ਚੰਡੀਗੜ੍ਹ : ਜੂਨੀਅਰ ਬਾਦਲ ਦੀ ਇੱਕ ਇੰਟਰਵਿਊ ਬਾਰੇ ਬੋਲਦੇ ਹੋਏ ਅੱਜ ਵਿਰੋਧੀ ਧਿਰ ਦੇ ਨੇਤਾ ਖਹਿਰਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਸ਼ਰਮਨਾਕ ਹਾਰ ਤੋਂ ਬਾਅਦ ਵੀ ਸੁਖਬੀਰ ਨੇ ਕੋਈ ਸਬਕ ਨਹੀਂ ਸਿਖਿਆ ਅਤੇ ਉਵੇਂ ਹੀ ਅੱਖੜਤਾ ਅਤੇ ਹੰਕਾਰ ਨਾਲ ਚੱਲ ਰਿਹਾ ਹੈ। ਹਾਰਵਰਡ ਬਿਜਨਸ ਸਕੂਲ ਵਿੱਚ ਜੇਕਰ ਸਿਆਸਤ ਦਾ ਵਿਭਾਗ ਹੁੰਦਾ ਤਾਂ ਉਸ ਦੇ ਪਿਤਾ ਡੀਨ ਹੁੰਦੇ ਆਖਣ ਵਾਲੇ ਜੂਨੀਅਰ ਬਾਦਲ ਉੱਪਰ ਵਿਅੰਗ ਕਰਦੇ ਖਹਿਰਾ ਨੇ ਕਿਹਾ ਕਿ ਬਿਲਕੁਲ ਸੀਨੀਅਰ ਬਾਦਲ ਡੀਨ ਜਰੂਰ ਹੁੰਦੇ ਜੇਕਰ ਹਾਰਵਰਡ ਵਿੱਚ ਸਿਆਸਤ ਦੀ ਬਜਾਏ ਭ੍ਰਿਸ਼ਟਾਚਾਰ, ਲੁੱਟ ਅਤੇ ਗਲਤ ਢੰਗਾਂ ਨਾਲ ਸਰਮਾਇਆ ਇਕੱਠਾ ਕਰਨ ਦਾ ਵਿਸ਼ਾ ਪੜਾਇਆ ਜਾਂਦਾ ਹੁੰਦਾ। ਖਹਿਰਾ ਨੇ ਕਿਹਾ ਕਿ ਜੂਨੀਅਰ ਬਾਦਲ ਐਂਵੇ ਗਲਤ ਹੀ ਆਪਣੇ ਪਿਤਾ ਦੀ ਪ੍ਰਸ਼ੰਸਾ ਕਰੀ ਜਾ ਰਿਹਾ ਹੈ ਕਿਉਂਕਿ ਆਪਣੇ 60 ਸਾਲ ਦੇ ਸਿਆਸੀ ਕੈਰੀਅਰ ਅਤੇ 5 ਵਾਰ ਮੁੱਖ ਮੰਤਰੀ ਬਣਨ ਦੇ ਬਾਵਜੂਦ ਉਹ ਪੰਜਾਬ ਦੇ ਕਿਸੇ ਇੱਕ ਮੁੱਦੇ ਦਾ ਵੀ ਹੱਲ ਲੱਭਣ ਵਿੱਚ ਅਸਫਲ ਰਹੇ ਹਨ।
ਸੁਖਬੀਰ ਬਾਦਲ ਵੱਲੋਂ ਪ੍ਰਧਾਨ ਮੰਤਰੀ ਕੋਲ ਸਿੱਖਾਂ ਦੀ ਵੱਖਰੀ ਪਹਿਚਾਣ ਦਾ ਮੁੱਦਾ ਉਠਾਏ ਜਾਣ ਦੇ ਵਾਅਦੇ ਉੱਪਰ ਟਿੱਪਣੀ ਕਰਦੇ ਖਹਿਰਾ ਨੇ ਕਿਹਾ ਕਿ ਬਾਦਲ ਡਰਾਮੇਬਾਜੀ ਕਰਕੇ ਸਿਰਫ ਸਿੱਖਾਂ ਵਿੱਚ ਆਪਣੇ ਗੁੰਮ ਹੋਏ ਵੱਕਾਰ ਨੂੰ ਮੁੜ ਵਾਪਿਸ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿਉਂਕਿ ਪੰਜਾਬ ਵਿੱਚ ਆਪਣੇ 10 ਸਾਲ ਦੇ ਸ਼ਾਸਨਕਾਲ ਦੋਰਾਨ ਉਹ ਅਤੇ ਉਹਨਾਂ ਦੀ ਪਾਰਟੀ ਇਸ ਅਹਿਮ ਮੁੱਦੇ ਨੂੰ ਉਠਾਉਣ ਵਿੱਚ ਫੇਲ ਰਹੀ ਹੈ। ਖਹਿਰਾ ਨੇ ਕਿਹਾ ਕਿ ਜੇਕਰ ਜੂਨੀਅਰ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਵੱਖਰੀ ਪਹਿਚਾਣ ਦੇ ਮੁੱਦੇ ਪ੍ਰਤੀ ਗੰਭੀਰ ਹੁੰਦੇ ਤਾਂ ਉਹ ਬਹੁਤ ਅਸਾਨੀ ਨਾਲ ਸੰਸਦ ਵਿੱਚ ਆਰਟੀਕਲ 25(2) ਵਿੱਚ ਸੋਧ ਕਰਵਾ ਸਕਦੇ ਸਨ। ਖਹਿਰਾ ਨੇ ਕਿਹਾ ਕਿ ਹੁਣ ਜਦ ਬਾਦਲ ਸੱਤਾ ਵਿੱਚੋਂ ਬਾਹਰ ਹਨ ਤਾਂ ਆਪਣੇ ਸੋੜੇ ਸਿਆਸੀ ਲਾਹੇ ਲਈ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨਾ ਚਾਹੁੰਦੇ ਹਨ। ਖਹਿਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਸਿੱਖਾਂ ਅਤੇ ਪੰਜਾਬ ਦੇ ਅਹਿਮ ਮਸਲਿਆਂ ਵਾਸਤੇ ਗੰਭੀਰ ਨਹੀਂ ਹੋਇਆ ਚਾਹੇ ਇਹ ਚੰਡੀਗੜ ਪੰਜਾਬ ਨੂੰ ਦਿੱਤੇ ਜਾਣ ਦੀ ਮੰਗ ਹੋਵੇ, ਪੰਜਾਬੀ ਬੋਲਦੇ ਇਲਾਕੇ ਬਾਹਰ ਰਹਿਣ ਦਾ ਮੁੱਦਾ ਹੋਵੇ, ਦਰਿਆਈ ਪਾਣੀਆਂ ਦਾ ਮਸਲਾ ਹੋਵੇ ਅਤੇ ਸਿਰਫ ਇਹਨਾਂ ਮੁੱਦਿਆਂ ਨੂੰ ਉਦੋਂ ਹੀ ਉਠਾਉਂਦੇ ਹਨ ਜਦ ਸੱਤਾ ਵਿੱਚੋਂ ਬਾਹਰ ਹੋਣ।
ਆਮ ਆਦਮੀ ਪਾਰਟੀ ਦੇ ਬੁਲਬੁਲੇ ਵਾਂਗ ਫੁੱਟਣ ਅਤੇ ਇਸ ਦੇ ਮੁੱਖ ਆਗੂ ਸੁਖਪਾਲ ਖਹਿਰਾ ਦਾ ਕੋਈ ਵੱਕਾਰ ਨਾ ਹੋਣ ਦੇ ਮੁੱਦੇ ਉੱਪਰ ਸਖਤ ਜਵਾਬ ਦਿੰਦੇ ਹੋਏ ਵਿਰੋਧੀ ਧਿਰ ਦੇ ਨੇਤਾ ਨੇ ਜੂਨੀਅਰ ਬਾਦਲ ਨੂੰ ਚੁਣੋਤੀ ਦਿੱਤੀ ਕਿ ਆਮ ਆਦਮੀ ਪਾਰਟੀ, ਉਹਨਾਂ ਦੇ ਵੱਕਾਰ ਅਤੇ ਸਿਆਸਤ ਵਿੱਚ ਨੈਤਿਕਤਾ ਅਤੇ ਸਿਧਾਂਤਾਂ ਦੇ ਮੁੱਦੇ ਉੱਪਰ ਆਪਣੀ ਪਸੰਦ ਦੇ ਸਥਾਨ ਚਾਹੇ ਆਪਣੇ ਹੱਥਠੋਕੇ ਪੀ.ਟੀ.