ਸਰਕਾਰ ਪੰਜਾਬੀ ਮਾਂ ਬੋਲੀ ਪ੍ਰਤੀ ਵਿਤਕਰੇ ਵਾਲੀ ਨੀਤੀ ਨੂੰ ਤੁਰੰਤ ਬੰਦ ਕਰੇ-ਦਲਜੀਤ ਸਿੰਘ ਚੀਮਾ

ਚੰਡੀਗੜ੍ਹ : ਸ੍ਰੋਮਣੀ ਅਕਾਲੀ ਦਲ ਨੇ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਲਗਾਤਾਰ ਪੰਜਾਬੀ ਮਾਂ ਬੋਲੀ ਦੇ ਕੀਤੇ ਜਾ ਰਹੇ ਘਾਣ ਦੀ ਕਰੜੀ ਅਲੋਚਨਾ ਕਰਦਿਆਂ ਸਰਕਾਰ ਨੂੰ ਫਿਰ ਜੋਰ ਦੇ ਕਿਹਾ ਕਿ ਸਰਕਾਰ ਪੰਜਾਬੀ ਮਾਂ ਬੋਲੀ ਪ੍ਰਤੀ ਵਿਤਕਰੇ ਵਾਲੀ ਨੀਤੀ ਨੂੰ ਤੁਰੰਤ ਬੰਦ ਕਰੇ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਇੱਕ ਬਿਆਨ ਵਿੱਚ ਪਾਰਟੀ ਤੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜਿਸ ਤਰੀਕੇ ਸਰਕਾਰ ਵੱਲੋਂ ਬਿਨਾ ਜਮੀਨੀ ਹਕੀਕਤ ਨੂੰ ਸਮਝੇ ਸਰਕਾਰ ਸਕੂਲਾਂ ਵਿੱਚ ਅੰਗਰੇਜੀ ਮਾਧਿਅਮ ਲਾਗੂ ਕਰਨ ਦੇ ਐਲਾਨ ਕੀਤੇ ਜਾ ਰਹੇ ਹਨ ਉਸ ਤੋਂ ਇਸ ਗੱਲ ਦਾ ਪ੍ਰਗਟਾਵਾ ਹੁੰਦਾ ਹੈ ਕਿ ਸਰਕਾਰ ਦੀ ਸਿੱਖਿਆ ਪ੍ਰਤੀ ਸੋਚ ਦਿਸ਼ਾਹੀਣ ਅਤੇ ਭੰਬਲਭੂਸੇ ਵਾਲੀ ਹੈ। ਉਹਨਾਂ ਹੈਰਾਨੀ ਪ੍ਰਗਟ ਕੀਤੀ ਕਿ ਪਹਿਲਾਂ 400 ਸਕੂਲਾਂ ਵਿੱਚ ਬਿਨਾ ਕਿਸੇ ਤਿਆਰੀ ਦੇ ਅੰਗਰੇਜੀ ਮਾਧਿਅਮ ਦੀਆਂ ਜਮਾਤਾਂ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ। ਪਰ ਇਸ ਵਾਸਤੇ ਇੱਕ ਵੀ ਵਾਧੂ ਅਧਿਆਪਕ ਜੋ ਕਿ ਅੰਗਰੇਜੀ ਮਾਧਿਆਮ ਪੜਾਉਣ ਦਾ ਤਜਰਬਾ ਰੱਖਦਾ ਹੋਵੇ ਭਰਤੀ ਨਹੀ ਕੀਤਾ ਗਿਆ। ਹੁਣ ਇਹ ਗੱਲ ਸਮਝ ਤੋਂ ਬਾਹਰ ਹੈ ਕਿ 1953 ਹੋਰ ਸਰਕਾਰੀ ਸਕੂਲਾਂ ਵਿੱਚ ਜਿਥੇ ਅੱਜ ਤੱਕ ਵੀ ਪੰਜਾਬੀ ਪੜਾਉਣ ਵਾਲੇ ਅਧਿਆਪਕਾਂ ਦੀ ਵੀ ਭਾਰੀ ਘਾਟ ਹੈ, ਉਥੇ ਬਿਨਾ ਹੋਰ ਅਧਿਆਪਕ ਭਰਤੀ ਕੀਤੇ ਅੰਗਰੇਜੀ ਮਾਧਿਅਮ ਕਿਵੇਂ ਚੱਲ ਪਾਏਗਾ? ਉਹਨਾਂ ਕਿਹਾ ਕਿ ਇਸ ਨਾਲ ਪੰਜਾਬੀ ਮਾਧਿਅਮ ਵਿੱਚ ਪੜਨ ਵਾਲੇ ਵਿਦਿਆਰਥੀਆਂ ਦਾ ਹੋਰ ਨੁਕਸਾਨ ਹੋਵੇਗਾ ਕਿਉਕਿ ਸਰਕਾਰ ਆਪਣੇ ਬੇਲੋੜੇ ਸ਼ੋਂਕ ਨੂੰ ਪੂਰਾ ਕਰਨ ਵਾਸਤੇ ਪੰਜਾਬੀ ਮਾਧਿਅਮ ਪੜ•ਾ ਰਹੇ ਅਧਿਆਪਕਾਂ ਨੂੰ ਹੀ ਅੰਗਰੇਜੀ ਮਾਧਿਅਮ ਵਾਸਤੇ ਵਰਤੇਗੀ।
ਡਾ ਚੀਮਾ ਨੇ ਇਹ ਵੀ ਕਿਹਾ ਕਿ ਦੁਨੀਆਂ ਭਰ ਦੇ ਭਾਸ਼ਾ ਵਿਗਿਆਨੀ ਇਸ ਗੱਲ ਤੇ ਇੱਕਮਤ ਹਨ ਕਿ ਕਿਸੇ ਵੀ ਦੇਸ ਜਾਂ ਸੂਬੇ ਵਿੱਚ ਮੁਢਲੀ ਭਾਸ਼ਾ ਸਭ ਤੋਂ ਵਧੀਆਂ ਮਾਂ ਬੋਲੀ ਵਿੱਚ ਦਿੱਤੀ ਜਾ ਸਕਦੀ ਹੈ। ਪਰ ਫਿਰ ਵੀ ਬਿਨਾਂ ਕਿਸੇ ਠੋਸ ਦਲੀਲ ਅਤੇ ਤਰਕ ਦੇ ਸਰਕਾਰ ਪਹਿਲਾਂ ਤੋਂ ਹੀ ਮੁਸ਼ਕਲ ਵਿੱਚ ਚੱਲ ਰਹੇ ਸਰਕਾਰ ਸਕੂਲਾਂ ਨੂੰ ਖਤਮ ਕਰਨ ਵਾਲੇ ਪਾਸੇ ਚੱਲ ਰਹੀ ਹੈ। ਉਹਨਾਂ ਸਰਕਾਰ ਦੀ ਇਸ ਦਲੀਲ ਤੇ ਵੀ ਸਵਾਲ ਖੜ•ਾ ਕੀਤਾ ਕਿ ਮੋਜੂਦਾਂ ਅਧਿਆਪਕਾਂ ਨੂੰ ਸਿਰਫ ਮਾਮੂਲੀ ਇਨ ਸਰਵਿਸ ਟਰੇਨਿੰਗ ਨਾਲ ਹੀ ਅੰਗਰੇਜੀ ਮਾਧਿਅਮ ਪੜਾਉਣ ਵਾਲੇ ਅਧਿਆਪਕ ਬਣਾ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਇਹ ਕਦੇ ਵੀ ਸੰਭਵ ਨਹੀ ਹੋ ਸਕੇਗਾ ਅਤੇ ਨਾ ਹੀ ਇਸ ਨਾਲ ਲੋੜੀਂਦੇ ਨਤੀਜੇ ਹਾਸਲ ਕੀਤੇ ਜਾ ਸਕਦੇ ਹਨ। ਉਹਨਾਂ ਸਰਕਾਰ ਨੂੰ ਭਾਸ਼ਾ ਪ੍ਰਤੀ ਆਪਣੀ ਜਿੰਮਵਾਰੀ ਦਾ ਇਹਸਾਸ ਕਰਾਂਉਦਿਆਂ ਇਸ ਗੱਲ ਦੀ ਅਲੋਚਨਾ ਵੀ ਕੀਤੀ ਮੋਜੂਦਾ ਸਰਕਾਰ ਵੱਲੋਂ ਹੋਲੀ-ਹੋਲੀ ਸਰਕਾਰੀ ਕੰਮ-ਕਾਜ ਅਤੇ ਪੱਤਰ ਵਿਹਾਰ ਵਿੱਚ ਪੰਜਾਬ ਭਾਸ਼ਾ ਐਕਟ ਦੀ ਉਲੰਘਣਾ ਕਰਕੇ ਸਾਰਾ ਕੰਮ-ਕਾਜ ਅੰਗਰੇਜੀ ਵਿੱਚ ਕੀਤਾ ਜਾਣ ਲੱਗ ਪਿਆ ਹੈ।