ਪਿੰਡ ਦੀ ਸੱਥ ਵਿੱਚੋਂ (ਕਿਸ਼ਤ-281)

ਜਿਉਂ ਹੀ ਮਾਸਟਰ ਹਾਕਮ ਸਿਉਂ ਸੱਥ ਕੋਲ ਦੀ ਲੰਘਣ ਲੱਗਿਆ ਤਾਂ ਮਾਸਟਰ ਦੇ ਹੱਥ ਵਿੱਚ ਅਖ਼ਬਾਰ ਵੇਖ ਕੇ ਬਜਰੰਗੇ ਕਾ ਜੱਗਾ ਬਾਬੇ ਗਮਦੂਰ ਸਿਉਂ ਦੇ ਕੰਨ ਕੋਲ ਮੂੰਹ ਕਰ ਕੇ ਮੱਧਮ ਜਿਹੀ ਆਵਾਜ਼ ‘ਚ ਕਹਿੰਦਾ, ”ਬਾਬਾ! ਹਾਕਮ ਮਾਹਟਰ ਖਬਾਰ ਲਈ ਜਾਂਦਾ, ਇਹਨੂੰ ਵਾਜ ਮਾਰ ਖਬਰਾਂ ਸੁਣੀਏ। ਕਹਿੰਦੇ ਅੰਬਰਸਰ ਅੱਸੀ ਸਾਲਾ ਬੁੜ੍ਹਾ ਕਿਸੇ ਮਾਹਟਰਨੀ ਨੂੰ ਛੇੜਦਾ ਫ਼ੜਿਆ ਗਿਆ, ਹੋਰ ਵੀ ਖਬਰਾਂ ਹੋਣਗੀਆਂ।”
ਬਾਬੇ ਗਮਦੂਰ ਸਿਉਂ ਨੇ ਜੱਗੇ ਦੀ ਗੱਲ ਸੁਣ ਕੇ ਹਾਕਮ ਮਾਸਟਰ ਨੂੰ ਆਵਾਜ਼ ਮਾਰੀ, ”ਏ ਮਾਹਟਰ ਜੀ! ਗੱਲ ਸੁਣ ਕੇ ਜਾਇਓ।”
ਮਾਸਟਰ ਹਾਕਮ ਸਿਉਂ ਬਾਬੇ ਗਮਦੂਰ ਸਿਉਂ ਦੀ ਆਵਾਜ਼ ਸੁਣ ਕੇ ਸੱਥ ਵਾਲੇ ਥੜ੍ਹੇ ਕੋਲ ਆ ਕੇ ਬਾਬੇ ਗਮਦੂਰ ਸਿਉਂ ਨੂੰ ਕਹਿੰਦਾ, ”ਹਾਂਜੀ ਜੀ ਬਾਬਾ ਜੀ।”
ਮਾਹਲਾ ਨੰਬਰਦਾਰ ਮਾਸਟਰ ਨੂੰ ਕਹਿੰਦਾ, ”ਖਬਾਰ ਦੀਆਂ ਖਬਰਾਂ ਸੁਣਨ ਨੂੰ ਸੱਦਿਆ ਮਾਹਟਰ ਤੈਨੂੰ। ਆਹ ਕੱਲ੍ਹ ਪਰਸੋਂ ਕੀ ਭਾਣਾ ਵਰਤ ਗਿਆ ਅੰਬਰਸਰ। ਕਹਿੰਦੇ ਕੋਈ ਬੁੜ੍ਹਾ ਕਿਸੇ ਮਾਹਟਰਨੀ ਨੂੰ ਛੇੜਦਾ ਫ਼ੜਿਆ ਗਿਆ, ਸੱਚੀ ਗੱਲ ਐ ਬਈ ਕੁ ਉਈ ਕਿਸੇ ਨੇ ਟੋਟਕਾ ਛੱਡ ‘ਤਾ?”
ਨੰਬਰਦਾਰ ਦੀ ਗੱਲ ਸੁਣ ਕੇ ਮਾਸਟਰ ਹਾਕਮ ਸਿਉਂ ਕਹਿੰਦਾ, ”ਏਹੋ ਜੀ ਖਬਰ ਨੰਬਰਦਾਰ ਜੀ ਝੂਠੀ ਨ੍ਹੀ ਹੁੰਦੀ।”
ਬਾਬਾ ਗਮਦੂਰ ਸਿਉਂ ਮਾਸਟਰ ਨੂੰ ਕਹਿੰਦਾ, ”ਤੂੰ ਬਹਿ ਕੇ ਦੱਸ ਕੇ ਯਰ ਮਾਹਟਰ ਬਈ ਕੀ ਗੱਲ ਹੋਈ ਐ। ਐਥੇ ਲੋਕ ਤਾਂ ਐਧਰਲੀਆਂ ਓਧਰਲੀਆਂ ਬਾਹਲ਼ੀਆਂ ਮਾਰਦੇ ਐ। ਕੋਈ ਕੁਸ ਕਹੀ ਜਾਂਦਾ ਕੋਈ ਕੁਸ। ਖਬਾਰ ਕੀ ਦੱਸਦੈ?”
