ਪੱਛਮੀ ਰਾਜਸਥਾਨ ਦੇ ਜੈਸਲਮੇਰ, ਬਾਡਮੇਰ, ਜੋਧਪੁਰ, ਬੀਕਾਨੇਰ, ਨਾਗੌਰ ਅਤੇ ਪਾਲੀ ਜ਼ਿਲ੍ਹਿਆਂ ਵਿਚ ਭਗਵਾ ਕੱਪੜੇ ਪਾ ਕੇ ਬਾਬੇ ਦਾਨ-ਦੀਕਸ਼ਾ ਲੈਂਦੇ ਦਿੱਸ ਜਾਣਗੇ। ਪੱਛਮੀ ਜ਼ਿਲ੍ਹਿਆਂ ਦੇ ਹਜ਼ਾਰਾਂ ਪਿੰਡ ਵਾਸੀਆਂ ਵਿਚ ਅਕਸਰ ਉਪਰ ਵਾਲੇ ਜਾਂ ਦੁੱਖ-ਦਰਦ ਦੂਰ ਕਰਨ ਦੇ ਨਾਂ ਤੇ ਇਹ ਭਗਵਾਂਧਾਰੀ ਠੱਗੀ ਕਰਦੇ ਫ਼ਿਰਦੇ ਹਨ।
4-5 ਦੇ ਗਰੁੱਪ ਵਿਚ ਇਹ ਬਾਬੇ ਪਿੰਡ ਕਸਬਿਆਂ ਵਿਚ ਘੁੰਮ ਕੇ ਲੋਕਾਂ ਦੇ ਹੱਥ ਦੇਖ ਕੇ ਉਹਨਾਂ ਦੀ ਕਿਸਮਤ ਚਮਕਾਉਣ ਦੇ ਨਾਂ ‘ਤੇ ਮਨਕਾ ਜਾਂ ਅੰਗੂਠੀ ਦਿੰਦੇ ਹਨ ਅਤੇ ਬਦਲੇ ਵਿਚ 2-3 ਹਜ਼ਾਰ ਰੁਪਏ ਤੱਕ ਠੱਗ ਲੈਂਦੇ ਹਨ। ਪਿੰਡ-ਦਿੇਹਾਤ ਦੇ ਲੋਕ ਇਹਨਾਂ ਬਾਬਿਆਂ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਵਿਚ ਆ ਕੇ ਠੱਗੇ ਜਾ ਰਹੇ ਹਨ।
ਅਚਲਵੰਸ਼ੀ ਕਾਲੋਨੀ, ਜੈਸਲਮੇਰ ਵਿਚ ਰਹਿਣ ਵਾਲੇ ਦਿਨੇਸ਼ ਦੇ ਕੋਲ ਨਵਰਾਤਰਿਆਂ ਵਿਚ 4-5 ਅਜਿਹੇ ਬਾਬੇ ਪਹੁੰਚੇ। ਉਹਨਾਂ ਨੇ ਦੁਕਾਨਦਾਰ ਦਿਨੇਸ਼ ਨੂੰ ਚਾਰੇ ਪਾਸਿਉਂ ਘੇਰ ਲਿਆ। ਇਕ ਬਾਬਾ ਦਿਨੇਸ਼ ਦੇ ਹੱਥ ਪਕੜ ਕੇ ਦੇਖਣ ਲੱਗਿਆ। ਉਸ ਨੇ ਹੱਥ ਦੀਆਂ ਲਕੀਰਾਂ ਨੂੰ ਪੜ੍ਹਦੇ ਹੋਏ ਕਿਹਾ, ਬੱਚਾ ਕਿਸਮਤ ਵਾਲਾ ਹੈਂ ਤੂੰ, ਪਰ ਕੁਝ ਪੂਜਾਪਾਠ ਕਰਨੀ ਹੋਵੇਗੀ। ਪੂਜਾ ਪਾਠ ਕਰਾਉਣ ਨਾਲ ਧੰਦੇ ਵਿਚ ਜੋ ਫ਼ਾਇਦਾ ਨਹੀਂ ਹੋ ਰਿਹਾ ਹੈ, ਉਹ ਬਾਧਾ ਦੂਰ ਹੋ ਜਾਵੇਗੀ। ਤੂੰ ਦੇਖਣਾ ਕਿ ਪੂਠਾ ਪਾਠ ਤੋਂ ਬਾਅਦ ਕਿਸਮਤ ਬਦਲ ਜਾਵੇਗੀ।
