ਇੱਕ ਬੱਚਾ ਸਹੀ ਤਰੀਕੇ ਨਾਲ ਬੋਲਣ ਤੋਂ ਅਸਮਰੱਥ ਸੀ। ਉਹ ਹਕਲਾਉਂਦਾ ਸੀ। ਸਕੂਲ ਵਿੱਚ ਬੱਚੇ ਉਸਨੂੰ ਛੇੜਦੇ ਸਨ, ਉਸਨੂੰ ਚਿੜਾਉਂਦੇ ਸਨ।ਉਸਦੀ ਇਹ ਕਮਜ਼ੋਰੀ ਉਸ ਵਿੱਚ ਅਹਿਸਾਸ-ਏ-ਕੰਮਤਰੀ ਪੈਦਾ ਕਰ ਰਹੀ ਸੀ। ਇੱਕ ਦਿਨ ਉਹ ਬੱਚਾ ਆਪਣੇ ਜਮਾਤੀਆਂ ਦੀਆਂ ਹਰਕਤਾਂ ਤੋਂ ਬਹੁਤ ਪ੍ਰੇਸ਼ਾਨ ਸੀ। ਸਕੂਲ ਵਿੱਚ ਜਾਣ ਤੋਂ ਪਹਿਲਾਂ ਉਸਨੇ ਆਪਣੇ ਆਪ ਨਾਲ ਇੱਕ ਨਿਰਣਾ ਕਰ ਲਿਆ ਕਿ ਉਹ ਨਾ ਸਿਰਫ਼ ਆਪਣਾ ਹਕਲਾਉਣਾ ਬੰਦ ਕਰੇਗਾ ਬਲਕਿ ਇੱਕ ਦਿਨ ਦੁਨੀਆਂ ਦਾ ਮਹਾਨ ਬੁਲਾਰਾ ਬਣੇਗਾ।ਛੋਟੇ ਬੱਚੇ ਵੱਲੋਂ ਕੀਤਾ ਇਹ ਇੱਕ ਵੱਡਾ ਸੰਕਲਪ ਸੀ। ਉਸ ਬੱਚੇ ਨੇ ਨਾ ਸਿਰਫ਼ ਆਪਣੀ ਹਕਲਾਹਟ ਦੂਰ ਕੀਤੀ ਸਗੋਂ ਇੰਨਾ ਵਧੀਆ ਬੁਲਾਰਾ ਬਣਿਆ ਕਿ ਉਹ ਦੇਸ਼ ਦਾ ਚੋਟੀ ਦਾ ਨੇਤਾ ਬਣ ਗਿਆ।ਮੈਂ ਤੁਹਾਡੇ ਨਾਲ ਬਰਤਾਨੀਆ ਦੇ ਸਾਬਕਾ ਸਾਬਕਾ ਪ੍ਰਧਾਨ ਮੰਤਰੀ ਵਿਨਸਟਨ ਚਰਚਿਲ ਦੀ ਗੱਲ ਕਰ ਰਿਹਾ ਹਾਂ। ਦੂਸਰੇ ਮਹਾਂਯੁੱਧ ਦੌਰਾਨ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਹੇ ਚਰਚਿਲ ਨੂੰ ਵੀਹਵੀਂ ਸਦੀ ਦਾ ਮਹਾਨ ਸਿਆਸਤਦਾਨ ਮੰਨਿਆ ਜਾਂਦਾ ਹੈ। ਸਿਆਸਤ ਤੋਂ ਇਲਾਵਾ ਚਰਚਿਲ ਦੀ ਦਿਲਚਸਪੀ ਸਾਹਿਤ ਵਿੱਚ ਵੀ ਸੀ ਅਤੇ ਇਤਿਹਾਸ ਵਿੱਚ ਵੀ। ਇਤਿਹਾਸ, ਰਾਜਨੀਤੀ ਅਤੇ ਸੈਨਿਕ ਅਭਿਆਸਾਂ ਬਾਰੇ ਲਿਖੀਆਂ ਪੁਸਤਕਾਂ ਕਾਰਨ ਹੀ 