ਨਾਥਾ ਅਮਲੀ ਮੁਖਤਿਆਰੇ ਮੈਂਬਰ ਨੂੰ ਹੱਥ ਲਾ ਕੇ ਕਹਿੰਦਾ, ”ਪਰ੍ਹੇ ਨੂੰ ਹੋ ਬਿੰਬਰਾ ਮਾੜਾ ਜਾ, ਮਾਹਟਰ ਨੂੰ ਬੈਠਣ ਦੇਹ। ਉਰ੍ਹੇ ਨੂੰ ਵਚਾਲੇ ਜੇ ਹੋ ਕੇ ਬਹਿਜਾ ਮਾਹਟਰ ਸਾਰਿਆਂ ਨੂੰ ਸੁਣੂ। ਨਹੀਂ ਤਾਂ ਤੈਨੂੰ ਬਾਹਲ਼ਾ ਉੱਚੀ ਬੋਲਣਾ ਪਊ। ਫ਼ੇਰ ਤੂੰ ਕਹੇਂਗਾ ਮੇਰਾ ਗਲ਼ ਦੁਖਣ ਲੱਗ ਗਿਆ। ਨਾਲੇ ਪੂਰੀ ਖਬਰ ਪੜ੍ਹ ਕੇ ਸਣਾਈਂ। ਐਮੇਂ ਨਾ ਤਾਏ ਨੰਦੀ ਆਂਗੂੰ ਕਿਸੇ ਖਬਰ ਦੀ ਲੱਤ ਫ਼ੜ ਲੇਂ ਕਿਸੇ ਦੀ ਬਾਂਹ।”
ਸੀਤਾ ਮਰਾਸੀ ਕਹਿੰਦਾ, ”ਤਾਇਆ ਨੰਦੀ ਚਾਰ ਅੱਖਰ ਪੜ੍ਹਣ ਜਾਣਦਾ ਖਣੀ ਨਹੀਂ, ਖਬਾਰ ਇਉਂ ਲੈ ਕੇ ਬਹਿ ਜਾਂਦਾ ਜਿਮੇਂ ਗਾਹਾਂ ਗੜ੍ਹਸ਼ੰਕਰ ਆਲਾ ਐਲ ਬਲੈਲੇ ਹੁੰਦਾ।”
ਨਾਥਾ ਅਮਲੀ ਹੱਸ ਕੇ ਟਿੱਚਰ ‘ਚ ਕਹਿੰਦਾ, ”ਕੇਰਾਂ ਖਬਾਰ ਵੰਡਣ ਆਲਾ ਭਲੇਖੇ ਨਾਲ ਗਰੇਜੀ ਦਾ ਖਬਾਰ ਸਿੱਟ ਗਿਆ ਤਾਏ ਦੇ ਘਰੇ। ਤਾਇਆ ਨੰਦੀ ਨਹਾ ਨਹੂ ਕੇ ਢਾਠਾ ਛਾਟਾ ਬੰਨ੍ਹ ਕੇ ਸਿਆਲ ਦੀ ਧੁੱਪ ‘ਚ ਕੰਧ ਦੇ ਸੀਹੇ ਬੈਠਕ ਮੂਹਰੇ ਬੈਠਣ ਨੂੰ ਕੁਰਸੀ ਰੱਖ ਕੇ ਖਬਾਰ ਚੱਕ ਲਿਆਇਆ ਬਈ ਮਜ੍ਹੇ ਨਾਲ ਬਹਿ ਕੇ ਪੜ੍ਹਦੇ ਆਂ ਨਮੀਆਂ ਖਬਰਾਂ। ਤਾਏ ਨੇ ਖਬਾਰ ਚੱਕਣ ਵੇਲੇ ਵੀ ਨਾ ਵੇਖਿਆ ਬਈ ਇਹ ਤਾਂ ਗਰੇਜੀ ਦਾ ਖਬਾਰ ਐ, ਨਾ ਹੀ ਕੁਰਸੀ ‘ਤੇ ਬੈਠਣ ਵੇਲੇ ਵੇਖਿਆ। ਕੁਰਸੀ ‘ਤੇ ਬਹਿ ਕੇ ਤਾਇਆ ਨੰਦੀ ਖਬਾਰ ਪੱਟਾਂ ‘ਤੇ ਰੱਖ ਕੇ ਜੇਬ੍ਹ ‘ਚੋਂ ਐਣਕ ਕੱਢਣ ਲੱਗਿਆ ਤਾਂ ਐਨਕ ਜੇਬ੍ਹ ‘ਚ ਹੈ ਨਾ। ਉੱਠਣ ਦੀ ਘੌਲ਼ ਕਰ ਗਿਆ। ਕਹਿੰਦਾ ਚਲ ਐਨਕ ਤੋਂ ਬਿਨਾਂ ਈ ਮੋਟੀਆਂ ਮੋਟੀਆਂ ਖਬਰਾਂ ਤਾਂ ਵੇਖੀਏ। ਜਦੋਂ ਤਾਏ ਨੇ ਖਬਾਰ ਪੜ੍ਹਣ ਨੂੰ ਚੱਕਿਆ ਤਾਂ ਖਬਾਰ ਦੇ ਮੂਹਰਲੇ ਵਰਕਣੇ ‘ਤੇ ਵੱਡੀ ਸਾਰੀ ਬੱਸ ਦੀ ਫ਼ੋਟੂ ਸੀ। ਇਹ ਓਦੋਂ ਦੀ ਗੱਲ ਐ ਬਾਬਾ ਗਮਦੂਰ ਸਿਆਂ! ਜਦੋਂ ਕੇਰਾਂ ਨਮੀਂ ਬਣੀ ਸਰਕਾਰ ਨੇ ਡੂਢੇ ਭਾੜੇ ਆਲੀਆਂ ਬੱਸਾਂ ਚਲਾਈਆਂ ਸੀ। ਫ਼ੋਟੂ ਵੀ ਓਸੇ ਬੱਸ ਦੀਓ ਈ ਸੀ। ਤਾਏ ਨੰਦੀ ਨੇ ਕਿਤੇ ਖਬਾਰ ਫ਼ੜ ਲਿਆ ਪੁੱਠਾ। ਜਦੋਂ ਖਬਾਰ ਪੁੱਠਾ ਫ਼ੜ ਲਿਆ ਤਾਂ ਨਾਲ ਈ ਖਬਾਰ ‘ਤੇ ਆਈ ਬੱਸ ਦੀ ਫ਼ੋਟੂ ਵੀ ਪੁੱਠੀ ਹੋ ਗੀ। ਓਧਰੋਂ ਕਿਤੇ ਤਾਏ ਕੋਲੇ ਝਿੱਫ਼ਾਂ ਦਾ ਪ੍ਰੀਤਮ ਗਲੋਲਾ ਆ ਗਿਆ। ਤਾਇਆ ਨੰਦੀ ਪ੍ਰੀਤਮ ਨੂੰ ਕਹਿੰਦਾ ‘ਆਹ ਵੇਖ ਓਏ ਗਲੋਲਿਆ, ਬੱਸ ਮੂਹਧੀ ਹੋ ਗੀ’। ਪ੍ਰੀਤਮ ਵਚਾਰਾ ਅਨਪੜ੍ਹ ਬੰਦਾ ਸੀ। ਉਹ ਬੱਸ ਦੀ ਪੁੱਠੀ ਫ਼ੋਟੂ ਦੇਖ ਕੇ ਤਾਏ ਨੰਦੀ ਨੂੰ ਕਹਿੰਦਾ ‘ਇਹ ਕਿਹੜੇ ਸ਼ਹਿਰ ਦੀ ਗੱਲ ਐ ਤਾਇਆ ਜੀ?’ ਤਾਇਆ ਨੰਦੀ ਪ੍ਰੀਤਮ ਗਲੋਲੇ ਨੂੰ ਉਖੜੀ ਕੁਹਾੜੀ ਆਂਗੂ ਟੁੱਟ ਕੇ ਬੋਲਿਆ ‘ਕੰਜਰ ਦਿਆ ਪਹਿਲਾਂ ਸਵਾਰੀਆਂ ਦਾ ਹਾਲ ਤਾਂ ਪੁੱਛ ਲਾ ਬਈ ਸੱਟਾਂ ਸੁੱਟਾਂ ਬਹੁਤੀਆਂ ਤਾਂ ਨ੍ਹੀ ਵੱਜ ਗੀਆਂ। ਮਰਨੋ ਬਚੇ, ਪਹਿਲਾਂ ਸ਼ਹਿਰ ਦਾ ਨਾਂ ਪੁੱਛਣ ਬਹਿ ਗਿਐਂ ਜਿਮੇਂ ਗਾਹਾਂ ਛਬੀਲ ਲਾਉਣੀ ਹੁੰਦੀ ਐ ਜਾ ਕੇ। ਬੱਸ ਦੇ ਟੈਰ ਟੂਰ ਤਾਂ ਵੇਖ ਕਿਮੇਂ ਤਾਂਹਾਂ ਚੱਕੇ ਪਏ ਐ ਚਾਰੇ। ਖਬਰ ਤੈਨੂੰ ਫ਼ੇਰ ਸਣਾਉਣਾਂ। ਏਨੇ ਚਿਰ ਨੂੰ ਕਿਤੇ ਜੀਤਾ ਪਟਵਾਰੀ ਆ ਗਿਆ ਤਾਏ ਕੋਲੇ। ਜੀਤਾ ਪਟਵਾਰੀ ਤਾਏ ਨੂੰ ਪੁੱਛ ਬੈਠਾ ਬਈ ਕੀ ਨਮੀ ਤਾਜੀ ਖਬਰ ਐ ਖਬਾਰ ਦੀ? ਤਾਇਆ ਪਟਵਾਰੀ ਨੂੰ ਕਹਿੰਦਾ ‘ਖਬਰ ਤਾਂ ਪਟਵਾਰੀ ਸਾਹਬ ਹਜੇ ਪੜ੍ਹਣੀ ਐ, ਹਜੇ ਤਾਂ ਬੱਸ ਦੀ ਹਾਲਤ ਈ ਵੇਖੀ ਜਾਨੇ ਆਂ ਮੈਂ ਤੇ ਪ੍ਰੀਤਮ, ਬਈ ਇਹ ਮੂਹਧੀ ਕਿਮੇਂ ਹੋ ਗੀ’? ਜਦੋਂ ਪਟਵਾਰੀ ਕਿਤੇ ਤਾਏ ਬੈਠੇ ਦੇ ਮਗਰ ਹੋ ਕੇ ਖਬਾਰ ਵੇਖਣ ਲੱਗਿਆ ਤਾਂ ਪਟਵਾਰੀ ਤਾਏ ਨੂੰ ਕਹਿੰਦਾ ‘ਤੁਸੀਂ ਤਾਂ ਮੋਤੀਆਂ ਆਲਿਓ ਖਬਾਰ ਈ ਪੁੱਠਾ ਫ਼ੜੀ ਬੈਠੇ ਐਂ, ਬੱਸ ਨੇ ਤਾਂ ਆਪੇ ਮੂਹਧੀ ਦਿਸਣਾ ਸੀ। ਨਾਲੇ ਇਹ ਤਾਂ ਖਬਾਰ ਵੀ ਗਰੇਜੀ ਦਾ। ਸੋਨੂੰ ਕਿੱਥੇ ਆਉਂਦੀ ਐ ਗਰੇਜੀ।’ ਜਦੋਂ ਤਾਏ ਨੰਦੀ ਨੇ ਗਰੇਜੀ ਦੇ ਅੱਖਰਾਂ ਵੱਲ ਨਿਗਾ ਮਾਰੀ, ਪਹਿਲਾਂ ਤਾਂ ਤਾਇਆ ਪ੍ਰੀਤਮ ਗਲੋਲੇ ਨੂੰ ਪੈ ਗਿਆ ਚਾਰੇ ਚੱਕ ਕੇ। ਕਹਿੰਦਾ ‘ਭੱਜ ਜਾ ਓਏ ਏਥੋਂ, ਕਿੱਥੇ ਤੜਕੋ ਤੜਕੀ ਮੱਥੇ ਲੱਗ ਗਿਆ। ਫ਼ੇਰ ਪਟਵਾਰੀ ਦੀ ਬਣਾਈ ਰੇਲ। ਕਹਿੰਦਾ ‘ਤੈਨੂੰ ਕੀ ਪਤਾ ਬਈ ਮੈਨੂੰ ਗਰੇਜੀ ਨ੍ਹੀ ਆਉਂਦੀ। ਤੂੰ ਬਾਹਲਾ ਪੜ੍ਹਿਆ ਵਿਆਂ ਮੇਰੇ ਨਾਲੋਂ। ਜੇ ਗਰੇਜੀ ਆਉਂਦੀ ਐ ਤਾਂ ਈ ਗਰੇਜੀ ਦਾ ਖਬਾਰ ਲਵਾਇਆ ਡੂਢ ਸਾਲ ਤੋਂ।’ ਏਨੇ ਚਿਰ ਨੂੰ ਖਬਾਰ ਵੰਡਣ ਆਲਾ ਆ ਗਿਆ ਖਬਾਰ ਲੈਣ ਬਈ ਭਲੇਖੇ ਨਾਲ ਗਰੇਜੀ ਦਾ ਖਬਾਰ ਦੇ ਹੋ ਗਿਆ। ਜਦੋਂ ਖਬਾਰ ਵੰਡਣ ਆਲੇ ਨੇ ਤਾਏ ਤੋਂ ਗਰੇਜੀ ਦਾ ਖਬਾਰ ਮੰਗਿਆ ਬਈ ਭਲੇਖੇ ਨਾਲ ਆ ਗਿਆ ਤਾਂ ਮੁੜ ਕੇ ਤਾਇਆ ਨੰਦੀ ਖਬਾਰ ਵੰਡਣ ਆਲੇ ਨੂੰ ਪੈ ਗਿਆ ਅੱਖਾਂ ਕੱਢ ਕੇ, ‘ਸਾਲਿਆ ਹੁਣ ਐਡੀ ਛੇਤੀ ਬੱਕਰੀ ਦੁੱਧੋਂ ਭੱਜ ਗੀ, ਪਹਿਲਾਂ ਖਬਾਰ ਦੇ ਗਿਆਂ, ਹੁਣ ਉਧਾਰਾ ਲੈਣ ਆ ਗਿਐਂ। ਜਾਹ ਭੱਜ ਜਾ ਏਥੋਂ। ਉਹ ਗੱਲ ਨਾ ਕਰੀਂ ਮਾਹਟਰ ਤਾਏ ਨੰਦੀ ਆਲੀ। ਸਹੀ ਸਹੀ ਖਬਰਾਂ ਸਣਾਈ ਪੜ੍ਹ ਕੇ। ਝੂਠ ਨਾ ਬੋਲੀਂ। ਸੰਗਤ ਰੱਬ ਅਰਗੀ ਹੁੰਦੀ ਐ। ਫ਼ੇਰ ਕਹੇਂਗਾ ਦੱਸਿਆ ਨ੍ਹੀ।”
ਬਾਬਾ ਗਮਦੂਰ ਸਿਉਂ ਅਮਲੀ ਕੋਲੋਂ ਤਾਏ ਨੰਦੀ ਦੀ ਕਹਾਣੀ ਸੁਣ ਕੇ ਕਹਿੰਦਾ, ”ਹੁਣ ਚੁੱਪ ਵੀ ਕਰ ਜਾ। ਆਹ ਜਿਹੜੇ ਪਤੰਦਰ ਨੂੰ ਖਬਰਾਂ ਸੁਣਨ ਨੂੰ ਸੱਦਿਐ, ਉਹਦੀ ਤਾਂ ਸੁਣ ਲੈਣ ਦੇ ਹੁਣ।”
ਨਾਥਾ ਅਮਲੀ ਬਾਬੇ ਨੂੰ ਟਿੱਚਰ ‘ਚ ਬੋਲਿਆ, ”ਇਹ ਸੱਥ ਐ ਬਾਬਾ, ਵੋਟਾਂ ਆਲਿਆਂ ਦੀ ਰੈਲੀ ਨ੍ਹੀ ਬਈ ਨਾਉਂ ਬੋਲ ਕੇ ਬੋਲਣ ਦੀ ਵਾਰੀ ਮਿਲਦੀ ਐ। ਜਿਹੜਾ ਮਰਜੀ ਜਦੋਂ ਮਰਜੀ ਬੋਲੇ। ਤੂੰ ਆਪ ਈ ਵੇਖ ਲਾ ਕਿਸੇ ਦੀ ਗੱਲ ਕਦੇ ਸਿਰੇ ਲੱਗੀ ਐ ਸੱਥ ‘ਚ। ਪਤੰਦਰ ਅੱਧ ‘ਚੋਂ ਈ ਗੱਲ ਨੂੰ ਇਉਂ ਟੁੱਕ ਦੇਣਗੇ ਜਿਮੇਂ ਰੇਤੇ ਦੀ ਭਰੀ ਮੂਹਧੀ ਹੋਈ ਉੱਠ ਗੱਡੀ ‘ਚ ਫ਼ਸੇ ਡਿੱਗੇ ਪਏ ਉੱਠ ਦਾ ਤੰਗ ਵੱਢੀ ਦਾ ਹੁੰਦਾ। ਤੁਸੀਂ ਗੱਲ ਕਰਨ ਨੂੰ ਟੈਮ ਭਾਲਦੇ ਐਂ। ਆਪਣੇ ਆਪ ਕੋਈ ਨ੍ਹੀ ਟੈਮ ਟੂਮ ਦਿੰਦਾ।”
ਨਾਥੇ ਅਮਲੀ ਨੂੰ ਲਗਾਤਾਰ ਬੋਲੀ ਜਾਂਦੇ ਨੂੰ ਸੁਣ ਕੇ ਬੰਤਾ ਬੁੜ੍ਹਾ ਅਮਲੀ ਦੇ ਮੂੰਹ ‘ਤੇ ਦੋਵੇਂ ਹੱਥ ਰੱਖ ਕੇ ਹਾਕਮ ਮਾਸਟਰ ਨੂੰ ਕਹਿੰਦਾ, ”ਕਰਦੇ ਸ਼ੁਰੂ ਮਾਹਟਰ ਬੋਲ ਬਾਲਾ। ਅੰਬਰਸਰ ਆਲੇ ਬੁੜ੍ਹੇ ਦੀ ਸਣਾ ਦੇ ਪਹਿਲਾਂ ਕੀ ਗੱਲ ਹੋਈ ਐ?”
