ਮਾਲੀਆ ਵਿਭਾਗ ਵੱਲੋਂ ਸਮਰੱਥਾ ਨਿਰਮਾਣ ਪ੍ਰੋਗਰਾਮਾਂ ਦੀ ਲੜੀ ਕੀਤੀ ਜਾਵੇਗੀ ਸ਼ੁਰੂ

15 ਜਨਵਰੀ ਨੂੰ “ਸਪੀਕਿੰਗ ਆਰਡਰਸ ” ਤੇ ਹੋਵੇਗਾ ਇਕ ਰੋਜ਼ਾ ਵਿਸ਼ੇਸ਼ ਸ਼ੈਸ਼ਨ
ਚੰਡੀਗੜ੍ਹ -ਮਾਲੀਆ ਵਿਭਾਗ, ਪੰਜਾਬ ਦੇ ਵਿੱਤ ਕਮਿਸ਼ਨਰ ਸ਼੍ਰੀਮਤੀ ਵਿਨੀ ਮਹਾਜਨ ਨੇ ਜਾਣਕਾਰੀ ਦਿੱਤੀ ਕਿ ਮਾਲ ਕਾਨੂੰਨ ਅਤੇ ਕਾਰਜਪ੍ਰਣਾਲੀ ਸਬੰਧੀ ਮਾਲ ਅਫ਼ਸਰਾਂ ਦੀ ਸਮਰੱਥਾ ਨੂੰ ਵਧਾਉਣ ਲਈ ਮਾਲ ਵਿਭਾਗ ਵੱਲੋਂ ਸਮਰੱਥਾ ਨਿਰਮਾਣ ਪ੍ਰੋਗਰਾਮਾਂ ਦੀ ਲੜੀ ਸ਼ੁਰੂ ਕੀਤੀ ਜਾ ਰਹੀ ਹੈ।
ਇਸ ਲੜੀ ਤਹਿਤ “ਸਪੀਕਿੰਗ ਆਰਡਰਸ” ਜਾਰੀ ਕਰਨ ਸਬੰਧੀ ਤੇ ਵਿਸ਼ੇਸ਼ ਇਕ ਰੋਜ਼ਾ ਸ਼ੈਸ਼ਨ 15 ਜਨਵਰੀ 2018 ਨੂੰ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਨਿਸਟ੍ਰੇਸ਼ਨ (ਐਮ.ਜੀ.ਐਸ.ਆਈ.ਪੀ.ਏ.) ਕੈਂਪਸ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਵਿੱਚ ਲਗਪਗ 50 ਆਈ.ਏ.ਐਸ. ਅਤੇ ਪੀ.ਸੀ.ਐਸ. ਅਫ਼ਸਰਾਂ ਦੇ ਸ਼ਾਮਿਲ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਮਾਲ ਅਫ਼ਸਰਾਂ ਵੱਲੋਂ ਕੀਤੇ ਜਾਣ ਵਾਲੇ ਕੰਮ ਕਾਨੂੰਨੀ ਅਤੇ ਗੁੰਝਲਦਾਰ ਹਨ।ਇਸ ਵਿੱਚ ਕਈ ਕਾਨੂੰਨੀ ਬਾਰੀਕੀਆਂ ਅਤੇ ਵਿਭਿੰਨ ਫੈਸਲਿਆਂ ਦੀ ਜਾਣਕਾਰੀ ਸ਼ਾਮਿਲ ਹੈ।ਇਸ ਕਰਕੇ ਇਹ ਟਰੇਨਿੰਗ ਸ਼ੈਸ਼ਨ ਅਦਾਲਤ ਦੀ ਕਾਰਵਾਈ ਨੂੰ ਸੁਖਾਲਾ ਬਣਾਵੇਗਾ, ਅਪੀਲਾਂ ਦੀ ਦਰ ਘਟੇਗੀ ਅਤੇ ਫੈਸਲਿਆਂ ਵਿੱਚ ਪੱਖਪਾਤ ਦੀ ਸੰਭਾਵਨਾ ਵੀ ਘਟੇਗੀ।
ਇਸ ਟਰੇਨਿੰਗ ਸਬੰਧੀ ਆਪਣੇ ਵਿਚਾਰ ਸਾਂਝੇ ਕਰਦਿਆਂ ਸੀ੍ਰ ਐਨ.ਐਸ. ਸਾਂਘਾ ਜੋ ਕਿ ਪੰਜਾਬ ਭੂਮੀ ਰਿਕਾਰਡ ਸੋਸਾਇਟੀ ਦੇ ਸਲਾਹਕਾਰ ਹਨ, ਨੇ ਕਿਹਾ ਕਿ ਮਾਲ ਅਫਸਰਾਂ ਵੱਲੋਂ ਜਾਰੀ ਕੀਤੇ ਹੁਕਮ ਵਿਸਤਰਿਤ ਹੋਣੇ ਚਾਹੀਦੇ ਹਨ, ਉਨ੍ਹਾਂ ਵਿੱਚ ਕੇਸ ਸਬੰਧੀ ਹਾਂ -ਪੱਖੀ ਅਤੇ ਨਾਂਹ-ਪੱਖੀ ਦਲੀਲਾਂ ਦੀ ਪੂਰੀ ਸਮੀਖਿਆ ਹੋਣੀ ਚਾਹੀਦੀ ਹੈ ਅਤੇ ਪੱਖ ਤੇ ਵਿਪੱਖ ਦੇ ਮੁਲਾਂਕਣ ਤੋਂ ਬਾਅਦ ਫੈਸਲਾ ਦਿੱਤਾ ਜਾਣਾ ਚਾਹੀਦਾ ਹੈ। ਹਰ ਫੈਸਲਾ ਨਿਆਂਇਕ ਜਾਂਚ ਦੀ ਕਸੌਟੀ ਤੇ ਖਰਾ ਉੱਤਰਨਾ ਚਾਹੀਦਾ ਹੈ।
ਇਸ ਪਹਿਲਕਦਮੀ ਦਾ ਸਵਾਗਤ ਕਰਦੇ ਹੋਏ ਮਾਲ ਅਧਿਕਾਰੀ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਗੁਰਦੇਵ ਸਿੰਘ ਨੇ ਕਿਹਾ ਕਿ ਮਾਲ ਅਧਿਕਾਰੀ ਐਸੋਸੀਏਸ਼ਨ ਇਸ ਉਪਰਾਲੇ ਦੀ ਸਲਾਘਾ ਕਰਦੀ ਹੈ। ਐਸੋਸੀਏਸ਼ਨ ਇਸ ਨੂੰ ਪੂਰਾ ਸਮਰਥਨ ਦੇਵੇਗੀ ਅਤੇ ਵੱਧ ਤੋਂ ਵੱਧ ਸਮੂਲੀਅਤ ਨੂੰ ਯਕੀਨੀ ਬਣਾਵੇਗੀ।
ਇਸ ਤੋਂ ਇਲਾਵਾ ਮਾਲ ਵਿਭਾਗ ਵੱਲੋਂ ਜਿਲ੍ਹਾ ਮਾਲ ਅਫ਼ਸਰਾਂ ਲਈ ਦੋ ਹਫਤੇ ਦਾ ਵਿਸ਼ੇਸ਼ ਸਮਰੱਥਾ ਨਿਰਮਾਣ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ। ਉਨ੍ਹਾਂ ਨੂੰ ਆਪਣੇ ਹੇਠ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਮਾਸਟਰ ਟਰੇਨਰ ਦੇ ਤੌਰ ਤੇ ਤਿਆਰ ਕੀਤਾ ਜਾਵੇਗਾ ਅਤੇ ਉਹ ਅੱਗੇ ਆਪਣਾ ਅਨੂਭਵ ਨਾਇਬ ਤਹਿਸੀਲਦਾਰਾਂ ਨਾਲ ਸਾਂਝਾ ਕਰਨਗੇ। ਇਸ ਉਪਰੰਤ ਨਾਇਬ ਤਹਿਸੀਲਦਾਰ ਅੱਗੇ ਜਾ ਕੇ ਕੰਨੂਗੋਆਂ ਨੂੰ ਸਿਖਲਾਈ ਦੇਣਗੇ। ਵਿਸ਼ਾ ਮਾਹਿਰਾਂ ਅਤੇ ਮਾਲ ਅਧਿਕਾਰੀਆਂ ਦੁਆਰਾ ਸਾਂਝੇ ਤੌਰ ਤੇ ਤਹਿਸੀਲਦਾਰਾਂ ਲਈ ਵੀ ਇਸੇ ਤਰ੍ਹਾਂ ਦੇ ਸਿਖਲਾਈ ਕੋਰਸਾਂ ਦਾ ਆਯੋਜਨ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਮਈ 2017 ਤੋਂ ਰਾਜ ਵਿੱਚ 16 ਵੱਖ ਵੱਖ ਥਾਵਾਂ ਤੇ 950 ਨਵੇਂ ਭਰਤੀ ਕੀਤੇ ਪਟਵਾਰੀਆਂ ਨੂੰ ਪਹਿਲਾਂ ਹੀ ਇਕ ਸਾਲਾ ਖੇਤਰੀ ਸਿਖਲਾਈ ਦਿੱਤੀ ਜਾ ਰਹੀ ਹੈ। ਇਹ ਸਿਖਲਾਈ ਡਾਇਰੈਕਟਰ ਲੈਂਡ ਰਿਕਾਰਡ ਵੱਲੋਂ ਪਟਵਾਰ ਟਰੇਨਿੰਗ ਸਕੂਲ, ਜਲੰਧਰ ਵਿਖੇ 3 ਹਫਤਿਆਂ ਦੀ ਵਿਸ਼ੇਸ਼ ਕੇਂਦਰੀ ਸਿਖਲਾਈ ਤੋਂ ਬਾਅਦ ਸੰਪੂਰਨ ਹੋਵੇਗੀ। ਡਾਇਰੈਕਟਰ ਲੈਂਡ ਰਿਕਾਰਡ ਵੱਲੋਂ ਕੇਂਦਰਿਤ ਸਿਖਲਾਈ ਤੁਰੰਤ ਪ੍ਰਭਾਵ ਨਾਲ ਬੈਚ-ਵਾਈਜ਼ ਸ਼ੂਰੂ ਕੀਤੀ ਜਾ ਰਹੀ ਹੈ ਅਤੇ ਇਸ ਵਿੱਚ 4 ਮਹੀਨੇ ਦੇ ਸਮੇਂ ਅੰਦਰ ਸਮੂਹ ਨਵੇਂ ਭਰਤੀ ਹੋਏ ਪਟਵਾਰੀਆਂ ਨੂੰ ਟਰੇਨਿੰਗ ਦਿੱਤੀ ਜਾਵੇਗੀ। ਵਿੱਤ ਕਮਿਸ਼ਨਰ ਮਾਲ ਨੇ ਕਿਹਾ ਕਿ “ਪਟਵਾਰੀ ਮਾਲ ਵਿਭਾਗ ਦੀ ਰੀੜ ਦੀ ਹੱਡੀ ਹੁੰਦੇ ਹਨ। ਨਵੇਂ ਪਟਵਾਰੀਆਂ ਵੱਲੋਂ ਨਿਯਮਤ ਤੌਰ ਤੇ ਆਪਣੀਆਂ ਸੇਵਾਵਾਂ ਨਿਭਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਦਿੱਤੀ ਇਹ ਵਿਸ਼ੇਸ਼ ਸਿਖਲਾਈ ਵਿਭਾਗ ਦੀ ਮਜ਼ਬੂਤੀ ਲਈ ਇਕ ਅਹਿਮ ਭੂਮਿਕਾ ਨਿਭਾਏਗੀ।”