1953 ਵਿੱਚ ਚਰਚਿਲ ਨੂੰ ਦੁਨੀਆਂ ਦੇ ਸਭ ਤੋਂ ਵੱਡੇ ਸਨਮਾਨ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਚਰਚਿਲ ਨੇ ਇੱਕ ਵਾਰ ਕਿਹਾ ਸੀ ਕਿ ਨਿਰਾਸ਼ਾਵਾਦੀ ਹਰ ਅਵਸਰ ਵਿੱਚ ਕਠਿਨਾਈ ਅਤੇ ਮੁਸ਼ਕਿਲਾਂ ਦੇਖਦਾ ਹੈ ਅਤੇ ਆਸ਼ਾਵਾਦੀ ਹਰ ਕਠਿਨਾਈ ਵਿੱਚ ਅਵਸਰ ਅਤੇ ਮੌਕੇ ਦੇਖਦਾ ਹੈ। ਉਸ ਨੇ ਖੁਦ ਵੀ ਅਜਿਹੇ ਮੌਕੇ ਵਿੱਚ ਸਫ਼ਲਤਾ ਦਾ ਅਵਸਰ ਲੱਭਿਆ ਸੀ। ਦੂਜੇ ਵਿਸ਼ਵ ਯੁੱਧ ਦੌਰਾਨ ਇੱਕ ਮੌਕਾ ਅਜਿਹਾ ਆਇਆ ਜਦੋਂ ਜਰਮਨੀ ਦੀ ਫ਼ੌਜ ਨੇ ਬੈਲਜੀਅਮ ਅਤੇ ਹਾਲੈਂਡ ਤੇ ਕਬਜ਼ਾ ਕਰ ਲਿਆ। ਅਜਿਹੇ ਔਖੇ ਵੇਲੇ ਉਸ ਸਮੇਂ ਦੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਚੈਂਬਰਲੇਨ ਨੇ ਅਸਤੀਫ਼ਾ ਦੇ ਦਿੱਤਾ।
ਉਹ ਇੱਕ ਅਜਿਹਾ ਵਕਤ ਸੀ ਜਦੋਂ ਇੰਗਲੈਂਡ ਨੂੰ ਇੱਕ ਬਹਾਦਰ, ਅਨੁਭਵੀ ਅਤੇ ਦੂਰਅੰਦੇਸ਼ ਨੇਤਾ ਦੀ ਸਖਤ ਲੋੜ ਸੀ। ਅਜਿਹੇ ਸਮੇਂ 11 ਮਈ 1940 ਵਿੱਚ ਵਿਨਸਟਿਨ ਚਰਚਿਲ ਬਰਤਾਨੀਆ ਦਾ ਪ੍ਰਧਾਨ ਮੰਤਰੀ ਬਣਿਆ। ਉਸ ਸਮੇਂ ਚਰਚਿਲ ਆਪਣੇ ਪਹਿਲੇ ਭਾਸ਼ਣ ਦੌਰਾਨ ਆਪਣੇ ਦੇਸ਼ ਵਾਸੀਆਂ ਨੂੰ ਪੂਰੀ ਇਮਾਨਦਾਰੀ ਨਾਲ ਕਿਹਾ ਕਰਦਾ ਸੀ ਕਿ ”ਮੇਰੇ ਕੋਲ ਤੁਹਾਨੂੰ ਦੇਣ ਲਈ ਖੂਨ, ਅੱਥਰੂ, ਮਿਹਨਤ ਅਤੇ ਪਸੀਨੇ ਤੋਂ ਇਲਾਵਾ ਕੁਝ ਵੀ ਨਹੀਂ।” ਇਸ ਪਹਿਲੇ ਭਾਸ਼ਣ ਨੇ ਉਸਦੇ ਦੇਸ਼ ਵਾਸੀਆਂਵਿੱਚ ਇੱਕ ਨਵੀਂ ਰੂਹ ਫ਼ੂਕ ਦਿੱਤੀ ਸੀ। ਇੱਥੇ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਇਹ ਭਾਸ਼ਣ ਉਸ ਵਿਅਕਤੀ ਵੱਲੋਂ ਦਿੱਤਾ ਗਿਆ ਸੀ, ਜਿਸਨੂੰ ਬਚਪਨ ਵਿੱਚ ਹਕਲਾ ਕਹਿ ਕੇ ਚਿੜਾਇਆ ਜਾਂਦਾ ਸੀ। ਉਸਦੀ ਮਿਹਨਤ ਅਤੇ ਲਗਨ ਨੇ ਉਸਨੂੰ ਸਿਰੇ ਦਾ ਬੁਲਾਰਾ ਬਣਾਇਆ ਸੀ।
ਚਰਚਿਲ ਆਪਣੀ ਉਮਰ ਦੇ 65ਵੇਂ ਵਰ੍ਹੇ ਦੌਰਾਨ ਹਰ ਰੋਜ਼ 16 ਘੰਟੇ ਕੰਮ ਕਰਦਾ ਸੀ। ਉਸਨੇ ਆਪਣੇ ਸਰੀਰ ਨੂੰ ਇਸ ਤਰ੍ਹਾਂ ਸਾਧ ਲਿਆ ਸੀ ਕਿ ਉਹ ਦੋ-ਚਾਰ ਘੰਟੇ ਬਾਅਦ ਥੋੜ੍ਹਾ ਆਰਾਮ ਕਰ ਲੈਂਦਾ ਸੀ ਅਤੇ ਫ਼ਿਰ ਕੰਮ ਵਿੱਚ ਜੁਟ ਜਾਂਦਾ ਸੀ। ਉਹ ਸਵੇਰੇ ਜਲਦੀ ਉਠ ਕੇ 11 ਵਜੇ ਤੱਕ ਆਪਣੇ ਬਿਸਤਰ ‘ਤੇ ਹੀ ਰਿਪੋਰਟਾਂ ਪੜ੍ਹਨ, ਹੁਕਮ ਲਿਖਵਾਉਣ, ਜ਼ਰੂਰੀ ਫ਼ੋਨ ਕਰਨ ਅਤੇ ਮਹੱਤਵਪੂਰਨ ਮੀਟਿੰਗਾਂ ਆਦਿ ਦਾ ਕੰਮ ਨਿਪਟਾ ਲੈਂਦਾ ਸੀ। ਇਉਂ ਉਹ ਲਗਾਤਾਰ ਕੰਮ ਕਰਨ ਅਤੇ ਥੋੜ੍ਹਾ ਆਰਾਮ ਕਰਨ ਦੀ ਆਦਤ ਕਾਰਨ ਵੱਡੇ ਵੱਡੇ ਕੰਮ ਕਰਨ ਅਤੇ ਮਹਾਨ ਲਿਖਤਾਂ ਲਿਖਣ ਵਿੱਚ ਕਾਮਯਾਬ ਹੋਇਆ।
ਚਰਚਿਲ ਦੀ ਜੀਵਨ ਕਥਾ ਦੱਸਦੀ ਹੈ ਕਿ ਕਿਸੇ ਵੀ ਸਰੀਰਕ ਕਮੀ ਕਾਰਨ ਅਹਿਸਾਸ-ਏ-ਕੰਮਤਰੀ ਦਾ ਸ਼ਿਕਾਰ ਹੋਣ ਦੀ ਬਜਾਏ ਮਿਹਨਤ ਨਾਲ ਉਸ ‘ਤੇ ਕਾਬੂ ਪਾਇਆ ਜਾ ਸਕਦਾ ਹੈ। ਦੂਜੀ ਗੱਲ ਜੋ ਉਸਦਾ ਜੀਵਨ ਸਪਸ਼ਟ ਕਰਦਾ ਹੈ ਕਿ ਕੁਦਰਤ ਵੱਲੋਂ ਮਿਲੇ ਵਕਤ ਨੂੰ ਪੂਰੀ ਤਰ੍ਹਾਂ ਵਰਤੋਂ ‘ਚ ਲਿਆ ਕੇ ਵੱਡੇ ਵੱਡੇ ਮਹਾਨ ਕੰਮ ਕੀਤੇ ਜਾ ਸਕਦੇ ਹਨ।