ਬਾਬਾ ਇਕ ਸਾਹ ਵਿਚ ਇਹ ਸਭ ਕਹਿ ਗਿਆ। ਦਿਨੇਸ਼ ਕੁਝ ਬੋਲਦਾ, ਉਸ ਤੋਂ ਪਹਿਲਾਂ ਹੀ ਦੂਜੇ ਬਾਬੇ ਨੇ ਫ਼ੋਟੋ ਦਾ ਐਲਬਮ ਅੱਗੇ ਵਧਾਉਂਦੇ ਹੋਏ ਕਿਹਾ, ਬੇਟਾ, ਇਹ ਤਸਵੀਰਾਂ ਦੇਖ। ਇਹ ਪੁਲਿਸ ਸੁਪਰਡੈਂਟ ਅਤੇ ਕਲੈਕਟਰ ਹਨ। ਇਹ ਸਾਡੇ ਚੇਲੇ ਹਨ। ਹੁਣ ਤਾਂ ਤੁਸੀਂ ਮੰਨ ਹੀ ਗਏ ਹੋਵੇਗੀ ਕਿ ਅਸੀਂ ਐਰੇ-ਗੈਰੇ ਭਿਖਾਰੀ ਨਹੀਂ ਹਾਂ।
ਦਿਨੇਸ਼ ਨੇ ਐਲਬਮ ਦੇਖੀ ਤਾਂ ਉਸ ਦੀਆਂ ਅੱਖਾਂ ਫ਼ਟੀਆਂ ਫ਼ਟੀਆਂ ਰਹਿ ਗਈਆਂ। ਉਹਨਾ ਤਸਵੀਰਾਂ ਵਿਚ ਉਹ ਬਾਬਾ ਪੁਲਿਸ ਅਫ਼ਸਰਾਂ, ਲੀਡਰਾਂ ਅਤੇ ਦੂਜੇ ਵੱਡੇ ਸਰਕਾਰੀ ਅਫ਼ਸਰਾਂ ਦੇ ਨਾਲ ਖੜ੍ਹੇ ਸਨ। ਬਾਬੇ ਉਹਨਾਂ ਨੂੰ ਆਪਣਾ ਚੇਲਾ ਦੱਸ ਰਿਹਾ ਸੀ।
ਦਿਨੇਸ਼ ਦਾ ਧੰਦਾ ਨਹੀਂ ਚੱਲ ਰਿਹਾ ਸੀ। ਇਸ ਕਾਰਨ ਉਹ ਠੱਗ ਬਾਬਿਆਂ ਦੀਆਂ ਗੱਲਾਂ ਵਿਚ ਆ ਗਿਆ। ਉਹਨਾਂ ਬਾਬਿਆਂ ਨੇ 25 ਸੌ ਰੁਪਏ ਨਕਦ, 5 ਕਿਲੋ ਦੇਸੀ ਘਿਓ, 10 ਕਿਲੋ ਸ਼ੱਕਰ, 5 ਕਿਲੋ ਤੇਲ, 5 ਕਿਲੋ ਨਾਰੀਅਲ ਅਤੇ ਅਗਲਬੱਤੀ, ਧੂਪ, ਕਪੂਰ, ਸਿੰਧੂਰ, ਮੌਲੀ ਅਤੇ ਚਾਂਦੀ ਦੇ 5 ਸਿੱਕੇ ਪੂਜਾ ਦੇ ਨਾਂ ਤੇ ਲਏ ਅਤੇ ਤਕਰੀਬਨ 8 ਹਜ਼ਾਰ ਰੁਪਏ ਦਾ ਚੂਨਾ ਲਗਾ ਕੇ ਚਲਦੇ ਬਣੇ।
ਦਿਨੇਸ਼ ਹੁਣ ਪਛਤਾ ਰਿਹਾ ਹੈ ਕਿ ਉਸ ਨੇ ਕਿਉਂ ਉਹਨਾਂ ਠੱਗ ਬਾਬਿਆਂ ‘ਤੇ ਭਰੋਸਾ ਕੀਤਾ। ਛੋਟੀ ਜਿਹੀ ਦੁਕਾਨ ਤੋਂ ਮਹੀਨੇ ਭਰ ਦਾ ਜੋ ਮੁਨਾਫ਼ਾ ਹੁੰਦਾ ਸੀ, ਉਹ ਬਾਬੇ ਉਡਾ ਲੈ ਗਏ। ਹੁਣ ਦਿਨੇਸ਼ ਹੋਰਾਂ ਨੂੰ ਕਹਿ ਰਿਹਾ ਹੈ ਕਿ ਉਹ ਬਾਬਿਆਂ ਦੇ ਚੁੰਗਲ ਵਿਚ ਨਾ ਫ਼ਸੇ।
ਦਿਨੇਸ਼ ਵਾਂਗ ਮਹਿੰਦਰ ਵੀ ਬਾਬਿਆਂ ਦੀ ਠੱਗੀ ਦਾ ਸ਼ਿਕਾਰ ਹੋ ਚੁੱਕਾ ਹੈ। ਉਹ ਪੋਖਰਣ ਵਿਚ ਆਪਣੀ ਪਤਨੀ ਸੁਨੀਤਾ ਦੇ ਨਾਲ ਰਹਿੰਦੇ ਹਨ। ਉਸ ਦਾ ਵਿਆਹ 10 ਸਾਲ ਪਹਿਲਾਂ ਹੋ ਚੁੱਕਾ ਹੈ ਪਰ ਉਹਨਾਂ ਨੂੰ ਹੁਣ ਤੱਕ ਔਲਾਦ ਦਾ ਸੁਖ ਨਹੀਂਮਿਲਿਆ ਹੈ। ਦੋਵਾਂ ਨੇ ਖੂਬ ਮੰਦਰਾਂ ਦੇ ਚੱਕਰ ਕੱਟੇ ਅਤੇ ਤਾਂਤਰਿਕਾਂ ਕੋਲ ਵੀ ਗਏ ਪਰ ਕਿਤਿਉਂ ਔਲਾਦ ਨਾ ਹੋਈ।
ਇਸ ਕਰਕੇ ਇਕ ਦਿਨ ਜਦੋਂ ਬਾਬੇ ਉਸ ਦੇ ਕੋਲ ਪਹੁੰਚੇ ਅਤੇ ਮਹਿੰਦਰ ਨੂੰ ਕਿਹਾ ਕਿ ਉਸਦੀ ਕਿਸਮਤ ਵਿਚ ਔਲਾਦ ਦਾ ਸੁਖ ਤਾਂ ਹੈ ਪਰ ਕੁਝ ਪੂਰਵਜਾਂ ਦੀਆਂ ਆਤਮਾਵਾਂ ਇਸ ਵਿਚ ਅੜਿੱਕਾ ਪਾ ਰਹੀਆਂ ਹਨ। ਉਹਨਾਂ ਆਤਮਾਵਾਂ ਦੀ ਸ਼ਾਂਤੀ ਦੇ ਲਈ ਪੂਜਾ ਕਰਨੀ ਹੋਵੇਗੀ।
ਮਹਿੰਦਰ ਨੇ ਕਿਹਾ, ਮੈਂ ਮੰਦਰਾਂ ਦੇ ਚੱਕਰ ਵਿਚ ਲੱਖਾਂ ਰੁਪਏ ਉਡਾ ਚੁੱਕਾ ਹਾਂ। ਤੁਹਾਡੇ ਲੋਕਾਂ ਤੇ ਸਾਨੂੰ ਭਰੋਸਾ ਹੈ, ਮੈਨੂੰ ਪੂਜਾ ਪਾਠ ਦੇ ਲਈ ਕਿੰਨਾ ਖਰਚ ਕਰਨਾ ਹੋਵੇਗਾ? ਤਾਂ ਇਕ ਬਾਬੇ ਨੇ ਕਿਹਾ, ਤੁਸੀਂ ਸਾਨੂੰ 11 ਹਜ਼ਾਰ ਦੇ ਦਿਓ। ਇਹਨਾਂ ਪੈਸਿਆਂ ਨਾਲ ਅਸੀਂ ਪੂਜਾ ਪਠ ਦਾ ਸਮਾਨ ਖਰੀਦ ਕੇ ਪੂਜਾ ਕਰ ਦਿਆਂਗੇ। ਅਗਲੀ ਵਾਰ ਜਦੋਂ ਅਸੀਂ ਆਵਾਂਗੇ ਤਾਂ ਤੁਹਾਨੂੰ ਔਲਾਦ ਹੋਣ ਦੀ ਖੁਸ਼ੀ ਵਿਚ ਅਸੀਂ 51 ਹਜ਼ਾਰ ਰੁਪਏ ਦਿਓਗੇ। ਇਹ ਸਾਡਾ ਵਾਅਦਾ ਹੈ।
