ਅਭਿਨੇਤਰੀ ਨੇਹਾ ਧੂਪੀਆ ਨੂੰ ਫ਼ਿਲਮ ਸਨਅੱਤ ਵਿੱਚ ਆਪਣੀ ਮੌਜੂਦਾ ਸਥਿਤੀ ਨੂੰ ਲੈ ਕੇ ਕੋਈ ਗਿਲਾ ਸ਼ਿਕਵਾ ਨਹੀਂ ਹੈ। ਉਸ ਨੂੰ ਇਸ ਗੱਲ ਦਾ ਕੋਈ ਦੁੱਖ ਜਾਂ ਅਫ਼ਸੋਸ ਨਹੀਂ ਹੈ ਕਿ ਬਿਹਤਰ ਫ਼ਿਲਮਾਂ ਕਰਨ ਦੇ ਬਾਵਜੂਦ ਉਸ ਨੂੰ ਅੱਜ ਤਕ ‘ਏ’ ਗ੍ਰੇਡ ਦੀ ਅਭਿਨੇਤਰੀ ਦਾ ਦਰਜਾ ਹਾਸਿਲ ਨਹੀਂ ਹੋ ਸਕਿਆ। ਕਿਉਂਕਿ ਉਸ ਦਾ ਮੰਨਣਾ ਹੈ ਕਿ ਫ਼ਿਲਮ ਸਨਅੱਤ ਵਿੱਚ ਹਰ ਕਿਸੇ ਦੀ ਕਿਸਮਤ ਬੁਲੰਦ ਨਹੀਂ ਹੁੰਦੀ ਹੈ। ਹਾਂ, ਕੁਝ ਅਭਿਨੇਤਰੀਆਂ ਜ਼ਰੂਰ ਇਸ ਸਨਅੱਤ ਵਿੱਚ ਕਿਸਮਤ ਲੈ ਕੇ ਆਈਆਂ ਹਨ। ਹਾਲਾਂਕਿ ਵਿੱਚ-ਵਿੱਚ ਨੇਹਾ ਵੱਡੇ ਪਰਦੇ ‘ਤੇ ਆਪਣੀ ਮੌਜੂਦਗੀ ਦਰਜ ਕਰਾਉਂਦੀ ਰਹਿੰਦੀ ਹੈ। ਪਿਛਲੇ ਦਿਨਾਂ ਵਿੱਚ ਉਸ ਨੂੰ ‘ਮਾਇਆ, ਮੋਹ, ਮਨੀ’ ਅਤੇ ‘ਹਿੰਦੀ ਮੀਡੀਅਮ’ ਵਰਗੀਆਂ ਫ਼ਿਲਮਾਂ ਵਿੱਚ ਦੇਖਿਆ ਗਿਆ, ਉੱਥੇ ਹੀ ਹੁਣ ਉਹ ‘ਤੁਮਹਾਰੀ ਸੁੱਲੂ’ ਵਿੱਚ ਨਜ਼ਰ ਆਈ ਹੈ। ਪੇਸ਼ ਹੈ ਨੇਹਾ ਧੂਪੀਆ ਨਾਲ ਹੋਈ ਗੱਲਬਾਤ ਦੇ ਪ੍ਰਮੁੱਖ ਅੰਸ਼:
-ਬਿਹਤਰ ਫ਼ਿਲਮਾਂ ਕਰਨ ਦੇ ਬਾਵਜੂਦ ਅੱਜ ਤਕ ਤੁਸੀਂ ਇੱਕ ਤਰ੍ਹਾਂ ਨਾਲ ਬੇਕਾਰ ਹੋ। ਤੁਸੀਂ ਕੀ ਕਹੋਗੇ?
-ਅਜਿਹਾ ਤੁਹਾਨੂੰ ਕਿਸ ਨੇ ਕਿਹਾ ਕਿ ਮੈਂ ਬੇਕਾਰ ਹਾਂ। ਜੇਕਰ ਕੁਝ ਕਲਾਕਾਰ ਮੁੱਖ ਧਾਰਾ ਦੀਆਂ ਫ਼ਿਲਮਾਂ ਵਿੱਚ ਕੰਮ ਨਹੀਂ ਕਰ ਰਹੇ ਹਨ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਨ੍ਹਾਂ ਕੋਲ ਕਰਨ ਲਈ ਕੋਈ ਕੰਮ ਨਹੀਂ ਹੈ। ਮੇਰਾ ਤਾਂ ਮੰਨਣਾ ਹੈ ਕਿ ਅਜਿਹੇ ਸਾਰੇ ਕਲਾਕਾਰ ਹੋਰ ਕਾਰਜਾਂ ਵਿੱਚ ਰੁੱਝੇ ਹਨ, ਜਿਸ ਵਿੱਚ ਉਨ੍ਹਾਂ ਦਾ ਖ਼ੁਦ ਦਾ ਕਾਰੋਬਾਰ ਅਤੇ ਟੀਵੀ ਵਿਗਿਆਪਨ ਸ਼ਾਮਲ ਹਨ। ਮੈਂ ਖ਼ੁਦ ਰੁੱਝੀ ਹੋਈ ਹਾਂ। ਅਜਿਹੇ ਕਈ ਵੱਡੇ ਕਲਾਕਾਰ ਹਨ ਜੋ ਫ਼ਿਲਮਾਂ ਵਿੱਚ ਦਿਖਾਈ ਨਹੀਂ ਦਿੰਦੇ, ਪਰ ਉਨ੍ਹਾਂ ਕੋਲ ਆਪਣੀ ਫ਼ੁੱਟਬਾਲ ਟੀਮ ਹੈ, ਉਨ੍ਹਾਂ ਦਾ ਆਪਣਾ ਕਾਰੋਬਾਰ ਹੈ ਅਤੇ ਇੱਥੋਂ ਤਕ ਕਿ ਜੋ ਅਭਿਨੇਤਰੀਆਂ ਸੱਤ ਅੱਠ ਸਾਲਾਂ ਤੋਂ ਫ਼ਿਲਮਾਂ ਵਿੱਚ ਕੰਮ ਨਹੀਂ ਕਰ ਰਹੀਆਂ ਹਨ, ਉਨ੍ਹਾਂ ਕੋਲ ਵੀ ਕਰਨ ਲਈ ਕਈ ਵਿਗਿਆਪਨ ਹਨ। ਫ਼ਿਰ ਮੈਨੂੰ ਕਿਸ ਤਰ੍ਹਾਂ ਬੇਕਾਰ ਕਿਹਾ ਜਾ ਸਕਦਾ ਹੈ।
-ਤਾਂ ਕੀ ਤੁਸੀਂ ਇਸ ਗੱਲ ਨਾਲ ਸਹਿਮਤ ਨਹੀਂ ਹੋ ਕਿ ਬਿਹਤਰ ਫ਼ਿਲਮਾਂ ਕਰਨ ਦੇ ਬਾਵਜੂਦ ਤੁਹਾਨੂੰ ਘੱਟ ਫ਼ਿਲਮਾਂ ਮਿਲੀਆਂ?
-ਹਾਂ, ਤੁਸੀਂ ਅਜਿਹਾ ਕਹਿ ਸਕਦੇ ਹੋ। ਦਰਅਸਲ, ਮੇਰਾ ਮੰਨਣਾ ਹੈ ਕਿ ਸਾਡੇ ਵਰਗੇ ਕਲਾਕਾਰ ਨੂੰ ਕਿਸਮਤ ਦੇ ਭਰੋਸੇ ਨਾ ਬੈਠ ਕੇ ਮਿਹਨਤ ਕਰਨੀ ਹੁੰਦੀ ਹੈ ਜੋ ਕਈ ਲੋਕਾਂ ਨੂੰ ਨਹੀਂ ਕਰਨੀ ਪੈਂਦੀ। ਇਹ ਗੱਲ ਹੋਰ ਹੈ ਕਿ ਕੰਮ ਸਾਨੂੰ ਘੱਟ ਹੀ ਮਿਲਦਾ ਹੈ। ਜਿਸ ਕਿਸੇ ਦੀਆਂ ਇੱਕ ਦੋ ਫ਼ਿਲਮਾਂ ਹਿੱਟ ਹੋ ਜਾਂਦੀਆਂ ਹਨ, ਉਸਨੂੰ ਬਹੁਤੀ ਮਿਹਨਤ ਦੀ ਲੋੜ ਨਹੀਂ। ਫ਼ਿਲਮਾਂ ਖੁਦ ਬਖੁਦ ਮਿਲਦੀਆਂ ਰਹਿੰਦੀਆਂ ਹਨ। ਅੱਜ ਪਾਇਰੇਸੀ ਨੇ ਫ਼ਿਲਮ ਸਨਅੱਤ ਦੇ ਨਾਲ ਨਾਲ ਕਲਾਕਾਰ ਦੀ ਅਭਿਨੈ ਪ੍ਰਤਿਭਾ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਇਸ ਦੀ ਵਜ੍ਹਾ ਨਾਲ ਕਰੋੜਾਂ ਦੀਆਂ ਫ਼ਿਲਮਾਂ ਨੂੰ ਟਿਕਟ ਖਿੜਕੀ ‘ਤੇ ਧੂੜ ਚੱਟਣੀ ਪੈਂਦੀ ਹੈ। ਕਈਆਂ ਨੂੰ ਫ਼ਿਲਮਾਂ ਰਾਤੋ ਰਾਤ ਸਟਾਰਡਮ ਦਿਵਾ ਦਿੰਦੀਆਂ ਹਨ ਤਾਂ ਕੁਝ ਮਾਰਕੀਟ ਵਿੱਚ ਆਉਂਦੀਆਂ ਹਨ ਤੇ ਚੁੱਪਚਾਪ ਚਲੀਆਂ ਜਾਂਦੀਆਂ ਹਨ। ਇਨ੍ਹਾਂ ਫ਼ਿਲਮਾਂ ਦੇ ਬਾਰੇ ਵਿੱਚ ਲੋਕਾਂ ਨੂੰ ਪਤਾ ਵੀ ਨਹੀਂ ਚੱਲਦਾ। ਸੁਭਾਵਿਕ ਤੌਰ ‘ਤੇ ਅਜਿਹੀਆਂ ਫ਼ਿਲਮਾਂ ਵਿੱਚ ਕੰਮ ਕਰਨ ਵਾਲੇ ਕਲਾਕਾਰਾਂ ਨੂੰ ਕੋਈ ਪਛਾਣ ਨਹੀਂ ਮਿਲ ਪਾਉਂਦੀ।
-ਬੌਲੀਵੁੱਡ ਦੀਆਂ ਫ਼ਿਲਮਾਂ ਨੂੰ ਛੋਟੇ ਜਾਂ ਵੱਡੇ ਖਾਕੇ ਵਿੱਚ ਫ਼ਿੱਟ ਕੀਤਾ ਜਾਂਦਾ ਹੈ। ਇਹ ਕਿੱਥੋਂ ਤਕ ਸਹੀ ਹੈ?