ਲੋਕਤੰਤਰ ਦਾ ਚੌਥਾ ਪਹੀਆ ਹੋਇਆ ਪੰਚਰ
ਲੋਕਤੰਤਰ ਦੀ ਗੱਡੀ ਨੂੰ ਚਲਾਉਣ ਵਾਲੇ ਚਾਰ ਪਹੀਏ ਹੁੰਦੇ ਹਨ। ਵਿਧਾਨਪਾਲਿਕਾ, ਕਾਰਜਪਾਲਿਕਾ, ਨਿਆਂਪਾਲਿਕਾ ਅਤੇ ਮੀਡੀਆ। ਅੱਜ ਹਿੰਦੁਸਤਾਨ ਦੇ ਲੋਕਤੰਤਰ ਦੇ ਚਾਰੇ ਪਹੀਏ ਪੈਂਚਰ ਹੋ ਚੁੱਕੇ ਹਨ। ਨਿਆਂਪਾਲਿਕਾ ਤੋਂ ਬਿਨਾਂ ਬਾਕੀ ਪਹੀਏ ਤਾਂ ਅਕਸਰ ਆਲੋਚਨਾ ਦਾ ਸ਼ਿਕਾਰ ਰਹਿੰਦੇ ਸਨ ਪਰ ਜਦੋਂ 12 ਜਨਵਰੀ 2018 ਨੂੰ ਸੁਪਰੀਮ ਕੋਰਟ ਦੇ 4 ਸੀਨੀਅਰ ਜੱਜਾਂ ਨੇ ਮੀਡੀਆ ਸਾਹਮਣੇ ਆ ਕੇ ਸੁਪਰੀਮ ਕੋਰਟ ਵਿੱਚ ਸਭ ਕੁਝ ਅੱਛਾ ਨਾ ਹੋਣ ਦਾ ਇਲਜਾਮ ਲਗਾ ਦਿੱਤਾ ਤਾਂ ਚੌਥਾ ਪਹੀਆ ਵੀ ਸ਼ੱਕ ਦੇ ਘੇਰੇ ਵਿੱਚ ਆ ਗਿਆ। ਦੇਸ਼ ਦੇ ਲੋਕਾਂ ਦੇ ਮਨਾਂ ਵਿੱਚ ਖਦਸ਼ੇ ਵਧਣੇ ਸੁਭਾਵਿਕ ਸਨ ਕਿਉਂਕਿ ਨਿਆਂਪਾਲਿਕਾ ਦੀ ਕਾਰਗੁਜ਼ਾਰੀ ‘ਤੇ ਇਹ ਦੋਸ਼ ਚੀਫ਼ ਜਸਟਿਸ ਤੋਂ ਬਾਅਦ ਸੁਪਰੀਮ ਕੋਰਟ ਦੇ ਸਭ ਤੋਂ ਸੀਨੀਅਰ ਜੱਜ ਜੇ. ਚੇਲਾਮੇਸ਼ਵਰ ਦੀ ਅਗਵਾਈ ਵਿੱਚ ਜਸਟਿਸ ਰੰਜਨ ਗੋਗੋਈ, ਜਸਟਿਸ ਐਮ. ਬੀ. ਲੋਕੁਰ ਅਤੇ ਜਸਟਿਸ ਕੁਰੀਅਨ ਜੋਸਫ਼ ਨੇ ਲਗਾਏ। ਇਨ੍ਹਾਂ ਜੱਜਾਂ ਨੇ ਇੱਕ ਪ੍ਰੈਸ ਕਾਨਫ਼ਰੰਸ ਕਰਕੇ ਦੇਸ਼ ਦੀ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਖਿਲਾਫ਼ ਅਦਾਲਤੀ ਸਿਸਟਮ ਨੂੰ ਮਰਿਆਦਾ ਤੋਂ ਉਲਟ ਚਲਾਉਣ ਦਾ ਦੋਸ਼ ਲਗਾਇਆ। ਦੇਸ਼ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਨਿਆਂਪਾਲਿਕਾ ਦੇ ਸੁਪਰੀਮ ਜੱਜ ਖੁਦ ਇਨਸਾਫ਼ ਮੰਗਣ ਲਈ ਮੀਡੀਆ ਰਾਹੀਂ ਜਨਤਾ ਦੀ ਕਚਹਿਰੀ ਦੇ ਰੂਬਰੂ ਹੋਏ ਹਨ। ਜੱਜਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਉਹ ਮੀਡੀਆ ਸਾਹਮਣੇ ਆਉਣ ਲਈ ਮਜਬੂਰ ਹੋਏ ਹਨ ਕਿਉਂਕਿ ਚੀਫ਼ ਜਸਟਿਸ ਨੇ ਇਸ ਸਬੰਧੀ ਲਿਖੀ ਗਈ ਚਿੱਠੀ ਦਾ ਕੋਈ ਜਵਾਬ ਨਹੀਂ ਦਿੱਤਾ।ਮੀਡੀਆ ਸਾਹਮਣੇ ਆਉਣ ਵਾਲੇ ਚਾਰੇ ਜੱਜਾਂ ਵਿੱਚੋਂ ਅਤੇ ਚੀਫ਼ ਜਸਟਿਸ ਤੋਂ ਬਾਅਦ ਦੂਜੇ ਨੰਬਰ ਦੇ ਸੀਨੀਅਰ ਜੱਜ ਹਨ ਜਸਟਿਸ ਚੇਲਾਮੇਸ਼ਵਰ। ਜਸਟਿਸ ਚੇਲਾਮੇਸ਼ਵਰ ਨੇ ਆਂਧਰਾ ਯੂਨੀਵਰਸਿਟੀ ਤੋਂ 1976 ਵਿੱਚ ਲਾਅ ਦੀ ਡਿਗਰ ਹਾਸਲ ਕੀਤੀ ਸੀ। ਉਹ ਗੁਹਾਈ ਹਾਈਕੋਰਟ ਦੇ ਚੀਫ਼ ਜਸਟਿਸ ਰਹਿਣ ਮਗਰੋਂ 2011 ਵਿੱਚ ਸੁਪਰੀਮ ਕੋਰਟ ਦੇ ਜੱਜ ਬਣੇ। ਉਸ ਤੋਂ ਬਾਅਦ ਵਿੱਚ ਨੰਬਰ ਆਉਂਦਾ ਹੈ ਜਸਟਿਸ ਰੰਜਨ ਗੋਗੋੲ ਦਾ ਜੋ ਗੁਹਾਟੀ ਹਾਈ ਕੋਰਟ ਵਿੱਚ ਲੰਮਾ ਸਮਾਂ ਵਕਾਲਤ ਕਰਨ ਮਗਰੋਂ 28 ਫ਼ਰਵਰੀ 2001 ਨੂੰ ਉਥੇ ਹੀ ਜੱਜ ਨਿਯੁਕਤ ਹੋਏ। ਸਤੰਬਰ 2010 ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਬਦਲ ਕੇ ਆ ਗਏ। ਇੱਥੇ ਹੀ 2012 ਵਿੱਚ ਉਹ ਸੁਪਰੀਮ ਕੋਰਟ ‘ਚ ਜੱਜ ਬਣ ਕੇ ਗਏ। ਤੀਜੇ ਜੱਜ ਜਸਟਿਸ ਮਦਨ ਭੀਮਰਾਵ ਲੋਕੁਰ ਨੇ ਦਿੱਲੀ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ। ਉਹਨਾਂ ਦਿੱਲੀ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿੱਚ ਵਕਾਲਤ ਕੀਤੀ। ਫ਼ਿਰ ਉਹ ਹਾਈ ਕੋਰਟ ‘ਚ ਗਏ ਅਤੇ ਜੂਨ 2012 ਵਿੱਚ ਉਹ ਸੁਪਰੀਮ ਕੋਰਟ ਦੇ ਜੱਜ ਬਣੇ।ਮੀਡੀਆ ਸਾਹਮਣੇ ਜੁਬਾਨ ਖੋਲ੍ਹਣ ਵਾਲੇ ਚੌਥੇ ਜੱਜ ਕੁਰੀਅਨ ਜੋਸੇਫ਼ ਹਨ। ਉਹਨਾਂ ਕੇਰਲ ਲਾਅ ਅਕੈਡਮੀ ਤਿਰੂਵਨੰਤਪੁਰਮ ਤੋਂ ਕਾਨੂੰਨ ਦੀ ਡਿਗਰੀ ਲੈ ਕੇ 2000 ਵਿੱਚ ਕੇਰਲ ਹਾਈ ਕੋਰਟ ਦੇ ਜੱਜ ਬਣੇ ਫ਼ਿਰ ਉਹ ਹਿਮਾਚਲ ਹਾਈ ਕੋਰਟ ‘ਚ ਚੀਫ਼ ਜਸਟਿਸ ਬਣ ਗਏ ਅਤੇ ਫ਼ਿਰ ਸੁਪਰੀਮ ਕੋਰਟ ‘ਚ ਜੱਜ ਬਣੇ। ਇਹਨਾਂ ਚਾਰੇ ਜੱਜਾਂ ਵੱਲੋਂ ਇਲਜ਼ਾਮ ਲਗਾਇਆ ਗਿਆ ਹੈ ਕਿ ਕੋਲੀਜੀਅਮ ਦੇ ਕੰਮਕਾਰ ਵਿੱਚ ਬੋਲੋੜੀ ਦਖਲਅੰਦਾਜ਼ੀ ਹੋ ਰਹੀ ਹੈ। ਇਹਨਾਂ ਚਾਰ ਜੱਜਾਂ ਦਾ ਇਹ ਵੀ ਦੋਸ਼ ਹੈ ਕਿ ਕੋਲਕਾਤਾ, ਬੰਬੇ ਅਤੇ ਮਦਰਾਸ ਹਾਈ ਕੋਰਟ ਦੇ ਚਾਰਟਰ ਨਿਯਮਾਂ ਦੇ ਉਲਟ ਜਾ ਕੇ ਚੀਫ਼ ਜਸਟਿਸ ਰਵਾਇਤੀ ਨਿਯਮਾਂ ਨੂੰ ਭੰਗ ਕਰ ਰਹੇ ਹਨ। ਚਾਰੇ ਸੀਨੀਅਰ ਜੱਜਾਂ ਨੇ ਕਿਹਾ ਹੈ ਕਿ ਚੀਫ਼ ਜਸਟਿਸ ਸਿਰਫ਼ ਰੋਟਾ ਮਾਸਟਰ ਹੁੰਦਾ ਹੈ ਪਰ ਮੌਜੂਦਾ ਚੀਫ਼ ਜਸਟਿਸ ਕੇਸਾਂ ਦੀ ਵੰਡ ਕਰਨ ਵਿੱਚ ਵਿਤਕਰਾ ਕਰਦੇ ਹਨ। ਇਹ ਖਾਸ ਕੇਸ ਆਪਣੀ ਮਰਜ਼ੀ ਦੇ ਜੱਜਾਂ ਨੂੰ ਅਲਾਟ ਕਰ ਦਿੰਦੇ ਹਨ। ਇੱਥੇ ਇਹ ਗੱਲ ਸਪਸ਼ਟ ਹੋਣੀ ਚਾਹੀਦੀ ਹੈ ਕਿ ਅੰਗਰੇਜ਼ਾਂ ਦੇ ਵੇਲੇ ਤੋਂ ਇਹ ਰਵਾਇਤ ਚਲੀ ਆ ਰਹੀ ਹੈ ਕਿ ਸੀਜੇਆਈ ਤਹਿ ਕਰਦਾ ਹੈ ਕਿ ਕਿਹੜੇ ਬੈਂਚ ਨੂੰ ਕਿਹੜਾ ਕੇਸ ਦੇਣਾ ਹੈ ਪਰ ਉਹ ਆਪਣੀ ਮਰਜ਼ੀ ਨਹੀਂ ਕਰ ਸਕਦੇ। ਸਕਿਊਰਟੀ, ਕੇਸਾਂ ਦੀ ਤਰਜੀਹ ਅਤੇ ਗੰਭੀਰਤਾ ਦੇ ਆਧਾਰ ‘ਤੇ ਤਹਿ ਕੀਤਾ ਜਾਂਦਾ ਹੈ ਕਿ ਕਿਹੜਾ ਕੇਸ ਕਿਸ ਨੂੰ ਦੇਣਾ ਹੈ। ਹੁਣ ਤਾਂ ਕੰਪਿਊਟਰ ਤੋਂ ਹੀ ਤਹਿ ਹੋ ਜਾਂਦਾ ਹੈ ਕਿਹੜੇ ਜੱਜ ਕੋਲ ਕੇਸ ਜਾਣੇ ਹਨ। ਇੱਕ ਹੋਰ ਗੱਲ ਬਾਰੇ ਵੀ ਚਰਚਾ ਹੋ ਰਹੀ ਹੈ ਕਿ ਚੀਫ਼ ਜਸਟਿਸ ਕੋਲ ਕੋਈ ਵਾਧੂ ਤਾਕਤ ਨਹੀਂ ਹੁੰਦੀ। ਉਹਨਾਂ ਕੋਲ ਵੀ ਉਨੀ ਹੀ ਨਿਆਂ ਦੀ ਤਾਕਤ ਹੈ ਜਿੰਨੀ ਹੋਰ ਜੱਜਾਂ ਕੋਲ ਹੈ। ਜਿੰਨੇ ਫ਼ੈਸਲੇ ਚੀਫ਼ ਜਸਟਿਸ ਕਰ ਸਕਦਾ ਹੈ, ਉਨੇ ਹੀ ਬਾਕੀ ਜੱਜ ਵੀ ਕਰ ਸਕਦੇ ਹਨ।
ਚਾਰੇ ਸੀਨੀਅਰ ਜੱਜਾਂ ਦਾ ਮੀਡੀਆ ਦੇ ਸਨਮੁਖ ਜਾਣਾ ਠੀਕ ਸੀ ਜਾਂ ਗਲਤ ਇਸ ਬਾਰੇ ਲਗਾਤਾਰ ਮੀਡੀਆ ਵਿੱਚ ਬਹਿਸ ਜਾਰੀ ਹੈ ਅਤੇ ਜਾਰੀ ਰਹੇਗੀ। ਹਰ ਕਿਸਮ ਦਾ ਰਾਵਾਂ ਪ੍ਰਗਟ ਹੋ ਰਹੀਆਂ ਹਨ ਅਤੇ ਹੋਣੀਆਂ ਸੁਭਾਵਿਕ ਵੀ ਹਨ ਪਰ ਇੱਕ ਗੱਲ ਜ਼ਰੂਰ ਸਪਸ਼ਟ ਹੋ ਗਈ ਹੈ ਕਿ ਦੇਸ਼ ਦੀ ਨਿਆਂਪਾਲਿਕਾ ਵਿੱਚ ਸਭ ਅੱਛਾ ਨਹੀਂ। ਨਿਆਂਪਾਲਿਕਾ ਵਿੱਚ ਭ੍ਰਿਸ਼ਟਾਚਾਰ ਵੱਧ ਰਿਹਾ ਹੈ।
