ਮੈਂ ਬੰਦਰਗਾਹ ‘ਤੇ ਖੜ੍ਹਾ ਸਮੁੰਦਰੀ ਪੰਛੀਆਂ ਨੂੰ ਦੇਖ ਰਿਹਾ ਸੀ। ਉਹ ਪਾਣੀ ਵਿੱਚ ਡੁਬਕੀ ਮਾਰਦੇ, ਬਾਹਰ ਆਉਂਦੇ ਤੇ ਖੰਭਾਂ ਨੂੰ ਝਾੜ ਦਿੰਦੇ।
ਇੱਕ ਪੰਛੀ ਕਾਫ਼ੀ ਦੇਰ ਤੋਂ ਪਾਣੀ ਵਿੱਚ ਡੁਬਕੀ ਮਾਰ ਰਿਹਾ ਸੀ। ਪਹਿਲਾਂ ਉਹ ਬੜੀ ਤੇਜ਼ੀ ਨਾਲ ਉੱਪਰ ਉੱਡਦਾ, ਫ਼ਿਰ ਪਾਣੀ ਵਿੱਚ ਡੁਬਕੀ ਮਾਰ ਕੇ ਖੰਭਾਂ ਨੂੰ ਸਮੇਟ ਲੈਂਦਾ। ਉਹ ਵਾਰ ਵਾਰ ਆਸਮਾਨ ਵੱਲ ਇੰਜ ਤੇਜ਼ੀ ਨਾਲ ਉੱਡਦਾ ਜਿਵੇਂ ਕੁਝ ਲੱਭ ਰਿਹਾ ਹੋਵੇ। ਮੇਰਾ ਦਿਲ ਕੀਤਾ ਕਿ ਮੇਰੇ ਕੋਲ ਰੋਟੀ ਦੀ ਇੱਕ ਬੁਰਕੀ ਹੋਵੇ ਤਾਂ ਮੈਂ ਉਹ ਭੋਰ-ਭੋਰ ਕੇ ਉਸ ਪੰਛੀ ਨੂੰ ਖੁਆ ਦੇਵਾਂ। ਇਸ ਤੋਂ ਬਿਨਾਂ ਦੂਜੇ ਪੰਛੀਆਂ ਨੂੰ ਵੀ ਤਾਂ ਕਿ ਸਭ ਨੂੰ ਉੱਡਣ ਲਈ ਥੋੜ੍ਹਾ ਆਸਰਾ ਮਿਲ ਜਾਏ। ਪਰ ਮੈਂ ਤਾਂ ਖ਼ੁਦ ਹੀ ਭੁੱਖਾ ਸੀ, ਉਨ੍ਹਾਂ ਪੰਛੀਆਂ ਵਾਂਗ ਹੀ, ਤੇ ਥੱਕਿਆ ਹੋਇਆ ਵੀ। ਖਾਲੀ ਜੇਬ ਵਿੱਚ ਹੱਥ ਮਾਰਦਿਆਂ ਮੈਂ ਉਨ੍ਹਾਂ ਪੰਛੀਆਂ ਨੂੰ ਨਿਹਾਰਿਆ ਤੇ ਦੁਖੀ ਜਿਹਾ ਹੋ ਗਿਆ। ਅਚਾਨਕ ਮੈਨੂੰ ਮਹਿਸੂਸ ਹੋਇਆ ਕਿ ਕਿਸੇ ਨੇ ਮੇਰੇ ਮੋਢੇ ਉੱਤੇ ਹੱਥ ਰੱਖ ਦਿੱਤਾ ਹੈ। ਪਿੱਛੇ ਮੁੜ ਕੇ ਦੇਖਿਆ ਤਾਂ ਇੱਕ ਪੁਲਿਸ ਵਾਲਾ ਸੀ। ਮੈਂ ਉਸ ਦਾ ਹੱਥ ਹਟਾਉਣ ਦੀ ਕੋਸ਼ਿਸ਼ ਕੀਤੀ।
”ਕਾਮਰੇਡ।” ਉਸ ਨੇ ਮੇਰੇ ਮੋਢੇ ਨੂੰ ਹੋਰ ਕਸ ਕੇ ਫ਼ੜ ਲਿਆ।
”ਸਾਬ੍ਹ।” ਮੇਰੇ ਮੂੰਹੋਂ ਨਿਕਲਿਆ।
”ਹੁਣ ਕੋਈ ਸਾਬ੍ਹ-ਸੂਹਬ ਨਹੀਂ, ਹੁਣ ਅਸੀਂ ਸਾਰੇ ਕਾਮਰੇਡ ਹਾਂ।”
”ਪਰ ਮੇਰੀ ਗ਼ਲਤੀ?”
