਕਹੀਂ ਮੇਰੀ ਮੜ੍ਹੀ ਜ਼ਰੂਰ ਆ ਕੇ ਢਕ ਜਾਵੇ, ਮੇਰੀ ਗਤ ਹੋ ਜਾਊ। ਰੋਇਓ ਬਿਲਕੁਲ ਨਾ।”
ਹਰਜੋਤ ਨੂੰ ਯਾਦ ਹੈ ਮਾਂ, ਮਾਮੇ ਨੂੰ ਬਹੁਤ ਯਾਦ ਕਰਦੀ ਹਮੇਸ਼ਾਂ ਕਹਿੰਦੀ ਸੀ: ”ਭਾਅ ਜਰਨੈਲ ਅਸੂਲਾਂ ਦਾ ਬੜਾ ਕਰੜਾ, ਉਹਨੇ ਨਹੀਂ ਆਉਣਾ।” ਮਾਮੇ ਆਏ ਨੂੰ ਤਾਂ ਜੁਗੜੇ ਬੀਤ ਗਏ ਸਨ। ਪੁੱਤਰ ਦਾ ਮੂੰਹ ਸਵਾਲ ਬਣਿਆ ਹੋਇਆ ਸੀ।
”ਮੈਂ ਤੈਨੂੰ ਦੱਸਦੀ ਹਾਂ, ਕਿਉਂ ਨਹੀਂ ਆਉਂਦਾ ਭਾਅ। ਮੇਰੀ ਟਰੰਕੀ ਲਿਆ ਉਰੇ।” ਟਰੰਕੀ ਲਿਆਉਣ ਤੋਂ ਪਹਿਲਾਂ ਹੀ ਬੇਬੇ ਲੰਮਾ ਸਾਹ ਲੈ ਕੇ ਸ਼ਾਂਤ ਹੋ ਗਈ।
ਬੇਬੇ ਕਰਮ ਕੌਰ ਦੇ ਤਿੰਨ ਬੱਚੇ ਸਨ। ਹਰਜੋਤ ਤੋਂ ਛੋਟੀ ਭੈਣ ਤੇ ਇੱਕ ਛੋਟਾ ਭਰਾ। ਭੈਣ ਨੇੜਲੇ ਅਗਵਾੜ ‘ਚ ਵਿਆਹੀ ਹੋਈ ਸੀ ਜੋ ਸੁਨੇਹਾ ਮਿਲਦਿਆਂ ਹੀ ਪਹੁੰਚ ਗਈ। ਬੇਬੇ ਦੀ ਪੁਰਾਣੀ ਟਰੰਕੀ ਅੱਜ ਬਿਨਾਂ ਜੰਦਰੀ ਤੋਂ ਸੀ ਜਿਸ ਨੂੰ ਬੇਬੇ ਹਮੇਸ਼ਾਂ ਮੁੱਠੀ ਵਰਗੀ ਜੰਦਰੀ ਮਾਰ ਕੇ ਕੁੰਜੀ ਚੁੰਨੀ ਦੇ ਲੜ ਬੰਨ੍ਹ ਕੇ ਰੱਖਦੀ ਹੁੰਦੀ ਸੀ। ਟਰੰਕੀ ਵਿੱਚ ਦੋ ਚੱਪਿਆਂ ਦਾ ਗੋਲ ਮੋਢੇ ਦਾ ਇੱਕ ਨਿੱਕੇ ਬੱਚੇ ਦਾ ਪੁਰਾਣਾ ਕਮੀਜ਼ ਸੀ ਜੋ ਸ਼ਾਇਦ ਪਲੇਠੀ ਦਾ ਪੁੱਤਰ ਹੋਣ ਕਰਕੇ ਹਰਜੋਤ ਦਾ ਹੀ ਸੀ। ਅਕਸਰ, ਮਾਵਾਂ ਪਲੇਠੇ ਪੁੱਤਰ ਦਾ ਕਮੀਜ਼ ਸਾਂਭ ਕੇ ਰੱਖਦੀਆਂ ਹਨ। ਇੱਕ ਵਸੀਅਤ ਅਤੇ ਇੱਕ ਰਜਿਸਟਰੀ ਬਹੁਤ ਹੀ ਪੁਰਾਣੀ ਜਿਹੀ। ਇਸ ਤੋਂ ਇਲਾਵਾ ਹੋਰ ਕੁਝ ਨਹੀਂ ਸੀ। ਵਸੀਅਤ ਮੁਤਾਬਿਕ ਨਾਨੇ ਵੱਲੋਂ ਬੇਬੇ ਅਤੇ ਮਾਮੇ ਨੂੰ ਬਰਾਬਰ ਦੇ ਮਾਲਕ ਦਰਸਾਇਆ ਹੋਇਆ ਸੀ। ਰਜਿਸਟਰੀ ਅਨੁਸਾਰ ਬੇਬੇ ਦੇ ਨਾਂ ‘ਤੇ ਚਾਰ ਏਕੜ ਜ਼ਮੀਨ ਖ਼ਰੀਦੀ ਹੋਈ ਸੀ। ਰਜਿਸਟਰੀ ਬਾਪੂ ਨੇ ਕਰਵਾਈ ਹੋਈ ਸੀ। ਹਰਜੋਤ ਨੂੰ ਜਰਨੈਲ ਮਾਮਲੇ ਦੇ ਆਉਣੋਂ ਹਟਣ ਦੀ ਥੋੜ੍ਹੀ-ਥੋੜ੍ਹੀ ਸਮਝ ਪੈਣ ਲੱਗੀ। ਹਰਜੋਤ ਨੂੰ ਆਪਣੇ ਬਾਪ ਕਿਸ਼ਨ ਸਿੰਘ ਦੇ ਲਾਲਚੀ ਸੁਭਾਅ ਦਾ ਪਤਾ ਸੀ। ਪਰ ਉਹ ਘਰੇਲੁ ਉਲਝਣਾਂ ਵੱਲ ਘੱਟ ਹੀ ਤਵੱਜੋ ਦਿੰਦਾ ਸੀ। ਅਸਲ ਕਹਾਣੀ ਭੈਣ ਨੇ ਆ ਕੇ ਦੱਸੀ ਸੀ ਕਿਉਂਕਿ ਮਾਂ ਧੀ ਦੀ ਬੁੱਕਲ ਸਾਂਝੀ ਸੀ।
”ਵੀਰੇ, ਜਾਇਦਾਦਾਂ ਦਾ ਮੋਹ ਰਿਸ਼ਤਿਆਂ ‘ਤੇ ਭਾਰੂ ਹੋ ਜਾਂਦਾ ਹੈ। ਸਾਡੀ ਭੂਆ ਗੇਜੋ ਵੀ ਜਦੋਂ ਆਪਣਾ ਹਿੱਸਾ ਵੰਡਾ ਕੇ ਲੈ ਗਈ ਸੀ ਤਾਂ ਬਾਪੂ ਵੀ ਮਿਲਣੋਂ ਹਟ ਗਿਆ ਸੀ। ਜਦੋਂ ਵੀ ਆਪਣੇ ਸਾਰਥਾਂ ‘ਤੇ ਭੂਆ ਸੁਨੇਹੇ ਲਾਉਂਦੀ ਤਾਂ ਬਾਪੂ ਆਖਦਾ ਹੁੰਦਾ ਸੀ ‘ਮੇਰੀ ਜਗ੍ਹਾ ਹੁਣ ਜ਼ਮੀਨ ਖਲ੍ਹਾਰ ਲੈ’। ਇਉਂ ਹੀ ਬਾਪੂ ਨੇ ਬੇਬੇ ਨੂੰ ਵੀ ਭਰਾ ਤੋਂ ਆਪਣਾ ਹਿੱਸਾ ਮੰਗਣ ਭੇਜ ਦਿੱਤਾ ਸੀ। ਤੈਨੂੰ ਸ਼ਾਇਦ ਪਤਾ ਨਹੀਂ। ਮਾਮਾ ਲੋਕ ਹੱਕਾਂ ਦੀ ਗੱਲ ਕਰਕੇ ਉਨ੍ਹਾਂ ਨੂੰ ਹੱਕ ਦਿਵਾਉਣ ਵਾਲਾ, ਭਲਾ ਆਪਣੀ ਭੈਣ ਨੂੰ ਪਿੱਛੇ ਕਦੋਂ ਪਾਉਣ ਲੱਗਾ ਸੀ! ਬੇਸ਼ੱਕ ਅਨਪੜ੍ਹ ਨਾਨੇ ਨੇ ਜਾਇਦਾਦ ਦੀ ਵਸੀਅਤ ਕਰਨ ਲੱਗਿਆਂ ਸਾਰੀ ਜਾਦਿਦਾਦ ਮਾਮੇ ਦੇ ਨਾਂ ਕਰਨ ਦੀ ਗੱਲ ਕਹੀ ਸੀ, ਪਰ ਮਾਮੇ ਨੇ ਵਸੀਅਤ ਦੀ ਲਿਖਤ ਵਿੱਚ ਭੈਣ ਨੂੰ ਬਰਾਬਰ ਦਾ ਹੱਕਦਾਰ ਲਿਖਵਾਇਆ ਸੀ। ਜਦੋਂ ਬਾਪੂ ਨੇ ਬੇਬੇ ਨੂੰ ਹਿੱਸਾ ਮੰਗਣ ਲਈ ਮਜਬੂਰ ਕੀਤਾ ਤਾਂ ਬੇਬੇ ਨੇ ਮਾਮੇ ਨੂੰ ਜਾ ਕੇ ਸਭ ਕੁਝ ਦੱਸਦਿਆਂ ਕਿਹਾ: ‘ਵੀਰੇ ਤੇਰੇ ਭਣਵੱਈਏ ਦੇ ਕਹਿਣ ‘ਤੇ ਆਈ ਹਾਂ। ਤੂੰ ਵਸਦਾ ਰਹਿ ਮੈਨੂੰ ਕੁਝ ਨਹੀਂ ਚਾਹੀਦਾ।’ ਤਾਂ ਮਾਮੇ ਨੇ ਵਸੀਅਤ ਬੇਬੇ ਨੂੰ ਦਿੰਦਿਆਂ ਕਿਹਾ ਸੀ: ‘ਭੈਣੇ, ਮੈਂ ਤੈਨੂੰ ਹਮੇਸ਼ਾਂ ਬਰਾਬਰ ਦੀ ਮਾਲਕ ਸਮਝਿਆ ਹੈ, ਪਰ ਲੋਕ ਹੱਕਾਂ ਦੀ ਗੱਲ ਕਰਨ ਵਾਲੇ ਭਾਈਏ ਨੇ ਮੈਨੂੰ ਸਮਝਿਆ ਨਹੀਂ। ਵੈਸੇ ਹੱਕ ਲੈਣੇ ਵੀ ਪੈਂਦੇ ਨੇ, ਮਿਲਦੇ ਬਹੁਤ ਘੱਟ ਨੇ। ਇਹ ਜ਼ਮੀਨ ਵੇਚ ਕੇ ਇਸ ਦੇ ਬਦਲੇ ਆਪਣੇ ਨਾਂ ਜ਼ਮੀਨ ਖ਼ਰੀਦੀਂ, ਸਾਰੀ ਉਮਰ ਕਦਰ ਕਰਾਵੇਂਗੀ।’ ਮਾਮੇ ਨੇ ਇਹ ਵੀ ਕਿਹਾ, ‘ਜਿੱਥੇ ਮੇਰੀ ਲੋੜ ਹੋਈ ਮੈਂ ਪਹੁੰਚਾਂਗਾ।’ ਇਹ ਸਭ ਕੁਝ ਮੈਨੂੰ ਬੇਬੇ ਨੇ ਦੱਸਿਆ। ਇਹ ਜ਼ਮੀਨ ਉੱਥੋਂ ਵੇਚ ਕੇ ਬੇਬੇ ਨੇ ਆਪਣੇ ਨਾਂ ਖ਼ਰੀਦੀ ਸੀ ਜੋ ਬਾਪੂ ਨੇ ਆਪ ਰਜਿਸਟਰੀ ਕਰਵਾਈ ਸੀ। ਤੂੰ ਖ਼ਬਰ ਕਰ ਮਾਮਾ ਜ਼ਰੂਰ ਆਵੇਗਾ।”
ਹਰਜੋਤ ਪੜ੍ਹਾਈ ਤੋਂ ਬਾਅਦ ਜਲਦੀ ਹੀ ਸਰਕਾਰੀ ਨੌਕਰੀ ‘ਤੇ ਲੱਗ ਗਿਆ ਸੀ, ਨਾਨਕੇ ਘੱਟ-ਵੱਧ ਹੀ ਗਿਆ ਸੀ। ਕਰਮ ਕੌਰ ਤੋਂ ਉਹਦਾ ਭਰਾ ਜਰਨੈਲ ਡੇਢ ਦੋ ਸਾਲ ਹੀ ਵੱਡਾ ਸੀ। ਆਪ ਉਹ ਸਕੂਲ ਬਿਲਕੁਲ ਨਹੀਂ ਗਈ। ਉਨ੍ਹਾਂ ਵੇਲਿਆਂ ‘ਚ ਕੁੜੀ ਕੱਤਣਾ, ਤੁੰਬਣਾ, ਦਰੀਆਂ-ਖੇਸ ਉਣਨਾ, ਫ਼ੁਲਕਾਰੀਆਂ ਕੱਢਣਾ ਜਾਣਦੀ ਹੋਵੇ, ਇਹੀ ਉਸ ਦੀ ਪੜ੍ਹਾਈ ਹੁੰਦੀ ਸੀ। ਖੁੱਲ੍ਹੀਆਂ ਜ਼ਮੀਨਾਂ ਵਾਲੇ ਮੁੰਡੇ ਵੀ ਘੱਟ ਹੀ ਪੜ੍ਹਦੇ ਸਨ। ਪਰ ਜਰਨੈਲ ਦਸਵੀਂ ਕਰਕੇ ਜਦੋਂ ਸ਼ਹਿਰ ਜਾਣ ਲੱਗਿਆ ਤਾਂ ਲੋਕ ਹੱਕਾਂ ਦੀ ਗੱਲ ਕਰਨ ਵਾਲੀ ਕਿਸੇ ਪਾਰਟੀ ਦੇ ਸੰਪਰਕ ਵਿੱਚ ਆਉਣ ਕਰਕੇ ਪੇਂਡੂ ਮੁੰਡਿਆਂ ਨਾਲੋਂ ਵੱਖਰੀ ਕਿਸਮ ਦਾ ਹੋ ਗਿਆ ਸੀ। ਮੁੰਡਾ ਹੱਥੋਂ ਨਿਕਲਦਾ ਵੇਖ ਬਾਪ ਨੇ ਪੜ੍ਹਨੋਂ ਹਟਾ ਵਾਹੀ-ਜੋਤੀ ਦਾ ਕੰਮ ਸੰਭਾਲ ਦਿੱਤਾ। ਕਰਮ ਕੌਰ ਦਾ ਵਿਆਹ ਵਿਚਾਰਾਂ ਦੀ ਸਾਂਝ ਦਾ ਨਤੀਜਾ ਸੀ, ਪਰ ਉਸ ਦਾ ਪਤੀ ਕਿਸ਼ਨ ਸਿੰਘ ਅਖੌਤੀ ਅਗਾਂਹਵਧੂ ਨਿਕਲਿਆ ਜੋ ਸਾਜ਼ਿਸ਼ਾਂ ਰਚ ਕੇ ਪੈਸੇ ਪਿੱਛੇ ਦੌੜਨ ਵਾਲਾ ਮਨੁੱਖ ਸੀ। ਹਰਜੋਤ ਸਮਝਦਾ ਸੀ ਕਿ ਮਾਮੇ ਨੂੰ ਸੁਨੇਹਾ ਲਾਉਣ ਸਬੰਧੀ ਬਾਪੂ ਨਾਲ ਗੱਲ ਕਰਨਾ ਫ਼ਜ਼ੁਲ ਹੋਵੇਗਾ। ਉਸ ਨੇ ਆਪ ਜਾ ਕੇ ਮਾਮੇ ਨੂੰ ਬੇਬੇ ਦੇ ਮਰਨ ਦੀ ਖ਼ਬਰ ਕੀਤੀ। ਜਰਨੈਲ ਸਿਹੁੰ ਇੱਕੱਲਾ ਹੀ ਭੈਣ ਦੇ ਸਹੁਰੇ ਆਪਣੇ ਭਣੇਵੇਂ ਦੇ ਮਗਰ-ਮਗਰ ਹੀ ਪਹੁੰਚ ਗਿਆ। ਪਰਿਵਾਰ ਵਾਲੇ ਅਤੇ ਰਿਸ਼ਤੇਦਾਰ ਪਹਿਲਾਂ ਹੀ ਪੇਕਿਆਂ ਨੂੰ ਉਡੀਕੀ ਜਾ ਰਹੇ ਸਨ। ਰਿਵਾਜ ਮੁਤਾਬਿਕ ਕਫ਼ਨ ਪੇਕਿਆਂ ਤੋਂ ਆਉਣਾ ਸੀ। ਸਸਕਾਰ ਵਾਸਤੇ ਲੱਕੜਾਂ ਵੀ ਪੇਕਿਆਂ ਨੇ ਦੇਣੀਆਂ ਸਨ, ਪਰ ਮਾਮਾ ਤਾਂ ਹੱਥ ਲਮਕਾਈ ਇੱਕੱਲਾ ਹੀ ਆ ਗਿਆ ਸੀ। ਸਾਰੇ ਹੈਰਾਨ ਸਨ ਕਿ ਹੋਰ ਕੋਈ ਵੀ ਨਹੀਂ ਸੀ ਆਇਆ। ਜਦੋਂਕਿ ਬਜ਼ੁਰਗ ਔਰਤ ਦੇ ਪੇਕਿਆਂ ਤੋਂ ਲੋਕਾਂ ਦੀਆਂ ਟਰਾਲੀਆਂ ਭਰ ਕੇ ਆਉਣੀਆਂ ਵਸਦੇ ਪੇਕਿਆਂ ਵਾਲੀ ਹੋਣ ਦੀ ਤਸਦੀਕ ਹੋਣੀ ਸੀ।
ਪੱਤੀ ਦੀ ਇੱਕ ਸਿਆਣੀ ਸਮਝੀ ਜਾਂਦੀ ਬਜ਼ੁਰਗ ਨੇ ਹਰਜੋਤ ਦੇ ਕੰਨ ਵਿੱਚ ਹੌਲੀ ਜਿਹੀ ਕਿਹਾ, ”ਜੋਤ ਸਿਹੁੰ, ਬਾਲਣ ਖੱਫ਼ਣ ਪੇਕਿਆਂ ਦਾ ਹੁੰਦੈ।”
ਜੋਤ ਨੇ ਬਜ਼ੁਰਗ ਔਰਤ ਨੂੰ ਪਾਸੇ ਲਿਜਾ ਕੇ ਕਿਹਾ, ”ਮਾਤਾ ਜੀ, ਸਾਡੀ ਮਾਂ ਨੇ ਸਾਰੀ ਉਮਰ ਸਾਡੇ ਲਈ ਖ਼ੂਨ ਪਸੀਨਾ ਵਹਾਇਆ ਹੈ। ਇਸ ਘਰੋਂ ਉਹ ਬਾਲਣ ਖੱਫ਼ਣ ਦੀ ਵੀ ਦਾਅਵੇਦਾਰ ਨਹੀਂ? ਐਵੇਂ ਪੁਰਾਣੀ ਰਸਮਾਂ ਦੀਆਂ ਗੱਲਾਂ ਛੱਡੋ। ਬੇਬੇ ਨੂੰ ਇਸ਼ਨਾਨ ਕਰਾਓ, ਮਾਮੇ ਦੀ ਹੀ ਉਡੀਕ ਸੀ। ਮੈਂ ਸਾਰਾ ਬੰਦੋਬਸਤ ਕੀਤਾ ਹੋਇਆ ਹੈ।” ਹਰਜੋਤ ਨਾਨਕਿਆਂ ਤੋਂ ਮੁੜਦਾ ਲੋੜੀਂਦਾ ਸਾਮਾਨ ਲੈ ਆਇਆ ਸੀ।
ਮ੍ਰਿਤਕ ਦੇਹ ਨੂੰ ਇਸ਼ਨਾਨ ਕਰਾ ਕੇ ਅਰਥੀ ਤਿਆਰ ਕੀਤੀ ਗਈ। ਜਦੋਂ ਅਰਥੀ ਚੁੱਕਣ ਲੱਗੇ ਤਾਂ ਹਰਜੋਤ ਨੇ ਕਿਹਾ, ”ਇੱਕ ਮਿੰਟ ਠਹਿਰੋ।” ਉਸ ਨੇ ਔਰਤਾਂ ਵਿੱਚ ਨਜ਼ਰ ਮਾਰਦਿਆਂ ਭੈਣ ਨੂੰ ਇਸ਼ਾਰੇ ਨਾਲ ਬੁਲਾਇਆ। ਉਸ ਦੇ ਆਉਣ ਤੋਂ ਬਾਅਦ ਭੈਣ ਨੂੰ ਜਦੋਂ ਭਰਾ ਨੇ ਆਪਣੇ ਬਰਾਬਰ ਕਾਨ੍ਹੀ ਵਜੋਂ ਅਰਥੀ ਨੂੰ ਮੋਢਾ ਦੇਣ ਲਈ ਕਿਹਾ ਤਾਂ ਵੇਖਣ ਵਾਲੇ ਹੈਰਾਨ ਰਹਿ ਗਏ। ਧੀ ਵੱਲੋਂ ਮਾਂ ਨੂੰ ਮੋਢਾ ਦੇਣਾ ਪਿਛਲਖੁਰੀ ਚੱਲ ਰਹੇ ਸਮਾਜ ਨੂੰ ਵੱਖਰਾ ਸੁਨੇਹਾ ਸੀ। ਕੋਈ ਵੀ ਬੋਲਣ ਦੀ ਜੁਰੱਅਤ ਨਹੀਂ ਕਰ ਸਕਿਆ। ਚਿਖਾ ਤਿਆਰੀ ਤੋਂ ਬਾਅਦ ਮਾਂ ਦੇ ਸਿਵੇ ਨੂੰ ਅੱਗ ਦਿਖਾਉਣ ਲਈ ਭਰਾ ਨੇ ਫ਼ਿਰ ਭੈਣ ਨੂੰ ਨਾਲ ਲਿਆ। ਅਜਿਹੇ ਵਿਲੱਖਣ ਕਾਰਜ ਦੀ ਚਰਚਾ ਹੋਣੀ ਸੁਭਾਵਿਕ ਸੀ। ਮਾਮੇ ਨੇ ਮੁੰਡੇ ਨੂੰ ਗਲ ਨਾਲ ਲਾ ਕੇ ਭਾਵੁਕ ਹੁੰਦਿਆਂ ਕਿਹਾ, ”ਮੈਂ ਹੁਣ ਦਸਵੇਂ ‘ਤੇ ਭੋਗ ਵਾਲੇ ਦਿਨ ਆਵਾਂਗਾ। ਫ਼ੁੱਲ ਦੋ ਚਾਰ ਜੀਅ ਜਾ ਕੇ ਚੁਗ ਲਿਓ ਤੇ ਪਾ ਆਇਓ। ਹੋਰ ਕੋਈ ਵੀ ਰੀਤੀ ਰਿਵਾਜ ਨਾ ਕਰਿਓ। ਭੋਗ ‘ਤੇ ਆਈ ਸੰਗਤ ਵਾਸਤੇ ਸਿਰਫ਼ ਦਾਲ ਫ਼ੁਲਕਾ ਹੀ ਬਣਾਵੀਂ।” ਪਿੰਡ ਦੇ ਲੋਕਾਂ ਨੂੰ ਹੋਰਾਂ ਬਜ਼ੁਰਗਾਂ ਦੇ ਮਰਨਿਆਂ ਵਾਂਗ ਡੋਡੀਆਂ ਮਖਾਣੇ ਚੱਬਣ ਨੂੰ ਤਾਂ ਨਾ ਮਿਲੇ, ਪਰ ਦੰਦ ਕਥਾ ਜ਼ਰੂਰ ਸ਼ੁਰੂ ਹੋ ਗਈ: ‘ਬਈ ਮੁੰਡਾ ਸਰਕਾਰੀ ਮੁਲਾਜ਼ਮ ਐ, ਸ਼ਾਇਦ ਦਸਵੇਂ ‘ਤੇ ਤਕੜਾ ਪ੍ਰੋਗਰਾਮ ਹੋਊ।’ ‘ਲੈ ਸਹਿੰਦਾ ਘਰ ਐ ਗੱਜ-ਵੱਜ ਕੇ ਕਰਨਗੇ, ਕਿਸ਼ਨ ਸਿੰਹੁ ਕਿਸੇ ਤੋਂ ਘੱਟ ਐ ਪਿੰਡ ‘ਚ।’
ਭੋਗ ‘ਤੇ ਦੂਰੋਂ-ਨੇੜਿਓਂ ਰਿਸ਼ਤੇਦਾਰਾਂ ਸਮੇਤ ਪੁਰੇ ਪਿੰਡ ਨੂੰ ਸੱਦਾ ਸੀ। ਇਲਾਕੇ ਦਾ ਮਸ਼ਹੂਰ ਆਗੂ ਜਰਨੈਲ ਸਿੰਘ ਆਪਣੀ ਪਾਰਟੀ ਦੇ ਨੁਮਾਇੰਦਿਆਂ ਨਾਲ ਆਇਆ ਹੋਇਆ ਸੀ। ਲੋਕ ਜਰਨੈਲ ਸਿੰਘ ਨੂੰ ਇਲਾਕੇ ਦੇ ਸਿਰਕੱਢ ਆਗੂ ਵਜੋਂ ਤਾਂ ਜਾਣਦੇ ਸਨ, ਪਰ ਬਹੁਤ ਘੱਟ ਲੋਕਾਂ ਨੂੰ ਪਤਾ ਸੀ ਕਿ ਉਹ ਹਰਜੋਤ ਦਾ ਸਕਾ ਮਾਮਾ ਹੈ।