ਅੱਜਕਲ੍ਹ ਜੱਜਾਂ ਦੀ ਨਿਯੁਕਤੀ ਵਿੱਚ ਸਰਕਾਰ ਦੀ ਦਖਲਅੰਦਾਜ਼ੀ ਘੱਟ ਹੁੰਦੀ ਹੈ। ਇਹ ਕੰਮ ਸੁਪਰੀਮ ਕੋਰਟ ਨੇ ਆਪਣੇ ਹੱਥ ਵਿੱਚ ਲੈ ਲਿਆ ਹੈ। ਦੇਸ਼ ਨੂੰ ਆਸ ਸੀ ਕਿ ਇਮਾਨਦਾਰ ਲੋਕ ਚੁਣੇ ਜਾਇਆ ਕਰਨਗੇ।ਪਰ ਹੋ ਇਹ ਰਿਹਾ ਹੈ ਕਿ ਅੱਜਕਲ੍ਹ ਸੁਪਰੀਮ ਕੋਰਟ ਨਾਲ ਸਬੰਧਤ ਵਕੀਲਾਂ ਅਤੇ ਜੱਜਾਂ ਦੇ ਰਿਸ਼ਤੇਦਾਰਾਂ ਦੀ ਚੋਣ ਹੋਣ ਲੱਗੀ ਹੈ।ਇਹ ਵੀ ਇਲਜ਼ਾਮ ਲੱਗ ਰਹੇ ਹਨ ਕਿ 1990 ਤੋਂ ਬਾਅਦ ਫ਼ੈਸਲਿਆਂ ਵਿੱਚ ਨਿਘਾਰ ਆਇਆ ਹੈ। ਸਰਕਾਰ ਵਿਰੋਧੀ ਫ਼ੈਸਲੇ ਘਟ ਗਏ, ਮਨੁੱਖੀ ਅਧਿਕਾਰਾਂ ਦੀ ਰੱਖਿਆ ਸਬੰਧੀ ਫ਼ੈਸਲੇ ਘਟੇ ਹਨ। ਵੱਡੇ ਵੱਡੇ ਅਫ਼ਸਰਾਂ ਖਿਲਾਫ਼ ਵੀ ਫ਼ੈਸਲੇ ਘਟੇ ਹਨ। ਨਿਆਂਪਾਲਿਕਾ ਸ਼ੱਕ ਦੇ ਘੇਰੇ ਵਿੱਚ ਹੈ। ਆਮ ਨਾਗਰਿਕ ਦਾ ਨਿਰਾਸ਼ ਅਤੇ ਉਦਾਸ ਹੋਣਾ ਸੁਭਾਵਿਕ ਹੈ। ਪਹਿਲਾਂ ਤਾਂ ਨਿਆਂਪਾਲਿਕਾ ਇੱਕ ਵੱਡੀ ਆਸ ਦੀ ਕਿਰਨ ਹੁੰਦੀ ਸੀ ਪਰ ਹੁਣ ਇਸ ਦੀਵੇ ਦਾ ਤੇਲ ਵੀ ਮੁੱਕਦਾ ਜਾ ਰਿਹਾ ਹੈ।
ਇਸ ਘਟਨਾ ਤੋਂ ਬਾਅਦ ਮੀਡੀਆ ਇਹ ਸ਼ੇਖੀ ਮਾਰਨ ਯੋਗ ਹੋ ਗਿਆ ਹੈ ਕਿ ਇਨਸਾਫ਼ ਲਈ ਹੁਣ ਮੀਡੀਆ ਹੀ ਆਸ ਦੀ ਕਿਰਨ ਹੈ ਕਿਉਂਕਿ ਜੇ ਦੇਸ਼ ਦੀ ਪ੍ਰਮੁੱਖ ਅਦਾਲਤ ਦੇ ‘ਮਾਈਲਾਰਡ’ ਆਪਣੇ ਲਈ ਇਨਸਾਫ਼ ਦੀ ਗੁਹਾਰ ਮੀਡੀਆ ਅੱਗੇ ਲਾ ਰਹੇ ਹਨ ਤਾਂ ਇਹ ਗੱਲ ਸੱਚ ਹੀ ਹੋਵੇਗੀ।