”ਗ਼ਲਤੀ?” ਉਹ ਹੱਸਿਆ ਤੇ ਕਹਿਣ ਲੱਗਾ, ਤੇਰਾ ਚਿਹਰਾ, ਤੇਰਾ ਉਦਾਸ ਚਿਹਰਾ।
ਇੱਕ ਪਲ ਲਈ ਮੈਂ ਆਪਣਾ ਹਾਸਾ ਨਾ ਰੋਕ ਸਕਿਆ।
”ਇਹਦੇ ‘ਚ ਭਲਾ ਹੱਸਣ ਵਾਲੀ ਕਿਹੜੀ ਗੱਲ ਹੈ?” ਉਹਦਾ ਮੂੰਹ ਗੁੱਸੇ ਨਾਲ ਲਾਲ ਹੋ ਗਿਆ।
ਪਹਿਲਾਂ ਤਾਂ ਮੈਂ ਸੋਚਿਆ ਕਿ ਉਹ ਸ਼ਾਇਦ ਡਿਊਟੀ ਤੋਂ ਉਕਤਾ ਗਿਆ ਹੈ ਜਾਂ ਉਹਨੂੰ ਕੋਈ ਪੇਸ਼ੇਵਰ ਵੇਸਵਾ ਨਹੀਂ ਮਿਲੀ ਜਾਂ ਗਲੀ ਵਿੱਚ ਨਸ਼ੇ ‘ਚ ਧੁੱਤ ਕੋਈ ਸ਼ਰਾਬੀ ਨਹੀਂ ਮਿਲਿਆ, ਜਾਂ ਕੋਈ ਚੋਰ ਉਚੱਕਾ, ਕੋਈ ਜੇਬਕਤਰਾ ਉਸ ਦੇ ਕਾਬੂ ਨਹੀਂ ਆਇਆ੩; ਪਰ ਮੈਂ ਦੇਖਿਆ ਕਿ ਉਹ ਸੱਚਮੁੱਚ ਗੁੱਸੇ ਵਿੱਚ ਸੀ ਤੇ ਮੈਨੂੰ ਗ੍ਰਿਫ਼ਤਾਰ ਕਰਨਾ ਚਾਹੁੰਦਾ ਸੀ।
ਫ਼ਿਰ ਉਸ ਨੇ ਮੇਰੇ ਖੱਬੇ ਗੁੱਟ ਉੱਤੇ ਹੱਥਕੜੀ ਲਾ ਦਿੱਤੀ। ਲੋਹੇ ਦੀ ਟੁਣਕਾਰ ਨਾਲ ਮੈਨੂੰ ਅਹਿਸਾਸ ਹੋਇਆ ਕਿ ਮੈਂ ਤਾਂ ਬਰਬਾਦ ਹੋ ਗਿਆ ਹਾਂ। ਖੁੱਲ੍ਹੇ ਆਸਮਾਨ ਵਿੱਚ ਉੱਡਦੇ ਪੰਛੀਆਂ ਤੋਂ ਹਟ ਕੇ ਮੇਰੀ ਨਜ਼ਰ ਪਾਣੀ ਉੱਤੇ ਅਟਕ ਗਈ। ਪੁਲਿਸ ਦੇ ਚੁੰਗਲ ਵਿੱਚ ਫ਼ਸਣਾ, ਫ਼ਿਰ ਡਾਢੀ ਮਾਰ ਖਾਣ ਬਾਅਦ ਕੋਠੜੀ ਵਿੱਚ ਸੜਨਾ; ਡੁੱਬ ਕੇ ਮਰਨ ਨਾਲੋਂ ਜ਼ਿਆਦਾ ਖੌਫ਼ਨਾਕ ਹੈ੩। ਪਰ ਉਸ ਨੇ ਇੱਕੋ ਝਟਕੇ ਨਾਲ ਮੈਨੂੰ ਆਪਣੇ ਵੱਲ ਖਿੱਚ ਲਿਆ।
”ਪਰ ਮੇਰੀ ਗ਼ਲਤੀ ਕੀ ਹੈ?” ਮੈਂ ਬੌਖਲਾ ਗਿਆ।
”ਕਾਨੂੰਨ ਮੁਤਾਬਿਕ ਸਾਰੇ ਲੋਕਾਂ ਨੂੰ ਹਰ ਵੇਲੇ ਖ਼ੁਸ਼ ਦਿਖਾਈ ਦੇਣਾ ਚਾਹੀਦਾ ਹੈ।”
”ਜੀ ਮੈਂ ਤਾਂ ਪੂਰਾ ਖ਼ੁਸ਼ ਹਾਂ,” ਮੈਂ ਆਪਣਾ ਸਾਰਾ ਜ਼ੋਰ ਲਾ ਕੇ ਕਿਹਾ।
”ਝੂਠ।” ”ਪਰ ਮੈਂ ਤਾਂ ਅਜਿਹੇ ਕਿਸੇ ਕਾਨੂੰਨ ਬਾਰੇ ਕਦੇ ਨਹੀਂ ਸੁਣਿਆ।”
”ਕਦੇ ਨਹੀਂ ਸੁਣਿਆ? ਇਸ ਨੂੰ ਲਾਗੂ ਹੋਇਆਂ ਤਾਂ ਛੱਤੀ ਘੰਟੇ ਲੰਘ ਗਏ ਹਨ। ਐਲਾਨ ਹੋਣ ਤੋਂ ਚੌਵੀ ਘੰਟੇ ਬਾਅਦ ਹਰ ਕਾਨੂੰਨ ਲਾਗੂ ਹੋ ਜਾਂਦਾ ਹੈ।”
”ਪਰ ਮੈਨੂੰ ਇਸ ਕਾਨੂੰਨ ਬਾਰੇ ਉੱਕਾ ਹੀ ਕੋਈ ਜਾਣਕਾਰੀ ਨਹੀਂ ਹੈ।”
”ਕਾਮਰੇਡ, ਇਸ ਦੇ ਐਲਾਨ ਬਾਰੇ ਅਖ਼ਬਾਰਾਂ ਵਿੱਚ ਖ਼ਬਰ ਛਪ ਚੁੱਕੀ ਹੈ। ਲਾਊਡ ਸਪੀਕਰਾਂ ਉੱਤੇ ਵੀ ਢਿੰਡੋਰਾ ਪਿੱਟਿਆ ਗਿਆ ਹੈ- ਪਿਛਲੇ ਛੱਤੀ ਘੰਟੇ ਤੂੰ ਕਿੱਥੇ ਸੀ?”