ਮਾਸਟਰ ਖਬਰਾਂ ਸਣਾਉਣ ਨੂੰ ਬਾਬੇ ਗਮਦੂਰ ਸਿਉਂ ਦੇ ਨੇੜੇ ਹੋ ਕੇ ਕਹਿੰਦਾ, ”ਉਹਦੀ ਤਾਂ ਹਜੇ ਕੋਈ ਖਬਰ ਨ੍ਹੀ ਆਈ, ਕਿਸਾਨਾਂ ਦੇ ਕਰਜੇ ਮਾਅਫ਼ ਦੀ ਤਾਂ ਆਈ ਐ ਬਈ ਛੇਤੀ ਤੋਂ ਛੇਤੀ ਮਾਅਫ਼ ਕਰਨ ਜਾ ਰਹੀ ਐ ਸਰਕਾਰ।”
ਮਾਸਟਰ ਤੋਂ ਕਰਜ਼ੇ ਦੀ ਖਬਰ ਸੁਣ ਕੇ ਨਾਥਾ ਅਮਲੀ ਫ਼ੇਰ ਖੜਕ ਪਿਆ ਤੇਲੀਆਂ ਦੇ ਤਾੜੇ ਵਾਂਗੂੰ, ”ਕੱ:ਲ੍ਹ ਤਾਂ ਹਜੇ ਗੱਲ ਹੋਈ ਐ। ਐਡੀ ਛੇਤੀ ਕਿੱਥੋਂ ਖਬਾਰਾਂ ‘ਚ ਆ ਜੇ। ਇਹ ਤਾਂ ਮੈਂ ਠੇਕੇਦਾਰਾਂ ਦੇ ਟੈਲੀਵੀਜਨ ‘ਤੇ ਸੁਣ ਕੇ ਆਇਆਂ।”
ਬਾਬਾ ਗਮਦੂਰ ਸਿਉਂ ਕਹਿੰਦਾ, ”ਚੰਗਾ ਤੂੰ ਦੱਸਦੇ ਫ਼ੇਰ ਕਿਮੇਂ ਹੋਈ ਐ?”
ਅਮਲੀ ਕਹਿੰਦਾ, ”ਪਹਿਲਾਂ ਤਾਂ ਮੈਂ ਇਉਂ ਕਹਿਨਾਂ ਬਾਬਾ! ਬਈ ਇਹ ਬੁੜ੍ਹਿਆਂ ਜਿਆਂ ਨੂੰ ਕੀ ਹੋ ਗਿਆ। ਪਹਿਲਾਂ ਇੱਕ ਹੋਰ ਪ੍ਰਧਾਨ ਫਸ ਗਿਆ ਇਹ ਗੰਦੇ ਕੰਮਾਂ ‘ਚ। ਉਹ ਜੇਲ੍ਹ ‘ਚ ਬੈਠਾ ਹੁਣ ਇਉਂ ਚੀਕਦਾ ਜਿਮੇਂ ਆਲ੍ਹਣੇ ‘ਚ ਕੋਚਰੀ ਦੇ ਭੁੱਖੇ ਬੱਚੇ ਚਿਆਂਕਦੇ ਹੁੰਦੇ ਐ। ਹੁਣ ਅੰਬਰਸਰ ਆਲੇ ਬਾਬਾ ਜੀ ਨੇ ਚੰਦ ਚਾੜ੍ਹ ‘ਤਾ। ਕਹਿੰਦੇ ਸਕੂਲ ਦੀ ਕੋਈ ਵੱਡੀ ਮਾਹਟਰਨੀ ਐ ਜੀਹਨੂੰ ਮੰਦਾ ਚੰਗਾ ਬੋਲਿਆ। ਜਿੰਨ੍ਹਾਂ ਦਾ ਸਕੂਲ ਐ, ਉਹਦਾ ਉਹ ਪ੍ਰਧਾਨ ਐਂ। ਕਹਿੰਦਾ ‘ਮੈਂ ਪ੍ਰਧਾਨ ਆਂ, ਜੇ ਮੇਰੀ ਗੱਲ ਨਾ ਮੰਨੀ ਤਾਂ ਮੈਂ ਤੈਨੂੰ ਸਕੂਲੋਂ ਹਟਾ ਦੂੰ। ਉਹਨੇ ਅੱਸੀ ਸਾਲੇ ਬੁੜ੍ਹੇ ਨੇ ਉਹਦੇ ਨਾਲ ਮਾੜੀ ਮੋਟੀ ਹੱਥੋ ਪਾਈ ਕੀਤੀ ਹੋਣੀ ਐਂ, ਅਗਲੀ ਨੇ ਰੌਲ਼ਾ ਪਾ ‘ਤਾ। ਹੁਣ ਜਦੋਂ ਰੌਲ਼ਾ ਪੈ ਗਿਆ, ਹੁਣ ਬੁੜ੍ਹਾ ਜਾ ਥਿਆਉਂਦਾ ਨ੍ਹੀ।”
ਸੀਤਾ ਮਰਾਸੀ ਕਹਿੰਦਾ, ”ਅਗਲਾ ਵੰਢ ਕੇ ਚੂੰਢੀ ਚੜ੍ਹ ਗਿਆ ਰੋਹੀਏ। ਹੁਣ ਆਉਂਦਾ ਇਨ੍ਹਾਂ ਦੇ ਹੱਥ।”
ਨਾਥਾ ਅਮਲੀ ਕਹਿੰਦਾ, ”’ਕੱਲਾ ਬੁੜ੍ਹਾ ਨ੍ਹੀ, ਸੁਣਿਐਂ ਬੁੜ੍ਹੇ ਦੇ ਮੁੰਡੇ ਦੇ ਵੀ ਘੋਚਰੇ ਕੱਢ ‘ਤੇ। ਉਹਦੇ ‘ਤੇ ਵੀ ਕੇਸ ਪੈ ਗਿਆ। ਉਹ ਚੜ ਵੀ ਗਿਆ ਹਰਨਾਂ ਦੇ ਸਿੰਗੀਂ। ਜਿੱਥੇ ਮਰਜੀ ਭੱਜ ਲੈਣ, ਮੂਹਰੇ ਵੀ ਪੰਜਾਬ ਦੀ ਪੁਲਸ ਐ, ਪਤਾਲ ‘ਚੋਂ ਕੱਢ ਲਿਆਉਣਗੇ ਅਗਲੇ। ਇਨ੍ਹਾਂ ਨੇ ਤਾਂ ਗਧਾ ਕੁੱਟ ਕੇ ਮਨਾ ਲਿਆ ਸੀ ਬੰਦਾ ਮਨਾਉਣਾ ਕੀ ਔਖਾ ਇਨ੍ਹਾਂ ਨੂੰ।”
ਸੀਤਾ ਮਰਾਸੀ ਟਿੱਚਰ ‘ਚ ਕਹਿੰਦਾ, ”ਹੁਣ ਤਾਂ ਫ਼ਿਰ ਇਉਂ ਲੁਕਦੇ ਫ਼ਿਰਦੇ ਐ ਜਿਮੇਂ ਵਿਆਹ ਤੋਂ ਪਿੱਛੋਂ ਵਚੋਲਾ ਕੁੜੀ ਆਲਿਆਂ ਤੋਂ ਲੁਕਦਾ ਫ਼ਿਰਦਾ ਹੁੰਦੈ।”
ਬਾਬਾ ਗਮਦੂਰ ਸਿਉਂ ਕਹਿੰਦਾ, ”ਵਚੋਲਾ ਤਾਂ ਮੀਰ ਮੁੰਡੇ ਆਲਿਆਂ ਤੋਂ ਲੁਕਦਾ ਹੁੰਦਾ ਜਿੰਨ੍ਹਾਂ ਨੂੰ ਦਾਜ ਘੱਟ ਦੁਆਇਆ ਹੁੰਦਾ, ਕੁੜੀ ਆਲਿਆਂ ਤੋਂ ਕਿਉਂ ਲੁਕੂ ਅਗਲਾ?”
