‘ਅਲਾਦੀਨ’ ਦੀ ਫ਼ਲਾਪ ਫ਼ਿਲਮ ਨਾਲ ਬਾਲੀਵੁੱਡ ਵਿੱਚ ਕਦਮ ਰੱਖਣ ਵਾਲੀ ਖੂਬਸੂਰਤ ਸ੍ਰੀਲੰਕਨ ਅਦਾਕਾਰਾ ਜੈਗਲੀਨ ਫ਼ਰਨਾਂਡੀਜ਼ ਨੂੰ ਅੱਜ ਬਾਲੀਵੁੱਡ ਦੀਆਂ ਪਹਿਲੀ ਸ਼ਰੇਣੀ ਦੀਆਂ ਅਭਿਨੇਤਰੀਆਂ ਵਿੱਚ ਜਗ੍ਹਾ ਮਿਲ ਚੁੱਕੀ ਹੈ। ਚੁਲਬੁਲੇਪਣ ਤੇ ਮਾਸੂਮੀਅਤ ਭਰੇ ਕਿਰਦਾਰਾਂ ਤੋਂ ਲੈ ਕੇ ਬਹੁਤ ਗਲੈਮਰਸ ਕਿਰਦਾਰ ਵੀ ਜੈਕਲੀਨ ਫ਼ਿਲਮਾਂ ਵਿੱਚ ਨਿਭਾ ਚੁੱਕੀ ਹੈ। ਹੁਣੇ ਜਿਹੇ ਆਈ ਵਰੁਣ ਧਵਨ ਨਾਲ ਉਸ ਦੀ ਫ਼ਿਲਮ ‘ਜੁੜਵਾ 2’ ਕਾਫ਼ੀ ਹਿੱਟ ਰਹੀ। ਫ਼ਿਲਹਾਲ ਕੁਝ ਹੋਰ ਚੰਗੀਆਂ ਫ਼ਿਲਮਾਂ ਉਸ ਦੇ ਹੱਥ ਵਿੱਚ ਹਨ। ਜੈਕਲੀਨ ਕਦੇ ਆਪਣੇ ਅਸੂਲਾਂ ਨਾਲ ਸਮਝੌਤਾ ਨਹੀਂ ਕਰਦੀ, ਪਰ ਉਸ ਦਾ ਇਹ ਵੀ ਮੰਨਣਾ ਹੈ ਕਿ ਅਜਿਹਾ ਸਮਝੌਤਾ ਕਰਨਾ ਕਦੇ ਕਦੇ ਫ਼ਾਇਦੇਮੰਦ ਵੀ ਹੁੰਦਾ ਹੈ। ਜਦੋਂ ਉਸ ਨੇ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ ਤਾਂ ਉਸ ਨੇ ਆਪਣੇ ਕੁਝ ਅਸੂਲ ਬਣਾਏ ਸਨ, ਜਿਨ੍ਹਾਂ ਵਿੱਚੋਂ ਇੱਕ ਸੀ ਕਿ ਜਿਸ ਕਿਰਦਾਰ ‘ਚ ਉਹ ਖੁਦ ਨੂੰ ਕੰਫ਼ਰਟੇਬਲ ਨਾ ਮਹਿਸੂਸ ਕਰੇ, ਉਸ ਦੀ ਹਾਮੀ ਨਹੀਂ ਭਰੇਗੀ। ਉਸ ਨੇ ਅਜਿਹੇ ਅਸੂਲਾਂ ‘ਤੇ ਪੂਰੀ ਤਰ੍ਹਾਂ ਅਮਲ ਸ਼ੁਰੂ ਕਰ ਦਿੱਤਾ। ਆਪਣੇ ਅਸੂਲਾਂ ਕਾਰਨ ਉਸ ਦਾ ਮੰਨਣਾ ਹੈ ਕਿ ਉਹ ਅੱਜ ਜੋ ਵੀ ਹੈ ਅਤੇ ਜਿੱਥੇ ਹੈ, ਖੁਸ਼ ਹੈ। ਬਾਲੀਵੁੱਡ ਵਿੱਚ ਆਪਣੇ ਹੁਣ ਤੱਕ ਦੇ ਸਫ਼ਰ ‘ਚ ਉਸ ਨੇ ਕਿਨ੍ਹਾਂ ਹੀਰੋਇਨਾਂ ਤੋਂ ਪ੍ਰੇਰਨਾ ਹਾਸਲ ਕੀਤੀ? ਇਸ ਸੰਬੰਧੀ ਉਸ ਦਾ ਕਹਿਣਾ ਹੈ ਕਿ ਆਲੀਆ ਭੱਟ ਅਤੇ ਕੈਟਰੀਨਾ ਕੈਫ਼ ਉਸ ਨੂੰ ਬਹੁਤ ਪ੍ਰੇਰਿਤ ਕਰਦੀਆਂ ਹਨ। ਦੋਵਾਂ ਦਾ ਕਾਨਫ਼ੀਡੈਂਸ ਐਟੀਚਿਊਡ ਤੇ ਉਨ੍ਹਾਂ ਦੇ ਸਿਧਾਂਤ ਵੀ ਜੈਕੀ ਨੂੰ ਪਸੰਦ ਹਨ। ਉਂਝ ਉਸ ਦਾ ਮੰਨਣਾ ਹੈ ਕਿ ਉਹ ਹਰੇਕ ਤੋਂ ਕੁਝ ਨਾ ਕੁਝ ਸਿੱਖਦੀ ਰਹਿੰਦੀ ਹੈ। ਆਊਟਸਾਈਡਰ ਹੋਣ ਦੇ ਬਾਵਜੂਦ ਜੈਕਲੀਨ ਨੇ ਆਪਣੀ ਵੱਖਰੀ ਜਗ੍ਹਾ ਬਣਾਈ ਹੈ। ਇਸ ‘ਤੇ ਉਹ ਕਹਿੰਦੀ ਹੈ, ”ਮੈਂ ਆਊਟਸਾਈਡਰ ਅਤੇ ਇੰਡਸਟਰੀ ਨਾਲ ਰਿਲੇਟਿਡ ਦੋਵਾਂ ਹੀ ਲੋਕਾਂ ਨਾਲ ਕੰਮ ਕੀਤਾ ਹੈ। ਮੈਂ ਦੋਵਾਂ ਦੇ ਹੀ ਸਟ੍ਰਗਲ ਨੂੰ ਦੇਖਿਆ ਹੈ। ਮੈਂ ਸੁਸ਼ਾਂਤ ਅਤੇ ਸਿਧਾਰਥ ਦੇ ਸਟ੍ਰਗਲ ਨੂੰ ਦੇਖਿਆ ਹੈ, ਜੋ ਬਾਹਰੋਂ ਹੋਣ ਦੇ ਬਾਵਜੂਦ ਅੱਜ ਆਪਣੀ ਜਗ੍ਹਾ ਬਣਾ ਚੁੱਕੇ ਹਨ। ਮੈਂ ਵਰੁਣ, ਟਾਈਗਰ ਵਰਗੇ ਕਲਾਕਾਰਾਂ ਨਾਲ ਵੀ ਕੰਮ ਕੀਤਾ ਹੈ। ਹੁਣ ਦੱਸ ਦਿਆਂ ਕਿ ਉਸ ਲਈ ਵੀ ਇਹ ਜਰਨੀ ਸੌਖੀ ਨਹੀਂ ਰਹੀ। ਜੇ ਕੋਈ ਫ਼ਿਲਮੀ ਘਰਾਣੇ ਤੋਂ ਹੈ, ਤਾਂ ਉਸ ਨੂੰ ਸਟੀਰੀਓਟਾਈਪ ਕਹਿ ਕੇ ਬਲੇਮ ਨਹੀਂ ਕਰ ਸਕਦੇ। ਬਾਕੀ ਸਾਰੀ ਖੇਡ ਤਾਂ ਆਡੀਐਂਸ ਦੀ ਹੁੰਦੀ ਹੈ। ਉਹੀ ਫ਼ੈਸਲਾ ਲੈਂਦੀ ਹੈ ਕਿ ਉਸ ਨੇ ਕਿਸ ਨੂੰ ਦੇਖਣਾ ਹੈ ਅਤੇ ਕਿਸ ਨੂੰ ਨਹੀਂ।”