ਹੁਣ ਉਹ ਮੈਨੂੰ ਧੱਕੇ ਮਾਰ ਕੇ ਲਿਜਾ ਰਿਹਾ ਸੀ। ਮੈਨੂੰ ਬਹੁਤ ਖਿਝ ਚੜ੍ਹ ਰਹੀ ਸੀ ਤੇ ਜ਼ੋਰਦਾਰ ਭੁੱਖ ਵੀ। ਉਸ ਨੇ ਮੇਰੇ ਵੱਲ ਗਹੁ ਨਾਲ ਦੇਖਿਆ- ਫ਼ਟੇ ਪੁਰਾਣੇ ਕੱਪੜੇ੩ ਵਧੀ ਹੋਈ ਦਾੜ੍ਹੀ ਜਦੋਂਕਿ ਕਾਨੂੰਨ ਅਨੁਸਾਰ ਹਰ ਕਾਮਰੇਡ ਲਈ ਅੱਛੇ ਕੱਪੜੇ ਪਹਿਨਣਾ ਲਾਜ਼ਮੀ ਸੀ।
ਸੜਕਾਂ ‘ਤੇ ਚੱਲਣ ਵਾਲੇ ਸਭ ਲੋਕਾਂ ਦੇ ਚਿਹਰਿਆਂ ਉੱਤੇ ਉਮੰਗ ਦਾ ਮਖੌਟਾ ਲੱਗਿਆ ਹੋਇਆ ਸੀ। ਮੈਂ ਇਹ ਵੀ ਨੋਟ ਕੀਤਾ ਕਿ ਪੁਲਿਸ ਨੂੰ ਦੇਖਦਿਆਂ ਹੀ ਉਹ ਮਖੌਟਾ ਹੋਰ ਵੀ ਚਮਕ ਉੱਠਦਾ ਸੀ। ਮੈਂ ਦੇਖ ਰਿਹਾ ਸੀ ਕਿ ਲੋਕ ਬੜੀ ਚਲਾਕੀ ਤੇ ਫ਼ੁਰਤੀ ਨਾਲ ਸਾਡੇ ਕੋਲੋਂ ਲੰਘ ਰਹੇ ਸਨ। ਉਨ੍ਹਾਂ ਦੀ ਕੋਸ਼ਿਸ਼ ਸੀ ਕਿ ਉਹ ਜਲਦੀ ਨਾਲ ਕਿਸੇ ਘਰ, ਗੋਦਾਮ ਜਾਂ ਕਿਸੇ ਕਾਰਖਾਨੇ ਵਿੱਚ ਲੁਕ ਜਾਣ ਤਾਂ ਕਿ ਉਨ੍ਹਾਂ ਉੱਤੇ ਪੁਲਿਸ ਵਾਲਿਆਂ ਦੀ ਨਜ਼ਰ ਨਾ ਪਵੇ।
ਸਿਰਫ਼ ਇੱਕ ਵਾਰ ਅਜਿਹਾ ਹੋਇਆ ਕਿ ਜਦੋਂ ਅਸੀਂ ਇੱਕ ਚੌਰਾਹੇ ‘ਤੇ ਪਹੁੰਚੇ ਤਾਂ ਸਾਡਾ ਸਾਹਮਣਾ ਅੱਧਖੜ ਉਮਰ ਦੇ ਇੱਕ ਆਦਮੀ ਨਾਲ ਹੋ ਗਿਆ। ਉਸ ਦੀ ਸ਼ਕਲ ਦੇਖਦਿਆਂ ਹੀ ਮੈਂ ਸਮਝ ਗਿਆ ਕਿ ਉਹ ਕੋਈ ਸਕੂਲ ਮਾਸਟਰ ਹੈ। ਇਸ ਮੌਕੇ ਉਸ ਕੋਲ ਹੋਰ ਕੋਈ ਰਸਤਾ ਹੀ ਨਹੀਂ ਸੀ। ਕਾਨੂੰਨ ਮੁਤਾਬਿਕ ਉਸ ਨੇ ਪੁਲਿਸ ਵਾਲੇ ਨੂੰ ਆਦਰ ਨਾਲ ਦੁਆ ਸਲਾਮ ਕੀਤੀ। ਫ਼ਿਰ ਉਸ ਨੇ ਆਪਣਾ ਫ਼ਰਜ਼ ਨਿਭਾਉਂਦਿਆਂ ਤਿੰਨ ਵਾਰ ਮੇਰੇ ਚਿਹਰੇ ਉੱਤੇ ਥੁੱਕਿਆ ਤੇ ਕਿਹਾ- ”ਸੂਅਰ! ਰਾਜ-ਧਰੋਹੀ, ਗੱਦਾਰ!” ਉਸ ਨੇ ਸਭ ਕੁਝ ਨਿਯਮਾਂ ਅਨੁਸਾਰ ਹੀ ਕੀਤਾ ਸੀ, ਪਰ ਫ਼ਿਰ ਵੀ ਮੈਂ ਦੇਖਿਆ ਕਿ ਉਸ ਦਾ ਗਲਾ ਸੁੱਕਿਆ ਹੋਇਆ ਸੀ। ਕਾਨੂੰਨ ਅਨੁਸਾਰ ਮੈਂ ਕਮੀਜ਼ ਦੀ ਆਸਤੀਨ ਨਾਲ ਥੁੱਕ ਪੂੰਝਣ ਦੀ ਕੋਸ਼ਿਸ਼ ਕੀਤੀ੩ ਇੱਕ ਜ਼ੋਰਦਾਰ ਘਸੁੰਨ ਮੇਰੀ ਪਿੱਠ ‘ਤੇ ਵੱਜਿਆ ਤੇ ਮੈਂ ਸੁਣਿਆ੩ ”ਪਹਿਲਾ ਕਦਮ।” ਮਤਲਬ ਸਾਫ਼ ਸੀ ਕਿ ਮੇਰੀ ਸਜ਼ਾ ਦਾ ਇਹ ਪਹਿਲਾ ਨਮੂਨਾ ਹੈ।
ਉਹ ਸਕੂਲ ਮਾਸਟਰ ਤੇਜ਼ ਕਦਮਾਂ ਨਾਲ ਚੱਲਦਾ ਅੱਖੋਂ ਓਹਲੇ ਹੋ ਗਿਆ ਸੀ। ਰਸਤੇ ਵਿੱਚ ਸਭ ਲੋਕ ਸਾਥੋਂ ਕਿਨਾਰਾ ਕਰ ਰਹੇ ਸਨ ਤੇ ਫ਼ਿਰ ਉਹ ਥਾਂ ਆ ਗਈ ਜਿੱਥੇ ਮੈਨੂੰ ਪਹੁੰਚਾਉਣਾ ਸੀ। ਫ਼ਿਰ ਇੱਕ ਬਿਗਲ ਵੱਜਿਆ। ਮੈਨੂੰ ਪਤਾ ਲੱਗਿਆ ਕਿ ਮਜ਼ਦੂਰਾਂ ਨੂੰ ਛੁੱਟੀ ਹੋਣ ਵਾਲੀ ਹੈ ਤੇ ਆਪਣੇ ਚਿਹਰੇ ਨੂੰ ਖੁਸ਼ਨੁਮਾ ਬਣਾਉਣ ਲਈ ਉਹ ਆਪਣੇ ਹੱਥ ਮੂੰਹ ਮਲ-ਮਲ ਕੇ ਧੋਣਗੇ। ਕਾਰਖਾਨੇ ਤੋਂ ਬਾਹਰ ਨਿਕਲਦੇ ਸਮੇਂ ਉਨ੍ਹਾਂ ਦੇ ਚਿਹਰੇ ਉੱਤੇ ਸਕੂਨ ਤੇ ਸੰਤੁਸ਼ਟੀ ਦੀ ਭਾਵਨਾ ਦਿਸਣੀ ਚਾਹੀਦੀ ਹੈ। ਜ਼ਿਆਦਾ ਖ਼ੁਸ਼ੀ ਵੀ ਨਹੀਂ ਦਿਸਣੀ ਚਾਹੀਦੀ ਤਾਂ ਕਿ ਲੋਕਾਂ ਵਿੱਚ ਇਹ ਪ੍ਰਭਾਵ ਨਾ ਜਾਵੇ ਕਿ ਉਨ੍ਹਾਂ ਨੂੰ ਕੰਮ ਤੋਂ ਛੁਟਕਾਰਾ ਮਿਲਣ ਦੀ ਖ਼ੁਸ਼ੀ ਦਾ ਅਹਿਸਾਸ ਹੋ ਰਿਹਾ ਹੈ। ਸਿਰਫ਼ ਕਾਰਖਾਨੇ ਅੰਦਰ ਜਾਣ ਵੇਲੇ ਚਿਹਰੇ ਉੱਤੇ ਜ਼ਿਆਦਾ ਖ਼ੁਸ਼ੀ ਦਿਖਾਈ ਦੇਣੀ ਚਾਹੀਦੀ ਹੈ। ਇਸ ਤੋਂ ਇਲਾਵਾ ਜਾਂਦੇ ਜਾਂਦੇ ਰਸਤੇ ਵਿੱਚ ਉਨ੍ਹਾਂ ਨੂੰ ਕੋਈ ਗੀਤ ਵੀ ਗਾਉਣਾ ਚਾਹੀਦਾ ਹੈ ਤਾਂ ਜੋ ਅਜਿਹਾ ਲੱਗੇ ਕਿ ਉਨ੍ਹਾਂ ਵਿੱਚ ਕੰਮ ਉੱਤੇ ਜਾਣ ਲਈ ਕਿੰਨਾ ਉਤਸ਼ਾਹ ਹੈ।