ਨਾਥਾ ਅਮਲੀ ਕਹਿੰਦਾ, ”ਮੈਂ ਦੱਸਦਾਂ ਬਾਬਾ ਬਈ ਕੁੜੀ ਆਲਿਆਂ ਤੋਂ ਕਾਹਤੋਂ ਲੁਕਦਾ ਹੁੰਦਾ। ਜਦੋਂ ਕੁੜੀ ਦਾ ਸ਼ਰਾਬੀ ਲਾਣੇ ‘ਚ ਸਾਕ ਕਰਾ ਦਿੰਦੇ ਐ ਤੇ ਮੁੰਡਾ ਵੀ ਨਸ਼ੇ ਪੱਤੇ ਕਰਦਾ ਹੁੰਦਾ, ਫ਼ੇਰ ਕੁੜੀ ਆਲੇ ਵਚੋਲੇ ਨੂੰ ਵਿਆਹ ਪਿੱਛੋਂ ਪਤਾ ਲੱਗਣ ‘ਤੇ ਇਉਂ ਪੈ ਜਾਂਦੇ ਐ ਜਿਮੇਂ ਕੁੱਕੜਾਂ ਨੂੰ ਬਿੱਲੀ ਪੈ ਜਾਂਦੀ ਹੁੰਦੀ ਐ। ਤਾਂ ਕਰ ਕੇ ਕਹਿੰਦਾ ਇਹੇ ਇਹ ਗੱਲ ਬਈ ਕੁੜੀ ਆਲੇ ਵਚੋਲੇ ਨੂੰ ਪੈ ਜਾਂਦੇ ਐ।
ਏਨੇ ਚਿਰ ਨੂੰ ਸੱਥ ਵਾਲੀ ਬੀਹੀ ‘ਚ ਸਬਜੀ ਵੇਚਦੇ ਖਾਰੀ ਵਾਲੇ ਬੁੜ੍ਹੇ ਦਾ ਸਬਜੀ ਵਾਲਾ ਸਾਇਕਲ ਖੋਹ ਕੇ ਉਹਦੀ ਸਬਜੀ ਭਾਜੀ ਖਿਲਾਰ ਤੇ ਉਹਨੂੰ ਬੀਹੀ ਵਾਲੇ ਕਈ ਘਰ ਕੁੱਟਣ ਪੈ ਗਏ। ਬੁੜ੍ਹਾ ਆਪਣੇ ਆਪ ਨੂੰ ਛੁਡਵਾ ਕੇ ਸੱਥ ‘ਚ ਆ ਗਿਆ ਭੱਜ ਕੇ। ਸੱਥ ‘ਚ ਆ ਕੇ ਕਹਿੰਦਾ, ”ਨਾਲੇ ਤਾਂ ਮੇਰੀ ਸਬਜੀ ਖੋਹ ਲੀ ਨਾਲੇ ਸ਼ੈਂਕਲ ਖੋਹ ਲਿਆ।”
ਸਬਜੀ ਵਾਲੇ ਬੁੜ੍ਹੇ ਦੀ ਹਾਲਤ ਵੇਖ ਕੇ ਨਾਥਾ ਅਮਲੀ ਕਹਿੰਦਾ, ”ਕਿਤੇ ਇਨ੍ਹਾਂ ਬਾਬਿਆਂ ਨੇ ਮਨ੍ਹਾਂ ਕੋਈ ਫ਼ੋਟੂ ਫ਼ਾਟੂ ਖਿਚ ਲੀ ਹੋਵੇ ਕਿਸੇ ਦੀ ਜਿਹੜੇ ਛਿੱਤਰ ਖੜਕਣ ਲੱਗ ਪੇ।”
ਸੀਤਾ ਮਰਾਸੀ ਕਹਿੰਦਾ, ”ਫ਼ੋਟੂ ਕਾਹਦੇ ਨਾਲ ਸ਼ੈਂਕਲ ਦੀ ਟੱਲੀ ਨਾਲ ਖਿੱਚ ਲੀ। ਕੋਲੇ ਤਾਂ ਇਹਦੇ ਆਲੂ ਗੰਢੇ ਸੀ, ਫ਼ੋਟੂ ਖਿਚ ਲੀ ਇਹਨੇ ਮੁੱਦਕੀ ਆਲੇ ਤਾਰੇ ਫ਼ੋਟੂਗਰਾਫ਼ਰ ਨੇ।”
ਸਬਜੀ ਵਾਲੇ ਬਾਬੇ ਦਾ ਰੋਣਾ ਸੁਣ ਕੇ ਬਾਬਾ ਗਮਦੂਰ ਸਿਉਂ ਕਹਿੰਦਾ, ”ਚੱਲੋ ਖਾਂ ਯਾਰ ਲਈਏ ਪਤਾ ਬਈ ਕੀ ਗੱਲ ਐ?”
ਬਾਬੇ ਦੀ ਗੱਲ ਮੰਨ ਕੇ ਸਾਰੇ ਸੱਥ ਵਾਲੇ ਸਬਜੀ ਵਾਲੇ ਬਾਬੇ ਦੇ ਨਾਲ ਉੱਠ ਕੇ ਤੁਰ ਪਏ ਜਿੱਥੇ ਉਹਦਾ ਸਾਇਕਲ ਤੇ ਸਬਜੀ ਖੋਹੀ ਸੀ।