ਬੱਸ ਉਸ ਬਾਬੇ ਦੀਆਂ ਗੱਲਾਂ ਵਿਚ ਆ ਕੇ ਮਹਿੰਦਰ 11 ਹਜ਼ਾਰ ਰੁਪਏ ਗੁਆ ਬੈਠਿਆ। ਅਜਿਹੇ ਬਾਬਿਆਂ ਦੀ ਠੱਗੀ ਦੇ ਹਜ਼ਾਰਾਂ ਕਿੱਸੇ ਹਰ ਰੋਜ਼ ਹੁੰਦੇ ਹਨ। ਬਾਡਮੇਰ ਜ਼ਿਲ੍ਹੇ ਦੀ ਪਚਪਦਰਾ ਥਾਣਾ ਪੁਲਿਸ ਨੇ ਅਜਿਹੇ 6 ਠੱਗ ਬਾਬਿਆਂ ਨੂੰ 18-19 ਸਤੰਬਰ ਨੂੰ ਪਚਪਰਦਾ ਕਸਬੇ ਤੋਂ ਪਕੜ ਲਿਆ। ਕਿਸੇ ਨੇ ਫ਼ੋਨ ਕਰਕੇ ਥਾਣੇ ਵਿਚ ਸੂਚਨਾ ਦਿੱਤੀ ਸੀ ਕਿ ਬਾਬਿਆਂ ਨੇ ਲੋਕਾਂ ਨੂੰ ਠੱਗਣ ਦਾ ਧੰਦਾ ਚਲਾ ਰੱਖਿਆ ਹੈ। ਇਹ ਲੋਕ ਪੀੜਤਾਂ ਨੂੰ ਝੂਠੇ ਭਰੋਸੇ ਦੇ ਕੇ ਉਹਨਾਂ ਤੋਂ ਜਬਰਦਸਤੀ ਰੁਪਏ ਐਂਠ ਰਹੇ ਹਨ। ਪਚਪਰਦਾ ਥਾਣਾ ਮੁਖੀ ਨੇ ਪੁਲਿਸ ਟੀਮ ਦੇ ਨਾਲ ਰੇਡ ਕੀਤੀ ਅਤੇ 6 ਬਾਬਿਆਂ ਨੂੰ ਪਕੜ ਲਿਆ। ਉਹਨਾਂ ਠੱਗ ਬਾਬਿਆਂ ਨੂੰ ਥਾਣੇ ਲਿਆ ਕੇ ਪੁੱਛਗਿੱਛ ਕੀਤੀ ਗਈ ਜੋ ਗੱਲ ਸਾਹਮਣੇ ਆਈ, ਉਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ।
ਦਰਅਸਲ ਇਹ ਲੋਕ ਨਾਗਾ ਬਾਬਿਆਂ ਦੇ ਭੇਸ ਵਿਚ ਦਿਨ ਭਰ ਲੋਕਾਂ ਨੂੰ ਨੌਕਰੀ ਦਿਵਾਉਣ, ਘਰਾਂ ਵਿਚ ਸੁੱਖ-ਸ਼ਾਂਤੀ, ਔਲਾਦ ਦਾ ਸੁਖ ਹਾਸਲ ਕਰਨ ਦੇ ਨਾਲ ਹੀ ਕਈ ਕਿਸਮ ਦੇ ਝਾਂਸੇ ਦੇ ਕੇ ਨਗੀਨੇ,ਅੰਗੂਠੀਆਂ ਅਤੇ ਮਨਕਾ ਵਗੈਰਾ ਵੇਚ ਕੇ ਠੱਗੀ ਕਰਦੇ ਸਨ। ਕਈ ਲੋਕਾਂ ਦੇ ਹੱਥ ਦੇਖਕੇ ਉਹਨਾਂ ਦੀ ਕਿਸਮਤ ਦੱਸ ਦੇ ਸਨ। ਦਿਨ ਭਰ ਲੋਕਾਂ ਨਾਲ ਠੱਗੀ ਕਰਕੇ ਜੋ ਰਕਮ ਐਂਠਦੇ ਸਨ, ਰਾਤ ਨੂੰ ਉਸਨੂੰ ਸ਼ਰਾਬ ਪਾਰਟੀ, ਨਾਚ ਗਾਣੇ ਵਿਚ ਉਡਾਉਂਦੇ ਸਨ।
ਪੁਲਿਸ ਨੇ ਜਿਹਨਾਂ 6 ਠੱਗ ਬਾਬਿਆਂ ਨੂੰ ਪਕੜਿਆ ਸੀ, ਉਹ ਸੀਕਰੀ ਗੋਬਿੰਦਗੜ੍ਹ ਦੇ ਰਹਿਣ ਵਾਲੇ ਸਨ। ਬਾਬਿਆਂ ਨੇ ਪੁਲਿਸ ਨੂੰ ਦੱਸਿਆ ਕਿ ਸੀਕਰੀ ਗੋਬਿੰਦਗੜ੍ਹ ਦੇ ਤਕਰੀਬਨ ਢਾੲ. ਸੌ ਪਰਿਵਾਰ ਇਸੇ ਤਰ੍ਹਾਂ ਸਾਧੂ ਸੰਤ ਬਣ ਕੇ ਠੱਗੀ ਦਾ ਕੰਮ ਕਰਦੇ ਹਨ। ਵੱਖ-ਵੱਖ ਥਾਵਾਂ ਤੇ ਘੁੰਮ ਕੇ ਉਹ ਵੱਡੇ ਅਫ਼ਸਰਾਂ ਨੂੰ ਧਾਰਮਿਕ ਗੱਲਾਂ ਵਿਚ ਉਲਝਾ ਕੇ ਉਹਨਾਂ ਨਾਲ ਫ਼ੋਟੋਆਂ ਖਿਚਵਾਉਂਦੇ ਸਨ ਅਤੇ ਫ਼ਿਰ ਇਹ ਤਸਵੀਰਾਂ ਦਿਖਾ ਕੇ ਪਿੰਡ ਵਾਲਿਆਂ ਨੂੰ ਦੱਸਦੇ ਸਨ ਕਿ ਉਹ ਸਾਡੇ ਭਗਤ ਹਨ ਅਤੇ ਇਸ ਤਰ੍ਹਾਂ ਭੋਲੇ-ਭਾਲੇ ਲੋਕਾਂ ਨੂੰ ਠੱਗ ਕੇ ਪੈਸੇ ਐਂਠ ਲੈਂਦੇ ਸਨ। ਸ਼ਾਮ ਨੂੰ ਉਹ ਸ਼ਰਾਬ ਪਾਰਟੀਆਂ ਕਰਦੇ ਸਨ।
ਪੁਲਿਸ ਨੇ ਉਹਨਾਂ ਦੇ ਕਬਜੇ ਤੋਂ ਮੋਬਾਇਲ ਬਰਾਮਦ ਕੀਤੇ, ਜਿਨਾਂ ਵਿਚ ਕਈ ਬੇਹੂਦਾ ਨਾਚ ਗਾਣੇ ਅਤੇ ਸ਼ਰਾਬ ਪਾਰਟੀ ਦੀਆਂ ਤਸਵੀਰਾਂ ਸਨ, ਨਾਲ ਹੀ ਕਈ ਅਸ਼ਲੀਲ ਕਲਿੱਪਾਂ ਵੀ ਬਰਾਮਦ ਕੀਤੀਆਂ ਗਈਆਂ। ਇਹਨਾ ਬਾਬਿਆਂ ਨੇ ਖੁਦ ਨੂੰ ਗੁਜਰਾਤ ਵਿਚ ਜੂਨਾ ਅਖਾੜੇ ਦਾ ਸਾਧੂ ਦੱਸਿਆ। ਉਥੋਂ ਦੇ ਮਹੰਤ ਨੇ ਦੱਸਿਆ ਕਿ ਇਹ ਉਹਨਾਂ ਦੇ ਅਖਾੜੇ ਦੇ ਮੈਂਬਰ ਨਹੀਂ ਹਨ। ਇਸ ਤੋਂ ਬਾਅਦ ਠੱਗ ਬਾਬਿਆਂ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਉਹ ਲੋਕਾਂ ਨੂੰ ਝਾਂਸੇ ਵਿਚ ਦੇ ਕੇ ਸ਼ਿਕਾਰ ਬਣਾਉਂਦੇ ਸਨ। ਮਹਿੰਗੀਆਂ ਗੱਡੀਆਂ ਅਤੇ ਸ਼ਾਨਦਾਰ ਮਹਿੰਗੇ ਕੱੜਿਆਂ ਵਿਚ ਇਹਨਾ ਬਾਬਿਆਂ ਦੀਆਂ ਤਸਵੀਰਾਂ ਦੇਖ ਕੇ ਪੁਲਿਸ ਵੀ ਹੈਰਾਨ ਰਹਿ ਗਈ। ਇਹ ਸਭ ਬਾਬੇ ਇੰਨੇ ਅਮੀਰ ਹਨ, ਇਹਨਾਂ ਦੇ ਘਰ ਪੱਕੇ ਹਨ। ਇਹਨਾਂ ਕੋਲ ਗੱਡੀਆਂ ਹਨ। ਇਹਨਾਂ ਨੂੰ ਬਿਨਾਂ ਕੋਈ ਕੰਮ ਕੀਤਿਆਂ ਲੱਖਾਂ ਦੀ ਕਮਾਈ ਹੋ ਜਾਂਦੀ ਸੀ।