ਸੀ ਚੈਨਲ ਉੱਪਰ ਜਦੋਂ ਮਰਜ਼ੀ ਜਨਤਕ ਬਹਿਸ ਕਰ ਲਵੇ। ਖਹਿਰਾ ਨੇ ਕਿਹਾ ਕਿ ਜੇਕਰ ਛੋਟਾ ਬਾਦਲ ਉਹਨਾਂ ਦੀ ਚੁਣੋਤੀ ਸਵੀਕਾਰ ਕਰਨ ਵਿੱਚ ਅਸਫਲ ਰਹਿੰਦਾ ਹੈ ਤਾਂ ਅਜਿਹੇ ਸਰਾਸਰ ਝੂਠੇ ਇਲਜਾਮ ਲਗਾਉਣ ਲਈ ਉਸ ਨੂੰ ਮੁਆਫੀ ਮੰਗਣੀ ਚਾਹੀਦੀ ਹੈ।
ਖਹਿਰਾ ਨੇ ਕਿਹਾ ਕਿ ਇੱਕ ਕਾਇਰ ਅਤੇ ਬੁਜਦਿਲ ਵਿਅਕਤੀ ਹੋਣ ਦੇ ਨਾਲ ਨਾਲ ਜੂਨੀਅਰ ਬਾਦਲ ਆਦਤਤਨ ਝੂਠਾ ਅਤੇ ਅੰਕੜਿਆਂ ਨਾਲ ਹੇਰ ਫੇਰ ਕਰਨ ਵਾਲਾ ਵੀ ਹੈ। ਖਹਿਰਾ ਨੇ ਕਿਹਾ ਕਿ ਜੂਨੀਅਰ ਬਾਦਲ ਦਾ ਦਾਅਵਾ ਕਿ 2017 ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ 32 ਫੀਸਦੀ ਅਤੇ ਆਮ ਆਦਮੀ ਪਾਰਟੀ ਨੂੰ 21 ਫੀਸਦੀ ਵੋਟਾਂ ਪਈਆਂ ਸਨ ਸਰਾਸਰ ਮਨਘੜਤ ਅਤੇ ਕੋਰਾ ਝੂਠ ਹੈ, ਤੱਥ ਇਹ ਹੈ ਕਿ ਅਕਾਲੀ ਦਲ ਨੂੰ ਸਿਰਫ 25\2 ਫੀਸਦੀ ਅਤੇ ਆਮ ਆਦਮੀ ਪਾਰਟੀ ਨੂੰ 23।7 ਫੀਸਦੀ ਵੋਟਾਂ ਮਿਲੀਆਂ ਸਨ।
ਜੂਨੀਅਰ ਬਾਦਲ ਦੀ ਇੰਟਰਵਿਊ ਦੀ ਫੂਕ ਕੱਢਦੇ ਹੋਏ ਖਹਿਰਾ ਨੇ ਕਿਹਾ ਕਿ ਇਹ ਪੂਰੀ ਤਰਾਂ ਨਾਲ ਜਮੀਨੀ ਹਕੀਕਤ ਤੋਂ ਉਲਟ ਅਤੇ ਬਿਨਾਂ ਕਿਸੇ ਮਕਸਦ ਦੇ ਸੀ ਜਿਸ ਨੇ ਕਿ ਸਿਰਫ ਉਸਦੀ ਤਾਨਾਸ਼ਾਹੀ ਸੋਚ ਦਾ ਹੀ ਮੁਜਾਹਰਾ ਕੀਤਾ। ਖਹਿਰਾ ਨੇ ਕਿਹਾ ਕਿ ਇਹ ਇੱਕ ਖੁੱਲਾ ਭੇਤ ਹੈ ਕਿ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਪਰਿਵਾਰ ਆਪਸ ਵਿੱਚ ਮਿਲੇ ਹੋਏ ਹਨ ਇਸੇ ਕਰਕੇ ਹੀ ਪਿਛਲੇ 10 ਸਾਲਾਂ ਦੋਰਾਨ ਵੱਡੇ ਭ੍ਰਿਸ਼ਟਾਚਾਰ ਸਕੈਂਡਲ ਕਰਕੇ, ਗਲਤ ਢੰਗਾਂ ਨਾਲ ਪੈਸਾ ਕਮਾਉਣ ਵਾਲੇ ਅਤੇ ਮਾਫੀਆ ਨੂੰ ਚਲਾਉਣ ਵਾਲੇ ਬਾਦਲ ਅੱਜ ਅਜ਼ਾਦ ਘੁੰਮ ਰਹੇ ਹਨ।