ਭੋਗ ਉਪਰੰਤ ਜਰਨੈਲ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ, ”ਸਾਥੀਓ, ਸਮਾਜ ਨੂੰ ਬਦਲਣ ਦੀ ਹਿੰਮਤ ਰੱਖਣ ਵਾਲੇ ਹੀ ਨਵੇਂ ਰਾਹਾਂ ਦੇ ਪਾਂਧੀ ਬਣ ਕੇ ਗਲੇ-ਸੜੇ ਸਮਾਜ ਅਤੇ ਚਿਰਾਂ ਤੋਂ ਤੁਰੀਆਂ ਆ ਰਹੀਆਂ ਕੋਝੀਆਂ ਰਸਮਾਂ ਨੂੰ ਬਦਲਣ ਦੇ ਸਮਰੱਥ ਹੁੰਦੇ ਹਨ। ਅੱਜ ਸਾਡੇ ਸਮਾਜ ਦਾ ਅੰਨਦਾਤਾ ਅਤੇ ਹਰ ਮੱਧਵਰਗੀ ਬਾਸ਼ਿੰਦਾ ਇਨ੍ਹਾਂ ਗ਼ਲਤ ਸਮਾਜਿਕ ਰਸਮਾਂ ਦੀ ਬਲੀ ਚੜ੍ਹ ਰਿਹਾ ਹੈ। ਮਹਿੰਗੇ ਵਿਆਹ, ਜੰਮਣੇ-ਮਰਨੇ, ਵਰ੍ਹੀਣੇ ਅਤੇ ਚੌਵਰ੍ਹੀਆਂ ਉੱਤੇ ਬੇਲੋੜਾ ਖ਼ਰਚ ਕਰ ਕੇ ਆਰਥਿਕ ਬੋਝ ਥੱਲੇ ਦਬਦਾ ਜਾ ਰਿਹਾ ਹੈ। ਖ਼ੁਦ ਨੂੰ ਦੂਜੇ ਤੋਂ ਘੱਟ ਨਾ ਦੱਸਣ ਦੇ ਭਰਮ ਵਿੱਚ ਬਰਬਾਦੀ ਦੇ ਰਸਤੇ ਚੱਲਦਿਆਂ ਕਰਜ਼ੇ ਦੇ ਵਿੰਨ੍ਹਿਆਂ ਨੂੰ ਖ਼ੁਦਕੁਸ਼ੀਆਂ ਤੋਂ ਬਿਨਾਂ ਹੋਰ ਕੋਈ ਰਾਹ ਹੀ ਨਹੀਂ ਦਿੱਸਦਾ। ਹਰਜੋਤ ਨੇ ਜਿਸ ਰਾਹ ‘ਤੇ ਚੱਲਣ ਦੀ ਪਹਿਲ-ਕਦਮੀ ਕੀਤੀ ਹੈ, ਇਸ ਰਾਹ ਦਾ ਪਾਂਧੀ ਹਰ ਇਨਸਾਨ ਨੂੰ ਬਣਨਾ ਪੈਣਾ ਹੈ। ਹਰ ਸਮਾਜਿਕ ਨਾਬਰਾਬਰੀ ਸਭ ਤੋਂ ਮਾੜਾ ਕੋਹਜ ਹੈ। ਜਿਸ ਦਿਨ ਔਰਤ ਨੂੰ ਬਰਾਬਰੀ ਦਾ ਦਰਜਾ ਮਿਲ ਗਿਆ, ਉਸ ਦਿਨ ਕੋਈ ਧੀ ਪੇਕਿਆਂ ਤੋਂ ਆਉਣ ਵਾਲਾ ਬਾਲਣ ਖੱਫ਼ਣ ਨਹੀਂ ਉਡੀਕੇਗੀ। ਹਰਜੋਤ ਤੁਰਿਆ ਹੈ ਕਾਫ਼ਲਾ ਜੁੜਨ ਦੀ ਉਮੀਦ ਨਾਲ। ਜੈ ਜਨਤਾ ਜੈ ਸੰਘਰਸ਼।” ਕਹਿ ਕੇ ਜਰਨੈਲ ਸਿੰਘ ਨੇ ਮਾਈਕ ਪ੍ਰਬੰਧਕ ਦੇ ਹਵਾਲੇ ਕਰ ਦਿੱਤਾ।