-ਮੈਂ ਅਜਿਹਾ ਨਹੀਂ ਮੰਨਦੀ ਕਿਉਂਕਿ ਬੌਲੀਵੁੱਡ ਵਿੱਚ ਫ਼ਿਲਮਾਂ ਛੋਟੀਆਂ ਜਾਂ ਵੱਡੀਆਂ ਨਹੀਂ ਹੁੰਦੀਆਂ, ਉਹ ਜ਼ਿੰਦਗੀ ਲਈ ਵੀ ਇੱਕ ਸਬਕ ਹੁੰਦੀਆਂ ਹਨ ਜੋ ਤੁਹਾਨੂੰ ਨਾਕਾਰਾਤਮਕ ਅਤੇ ਸਾਕਾਰਾਤਮਕ ਦੋਨੋਂ ਅਹਿਸਾਸਾਂ ਦੇ ਰੂ-ਬ-ਰੂ ਕਰਾਉਂਦੀਆਂ ਹਨ।
-‘ਤੁਮਹਾਰੀ ਸੁੱਲੂ’ ਵਿੱਚ ਵਿਦਿਆ ਬਾਲਨ ਨਾਲ ਕੰਮ ਕਰਨ ਦਾ ਅਨੁਭਵ ਕਿਵੇਂ ਦਾ ਰਿਹਾ ?
-ਵਿਦਿਆ ਬਾਲਨ ਨਾਲ ਕੰਮ ਕਰਨ ਦਾ ਅਨੁਭਵ ਬੇਹੱਦ ਰੁਮਾਂਚਕ ਹੈ ਕਿਉਂਕਿ ਸੁਰੇਸ਼ ਤ੍ਰਿਵੇਣੀ ਦੇ ਨਿਰਦੇਸ਼ਨ ਵਿੱਚ ਬਣੀ ਇਸ ਫ਼ਿਲਮ ਵਿੱਚ ਸਾਡੀ ਦੋਨਾਂ ਦੀ ਮੁੱਖ ਭੂਮਿਕਾ ਹੈ। ਵਿਦਿਆ ਫ਼ਿਲਮ ਵਿੱਚ ਇੱਕ ਆਰ ਜੇ ਦੀ ਭੂਮਿਕਾ ਵਿੱਚ ਹੈ ਜੋ ਦੇਰ ਰਾਤ ਨੂੰ ਆਪਣਾ ਕੰਮ ਕਰਦੀ ਹੈ, ਉੱਥੇ ਹੀ ਫ਼ਿਲਮ ਵਿੱਚ ਮੈਂ ਉਨ੍ਹਾਂ ਦੀ ਬੌਸ ਮਾਰੀਆ ਦੀ ਭੂਮਿਕਾ ਵਿੱਚ ਹਾਂ। ਵਿਦਿਆ ਬਾਲਨ ਤਾਂ ਹੈ ਹੀ ਦਮਦਾਰ ਅਭਿਨੇਤਰੀ। ਇਸ ਲਈ ਮੈਂ ਉਨ੍ਹਾਂ ਦੇ ਕੰਮ ਦਾ ਬਹੁਤ ਸਨਮਾਨ ਕਰਦੀ ਹਾਂ। ਅਸੀਂ ਕਈ ਵਾਰ ਪਹਿਲਾਂ ਵੀ ਮਿਲ ਚੁੱਕੇ ਹਾਂ, ਪਰ ਸਕਰੀਨ ਸਾਂਝੀ ਕਰਨ ਦਾ ਇਹ ਪਹਿਲਾ ਮੌਕਾ ਹੈ। ਪਟਕਥਾ ਅਸੀਂ ਇਕੱਠੀਆਂ ਨੇ ਹੀ ਪੜ੍ਹੀ ਅਤੇ ਕਈ ਬਾਰ ਗੰਭੀਰ ਦ੍ਰਿਸ਼ ਵਿੱਚ ਵੀ ਅਸੀਂ ਹੱਸਦੀਆਂ ਸਨ।
-ਪਿਛਲੇ ਦਿਨਾਂ ਵਿੱਚ ਬੱਚਿਆਂ ਦੇ ਰਿਐਲਿਟੀ ਸ਼ੋਅ ਨੂੰ ਲੈ ਕੇ ਤੁਸੀਂ ਸ਼ੁਜੀਤ ਸਰਕਾਰ ਨਾਲ ਭਿੜ ਗਏ ਸੀ, ਅਜਿਹਾ ਕਿਉਂ ?
-ਨਹੀਂ, ਸਾਡੇ ਦੋਨਾਂ ਵਿੱਚ ਕਿਸੇ ਤਰ੍ਹਾਂ ਦੀ ਲੜਾਈ ਨਹੀਂ ਹੋਈ ਸੀ, ਬਲਕਿ ਇੱਕ ਮੁੱਦੇ ‘ਤੇ ਅਸੀਂ ਦੋਨਾਂ ਨੇ ਆਪਣੇ ਆਪਣੇ ਵਿੱਚਾਰ ਰੱਖੇ ਸਨ। ਦਰਅਸਲ, ਫ਼ਿਲਮਸਾਜ਼ ਸ਼ੁਜੀਤ ਸਰਕਾਰ ਬੱਚਿਆਂ ਦੇ ਰਿਐਲਿਟੀ ਟੀਵੀ ਸ਼ੋਅ ‘ਤੇ ਰੋਕ ਲਗਾਉਣ ਦੀ ਗੱਲ ਕਰ ਰਹੇ ਸਨ, ਜਦੋਂ ਕਿ ਮੇਰਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਮੰਚ ਬੱਚਿਆਂ ਨੂੰ ਆਪਣੇ ਜੀਵਨ ਦੇ ਸ਼ੁਰੂਆਤੀ ਪੜਾਅ ਵਿੱਚ ਹੀ ਆਤਮਵਿਸ਼ਵਾਸ ਅਤੇ ਦਿਸ਼ਾ ਦਿੰਦੇ ਹਨ। ਇਸ ਲਈ ਮੈਨੂੰ ਲੱਗਦਾ ਹੈ ਕਿ ਮੈਂ ਇਸ ਮੁੱਦੇ ‘ਤੇ ਥੋੜ੍ਹੀ ਅਲੱਗ ਰਾਇ ਰੱਖਦੀ ਹਾਂ। ਇਹ ਇੱਕ ਮੁਕਾਬਲੇ ਦੀ ਦੁਨੀਆਂ ਹੈ, ਇਸ ਲਈ ਮੈਨੂੰ ਹਰ ਉਸ ਚੀਜ਼ ਲਈ ਨਾਲ ਰਹਿਣਾ ਚਾਹੀਦਾ ਹੈ ਜਿਸ ਦਾ ਮੈਂ ਸਮਰਥਨ ਕਰਦੀ ਹਾਂ। ਮੈਂ ਬੱਚਿਆਂ ਦਾ ਰਿਐਲਿਟੀ ਸ਼ੋਅ ਜੱਜ ਕੀਤਾ ਹੈ ਅਤੇ ਸਭ ਤੋਂ ਮਹੱਤਵਪੂਰਨ ਚੀਜ਼ ਹੈ ਕਿ ਬਤੌਰ ਅਧਿਕਾਰੀ, ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇੱਥੇ ਕੀ ਹੋ ਰਿਹਾ ਹੈ। ਹਾਲਾਂਕਿ ਮੈਂ ਇਸ ਗੱਲ ‘ਤੇ ਵੀ ਜ਼ੋਰ ਦਿੰਦੀ ਹਾਂ ਕਿ ਬੱਚਿਆਂ ਨੂੰ ਕਿਸੇ ਵੀ ਚੀਜ਼ ਲਈ ਆਪਣੀ ਸਿੱਖਿਆ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ।
-ਕਿਹਾ ਜਾਂਦਾ ਹੈ ਕਿ ਤੁਸੀਂ ਦੋਸਤੀ ਲਈ ਸਭ ਕੁਝ ਕੁਰਬਾਨ ਕਰਨ ਤਕ ਲਈ ਤਿਆਰ ਰਹਿੰਦੇ ਹੋ?