ਪਰ ਚੰਗਾ ਹੀ ਹੋਇਆ ਕਿ ਇਹ ਬਿਗਲ ਛੁੱਟੀ ਹੋਣ ਤੋਂ ਦਸ ਮਿੰਟ ਪਹਿਲਾਂ ਵਜਾਇਆ ਜਾਂਦਾ ਹੈ ਤਾਂ ਕਿ ਲੋਕ ਸਾਬਣ ਨਾਲ ਹੱਥ ਮੂੰਹ ਧੋ ਕੇ ਤਿਆਰੀ ਕਰ ਲੈਣ, ਵਰਨਾ ਮਜ਼ਦੂਰਾਂ ਦਾ ਸਮੂਹ ਇੱਕੋ ਵੇਲੇ ਸੜਕ ਉੱਤੇ ਆਉਂਦਾ ਤਾਂ ਕਾਨੂੰਨ ਮੁਤਾਬਿਕ ਸਭ ਨੇ ਮੇਰੇ ਚਿਹਰੇ ਉੱਤੇ ਤਿੰਨ ਤਿੰਨ ਵਾਰ ਥੁੱਕਣਾ ਸੀ।
ਫ਼ਿਰ ਮੈਨੂੰ ਲਾਲ ਰੰਗ ਦੀਆਂ ਇੱਟਾਂ ਵਾਲੇ ਇੱਕ ਮਕਾਨ ਵਿੱਚ ਲਿਜਾਇਆ ਗਿਆ ਜਿੱਥੇ ਦੋ ਸਿਪਾਹੀ ਪਹਿਰਾ ਦੇ ਰਹੇ ਸਨ। ਸਭ ਤੋਂ ਪਹਿਲਾਂ ਕਾਨੂੰਨ ਮੁਤਾਬਿਕ ਉਨ੍ਹਾਂ ਨੇ ਮੇਰੀ ਜ਼ੋਰਦਾਰ ਪਿਟਾਈ ਕੀਤੀ, ਮੇਰੀਆਂ ਪੁੜਪੁੜੀਆਂ ਉੱਤੇ ਬੰਦੂਕਾਂ ਦੇ ਬੱਟ ਮਾਰੇ ਤੇ ਗਾਲ੍ਹਾਂ ਕੱਢੀਆਂ।
ਕਮਰੇ ਅੰਦਰ ਇੱਕ ਵੱਡੀ ਮੇਜ਼, ਉਸ ਉੱਤੇ ਇੱਕ ਟੈਲੀਫ਼ੋਨ ਤੇ ਦੋ ਕੁਰਸੀਆਂ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਸੀ। ਮੈਂ ਕਮਰੇ ਦੇ ਬਿਲਕੁਲ ਵਿਚਕਾਰ ਖੜ੍ਹਾ ਸੀ। ਮੇਜ਼ ਵਾਲੀ ਕੁਰਸੀ ਉੱਤੇ ਲੋਹੇ ਦਾ ਟੋਪ ਪਹਿਨੀ ਇੱਕ ਆਦਮੀ ਬੈਠਾ ਸੀ। ਫ਼ਿਰ ਇੱਕ ਹੋਰ ਆਦਮੀ ਆਇਆ ਤੇ ਚੁੱਪ-ਚਾਪ ਦੂਜੀ ਕੁਰਸੀ ਉੱਤੇ ਬੈਠ ਗਿਆ। ਉਹ ਮੇਰੇ ਤੋਂ ਸਵਾਲ ਪੁੱਛਣ ਲੱਗੇ।
”ਤੁਹਾਡਾ ਧੰਦਾ?”