ਲੰਗਰ ਛਕਣ ਤੋਂ ਬਾਅਦ ਤੁਰਦੇ ਜਰਨੈਲ ਸਿੰਘ ਦੇ ਅੱਗੇ ਕਈ ਸੰਘਰਸ਼ਾਂ ਵਿੱਚ ਸਾਥੀ ਰਿਹਾ, ਫ਼ਿਰ ਭਣਵੱਈਆ ਬਣਿਆ ਹਰਜੋਤ ਦਾ ਬਾਪੂ ਕਿਸ਼ਨ ਸਿੰਘ ਗੱਲ ਵਿੱਚ ਸਾਫ਼ਾ ਪਾਈ ਹੱਥ ਜੋੜੀ ਖੜ੍ਹਾ ਸੀ। ਉਸ ਨੇ ਕਿਹਾ, ”ਜਰਨੈਲ ਸਿੰਹਾਂ, ਕਿਵੇਂ ਵੀ ਮੇਰੀ ਭੁੱਲ ਸੁਧਾਰੀ ਨਹੀਂ ਜਾ ਸਕਦੀ? ਮੈਂ ਜ਼ਮੀਨ ਦੇ ਲਾਲਚ ਵਿੱਚ ਅੰਨ੍ਹਾ ਹੋ ਗਿਆ ਸੀ। ਮੈਂ ਭੁੱਲਣਹਾਰ, ਮੁਆਫ਼ੀ ਦਾ ਜਾਚਕ ਬੇਨਤੀ ਕਰਦਾ ਹਾਂ ਕਿ ਹਰਜੋਤ ਨੂੰ ਹੀ ਨਹੀਂ, ਸਮੁੱਚੇ ਸਮਾਜ ਨੂੰ ਤੇਰੀ ਅਗਵਾਈ ਦੀ ਜ਼ਰੂਰਤ ਹੈ। ਆਉਣਾ-ਜਾਣਾ ਹੁਣ ਬੰਦ ਨਾ ਕਰੀਂ। ਮੈਨੂੰ ਜ਼ਮੀਨ ਦੀ ਨਹੀਂ, ਤੇਰੀ ਲੋੜ ਹੈ।” ”ਭਾਈਆ, ਜੇ ਮਨੁੱਖ ਸੱਚੇ ਦਿਲੋਂ ਗ਼ਲਤੀ ਦਾ ਅਹਿਸਾਸ ਕਰ ਲਵੇ, ਉਸ ਨੂੰ ਤਾਂ ਦੁਸ਼ਮਣ ਵੀ ਮੁਆਫ਼ ਕਰ ਦਿੰਦਾ ਹੈ। ਮੈਂ ਤਾਂ ਤੇਰਾ ਦੁਸ਼ਮਣ ਹੀ ਨਹੀਂ ਸੀ। ਭੈਣ ਨਾ ਵੀ ਆਉਂਦੀ ਤਾਂ ਵੀ ਉਸ ਦਾ ਹੱਕ ਮੈਂ ਆਪ ਦੇਣ ਆਉਣਾ ਸੀ। ਸਮਾਜਿਕ ਬਰਾਬਰੀ ਹੀ ਤਾਂ ਸਾਡਾ ਨਾਅਰਾ ਹੈ ਜਿਸ ਤੋਂ ਤੂੰ ਪਾਸਾ ਵੱਟ ਲਿਆ ਸੀ। ਫ਼ਿਰ ਵੀ ਸਵੇਰ ਦਾ ਭੁੱਲਿਆ ਸ਼ਾਮ ਨੂੰ ਪਰਤ ਆਵੇ, ਉਹ ਭੁੱਲਿਆ ਨਹੀਂ ਹੁੰਦਾ।” ਜਰਨੈਲ ਸਿੰਘ ਫ਼ਤਿਹ ਬੁਲਾ ਆਪਣੇ ਰਿਸ਼ਤੇਦਾਰਾਂ ਅਤੇ ਸਾਥੀਆਂ ਸਮੇਤ ਤੁਰ ਗਿਆ।
– ਤਰਸੇਮ ਸਿੰਘ ਭੰਗੂ