-ਹਾਂ, ਕਿਉਂਕਿ ਦੋਸਤ ਅਤੇ ਦੋਸਤੀ ਦੁਨੀਆਂ ਦੀ ਸਭ ਤੋਂ ਨਾਯਾਬ ਚੀਜ਼ ਹੁੰਦੀ ਹੈ। ਇਸ ਲਈ ਦੋਸਤ ਹਮੇਸ਼ਾਂ ਮੇਰੇ ਦਿਲ ਦੇ ਕਰੀਬ ਰਹਿੰਦੇ ਹਨ। ਹਾਲਾਂਕਿ ਮੈਂ ਇੱਕ ਸਾਧਾਰਨ ਕੁੜੀ ਹਾਂ, ਪਰ ਦੋਸਤੀ ਵਿੱਚ ਬਹੁਤ ਵਿਸ਼ਵਾਸ ਕਰਦੀ ਹਾਂ। ਆਪਣੀ ਬਚਪਨ ਦੀ ਦੋਸਤ ਪੱਲਵੀ ਨਾਲ ਬਿਤਾਏ ਹਰ ਪਲ ਨੂੰ ਮੈਂ ਅੱਜ ਵੀ ਯਾਦ ਕਰਦੀ ਹਾਂ। ਪਰ ਫ਼ਿਲਮ ਸਨਅੱਤ ਵਿੱਚ ਲੋਕ ਆਪਣੇ ਦੋਸਤਾਂ ਅਤੇ ਦੋਸਤੀ ‘ਤੇ ਗੱਲ ਕਰਨ ਤੋਂ ਬਚਦੇ ਹਨ, ਪਰ ਮੈਨੂੰ ਖ਼ੁਸ਼ੀ ਹੈ ਕਿ ਮੇਰੀ ਬਚਪਨ ਦੀ ਦੋਸਤ ਅੱਜ ਵੀ ਮੇਰੇ ਦਿਲ ਦੇ ਕਰੀਬ ਹੈ। ਆਪਣੇ ਚੰਗੇ ਅਤੇ ਬੁਰੇ ਦੋਨੋਂ ਹੀ ਵਕਤ ਮੈਂ ਉਸ ਦੇ ਦਿਲ ਦੇ ਕਰੀਬ ਰਹਿੰਦੀ ਹਾਂ।
– ਰੈਂਪ ਅਤੇ ਮੰਚ ਨਾਲ ਨਾਤਾ ਹੁਣ ਵੀ ਬਰਕਰਾਰ ਹੈ ਜਾਂ?
– ਬਿਲਕੁਲ, ਨਾਤਾ ਬਰਕਰਾਰ ਹੈ ਅਤੇ ਮੇਰਾ ਮੰਨਣਾ ਹੈ ਕਿ ਕਿਸੇ ਵੀ ਸੂਰਤ ਵਿੱਚ ਤੁਹਾਡੇ ਕਦਮ ਡਗਮਗਾਉਣੇ ਨਹੀਂ ਚਾਹੀਦੇ। ਮਨ ਵਿੱਚ ਥੋੜ੍ਹਾ ਡਰ ਬਣਿਆ ਰਹਿੰਦਾ ਹੈ ਕਿ ਕਿਧਰੇ ਕੈਟਵਾਕ ਕਰਦੇ ਹੋਏ ਕੋਈ ਗ਼ਲਤੀ ਨਾ ਹੋ ਜਾਵੇ, ਪਰ ਇਸ ਤੋਂ ਇਲਾਵਾ ਕੋਈ ਦੂਜਾ ਖਿਆਲ ਮਨ ਵਿੱਚ ਨਹੀਂ ਹੁੰਦਾ। ਕਿੰਨੇ ਹੀ ਰੈਂਪ ਸ਼ੋਅ ਕਰ ਲਵਾਂ, ਇਹ ਅਹਿਸਾਸ ਰਹੇਗਾ ਹੀ, ਪਰ ਫ਼ਿਰ ਵੀ ਜੇਕਰ ਸਾਕਾਰਾਤਮਕ ਰਵੱਈਆ ਹੋਵੇ ਤਾਂ ਕਦੇ ਡਰ ਨਹੀਂ ਲੱਗੇਗਾ। ਇਸ ਦੇ ਬਾਵਜੂਦ ਮੈਂ ਕਦੇ ਅਤਿ ਸਵੈ ਵਿਸ਼ਵਾਸੀ ਨਹੀਂ ਹੋਈ, ਬਲਕਿ ਸਾਕਾਰਾਤਮਕ ਰਵੱਈਆ ਅਪਣਾਉਂਦੇ ਹੋਏ ਅੱਗੇ ਵਧਦੀ ਰਹਿੰਦੀ ਹਾਂ।
-ਤੁਸੀਂ ਬਰਾਂਡ ਨੂੰ ਕਿੰਨੀ ਅਹਿਮੀਅਤ ਦਿੰਦੇ ਹੋ ?