”ਸਾਧਾਰਨ ਕਾਮਰੇਡ।”
”ਜਨਮ?”
”1.1.1901”
”ਪਿਛਲੇ ਸਮੇਂ ਦਾ ਵੇਰਵਾ ਦਿਉ।”
”ਜੀ, ਕੈਦੀ।”
ਦੋਵਾਂ ਨੇ ਇੱਕ ਦੂਜੇ ਵੱਲ ਦੇਖਿਆ।
”ਕਿੱਥੇ ਅਤੇ ਕਦੋਂ?”
”ਜੇਲ੍ਹ ਨੰਬਰ 12, ਕੋਠੜੀ ਨੰਬਰ 130੩ ਕੱਲ੍ਹ ਹੀ ਛੁੱਟਿਆ ਹਾਂ।”
”ਰਿਹਾਈ ਦੇ ਕਾਗਜ਼ਾਤ?”
ਮੈਂ ਰਿਹਾਈ ਵਾਲਾ ਕਾਗਜ਼ ਕੱਢਿਆ ਤੇ ਉਸ ਦੇ ਸਾਹਮਣੇ ਰੱਖ ਦਿੱਤਾ।
”ਇਸ ਕੈਦ ਦਾ ਅਪਰਾਧ?”
”ਮੇਰਾ ਖ਼ੁਸ਼ ਚਿਹਰਾ।”
ਦੋਵਾਂ ਨੇ ਇੱਕ-ਦੂਜੇ ਵੱਲ ਦੇਖਿਆ ਤੇ ਕਿਹਾ, ”ਗੱਲ ਸਾਫ਼ ਸਾਫ਼ ਦੱਸੋ।”
”ਉਸ ਵਕਤ ਕਿਸੇ ਵੱਡੇ ਅਫ਼ਸਰ ਦੀ ਮੌਤ ਹੋ ਗਈ ਸੀ ਅਤੇ ਦੇਸ਼ ਭਰ ਵਿੱਚ ਸੋਗ ਮਨਾਉਣ ਦਾ ਸਰਕਾਰੀ ਹੁਕਮ ਸੀ, ਪਰ ਇੱਕ ਸਿਪਾਹੀ ਦਾ ਕਹਿਣਾ ਸੀ ਕਿ ਉਸ ਸਮੇਂ ਮੇਰਾ ਚਿਹਰਾ ਦੁਖੀ ਨਹੀਂ ਸੀ ਦਿਸਦਾ।”
”ਕਿੰਨੀ ਸਜ਼ਾ ਹੋਈ?”
”ਜੀ, ਪੰਜ ਸਾਲ।”
ਜ਼ਬਰਦਸਤ ਕੁੱਟਮਾਰ ਤੋਂ ਬਾਅਦ ਫ਼ਿਰ ਨਵੀਂ ਸਜ਼ਾ ਸੁਣਾਈ ਗਈ- ਦਸ ਸਾਲ।
ਖ਼ੁਸ਼ ਚਿਹਰੇ ਕਾਰਨ ਪੰਜ ਸਾਲ ਦੀ ਸਜ਼ਾ ਮਿਲੀ ਸੀ ਤੇ ਦੁਖੀ ਚਿਹਰੇ ਨਾਲ ਦਸ ਸਾਲ!! ਹੁਣ ਤਾਂ ਮੈਂ ਸੋਚਦਾ ਹਾਂ ਕਿ ਜਦੋਂ ਮੈਂ ਜੇਲ੍ਹ ਵਿੱਚੋਂ ਬਾਹਰ ਆਵਾਂ ਤਾਂ ਮੇਰਾ ਕੋਈ ਚਿਹਰਾ ਨਾ ਹੋਵੇ- ਨਾ ਸੁਖੀ, ਨਾ ਦੁਖੀ।
ਹਾਈਨਰਿਖ ਬਿਓਲ