ਨਵੀਂ ਦਿੱਲੀ — ਅਟਾਰਨੀ ਜਨਰਲ ਵੇਣੂਗੋਪਾਲ ਨੇ ਕਿਹਾ ਹੈ ਕਿ ਜੱਜਾਂ ਵਿਚ ਜਿਹੜਾ ਵਿਵਾਦ ਸੀ ਹੁਣ ਖਤਮ ਹੋ ਚੁੱਕਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਜਿਹੜਾ ਵੀ ਮਾਮਲਾ ਸੀ ਉਹ ਸੁਲਝਾ ਦਿੱਤਾ ਗਿਆ ਹੈ ਅਤੇ ਹੁਣ ਸਭ ਕੁਝ ਠੀਕ ਹੈ। ਦੂਜੇ ਪਾਸੇ ਚੀਫ ਜਸਟਿਸ ਦੀਪਕ ਮਿਸ਼ਰਾ ‘ਤੇ ਗੰਭੀਰ ਦੋਸ਼ ਲਗਾਉਣ ਵਾਲੇ ਚਾਰੋਂ ਜੱਜਾਂ ਨੇ ਵੀ ਅੱਜ ਸੁਪਰੀਮ ਕੋਰਟ ‘ਚ ਆਪਣਾ ਕੰਮਕਾਜ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਬਾਰ ਕੌਂਸਲ ਆਫ ਇੰਡੀਆ ਦੇ ਪ੍ਰਧਾਨ ਮਾਨਨ ਮਿਸ਼ਰਾ ਵਕੀਲਾਂ ਨਾਲ ਪ੍ਰੈੱਸ ਕਾਨਫਰੰਸ ਕਰਨ ਵਾਲੇ ਜਸਟਿਸ ਚੇਲਾਮੇਸ਼ਵਰ ਨੂੰ ਮਿਲਣ ਪਹੁੰਚੇ ਅਤੇ ਵਿਵਾਦ ਦਾ ਹੱਲ ਲੱਭਣ ਲਈ ਕਿਹਾ। ਮਾਨਨ ਨੇ ਵੀ ਕੱਲ੍ਹ ਸੰਕੇਤ ਦਿੱਤੇ ਸਨ ਕਿ ਜਲਦੀ ਹੀ ਸਭ ਕੁਝ ਠੀਕ ਹੋ ਜਾਵੇਗਾ।
ਇਹ ਹੈ ਮਾਮਲਾ
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਦੇ ਚਾਰ ਜੱਜ ਜਸਟਿਸ ਚੇਲਾਮੇਸ਼ਵਰ, ਜਸਟਿਸ ਰੰਜਨ ਗੋਗੋਈ, ਜਸਟਿਸ ਮਦਨ ਲੋਕੁਰ ਅਤੇ ਜਸਟਿਸ ਕੁਰਿਅਨ ਜੋਸੇਫ ਨੇ ਸੁਪਰੀਮ ਕੋਰਟ ਦੇ ਜੁਡੀਸ਼ੀਅਲ ਪ੍ਰਸ਼ਾਸਨ ‘ਤੇ ਸਵਾਲ ਖੜ੍ਹੇ ਕੀਤੇ ਸਨ। ਉਨ੍ਹਾਂ ਨੇ ਚੀਫ ਜਸਟਿਸ ਮਿਸ਼ਰਾ ‘ਤੇ ਵੀ ਕਈ ਗੰਭੀਰ ਦੋਸ਼ ਲਗਾਏ ਸਨ। ਜੱਜਾਂ ਦੇ ਇਸ ਤਰ੍ਹਾਂ ਮੀਡੀਆ ਦੇ ਸਾਹਮਣੇ ਆਉਣ ਤੋਂ ਬਾਅਦ ਪੂਰੇ ਦੇਸ਼ ‘ਚ ਹਲਚਲ ਪੈਦਾ ਹੋ ਗਈ ਸੀ। ਭਾਰਤੀ ਇਤਿਹਾਸ ‘ਚ ਇਸ ਤਰ੍ਹਾਂ ਪਹਿਲੀ ਵਾਰ ਹੋਇਆ ਜਦੋਂ ਸੁਪਰੀਮ ਕੋਰਟ ਦੇ ਜੱਜਾਂ ਨੇ ਕੋਰਟ ਦੇ ਕੰਮਕਾਜ ‘ਤੇ ਸਵਾਲ ਖੜ੍ਹੇ ਕੀਤੇ ਸਨ।