-ਬਰਾਂਡ ਨਾਲ ਕਾਫ਼ੀ ਹੱਦ ਤਕ ਫ਼ਰਕ ਪੈਂਦਾ ਹੈ। ਬਰਾਂਡ ਨਾਲ ਮੀਡੀਅਮ ਵੀ ਜੁੜ ਜਾਂਦਾ ਹੈ। ਵੈਸੇ ਤਾਂ ਰੈਂਪ ਸ਼ੋਅ ਵਿੱਚ ਸਿਰਫ਼ ਨਾਂ ਹੀ ਕਾਫ਼ੀ ਹੈ, ਪਰ ਮੈਂ ਉਸ ਵਿੱਚ ਮੌਜੂਦ ਦੂਜੀਆਂ ਸਪੈਸ਼ਲ ਚੀਜ਼ਾਂ ਨੂੰ ਵੀ ਲੱਭਦੀ ਹਾਂ। ਜਿਵੇਂ ਮੈਂ ਜੋ ਡਰੈੱਸ ਪਹਿਨੀ ਹੈ, ਇਹ ਦੇਖਣ ਵਿੱਚ ਕਿੰਨੀ ਸੋਹਣੀ ਤੇ ਸਟਾਇਲਿਸ਼ ਹੈ। ਡਿਜ਼ਾਈਨ ਜ਼ਿਆਦਾ ਚੰਗਾ ਜਾਂ ਉਸ ਵਿੱਚ ਮੌਜੂਦ ਸਟਾਈਲ। ਉੱਥੇ ਹੀ ਅਡਵੈਂਚਰ ਸ਼ੋਅ ਨਾਲ ਮੇਰੀ ਰੂਹ ਨੂੰ ਤਾਕਤ ਮਿਲਦੀ ਹੈ। ਜਿਸ ਸ਼ੋਅ ਨੇ ਕਈ ਸਾਲਾਂ ਤੋਂ ਆਪਣਾ ਇੱਕ ਬਰਾਂਡ ਬਣਾਇਆ ਹੋਇਆ ਹੈ। ਉਸ ਨਾਲ ਸਾਡੀ ਪਛਾਣ ਵੀ ਬਣਦੀ ਹੈ। ਇਸ ਲਈ ਉਸ ਬਰਾਂਡ ਦੀ ਕਸੌਟੀ ‘ਤੇ ਖਰਾ ਉਤਰਨ ਦੀ ਚੁਣੌਤੀ ਹੁੰਦੀ ਹੈ। ਮੈਂ ਪਹਿਲਾਂ ਬਰਾਂਡ ਨੂੰ ਤਵੱਜੋ ਦਿੰਦੀ ਹਾਂ, ਉਸ ਤੋਂ ਬਾਅਦ ਉਸ ਦੇ ਵਿਸ਼ੇ ਨੂੰ।